ਜਲੰਧਰ, 14 ਜੂਨ (ਸ਼ਿਵ)- ਪਾਵਰਕਾਮ ਤੇ ਨਗਰ ਨਿਗਮ ਵਿਚਕਾਰ ਜਿਹੜੇ ਟਿਊਬਵੈੱਲਾਂ ਅਤੇ ਸਟਰੀਟ ਲਾਈਟਾਂ ਦੇ ਬਿਜਲੀ ਬਿੱਲਾਂ ਦੀ ਅਦਾਇਗੀ ਨੂੰ ਲੈ ਕੇ ਰੇੜਕਾ ਚੱਲ ਰਿਹਾ ਹੈ | ਉਹ ਅਜੇ ਦੂਰ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ ਕਿਉਂਕਿ ਪੰਜਾਬ ਸਰਕਾਰ ਵਲੋਂ ਸਾਰੇ ਸਰਕਾਰੀ ਵਿਭਾਗਾਂ 'ਤੇ ਬਿਜਲੀ ਦੇ ਪ੍ਰੀ-ਪੇਡ ਮੀਟਰ ਲਗਾਉਣ ਤੋਂ ਬਾਅਦ ਹੁਣ ਜਲੰਧਰ ਵਿਚ ਟਿਊਬਵੈੱਲਾਂ ਅਤੇ ਸਟਰੀਟ ਲਾਈਟਾਂ ਲਈ ਪ੍ਰੀ-ਪੇਡ ਮੀਟਰ ਲਗਾਉਣੇ ਸ਼ੁਰੂ ਕਰ ਦਿੱਤੇ ਹਨ ਤਾਂ ਜੋ ਸਟਰੀਟ ਲਾਈਟਾਂ ਅਤੇ ਟਿਊਬਵੈੱਲ ਚਲਾਉਣ ਲਈ ਨਗਰ ਨਿਗਮ ਵਲੋਂ ਬਿੱਲਾਂ ਦੀ ਪੇਸ਼ਗੀ ਅਦਾਇਗੀ ਕੀਤੀ ਜਾਵੇ | ਪਾਵਰਕਾਮ ਵਲੋਂ ਜਿਹੜਾ ਨਗਰ ਨਿਗਮ ਨੂੰ ਦੇਣ ਲਈ ਮਿਉਂਸਪਲ ਅਤੇ ਗਊ ਟੈਕਸ ਬਿਜਲੀ ਬਿੱਲਾਂ ਵਿਚ ਵਸੂਲ ਕੀਤਾ ਜਾਂਦਾ ਹੈ | ਇਸ ਦੀ ਨਕਦ ਅਦਾਇਗੀ ਨਿਗਮ ਨੂੰ ਨਹੀਂ ਕੀਤੀ ਜਾਂਦੀ ਹੈ ਸਗੋਂ ਨਿਗਮ ਦੇ ਜਿਹੜੇ ਬਿਜਲੀ ਦੇ ਬਿੱਲ ਹੁੰਦੇ ਹਨ | ਉਹ ਰਕਮ ਉਨਾਂ ਵਿਚ ਐਡਜਸਟ ਕੀਤੀ ਜਾਂਦੀ ਹੈ | ਪਾਵਰਕਾਮ ਨੇ ਨਗਰ ਨਿਗਮ ਵਲੋਂ ਸਾਲ 2021 ਤੋਂ ਟਿਊਬਵੈੱਲਾਂ ਦੇ ਬਿੱਲਾਂ ਦੀ ਅਦਾਇਗੀ ਕਰਨ ਲਈ ਕਿਹਾ ਹੈ | ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਕਾਂਗਰਸ ਦੇ ਲੋਕ-ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਵਲੋਂ ਪੇਂਡੂ ਖੇਤਰਾਂ ਤੋਂ ਇਲਾਵਾ ਸ਼ਹਿਰੀ ਖੇਤਰਾਂ ਦੇ ਟਿਊਬਵੈੱਲਾਂ ਦੇ ਬਿੱਲਾਂ ਬਾਰੇ ਕਿਹਾ ਸੀ ਕਿ ਇਹ ਬਿੱਲ ਸਰਕਾਰ ਵਲੋਂ ਦਿੱਤੇ ਜਾਣਗੇ ਤੇ ਇਸ ਤੋਂ ਬਾਅਦ ਨਿਗਮ ਨੇ ਇਹ ਰਕਮ ਪਾਵਰਕਾਮ ਨੂੰ ਨਹੀਂ ਦਿੱਤੀ ਜਦਕਿ ਪਾਵਰਕਾਮ ਨੇ ਸਟਰੀਟ ਲਾਈਟਾਂ ਸਮੇਤ ਇਹੋ ਰਕਮ ਨਿਗਮ ਵੱਲ ਕੱਢੀ ਹੈ ਜਿਹੜੀ ਕਿ 36 ਕਰੋੜ ਤੱਕ ਪੁੱਜ ਗਈ ਹੈ | ਪਾਵਰਕਾਮ ਨੇ ਸਟਰੀਟ ਲਾਈਟ 'ਤੇ ਪ੍ਰੀ-ਪੇਡ ਵੀ ਮੀਟਰ ਲਗਾਉਣੇ ਸ਼ੁਰੂ ਕਰ ਦਿੱਤੇ ਹਨ ਤਾਂ ਅਦਾਇਗੀ ਨਾ ਹੋਣ 'ਤੇ ਲਾਈਟ ਵੀ ਬੰਦ ਕਰਨੀ ਸ਼ੁਰੂ ਕਰ ਦਿੱਤੀ ਹੈ | ਨਿਗਮ ਨੇ ਇਕ ਬਾਰੇ ਫਿਰ ਟਿਊਬਵੈੱਲਾਂ ਦੇ ਬਿੱਲਾਂ ਦੀ ਅਦਾਇਗੀ ਕਰਨ ਤੋਂ ਨਾਂਹ ਕੀਤੀ ਹੈ | ਹੁਣ ਇਸ ਰਕਮ ਦੀ ਅਦਾਇਗੀ ਨੂੰ ਲੈ ਕੇ ਅਜੇ ਤੱਕ ਕੋਈ ਫ਼ੈਸਲਾ ਨਹੀਂ ਹੋਇਆ ਹੈ |