05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਸੰਤ ਸੀਚੇਵਾਲ ਵਲੋਂ ‘ਆਪਣਾ ਪਿੰਡ ਸੰਭਾਲੋ’ ਮੁਹਿੰਮ ਦਾ ਆਗਾਜ਼ ਪਿੰਡਾਂ ਵਿਚ ਲੱਗਣਗੇ ਠੀਕਰੀ ਪਹਿਰੇ, ਚੌਰਾਹਿਆਂ ’ਤੇ ਲੱਗਣਗੇ ਸੀ.ਸੀ.ਟੀ.ਵੀ. ਕੈਮਰੇ

Ad Position 21
No active advertisement
ਅਜੀਤ ਡੈਸਕ 30-07-2026
ਲੋਹੀਆਂ ਖਾਸ, ਮਲਸੀਆਂ 29 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਸੁਖਦੀਪ ਸਿੰਘ, ਕੁਲਦੀਪ ਸਿੰਘ ਖਾਲਸਾ)- ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ‘ਆਪਣਾ ਪਿੰਡ ਸੰਭਾਲੋ’ ਮੁਹਿੰਮ ਦਾ ਆਗਾਜ਼ ਕਰਦਿਆਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਪਿੰਡਾਂ ਦੀ ਸੁਰੱਖਿਆ ਲਈ ਖੁਦ ਅੱਗੇ ਆਉਣ। ਆਪਣੀ ਸੁਰੱਖਿਆ ਵਾਪਸ ਕਰਨ ਲਈ ਪੰਜਾਬ ਦੇ ਡੀ.ਜੀ.ਪੀ. ਨੂੰ ਪੱਤਰ ਲਿਖਣ ਤੋਂ ਇੱਕ ਦਿਨ ਬਾਅਦ ਹੀ ਉਨ੍ਹਾਂ ਨੇ ਪਿੰਡ ਸੀਚੇਵਾਲ ਤੋਂ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਸੁਰੱਖਿਆ ’ਚ ਤਾਇਨਾਤ 6 ਪੁਲਿਸ ਮੁਲਾਜ਼ਮਾਂ ਨੂੰ ਵਾਪਸ ਥਾਣਿਆਂ ਵਿੱਚ ਭੇਜਣ ਦੀ ਬੇਨਤੀ ਇਸ ਲਈ ਕੀਤੀ ਹੈ ਕਿਉਂਕਿ ਥਾਣਿਆਂ ਵਿਚ ਲੋੜੀਂਦੀ ਨਫ਼ਰੀ ਦੀ ਘਾਟ ਕਾਰਨ ਪੁਲਿਸ ਨੂੰ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ‘ਆਪਣਾ ਪਿੰਡ ਸੰਭਾਲੋ, ਆਪਣੇ ਬੱਚੇ ਆਪ ਸੰਭਾਲੋ’ ਦਾ ਨਾਅਰਾ ਦਿੰਦਿਆਂ ਕਿਹਾ ਕਿ ਪਿੰਡਾਂ ’ਚ ਲੋਕ ਵਾਰੋ-ਵਾਰੀ ਠੀਕਰੀ ਪਹਿਰਾ ਦੇਣਗੇ ਅਤੇ ਸੰਵੇਦਨਸ਼ੀਲ ਥਾਵਾਂ ’ਤੇ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਪਿੰਡ ਸੀਚੇਵਾਲ ਤੋਂ ਸ਼ੁਰੂ ਕੀਤੀ ਇਹ ਮੁਹਿੰਮ ਜਲਦੀ ਹੀ ਇਲਾਕੇ ਦੇ ਹੋਰ ਪਿੰਡਾਂ ਤੱਕ ਵੀ ਪਹੁੰਚਾਈ ਜਾਵੇਗੀ। ਸੰਤ ਸੀਚੇਵਾਲ ਨੇ ਕਿਹਾ ਕਿ 8 ਅਪ੍ਰੈਲ 2026 ਨੂੰ ਤਲਵੰਡੀ ਮਾਧੋ ਦੇ ਵਸਨੀਕਾਂ ਨੇ ਇੱਕ ਦਿਨ ਨਾਕਾਬੰਦੀ ਕਰਕੇ ਕਰੀਬ 75 ਨਸ਼ਾ ਕਰਨ ਵਾਲੇ ਵਿਅਕਤੀਆਂ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਸੀ। ਉਨ੍ਹਾਂ ਕਿਹਾ ਕਿ ਜੇਕਰ ਹਰ ਪਿੰਡ ਆਪਣੇ ਪੱਧਰ ’ਤੇ ਇਸ ਤਰ੍ਹਾਂ ਨਾਕੇ ਲਗਾ ਕੇ ਨਸ਼ੇੜੀਆਂ ਦੇ ਦਾਖ਼ਲੇ ਨੂੰ ਰੋਕੇ ਤਾਂ ਪਿੰਡਾਂ ’ਚ ਨਸ਼ਿਆਂ ’ਤੇ ਕਾਫ਼ੀ ਹੱਦ ਤੱਕ ਕਾਬੂ ਪਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਲੋਹੀਆਂ ਖਾਸ ਅਤੇ ਸੁਲਤਾਨਪੁਰ ਲੋਧੀ ਖੇਤਰ ’ਚ ਵਾਪਰ ਰਹੀਆਂ ਲੁੱਟ-ਖੋਹ ਦੀਆਂ ਘਟਨਾਵਾਂ ਤੋਂ ਇਹ ਸਪੱਸ਼ਟ ਹੋਇਆ ਹੈ ਕਿ ਥਾਣਿਆਂ ਵਿੱਚ ਲੋੜੀਂਦੀ ਨਫ਼ਰੀ ਨਾ ਹੋਣ ਕਾਰਨ ਇਨ੍ਹਾਂ ਖੇਤਰਾਂ ਵਿੱਚ ਅਪਰਾਧਿਕ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਅੱਜ ਦੁਪਹਿਰ ਬਾਅਦ ਜਲੰਧਰ ਦੇ ਐਸ.ਐਸ.ਪੀ. ਹਰਵਿੰਦਰ ਸਿੰਘ ਵਿਰਕ ਅਤੇ ਕਪੂਰਥਲਾ ਦੇ ਐਸ.ਐਸ.ਪੀ. ਗੌਰਵ ਤੂਰਾ, ਨਿਰਮਲ ਕੁਟੀਆ ਸੀਚੇਵਾਲ ਵਿਖੇ ਉਨ੍ਹਾਂ ਨੂੰ ਮਿਲਣ ਲਈ ਆਏ। ਦੋਵਾਂ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਥਾਣਾ ਲੋਹੀਆਂ ਅਤੇ ਸੁਲਤਾਨਪੁਰ ਲੋਧੀ ਦੇ ਖੇਤਰਾਂ ਵਿੱਚ ਵਾਪਰੀਆਂ ਵਾਰਦਾਤਾਂ ਦੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਪਿੱਛਲੀਆਂ ਸਰਕਾਰਾਂ ਦੇ ਸਮੇਂ ਵੀ ਲੁੱਟ-ਖੋਹ ਦੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਹਨ ਅਤੇ ਉਸ ਵੇਲੇ ਉਹ ਇਨ੍ਹਾਂ ਘਟਨਾਵਾਂ ਦੇ ਵਿਰੋਧ ਵਿੱਚ ਕੈਂਡਲ ਮਾਰਚ ਕਰਦੇ ਰਹੇ ਸਨ। ਉਨ੍ਹਾਂ ਕਿਹਾ ਕਿ ਹੁਣ ਉਹ ਅਜਿਹੀਆਂ ਘਟਨਾਵਾਂ ’ਤੇ ਚੁੱਪ ਨਹੀਂ ਰਹਿ ਸਕਦੇ।­
Ad Position 22
No active advertisement
ਪਿਛਲੀ ਖ਼ਬਰ ਬੂਥ ਨੰਬਰ 152 ਦੇ ਬੀ.ਐੱਲ.ਓ. ਵਲੋਂ ਐੱਸ.ਆਈ.ਆਰ ਦਾ ਕੰਮ ਸਮੇਂ ਸਿਰ ਮੁਕੰਮਲ ਅਗਲੀ ਖ਼ਬਰ ਸ਼ਾਹਕੋਟ ਦੇ ਪਿੰਡ ਬਾਜਵਾ ਖੁਰਦ ਵਿਖੇ ਘਰ ’ਚੋਂ ਲੱਖਾਂ ਦੇ ਕੈਮਰੇ, ਗਹਿਣੇ, ਨਕਦੀ ਤੇ ਸਾਮਾਨ ਚੋਰੀ
Ad Position 24
No active advertisement