ਗੁਪਤਾ ਜੀ ਦਿਮਾਗ ਦੀ ਥਾਂ ਦਿਲ ਦੀ ਹਾਕ ਜ਼ਿਆਦਾ ਸੁਣਦੇ ਹਨ। ਪੱਕੇ ਪ੍ਰਹੇਜ਼ਗਾਰ ਹਨ, ਪਰ ਖਾਣ-ਪੀਣ ਤੋਂ ਵੀ ਇਕ ਮਿਲੀਮੀਟਰ ਵੀ ਪਿੱਛੇ ਨਹੀਂ ਹੱਟਦੇ।
ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੇ ਮਰੀਜ਼ ਹਨ। ਸਿਆਣੇ ਕੁਆਲੀਫਾਈਡ ਡਾਕਟਰਾਂ ਨੇ ਉੱਤਮ ਲੈਬਾਰਟਰੀਆਂ ਦੇ ਟੈਸਟਾਂ ਰਾਹੀਂ ਉਨ੍ਹਾਂ ਨੂੰ ਚੀਨੀ, ਚੀਨੀ ਤੋਂ ਬਣੇ ਖਾਧ-ਪਦਾਰਥ, ਨਮਕ, ਤਲੀਆਂ ਵਸਤਾਂ, ਘੀ, ਮੱਖਣ ਤੋਂ ਹੱਥ ਪਰ੍ਹੇ ਹੀ ਰੱਖਣ ਲਈ ਸਾਵਧਾਨ ਕੀਤਾ ਹੋਇਆ ਹੈ। ਪਰ ਉਹ ਇਨ੍ਹਾਂ ਸਿਆਣੇ ਡਾਕਟਰਾਂ ਦੀ ਬਜਾਏ ਆਪਣੇ ਦਿਲ ਦੀ ਗੱਲ ਹੀ ਸੁਣਨ ਵੱਲ ਜ਼ਿਆਦਾ ਧਿਆਨ ਦਿੰਦੇ ਹਨ। ਉਨ੍ਹਾਂ ਦਾ ਮੱਤ ਹੈ ਕਿ ਇਹ ਦੁਰਲੱਭ ਜੀਵਨ ਮਸਾਂ ਹੱਥ ਲੱਗਿਆ ਹੈ। ਫਾਕੇ, ਭੁੱਖਾਂ ਅਤੇ ਦੁੱਖਾਂ ਵਿਚ ਕੱਟ-ਕੱਟ ਕੇ ਇਸ ਨੂੰ ਐਵੇਂ ਕਿਉਂ ਜਾਇਆ ਕੀਤਾ ਜਾਵੇ। 'ਖਾਓ, ਪੀਓ, ਮੌਜ ਕਰੋ' ਜੀਵਨ ਏਦਾਂ ਪਾਰ ਕਰੋ। ਉਹ ਆਖਦੇ ਵੀ ਹਨ, 'ਰੱਬ ਨੂੰ ਜਾ ਕੇ ਹੀ ਦੱਸਾਂਗੇ ਕਿ ਅਸੀਂ ਪ੍ਰਹੇਜ਼ ਕਰ-ਕਰ, ਫਾਕੇ ਕੱਟ-ਕੱਟ, ਤੇਰੀ ਸਵਾਦਲੀ ਦੁਨੀਆ ਤੋਂ ਉਵੇਂ ਦੇ ਉਵੇਂ ਮੁੜ ਆਏ ਹਾਂ। ਜਿਵੇਂ ਘੱਲੇ ਸੀ, ਉਵੇਂ ਹੀ ਮੁੜ ਆਏ ਹਾਂ। ਉਹ ਰੱਬ ਮੂਹਰੇ ਸ਼ਰਮਸਾਰ ਨਹੀਂ ਹੋਣਾ ਚਾਹੁੰਦੇ।'
ਕੜਾਹ ਖਾਣ ਦੇ ਹੱਦੋਂ ਵੱਧ ਸ਼ੌਕੀਨ ਹਨ। ਕੜਾਹ ਭਾਵੇਂ ਸੂਜ਼ੀ ਦਾ ਹੋਵੇ, ਵੇਸਨ ਦਾ ਹੋਵੇ, ਮੂੰਗ ਦੀ ਦਾਲ ਦਾ ਹੋਵੇ, ਹੋਰ ਨਹੀਂ ਤਾਂ ਭਾਵੇਂ ਨਿਰੋਲ ਘਾਟੇ ਦਾ ਹੋਵੇ। ਸੁੱਕਾ-ਪੱਕਾ ਹੋਵੇ ਭਾਵੇਂ ਖੁਸ਼ਕ ਮੇਵਾ ਭਰਪੂਰ ਹੋਵੇ। ਚੀਨੀ ਚੰਗੀ ਪਾਈ ਹੋਵੇ। ਘੱਟ ਮਿੱਠੇ ਵਾਲਾ ਕੜਾਹ ਕੌਣ ਛੱਕ ਸਕਦੈ? ਦੇਸੀ ਘਿਓ ਤੈਰਦਾ ਹੋਵੇ ਤਾਂ ਵਾਹ ਭਲੀ। ਫੇਰ ਤਾਂ ਕੜਾਹ ਖਾਣ ਦੇ ਨਜ਼ਾਰੇ ਹੀ ਆ ਜਾਣ। ਜੇ ਕੋਈ ਜਾਣਕਾਰ ਟੋਕ ਦੇਵੇ ਤਾਂ ਮਸਖਰਿਆਂ ਜਿਹਾ ਬੂਥਾ ਬਣਾ ਕੇ, ਝੱਟ ਆਖ ਦਿੰਦੇ ਹਨ:
ਥੋਡੇ ਅਰਗੇ ਮੂਰਖਾਂ ਨੂੰ ਕੀ ਪਤੈ ਦੇਸੀ ਘੀ ਦੀ ਕੜਾਹ ਕਿੰਨਾ ਸਵਾਦ ਹੁੰਦੈ? ਕੇਰਾਂ ਤਾਂ ਸੁਰਗਾਂ ਦੇ ਨਜ਼ਾਰੇ ਆ ਜਾਂਦੇ ਐ। ਕਦੇ ਖਾਧਾ ਹੋਵੇ ਤਾਂ ਪਤਾ ਲੱਗੇ।'
ਖੀਰ ਤੋਂ ਬਗੈਰ ਕੜਾਹ ਦੀ ਕੀ ਤੁਕਜ ਇਹ ਜੋੜੀ ਤਾਂ ਇਉਂ ਲੱਗਦੀ ਹੈ ਜਿਵੇਂ ਖੀਰ ਕੜਾਹ ਨਾਲ ਹੀ ਵਿਆਹੀ ਹੋਈ ਹੋਵੇ। ਕਿਸ਼ਮਿਸ਼ ਤੇ ਬਦਾਮਾਂ ਵਾਲੀ ਖੀਰ ਦੇ ਕਿਆ ਕਹਿਣੇ? ਖੀਰ ਲਈ ਕਿਸ਼ਮਿਸ਼ ਤੇ ਬਦਾਮ ਤਾਂ ਇਉਂ ਹਨ, ਜਿਵੇਂ ਕਿਸੇ ਸੱਜ-ਵਿਆਹ ਮੁਟਿਆਰ ਨੇ ਸੋਨੇ ਦੇ ਕੀਮਤੀ ਗਹਿਣੇ ਪਹਿਨੇ ਹੋਏ ਹੋਣ।
ਦੇਵਨੱਤ ਵਿਆਹ-ਸ਼ਾਦੀ ਵਾਲੇ ਘਰੋਂ ਮਠਿਆਈ ਦਾ ਡੱਬਾ ਆ ਜਾਵੇ ਤਾਂ ਗੁਪਤਾ ਜੀ ਦੇ ਪੌਂ ਬਾਰਾਂ ਹੋ ਜਾਂਦੇ ਹਨ। ਸਾਊ ਤੇ ਕਬੀਲਦਾਰ ਘਰਾਂ ਵਿਚ ਇਹੋ ਜਿਹੇ ਉਤਸਵ ਤਾਂ ਅਕਸਰ ਹੀ ਆਉਂਦੇ ਰਹਿੰਦੇ ਹਨ। ਡੱਬਾ ਦੇਖਦਿਆਂ ਹੀ ਗੁਪਤਾ ਜੀ ਛਲਾਂਗਾਂ ਮਾਰਨ ਲੱਗ ਪੈਂਦੇ ਹਨ। ਬਾਂਦਰ ਵਾਂਗ ਟਪੂਸੀਆਂ ਮਾਰਨ ਲੱਗਦੇ ਹਨ। ਦੇਣ ਵਾਲੇ ਸ਼ਗਨ ਦੀ ਪ੍ਰਵਾਹ ਕੀਤੇ ਬਗੈਰ ਆਈ ਹੋਈ ਮਠਿਆਈ 'ਤੇ, ਪਤਨੀ ਦੇ ਰੋਕਦਿਆਂ-ਰੋਕਦਿਆਂ ਹੀ ਹੱਥ ਸਾਫ਼ ਕਰਨ ਲੱਗਦੇ ਹਨ। ਘਰ ਵਾਲਿਆਂ, ਜੁਆਕਾਂ-ਜੱਲਿਆਂ ਦਾ ਵੀ ਖਿਆਲ ਨਹੀਂ ਰੱਖਦੇ। ਉਸ ਘੜੀ ਤਾਂ ਉਨ੍ਹਾਂ ਨੂੰ ਜਾਪਣ ਲਗਦਾ ਹੈ ਜਿਵੇਂ ਵਿਆਹ ਦੇ ਘਰ ਵਾਲਿਆਂ ਮਠਿਆਈ ਦਾ ਡੱਬਾ ਕੇਵਲ ਤੇ ਕੇਵਲ ਗੁਪਤਾ ਜੀ ਲਈ ਹੀ ਘੱਲਿਆ ਹੋਵੇ। ਜਦੋਂ ਤੱਕ ਡੱਬਾ ਭਾਂ-ਭਾਂ ਨਾ ਕਰਨ ਲੱਗ ਪਵੇ, ਗੁਪਤਾ ਜੀ ਚੈਨ ਦਾ ਸਾਹ ਨਹੀਂ ਲੈਂਦੇ।
ਸਮੋਸੇ, ਟਿੱਕੀਆਂ ਉਨ੍ਹਾਂ ਦਾ ਮਨ-ਭਾਉਂਦਾ ਖਾਣਾ ਹਨ। ਤਿੰਨ-ਚਾਰ ਸਮੋਸੇ ਤਾਂ ਮਾਮੂਲੀ ਗੱਲ ਹਨ, ਜੇ ਦੋ-ਚਾਰ ਟਿੱਕੀਆਂ ਵੀ ਅੜਿੱਕੇ ਆ ਜਾਣ ਤਾਂ ਵਾਹ ਭਲੀ। ਸਵੇਰੇ ਨਾਸ਼ਤੇ ਵਿਚ ਤਲੇ ਹੋਏ ਪਰੌਂਠੇ, ਘਿਓ-ਮੱਖਣ ਖਾਣੋਂ ਵੀ ਦਰੇਗ ਨਹੀਂ ਕਰਦੇ। ਪਤਨੀ ਘੱਟ ਖਾਣ ਦੀ ਸਲਾਹ ਦੇਵੇ ਤਾਂ ਝੱਟ ਆਖ ਦਿੰਦੇ ਹਨ:
'ਖਾਂਦੇ ਬੰਦੇ ਨੂੰ ਟੋਕਣਾ ਸ਼ੁੱਭ ਨਹੀਂ ਹੁੰਦਾ, ਭੋਜਨ ਸਰਾਪਿਆ ਜਾਂਦਾ ਹੈ। ਸਮਝੀ? ਖਾਣਾ ਖਾਣ ਨਾ ਰਹਿ ਦੇ ਗੈਸ ਤੋਂ ਤੇਜ਼ਾਬ ਬਣ ਜਾਂਦਾ ਹੈ।'
ਖਾਣ-ਪੀਣ ਦੇ ਮਾਮਲੇ ਵਿਚ ਗੁਪਤਾ ਜੀ ਦੀ ਸੋਚ ਪੁਰਾਣੇ ਪੰਜਾਬੀਆਂ ਜਿਹੀ ਹੀ ਹੈ ਜੋ ਕਦੀ ਕਿਹਾ ਕਰਦੇ ਸਨ:
'ਖਾਧਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹੇ ਦਾ'
'ਖਾਓ ਪੀਓ ਕਰੋ ਅਨੰਦ, ਸੋਚੀ ਜਾਵੇ ਪਰਮਾਨੰਦ।'
ਉਂਜ ਭਾਵੇਂ ਉਹ ਆਪਣੇ-ਆਪ ਨੂੰ ਪ੍ਰਹੇਜ਼ਗਾਰ ਵੀ ਆਖਦੇ ਹਨ। ਉਨ੍ਹਾਂ ਦਾ ਆਪਣਾ ਹੀ ਤਰਜ਼ ਹੈ:
'ਯਾਰ ਭੋਰਾ ਕੁ (ਪਾਈਆ ਕੁ) ਬਰਫ਼ੀ ਖਾ ਲਈ ਤਾਂ ਕੀ ਲੋਹੜਾ ਆਉਣ ਲੱਗੈ। ਪਾਈਆ ਕੁ ਜਲੇਬੀਆਂ ਛਕਣ ਨਾਲ ਕਿਹੜੀ ਟੰਗ ਟੁੱਟਣ ਲੱਗੀ ਐ। ਪੇੜਿਆਂ ਵਾਲੀ ਲੱਸੀ ਜਿਹੀ ਤਾਂ ਲਾਜਵਾਬ ਚੀਜ਼-ਵਸਤ ਹੀ ਕੋਈ ਨਹੀਂ ਹੁੰਦੀ। ਬੱਸ ਪ੍ਰਭੂ ਉਮਰ ਲੰਬੀ ਦੇਣ। ਖਾਂਦੇ-ਪੀਂਦੇ ਇਸ ਜਗਤ ਤੋਂ ਜਾਈਏ। ਕੋਈ ਸਾਡੇ ਜੁਆਕਾਂ ਨੂੰ ਮਗਰੋਂ ਉਲਾਂਭਾ ਨਾ ਦੇਵੇ ਬਈ ਤੁਹਾਡਾ ਬੁੜ੍ਹਾ ਦਸੌਂਧੇ ਕੱਟਦਾ ਈ ਮਰ ਗਿਆ। ਫਾਕਿਆ ਨੇ ਈ ਮਾਰ ਲਿਆ। ਸਾਰੀ ਉਮਰ ਪ੍ਰਹੇਜ਼ਾਂ ਨਾਲ ਹੀ ਅਕਲਦਾਨ ਹੋਇਆਂ ਰਿਹਾ।
ਜੇ ਕੋਈ ਉਨ੍ਹਾਂ ਦੇ ਖਾਣ-ਪੀਣ 'ਤੇ ਟੋਕ-ਟੁਕਾਈ ਕਰੇ ਤਾਂ ਹੱਸ ਕੇ ਕਹਿ ਦਿੰਦੇ ਹਨ, 'ਦੇਖ ਬੰਧੂ, ਡਾਕਟਰ ਦਾ ਕੰਮ ਐ ਦਵਾਈਆਂ ਦੇਣੀਆਂ, ਸਰੀਰ ਬਾਰੇ ਸਲਾਹਾਂ ਦੇਣੀਆਂ, ਥੋਨੂੰ ਠੀਕ ਲੱਗਣ ਮੰਨ ਲਓ, ਨਾ ਠੀਕ ਲੱਗਣ ਨਾ ਮੰਨੋ। ਡਾਕਟਰ ਨੇ ਆਪਣਾ ਦੇਖਣੈ, ਤੁਸੀਂ ਆਪਣਾ ਭਲਾ-ਬੁਰਾ ਸੋਚ ਲਵੋ।'
ਇਕ ਵਾਰ ਸ਼ੂਗਰ ਵਿਗੜੀ ਤੋਂ ਦੋ-ਚਾਰ ਦਿਨ ਹਸਪਤਾਲ ਰਹਿ ਆਉਣ 'ਤੇ ਕਿਸੇ ਮਿੱਤਰ ਨੇ ਹਾਲ-ਚਾਲ ਪੁੱਛਿਆ ਤਾਂ ਛਾਤੀ ਤਾਨ ਕੇ ਕਹਿਣ ਲੱਗੇ, 'ਕਦੀ-ਕਦੀ ਸਕੂਟਰ, ਫਰਿੱਜ ਨੂੰ ਵੀ ਤਾਂ ਮਕੈਨਿਕ ਕੋਲ ਲਿਜਾਣਾ ਈ ਪੈਂਦੇ। ਸਰੀਰ ਵੀ ਤਾਂ ਆਪਣਾ ਇਕ ਮਸ਼ੀਨ ਈ ਐ। ਥੋੜ੍ਹਾ ਬਹੁਤ ਬਿਗੜ ਈ ਜਾਂਦੈ। ਦੋ-ਚਾਰ ਦਿਨ ਹਸਪਤਾਲ ਰਹਿ ਆਏ ਤਾਂ ਕਿਹੜਾ ਹਨੇਰੀ ਆਉਣ ਲੱਗੀ ਐ। ਇਸ ਬਹਾਨੇ ਓਵਰ-ਹਾਲ ਹੋ ਗਿਆ। ਬੰਦੇ ਨੂੰ ਐਵੇਂ ਘਬਰਾਉਣਾ ਨੀ ਚਾਹੀਦਾ। ਪ੍ਰਭੂ ਨੇ ਸੰਸਾਰ ਦੀਆਂ ਵਸਤਾਂ ਆਪਣੇ ਲਈ ਈ ਤਾਂ ਬਣਾਈਆਂ ਨੇ। ਉਨ੍ਹਾਂ ਦੀ ਵੱਧ ਤੋਂ ਵੱਧ ਵਰਤੋਂ ਕਰੋ। ਪ੍ਰਭੂ ਵੀ ਪ੍ਰਸੰਨ ਹੋਊ ਬਈ ਆਪਾਂ ਉਹਦੀਆਂ ਬਣਾਈਆਂ ਵਸਤਾਂ ਦੀ ਵਰਤੋਂ ਕਰੀ ਜਾਨਾਂ ਆਂ। ਉਨ੍ਹਾਂ ਦੀ ਵਰਤੋਂ ਨਾ ਕਰਕੇ ਤਾਂ ਸਗੋਂ ਆਪਾਂ ਉਨ੍ਹਾਂ ਦਾ ਸਰਾਪ ਈ ਖੱਟਾਂਗੇ। ਕੀ ਸਮਝੇ? ਕੁਸ਼ ਆਇਆ ਸਮਝ...।' ਤੇ ਉਹ ਏਨਾ ਆਖ ਮੇਰਾ ਤਾਂ ਖਾਣਾ ਖਾਣ ਦਾ ਵਕਤ ਹੋ ਗਿਐ। ਪਤਨੀ ਨੇ ਸੂਜ਼ੀ ਦਾ ਸੁੱਕੇ ਮੇਵੇ ਪਾ ਕੇ ਕੜਾਹ ਬਣਾਇਐ। ਚੱਲ ਕੇ ਛੱਕਦੇ ਆਂ...।' ਆਪਣੇ ਘਰ ਵੱਲ ਪੱਤਰਾ ਵਾਚ ਗਏ।
'ਇਹੋ ਜਿਹੇ ਖਾਣ-ਸੂਰੇ ਬੰਦਿਆਂ ਨੂੰ ਤੁਸੀਂ ਕੀ ਸਮਝਾਅ ਸਕਦੇ ਹੋ?' ਹਸਪਤਾਲਾਂ ਦੇ ਮੰਜੇ ਇਹੋ ਜਿਹੇ ਬੰਦਿਆਂ ਨੇ ਈ ਤਾਂ ਮੱਲੇ ਹੋਏ ਨੇ।' ਗੁਪਤਾ ਜਿਹੇ ਪੇਟੂਆਂ ਕਰਕੇ ਹੀ ਦਵਾਈ ਕੰਪਨੀਆਂ ਵੱਧ-ਫੁਲ ਰਹੀਆਂ ਹਨ ਤੇ ਡਾਕਟਰਾਂ ਦੀਆਂ ਹੱਟੀਆਂ 'ਤੇ ਰੌਣਕਾਂ ਲੱਗਦੀਆਂ ਹਨ।
ਗੁਪਤਾ ਜੀ ਹੁੱਬ ਕੇ ਆਖ ਵੀ ਦਿੰਦੇ ਹਨ, 'ਉਏ ਭਾਈ, ਜੇ ਮਰਜ਼ੀ ਦਾ ਖਾ-ਪੀ ਕੇ, ਜ਼ਿੰਦਗੀ ਦਾ ਪੂਰਾ ਲੁਤਫ਼ ਲੈ ਕੇ, ਦੋ ਗੋਲੀਆਂ ਖਾਣੀਆਂ ਵੀ ਪੈ ਗਈਆਂ, ਫਿਰ ਕਿਹੜੀ ਆਫ਼ਤ ਆਉਣ ਵਾਲੀ ਐ... ਦੋ ਗੋਲੀਆਂ ਖਾ ਕੇ ਕਿਹੜਾ ਢਿੱਡ ਪਾਟ ਜੂ...।'
'ਲਓ ਸੁਣ ਲੋ ਗੱਲ ਗੁਪਤਾ ਜੀ ਦੀ।'
-ਮੋਬਾਈਲ : 94635-37050
ਪ੍ਰਹੇਜ਼ ਤੋਂ ਇਲਾਜ ਬਿਹਤਰ ਹੈ
ਅਜੀਤ ਡੈਸਕ
26-04-2026