ਰੁਬੀਨਾ ਸ਼ਬਨਮ ਪੰਜਾਬੀ ਦੀ ਸਮਰੱਥ ਗ਼ਜ਼ਲਕਾਰਾ ਹੈ ਜਿਸ ਦੀਆਂ ਗ਼ਜ਼ਲਾਂ ਵਿਚ ਸਮਾਜਿਕ ਤੇ ਰਾਜਸੀ ਪ੍ਰਦੂਸ਼ਨ ਨਾਲ ਲਬਰੇਜ਼ ਪੌਣਾਂ ਅੱਗੇ ਦੀਵਾਰ ਬਣ ਕੇ ਖਲੋਣ ਦੀ ਊਰਜਾ ਵੀ ਹੈ ਅਤੇ ਇਨ੍ਹਾਂ ਵਿਚ ਮੁਹੱਬਤ ਦੇ ਪ੍ਰਤੀਬਿੰਬ ਵੀ ਹਨ। ਉਸ ਦੀਆਂ ਗ਼ਜ਼ਲਾਂ ਦੀ ਸੂਖ਼ਮਤਾ ਤੇ ਸਰਲਤਾ ਪਾਠਕ ਨੂੰ ਕੀਲ ਲੈਂਦੀ ਹੈ। ਉਸ ਨੇ ਕਵਿਤਾ, ਗ਼ਜ਼ਲ ਤੇ ਆਲੋਚਨਾ 'ਤੇ ਕਾਰਜ ਕੀਤਾ ਹੈ ਤੇ ਅਨੁਵਾਦ ਵੀ ਕੀਤੇ ਹਨ। ਇਸ ਗ਼ਜ਼ਲਕਾਰਾ ਨੇ ਜ਼ਿੰਦਗੀ ਵਿਚ ਬਹਾਰਾਂ ਵੀ ਦੇਖੀਆਂ ਹਨ ਤੇ ਪੱਤਝੜਾਂ ਨੇ ਵੀ ਉਸ ਨੂੰ ਲਹੂ-ਲੁਹਾਨ ਕੀਤਾ ਹੈ। ਮਈ 8, 1971 ਨੂੰ ਮਲੇਰਕੋਟਲਾ ਵਿਖੇ ਪੈਦਾ ਹੋਈ ਸ਼ਬਨਮ ਦੀਆਂ ਪ੍ਰਾਪਤੀਆਂ ਦੀ ਸੂਚੀ ਬੜੀ ਲੰਬੀ ਹੈ। ਉਹ ਉਰਦੂ ਤੇ ਫ਼ਾਰਸੀ ਦੀ ਐਮ. ਏ. ਹੈ ਅਤੇ ਉਸ ਨੇ ਪਰਵੀਨ ਸ਼ਾਕਿਰ 'ਤੇ ਡਾਕਟਰੇਟ ਵੀ ਕੀਤੀ ਹੋਈ ਹੈ। ਰੁਬੀਨਾ ਨੇ ਸਿੱਖਿਆ ਤੇ ਸਾਹਿਤ ਨਾਲ ਸਬੰਧਤ ਕਈ ਉੱਚ ਅਹੁਦਿਆਂ 'ਤੇ ਆਪਣੀਆਂ ਸੇਵਾਵਾਂ ਦਿੱਤੀਆਂ ਹਨ। ਭਾਸ਼ਾ ਵਿਭਾਗ ਪੰਜਾਬ ਵਲੋਂ ਰੁਬੀਨਾ ਸ਼ਬਨਮ ਨੂੰ ਦੋ ਵਾਰ ਸਨਮਾਨ ਪ੍ਰਾਪਤ ਹੋਇਆ ਹੈ। ਪੇਸ਼ ਹਨ ਸ਼ਬਨਮ ਦੀਆਂ ਦੋ ਗ਼ਜ਼ਲਾਂ-
-ਮੋਬਾਈਲ : 99884-44002
ਸ਼ੋਹਰਤ ਦੀ ਖੋਟੀ ਅਠਿਆਨੀ ਚਲਦੀ-ਚਲਦੀ ਚਲ ਜਾਂਦੀ ਹੈ।
ਜ਼ਾਹਿਰਦਾਰੀ ਸਾਦਗੀਆਂ ਵਿਚ ਰਲਦੀ-ਰਲਦੀ ਰਲ ਜਾਂਦੀ ਹੈ।
ਦੇਹ ਦਾ ਮਾਸ ਤਾਂ ਇਸਦੇ ਸਾਹਵੇਂ ਫੁੱਲ ਮਖਾਣੇ ਵਾਕਣ ਹੁੰਦੈ,
ਬਿਰਹਾ ਚੱਕੀ ਹੱਡਾਂ ਨੂੰ ਵੀ ਦਲਦੀ-ਦਲਦੀ ਦਲ ਜਾਂਦੀ ਹੈ।
ਕੀ ਹੈਰਾਨੀ, ਜੇ ਹੰਝੂਆਂ ਨੇ ਚਾਹਤ ਦਾ ਹਰ ਨਕਸ਼ ਮਿਟਾਇਆ,
ਲੂਣੇ ਪਾਣੀਆਂ ਵਿਚ ਹਰ ਇਕ ਸ਼ੈਅ ਗਲਦੀ-ਗਲਦੀ ਗਲ ਜਾਂਦੀ ਹੈ।
ਹੈਂਕੜ, ਹੋਂਦ, ਤਕੱਬੁਰ ਤਾਂ ਖ਼ੁਦ ਅਪਣੀ ਜਾਨ ਨੂੰ ਰੱਸੇ ਵੱਟਦੈ,
ਬਦਬਖ਼ਤੀ ਦੀ ਵੇਲ ਚੁਫੇਰੇ ਫ਼ਲਦੀ-ਫ਼ਲਦੀ ਫ਼ਲ ਜਾਂਦੀ ਹੈ।
ਨਫ਼ਰਤ ਵਾਲੀ ਅੱਗ ਦੇ ਕਦ ਤੱਕ ਅਸ਼ਟ-ਭੁਜੀ ਹਮਲੇ ਨੂੰ ਸਹਿੰਦੀ,
ਲੱਕੜ ਗਿੱਲੀ ਵੀ ਤਾਂ ਆਖ਼ਰ ਬਲਦੀ-ਬਲਦੀ ਬਲ ਜਾਂਦੀ ਹੈ।
ਵਕਤ ਦਾ ਸੂਰਜ ਭਾਵੇਂ ਸਿਰ 'ਤੇ ਸਵਾ ਕੁ ਨੇਜ਼ੇ ਆ ਢੁੱਕਿਆ ਹੈ,
ਉਮਰ ਦੀ ਸਿਖਰ ਦੁਪਹਿਰ ਵੀ 'ਸ਼ਬਨਮ' ਢਲਦੀ-ਢਲਦੀ ਢਲ ਜਾਂਦੀ ਹੈ।
*
*
ਤੇਰਾ ਵਸਲ ਜਾਪੇ ਨਕਸ਼ ਪਾਣੀ ਉੱਪਰ।
ਵਿਛੋੜੇ ਦੀ ਚਾਦਰ ਸਦਾ ਤਾਣੀ ਉੱਪਰ।
ਇਹ ਬਾਜ਼ੀ ਤੇਰੇ ਹੱਥ ਕਿਵੇਂ ਆਉਂਦੀ ਝੱਲੇ,
ਤੂੰ ਦਹਿਲਾ ਸੀ ਕਿਉਂ ਸੁੱਟਿਆ ਰਾਣੀ ਉੱਪਰ।
ਉਹ ਸਿਫ਼ਤਾਂ ਕਰੇ ਅਪਣੀਆਂ ਹਰ ਜਗ੍ਹਾ ਇੰਝ,
ਜਿਵਂੇ ਕੋਈ ਲਿਖਦੈ ਗ਼ਜ਼ਲ ਹਾਣੀ ਉੱਪਰ।
ਮੈਂ 'ਕੱਲੀ-ਦੁਕੱਲੀ ਹੀ ਸੀ ਉਸ ਦੀ ਮੁਜਰਮ,
ਉਹਨੇ ਹਮਲਾ ਕੀਤਾ ਕਿਉਂ ਢਾਣੀ ਉੱਪਰ।
ਉਹ ਅੰਦਰੋਂ ਏਂ ਜ਼ਹਿਰ ਦਾ ਭਰਿਆ ਪਿਆਲਾ,
ਨਾ ਜਾ ਉਹਦੀ ਤੂੰ ਮਿੱਠੜੀ ਬਾਣੀ ਉੱਪਰ।
ਜਿਹੜੇ ਯੁਗ ਦੇ ਵਿਚ ਪਾਪ ਹੈ ਇਸ਼ਕ 'ਸ਼ਬਨਮ',
ਤੂੰ ਕਰਦੀ ਏਂ ਮਾਣ ਏਸ ਖੇਹ ਛਾਣੀ ਉੱਪਰ।