ਜਲੰਧਰ, 23 ਅਪ੍ਰੈਲ (ਐੱਮ. ਐੱਸ. ਲੋਹੀਆ)-ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸੈਂਟਰਲ ਟਾਊਨ ਜਲੰਧਰ ਵਿਖੇ ਗੁਰੂ ਅੰਗਦ ਦੇਵ ਜੀ, ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚੱਲ ਰਹੀ 5 ਦਿਨਾਂ ਗੁਰਮਤਿ ਸਮਾਗਮਾਂ ਦੀ ਲੜੀ ਦੀ ਚੜ੍ਹਦੀਕਲਾ ਨਾਲ ਸੰਪੂਰਨਤਾ ਹੋਈ | ਸਮਾਗਮਾਂ ਦੌਰਾਨ ਸ਼ਹਿਰ ਦੇ ਕੋਨੇ-ਕੋਨੇ ਤੋਂ ਸੰਗਤ ਨੇ ਵੱਡੀ ਗਿਣਤੀ 'ਚ ਹਾਜ਼ਰੀ ਭਰਕੇ ਕੀਰਤਨ ਦਾ ਆਨੰਦ ਮਾਣਿਆ | ਬੁੱਧਵਾਰ ਦੀ ਸ਼ਾਮ ਰਹਿਰਾਸ ਸਾਹਿਬ ਦੇ ਪਾਠ ਨਾਲ ਸਮਾਗਮ ਦੀ ਆਰੰਭਤਾ ਹੋਈ, ਉਪਰੰਤ ਦੇਰ ਰਾਤ ਤੱਕ ਸਮਾਗਮ 'ਚ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਤਰਨਵੀਰ ਸਿੰਘ 'ਰੱਬੀ' (ਲੁਧਿਆਣਾ ਵਾਲਿਆਂ) ਨੇ ਕੀਰਤਨ ਦੀ ਛਹਿਬਰ ਲਗਾਈ ਤੇ ਸੰਗਤ ਨੂੰ ਨਿਹਾਲ ਕੀਤਾ | ਸਮਾਗਮ ਦੌਰਾਨ ਭਾਈ ਸ਼ਨਬੀਰ ਸਿੰਘ ਦੇ ਜਥੇ ਨੇ ਕੀਰਤਨ ਦੀ ਹਾਜ਼ਰੀ ਲਗਵਾਈ ਤੇ ਗਿਆਨੀ ਜੁਗਿਦੰਰ ਸਿੰਘ (ਤਰਨਤਾਰਨ ਵਾਲਿਆਂ) ਨੇ ਗੁਰਮਤਿ ਵਿਚਾਰਾਂ ਦੁਆਰਾ ਸੰਗਤ ਨੂੰ ਗੁਰ ਇਤਿਹਾਸ ਨਾਲ ਜੋੜਿਆ | ਸਟੇਜ ਸਕੱਤਰ ਦੀ ਸੇਵਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ ਡਿੰਪੀ ਵਲੋਂ ਨਿਭਾਈ ਗਈ | ਪ੍ਰਧਾਨ ਚਰਨਜੀਤ ਸਿੰਘ ਨੇ ਆਈ ਸੰਗਤ ਦਾ ਧੰਨਵਾਦ ਕੀਤਾ | ਇਸ ਮੌਕੇ ਜਤਿੰਦਰ ਸਿੰਘ ਖ਼ਾਲਸਾ, ਰਜਿੰਦਰ ਸਿੰਘ ਬੇਦੀ, ਬਲਜੀਤ ਸਿੰਘ ਸੇਠੀ, ਗੁਰਮਿੰਦਰ ਸਿੰਘ ਗੋਮਾ, ਬਲਬੀਰ ਸਿੰਘ, ਮਨਵਿੰਦਰ ਸਿੰਘ ਸਹਿਗਲ, ਰਵਿੰਦਰ ਸਿੰਘ ਰੀਹਲ, ਦਵਿੰਦਰ ਸਿੰਘ, ਹਰਜਿੰਦਰ ਸਿੰਘ, ਸਰਬਜੀਤ ਸਿੰਘ, ਸੁਖਦੇਵ ਸਿੰਘ ਸਹਿਗਲ, ਪਰਮਜੀਤ ਸਿੰਘ, ਗੁਰਜੀਤ ਸਿੰਘ, ਬਲਦੇਵ ਸਿੰਘ ਕੁੰਦੀ ਐਡਵੋਕੇਟ, ਜਸਵਿੰਦਰ ਸਿੰਘ, ਗੁਰਮੀਤ ਸਿੰਘ ਅਰਨੇਜਾ, ਹਰਵਿੰਦਰ ਸਿੰਘ ਸੱਗੂ ਐਡਵੋਕੇਟ, ਚਰਨਜੀਤ ਸਿੰਘ ਮੱਕੜ, ਗੁਰਿੰਦਰ ਸਿੰਘ ਮਝੈਲ, ਜਤਿੰਦਰ ਸਿੰਘ ਮਝੈਲ, ਗੁਰਦੀਪ ਸਿੰਘ (ਕਾਲੀਆ ਕਾਲੋਨੀ), ਇੰਸਪੈਕਟਰ ਸੁਖਦੇਵ ਸਿੰਘ ਤੇ ਹੋਰ ਹਾਜ਼ਰ ਸਨ |