ਸਵੇਰ ਦਾ ਸਮਾਂ ਸੀ। ਗੁਰਮੀਤ ਸਿੰਘ ਸਾਈਕਲ 'ਤੇ ਖੇਤਾਂ ਵਲੋਂ ਫੇਰਾ ਮਾਰ ਕੇ ਗੁਰਦੁਆਰਾ ਸਾਹਿਬ ਅੱਗੇ ਰੁਕਿਆ। ਉਸ ਨੇ ਵੇਖਿਆ ਚਾਚਾ ਇੰਦਰ ਸਿੰੰਘ ਗੁਰੂਘਰ ਤੋਂ ਬਾਹਰ ਆ ਰਿਹਾ ਸੀ। 'ਸਤਿ ਸ੍ਰੀ ਅਕਾਲ ਚਾਚਾ ਜੀ..' 'ਸਾਸਰੀ ਕਾਲ ਭਤੀਜ...ਮਾਰ ਆਏ ਗੇੜਾ?', 'ਹਾਂ ਚਾਚਾ ਜੀ... ਖੇਤਾਂ ਵੱਲ ਫੇਰਾ ਮਾਰਨ ਦਾ ਇਕ ਵੱਖਰਾ ਈ ਅਨੰਦ ਆ.. ਮਨ ਖ਼ੁਸ਼ ਹੋ ਜਾਂਦਾ ਆਪਣੀ ਫ਼ਸਲ-ਬਾੜੀ ਵੇਖ ਕੇ।' 'ਬਿਲਕੁੱਲ ਠੀਕ ਕਿਹਾ ਭਤੀਜ, ਸਿਆਣੇ ਕਹਿੰਦੇ ਆ ਜ਼ਮੀਨ ਵੀ ਆਪਣੇ ਮਾਲਕ ਨੂੰ ਉਡੀਕ ਦੀ ਹੁੰਦੀ ਏ ਪਈ ਮੇਰਾ ਮਾਲਕ ਆਵੇ। ਐਂਤਕੀਂ ਫ਼ਸਲ ਚੰਗੀ ਲੱਗਦੀ ਏ...ਮੀਂਹ ਗੁਜ਼ਾਰੇ ਯੋਗੇ ਪੈ ਗਏ ਨੇ....' ਹਾਂ ਚਾਚਾ ਜੀ... ਪਰਮਾਤਮਾਂ ਨੇ ਚਾਹਿਆ ਤਾਂ ਐਤਕੀਂ ਭਰਪੂਰ ਫਸਲ ਹੋਏਗੀ...' ਗੁਰਮੀਤ ਸਿੰਘ ਨੇ ਕਿਹਾ। ਦੋਵੇਂ ਗੁਰਦੁਆਰਾ ਸਾਹਿਬ ਦੇ ਵਰਾਂਡੇ ਦੇ ਬਾਹਰ ਧੁੱਪੇ ਵਿਛੀ ਦਰੀ ਉਪਰ ਬੈਠ ਗਏ।
'ਚਾਚਾ ਜੀ... ਇਕ ਗੱਲ ਤੁਹਾਡੇ ਤੋਂ ਪੁੱਛਣੀ ਸੀ ਪਈ ਛੋਟੇ ਹੁੰਦੇ ਅਸੀਂ ਰਾਤ ਨੂੰ ਚੌਕੀਦਾਰ ਦਾ ਹੋਕਾ ਸੁਣਦੇ ਹੁੰਦੇ ਸੀ... ਜਾਗਦੇ ਰਹਿਣਾ ਬਈ ਓ... ਤੇ ਫਿਰ ਮੈਂ ਤੇ ਮੇਰੇ ਵਰਗੇ ਹੋਰ ਮੁੰਡਿਆਂ ਨੇ ਵੀ ਸੋਚਣਾ ਪਈ ਅਸੀਂ ਦਿਨ ਵੇਲੇ ਵੀ ਜਾਗਦੇ ਆਂ ਤੇ ਚੌਕੀਦਾਰ ਰਾਤ ਨੂੰ ਵੀ ਜਾਗਦੇ ਰਹਿਣ ਲਈ ਆਖ ਰਿਹਾ ਏ.... ਤੇ ਅਸੀਂ ਸੌਵਾਂਗੇ ਕਦੋਂ'। 'ਭਤੀਜ ਗੱਲ ਤੇਰੀ ਵੀ ਠੀਕ ਏ... ਤੇ ਚੌਕੀਦਾਰ ਦੀ ਵੀ ਠੀਕ ਏ...।' 'ਉਹ ਕਿਸ ਤਰ੍ਹਾਂ ਚਾਚਾ ਜੀ?' ਭਤੀਜ ਦਿਨੇ ਤਾਂ ਅਸੀਂ ਸਾਰੇ ਜਾਗਦੇ ਈ ਆਂ....ਤੇ ਰਾਤ ਨੂੰ ਚੌਕੀਦਾਰ' ਜਾਗਦੇ ਰਹਿਣ ਦਾ ਆਖ ਰਿਹਾ ਏ। ਚੌਕੀਦਾਰ ਦੇ ਕਹਿਣ ਦਾ ਮਤਲਬ ਇਹ ਆ ਪਈ ਸੌਵੋਂ, ਪਰ ਚੇਤੰਨ ਹੋ ਕੇ, ਸਤਰਕ ਹੋ ਕੇ ਸੌਵੋਂ... ਘੋੜੇ ਵੇਚ ਕੇ ਨਾਂਅ ਸੌਵੋਂ... ਇਹ ਨਾ ਹੋਵੇ ਪਈ ਤੁਸੀਂ ਤੇ ਵਿਹੜੇ 'ਚ ਪੱਖਾ ਲਾ ਕੇ ਸਾਰਾ ਟੱਬਰ ਸੌ ਜਾਓ.... ਤੇ ਚੋਰ ਕੰਧ ਟੱਪ ਕੇ ਤੁਹਾਡੇ ਘਰ ਚੋਰੀ ਕਰ ਕੇ ਚਲੇ ਜਾਣ ਤੇ ਤੁਹਾਨੂੰ ਪਤਾ ਹੀ ਨਾ ਲੱਗੇ...।' 'ਅੱਛਾ....ਇਹ ਗੱਲ ਏ... ਪਈ ਸੌਣ ਸਮੇਂ ਖਬਰਦਾਰ ਰਹੋ।' 'ਹਾਂ, ਭਤੀਜ ਖਬਰਦਾਰ ਰਹਾਂਗੇ ਤਾਂ ਚੰਗੇ ਰਹਾਂਗੇ.... ਘਰ ਦੇ ਨੁਕਸਾਨ ਤੋਂ ਬਚ ਜਾਵਾਂਗੇ.. ਚੱਲ ਇਕ ਗੱਲ ਦੱਸ ਭਤੀਜ ਤੂੰ ਇਕ ਮੁਹਾਵਰਾ ਸੁਣਿਆ ਕਦੀ?'
'ਕਿਹੜਾ ਮੁਹਾਵਰਾ ਚਾਚਾ ਜੀ..?'
'ਸੁੱਤਿਆਂ ਦੇ ਕੱਟੇ ... ਤੇ ਜਾਗਦਿਆਂ ਦੀਆਂ ਕੱਟੀਆਂ...।' ਹਾਂ, ਸੁਣਿਆ ਤੇ ਹੈ ਪਰ ਇਸ ਦਾ ਪੂਰਾ ਅਰਥ ਮੈਨੂੰ ਨੀਂ ਪਤਾ...।' ਇਸ ਦਾ ਮਤਲਬ ਵੀ ਉਹੋ ਹੀ ਏ ਜੋ ਤੈਨੂੰ ਮੈਂ ਪਹਿਲਾਂ ਦੱਸਿਆ ਸਤਰਕ ਰਹਿਣਾ .... ਚੇਤੰਨ ਰਹਿਣਾ ... ਜੇਕਰ ਇਸ ਮੁਹਾਵਰੇ ਦਾ ਸੰਧੀਛੇਦ ਕਰਨਾ ਹੋਵੇ ਤਾਂ ਇਸ ਦਾ ਅਰਥ ਇਹੋ ਹੋਏਗਾ ਪਈ ਕੱਟੀਆਂ ਤਾਂ ਵੱਡੀਆਂ ਹੋ ਕੇ ਮੱਝਾਂ ਬਣਨਗੀਆਂ ਤੇ ਦੁੱਧ ਦੇਣਗੀਆਂ... ਤੇ ਕੱਟੇ ...ਕੱਟੇ ਤੇ ਟਕੇ ਸੇਰ ਵਿਕਦੇ ਆ ਪਸ਼ੂ ਮੰਡੀ 'ਚ.... ਮਤਲਬ ਕੋਈ ਕੀਮਤ ਨਹੀਂ ਉਨ੍ਹਾਂ ਦੀ...', 'ਚਾਚਾ ਜੀ.... ਤੁਹਾਡੀ ਗੱਲ ਮੈਂ ਸਮਝ ਲਈ ਏ... ਪਈ ਐਨੇਂ ਵੀ ਬੇਧਿਆਨੇ ਨਾ ਬਣੋ ਪਈ ਤੁਹਾਡਾ ਨੁਕਸਾਨ ਹੋ ਜਾਏੇ.... ਖ਼ਬਰਦਾਰ ਰਹਾਂਗੇ ਤਾਂ ਮੱਝਾਂ ਦਾ ਤਾਜ਼ਾ ਤੇ ਮਿੱਠਾ ਦੁੱਧ ਪੀਵਾਂਗੇ... ਸਾਡੇ 'ਚ ਤਾਕਤ ਆਏਗੀ.... ਘਰ 'ਚ ਲਹਿਰਾਂ ਬਹਿਰਾਂ ਹੋਣਗੀਆਂ...... ਕੱਟਿਆਂ ਵਾਲੇ ਘਰਾਂ 'ਚ ਭੰਗ ਈ ਭੁੱਜੇਗੀ ਫਿਰ....।' 'ਬਿਲਕੱਲ ਠੀਕ ਸਮਝਿਆ ਤੂੰ ਭਤੀਜ...... ਵੇਖ ਆਪਣੇ ਮੁਲਕ ਦੀਆਂ ਸਰਹੱਦਾਂ 'ਤੇ ਸਾਡੀ ਫ਼ੌਜ ਦੇ ਕਿਸ ਤਰ੍ਹਾਂ ਚੇਤੰਨ ਰਹਿੰਦੀ ਏ। ਫੌਜ ਦੇ ਇਸੇ ਗੁਣ ਕਰਕੇ ਅਸੀਂ ਆਪਣੇ ਘਰਾਂ 'ਚ ਸੁਰੱਖਿਅਤ ਰਹਿੰਨੇ ਆਂ....ਸੋਚ ਜ਼ਰਾ, ਜੇਕਰ ਫ਼ੌਜ ਥੋੜ੍ਹੀ ਜਿਹੀ ਵੀ ਬੇਧਿਆਨੀ ਵਰਤੇ ਤਾਂ ਸਾਡਾ ਕੀ ਹਾਲ ਹੋਵੇ...?'
'ਚਾਚਾ ਜੀ....ਸੋਚ ਕੇ ਡਰ ਈ ਲੱਗਦਾ....ਹੁਣ ਮੈਂ ਸਮਝ ਗਿਆ ਚੌਕੀਦਾਰ ਦੇ ਹੋਕੇ ਦਾ ਕੀ ਮਤਲਬ ਹੁੰਦਾ ਸੀ...?'
ਉਸੇ ਵੇਲੇ ਦੋਵੇਂ ਗੁਰੂਘਰ ਤੋਂ ਬਾਹਰ ਆ ਕੇ ਆਪਣੇ ਆਪਣੇ ਘਰਾਂ ਵੱਲ ਚੱਲ ਪਏ।
-ਨਿਹਾਲਪੁਰ ਰੋਡ ਦਸੂਹਾ।
ਸੰਪਰਕ : 98552-35424