ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਮੇਂਨਟੇਨੈਂਸ

Ad Position 21
No active advertisement
ਅਜੀਤ ਡੈਸਕ 05-07-2026

ਕਹਾਣੀ

ਸੰਜਨਾ ਦੁਲਹਣ ਬਣ ਕੇ ਆਪਣੀ ਮੰਜ਼ਿਲ 'ਤੇ ਜਾਣ ਲਈ ਤਿਆਰ ਖੜ੍ਹੀ ਸੀ। ਲਾਲ ਜੋੜੇ ਵਿਚ ਉਹ ਬਹੁਤ ਸੋਹਣੀ ਲੱਗ ਰਹੀ ਸੀ, ਜਿਵੇਂ ਅਸਮਾਨੋਂ ਉਤਰੀ ਕੋਈ ਪਰੀ ਹੋਵੇ। ਰੱਬ ਨੇ ਉਸ ਨੂੰ ਸੁੰਦਰਤਾ ਵੀ ਰੱਜ ਕੇ ਦਿੱਤੀ ਸੀ। ਗੋਰਾ-ਚਿੱਟਾ ਰੰਗ, ਲੰਮੇ ਵਾਲ, ਸਰੂ ਵਰਗਾ ਕੱਦ ਅਤੇ ਨਸ਼ੀਲੇ ਨੈਣ। ਜੋ ਵੀ ਉਸ ਨੂੰ ਵੇਖਦਾ, ਉਸ ਦੀਆਂ ਅੱਖਾਂ ਵਿਚ ਡੁੱਬ ਜਾਂਦਾ। ਉਸ ਦਾ ਚਮਕਦਾ ਚਿਹਰਾ ਕਾਲੀ ਹਨੇਰੀ ਰਾਤ ਵਿਚ ਪੂਰਨਮਾਸੀ ਦੇ ਚੰਦ ਵਾਂਗ ਜਗਮਗਾਉਂਦਾ ਸੀ।
ਇਹੀ ਤਾਂ ਜਾਦੂ ਸੀ ਉਸ ਕੋਲ। ਉਹ ਆਪਣੀ ਖੂਬਸੂਰਤੀ ਨਾਲ ਕਈਆਂ ਨੂੰ ਕੈਦ ਕਰ ਚੁੱਕੀ ਸੀ। ਅੱਜ ਵੀ ਉਹ ਇਕ ਨਵੇਂ ਸ਼ਿਕਾਰ ਵੱਲ ਜਾ ਰਹੀ ਸੀ।
ਹੱਥਾਂ ਉੱਤੇ ਮਹਿੰਦੀ, ਪੈਰਾਂ ਵਿਚ ਪੰਜੇਬ, ਬਾਹਾਂ ਵਿਚ ਲਾਲ ਚੂੜਾ ਅਤੇ ਨਾਲ ਸੋਨੇ ਦੇ ਗਹਿਣੇ। ਸੋਲ੍ਹਾਂ ਸਿੰਗਾਰ ਨਾਲ ਸਜੀ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ। ਉਸ ਨੂੰ ਆਪਣੇ ਆਪ ਉੱਤੇ ਬਹੁਤ ਨਾਜ਼ ਸੀ, ਅਤੇ ਹੁੰਦਾ ਵੀ ਕਿਉਂ ਨਾ? ਉਹ ਆਪਣੀ ਅਦਾ ਨਾਲ ਕਈਆਂ ਨੂੰ ਆਪਣਾ ਮੁਰੀਦ ਬਣਾ ਚੁੱਕੀ ਸੀ। ਉਹ ਸ਼ੀਸ਼ੇ ਦੇ ਸਾਹਮਣੇ ਖੜ੍ਹੀ ਖੁਦ ਨੂੰ ਨਿਹਾਰ ਰਹੀ ਸੀ। ਨਾਲ ਹੀ ਸੋਚ ਰਹੀ ਸੀ, 'ਮੇਰੇ ਹੁਸਨ ਅਤੇ ਸ਼ਾਤਿਰ ਦਿਮਾਗ ਦਾ ਕੋਈ ਮੁਕਾਬਲਾ ਨਹੀਂ।'
ਏਨੇ ਵਿਚ ਗੱਡੀ ਦੇ ਹਾਰਨ ਨੇ ਸੰਜਨਾ ਨੂੰ ਬੁਲਾਵੇ ਦਾ ਸੰਕੇਤ ਦਿੱਤਾ। ਸਭ ਨੂੰ ਅਲਵਿਦਾ ਕਹਿੰਦੀ ਹੋਈ ਉਹ ਗੱਡੀ ਵਿਚ ਜਾ ਬੈਠੀ।
ਗੱਡੀ ਤੇਜ਼ ਰਫ਼ਤਾਰ ਨਾਲ ਆਪਣੀ ਮੰਜ਼ਿਲ ਵੱਲ ਵਧ ਰਹੀ ਸੀ ਅਤੇ ਉਸ ਤੋਂ ਵੀ ਤੇਜ਼ ਉਸ ਦੇ ਦਿਮਾਗ ਵਿਚ ਖਿਆਲ ਦੌੜ ਰਹੇ ਸਨ। ਉਹ ਵਾਰ-ਵਾਰ ਆਪਣੇ ਪਰਸ ਵਿਚੋਂ ਸ਼ੀਸ਼ਾ ਕੱਢ ਕੇ ਆਪਣਾ ਚਿਹਰਾ ਵੇਖ ਮੁਸਕਰਾ ਰਹੀ ਸੀ।
ਉਹ ਮੋਹਰੇ ਤੇ ਮੋਹਰਾ ਟਿਕਾਂਦੀ ਅਤੇ ਹਰ ਬਾਜ਼ੀ ਜਿੱਤ ਜਾਂਦੀ ।
ਉਸ ਨੂੰ ਉਹ ਦਿਨ ਯਾਦ ਆ ਰਿਹਾ ਸੀ ਜਦੋਂ ਉਹ ਪਹਿਲੀ ਵਾਰ ਦੁਲਹਨ ਬਣੀ ਸੀ। ਇਕ ਪੜ੍ਹੇ-ਲਿਖੇ, ਇੱਜ਼ਤਦਾਰ ਅਤੇ ਅਮੀਰ ਘਰ ਦੀ ਨੂੰਹ ਬਣ ਕੇ ਗਈ ਸੀ। ਜ਼ਿੰਦਗੀ ਦਾ ਹਰ ਸੁਖ ਉਸ ਨੂੰ ਹਾਸਲ ਸੀ। ਵੱਡਾ ਮਹਿਲਨੁਮਾ ਘਰ, ਕਾਰ, ਜਾਇਦਾਦ ਅਤੇ ਪਤੀ ਦਾ ਸੱਭਿਆ ਪਰਿਵਾਰ। ਪਰ ਫੇਰ ਵੀ ਉਹ ਖੁਸ਼ ਨਹੀਂ ਸੀ। ਕਿਉਂਕਿ ਸੰਜਨਾ ਇਕ ਗ਼ਰੀਬ ਘਰ ਦੀ ਕੁੜੀ ਸੀ। ਉਸ ਦੀ ਮਾਂ ਸਿਲਾਈ ਦਾ ਕੰਮ ਕਰ ਕੇ ਆਪਣੀਆਂ ਧੀਆਂ ਪਾਲ ਰਹੀ ਸੀ। ਨਾ ਤੇ ਉਹ ਜ਼ਿਆਦਾ ਪੜ੍ਹੀ-ਲਿਖੀ ਸੀ। ਉਸ ਦੇ ਪਿਤਾ ਦਾ ਦਿਹਾਂਤ ਹੋ ਚੁੱਕਾ ਸੀ। ਸਧਾਰਨ ਜਿਹੇ ਪਰਿਵਾਰ ਦੀ ਖੂਬਸੂਰਤ, ਸਲੀਕੇਦਾਰ ਤੇ ਚੁਸੱਤ ਦਿਮਾਗ ਵਾਲੀ ਸੰਜਨਾ ਝੱਟ ਸਭ ਦਾ ਮਨ ਮੋਹ ਲੈਂਦੀ।
ਗਾਇਤਰੀ ਦੇਵੀ ਨਾਲ ਵੀ ਏਦਾਂ ਹੀ ਹੋਇਆ ਸੀ। ਸੰਜਨਾ ਦਾ ਕਾਰ-ਵਿਹਾਰ ਵੇਖ ਉਹ ਗਾਇਤਰੀ ਦੇਵੀ ਦੇ ਦਿਲ ਵਿਚ ਉੱਤਰ ਗਈ ਸੀ। ਗਾਇਤਰੀ ਦੇਵੀ ਅਕਸਰ ਆਪਣੇ ਛੋਟੇ-ਮੋਟੇ ਕੰਮਾਂ ਲਈ ਸੰਜਨਾ ਦੀ ਮਾਂ ਕੋਲ ਆਉਂਦੀ ਰਹਿੰਦੀ ਸੀ।
ਗਾਇਤਰੀ ਦੇਵੀ ਸ਼ਹਿਰ ਦੇ ਮਸ਼ਹੂਰ ਕਾਰੋਬਾਰੀ ਦੀ ਪਤਨੀ ਤੇ ਆਈ.ਪੀ.ਐਸ. ਅਧਿਕਾਰੀ ਸੂਰਜ ਦੀ ਮਾਂ ਸੀ। ਇੱਜ਼ਤ, ਦੌਲਤ ਅਤੇ ਸ਼ੋਹਰਤ ਸਭ ਕੁਝ ਉਸ ਨੂੰ ਹਾਸਲ ਸੀ। ਜਦੋਂ ਵੀ ਉਹ ਸੰਜਨਾ ਦੇ ਘਰ ਆਉਂਦੀ, ਉਸ ਦੀਆਂ ਤਾਰੀਫ਼ਾਂ ਕੀਤੇ ਬਿਨਾਂ ਨਾ ਰਹਿੰਦੀ। ਉਹ ਸੰਜਨਾ ਦੀ ਮਾਂ ਨੂੰ ਅਕਸਰ ਕਹਿੰਦੀ, 'ਤੈਨੂੰ ਰੱਬ ਨੇ ਸੋਹਣੀਆਂ, ਸੁਨੱਖੀਆਂ ਅਤੇ ਸਿਆਣੀਆਂ ਧੀਆਂ ਦਿੱਤੀਆਂ ਹਨ। ਇਸ ਲਈ ਮੈਂ ਇੱਥੇ ਆਉਣ ਦਾ ਪੱਜ ਢੂੰਡਦੀ ਰਹਿੰਦੀ ਹਾਂ। ਇਨ੍ਹਾਂ ਨਾਲ ਮਿਲ ਬੈਠਣਾ ਮੈਨੂੰ ਬਹੁਤ ਚੰਗਾ ਲੱਗਦਾ ਹੈ। ਚੰਗੀਆਂ ਧੀਆਂ ਤਾਂ ਕਰਮਾਂ ਵਾਲਿਆਂ ਨੂੰ ਮਿਲਦੀਆਂ ਹਨ।'
ਸੰਜਨਾ ਦੀ ਮਾਂ ਲੰਮਾ ਹੌਕਾ ਭਰਦੇ ਹੋਏ ਕਹਿੰਦੀ, 'ਗ਼ਰੀਬਾਂ ਦੀਆਂ ਧੀਆਂ ਦੀ ਮਾਂ ਕਰਮਾਂ ਵਾਲੀ ਨਹੀਂ ਹੋ ਸਕਦੀ। ਸਾਡੇ ਤਾਂ ਸਾਰੇ ਚਾਅ ਅਧੂਰੇ ਹੀ ਰਹਿ ਜਾਂਦੇ ਹਨ। ਰੱਬ ਧੀਆਂ ਦੇਵੇ ਤਾਂ ਪੈਸਾ ਵੀ ਦਵੇ।'
ਗਾਇਤਰੀ ਦੇਵੀ ਉਸ ਨੂੰ ਹੌਸਲਾ ਦਿੰਦੀ ਹੋਈ ਕਹਿੰਦੀ, 'ਦਿਲ ਛੋਟਾ ਨਾ ਕਰ। ਸੰਜਨਾ ਤਾਂ ਬਣੀ ਹੀ ਮਹਿਲਾਂ ਜੋਗੀ ਹੈ।'
ਘਰ ਆ ਕੇ ਗਾਇਤਰੀ ਦੇਵੀ ਨੇ ਆਪਣੇ ਦਿਲ ਦੀ ਗੱਲ ਆਪਣੇ ਪਰਿਵਾਰ ਨਾਲ ਸਾਂਝੀ ਕੀਤੀ ਕਿ ਉਸ ਨੂੰ ਸੂਰਜ ਲਈ ਸੰਜਨਾ ਪਸੰਦ ਹੈ। ਤਾਂ ਉਸ ਦੇ ਪਤੀ ਦੀਨਾਨਾਥ ਇਸ ਫ਼ੈਸਲੇ ਨਾਲ ਸਹਿਮਤ ਨਹੀਂ ਸਨ। ਉਨ੍ਹਾਂ ਕਿਹਾ, 'ਐਸੇ ਲੋਕਾਂ ਨਾਲ ਹਮਦਰਦੀ ਕੀਤੀ ਜਾ ਸਕਦੀ ਹੈ, ਪਰ ਆਪਣੇ ਬਰਾਬਰ ਨਹੀਂ ਜੋੜਿਆ ਜਾ ਸਕਦਾ। ਸੂਰਜ ਮੇਰਾ ਇਕਲੌਤਾ ਪੁੱਤਰ ਹੈ। ਕਿਸੇ ਰੁਤਬੇ ਵਾਲੇ ਅਤੇ ਉੱਚੇ ਖਾਨਦਾਨ ਨਾਲ ਰਿਸ਼ਤਾ ਕਰਾਂਗਾ। ਇਕ ਆਈ.ਪੀ.ਐਸ. ਅਧਿਕਾਰੀ ਦਾ ਇਕ ਅਣਪੜ੍ਹ ਕੁੜੀ ਨਾਲ ਕੋਈ ਮੈਚ ਨਹੀਂ। ਉਸ ਦੇ ਲਈ ਕੁੜੀ ਵੀ ਉਸ ਦੇ ਬਰਾਬਰ ਦੀ ਹੋਣੀ ਚਾਹੀਦੀ ਹੈ।'
ਪਰ ਸੂਰਜ ਅਕਸਰ ਆਪਣੀ ਮਾਂ ਨਾਲ ਸੰਜਨਾ ਦੇ ਘਰ ਜਾਂਦਾ ਰਹਿੰਦਾ ਸੀ। ਉਹ ਵੀ ਸੰਜਨਾ ਤੋਂ ਬਹੁਤ ਪ੍ਰਭਾਵਿਤ ਸੀ। ਇਸ ਲਈ ਉਸ ਨੇ ਆਪਣੀ ਮਾਂ ਦੇ ਫ਼ੈਸਲੇ ਨੂੰ ਤਰਜੀਹ ਦਿੰਦਿਆਂ ਕਿਹਾ, 'ਪੜ੍ਹੀਆਂ-ਲਿਖੀਆਂ ਅਤੇ ਆਤਮ-ਨਿਰਭਰ ਕੁੜੀਆਂ ਰਿਸ਼ਤਿਆਂ ਦੀ ਕਦਰ ਕਰਨੀ ਨਹੀਂ ਜਾਣਦੀਆਂ। ਉਹ ਹਰ ਵੇਲੇ ਬਰਾਬਰੀ ਦਾ ਹੱਕ ਜਤਾਉਂਦੀਆਂ ਰਹਿੰਦੀਆਂ ਹਨ। ਵੈਸੇ ਵੀ ਔਰਤ ਦਾ ਸਟੇਟਸ ਤਾਂ ਮਰਦ ਨਾਲ ਜੁੜਿਆ ਹੁੰਦਾ ਹੈ। ਵਿਆਹ ਤੋਂ ਬਾਅਦ ਉਹ ਵੀ ਮੇਰੇ ਬਰਾਬਰ ਦੀ ਹੋ ਜਾਵੇਗੀ।'
ਮਾਂ ਅਤੇ ਪੁੱਤਰ ਦੇ ਫ਼ੈਸਲੇ ਅੱਗੇ ਦੀਨਾਨਾਥ ਦੀ ਇਕ ਨਾ ਚੱਲੀ। ਆਖ਼ਰਕਾਰ ਸੂਰਜ ਅਤੇ ਸੰਜਨਾ ਦਾ ਵਿਆਹ ਹੋ ਗਿਆ।
ਹੁਣ ਸੰਜਨਾ ਇਕ ਇੱਜ਼ਤਦਾਰ ਅਤੇ ਉੱਚੇ ਤਬਕੇ ਵਾਲੇ ਘਰ ਦੀ ਨੂੰਹ ਸੀ। ਹਰ ਤਰ੍ਹਾਂ ਦਾ ਸੁਖ ਅਤੇ ਸੁਵਿਧਾ ਉਸ ਨੂੰ ਹਾਸਲ ਸੀ। ਪਰ ਫਿਰ ਵੀ ਉਹ ਅੰਦਰੋਂ ਖੁਸ਼ ਨਹੀਂ ਸੀ। ਗ਼ਰੀਬ ਘਰ ਦੀ ਧੀ ਹੋਣ ਦਾ ਅਹਿਸਾਸ ਉਸ ਦਾ ਪਿੱਛਾ ਨਾ ਛੱਡਦਾ ਸੀ। ਉਹ ਚਾਹੁੰਦੀ ਸੀ ਕਿ ਉਸ ਦੀ ਮਾਂ ਵੀ ਅਮੀਰ ਲੋਕਾਂ ਵਾਂਗ ਸ਼ਾਨਦਾਰ ਜੀਵਨ ਬਤੀਤ ਕਰੇ। ਉਸ ਦੇ ਸੁਪਨਿਆਂ ਦੀ ਉਡਾਣ ਲਗਾਤਾਰ ਉੱਚੀ ਹੁੰਦੀ ਜਾ ਰਹੀ ਸੀ।
ਉਸ ਦੀ ਮਾਂ ਵੀ ਅਕਸਰ ਉਸ ਦੇ ਮਨ ਵਿਚ ਨਵੇਂ-ਨਵੇਂ ਖ਼ਿਆਲ ਅਤੇ ਲਾਲਸਾਵਾਂ ਭਰਦੀ ਰਹਿੰਦੀ। ਭੋਲੀ-ਭਾਲੀ ਸੰਜਨਾ ਹੌਲੀ-ਹੌਲੀ ਆਪਣੀ ਮਾਂ ਦੀਆਂ ਗੱਲਾਂ ਦੇ ਪ੍ਰਭਾਵ ਹੇਠ ਆਉਂਦੀ ਗਈ।
ਇਕ ਦਿਨ ਉਸ ਨੇ ਇਕ ਮਸ਼ਹੂਰ ਫ਼ਿਲਮੀ ਹਸਤੀ ਦੇ ਤਲਾਕ ਅਤੇ ਉਸ ਨਾਲ ਜੁੜੀ ਵੱਡੀ ਰਕਮ ਬਾਰੇ ਖ਼ਬਰ ਸੁਣੀ। ਉਸ ਖ਼ਬਰ ਨੇ ਉਸ ਦੇ ਮਨ ਵਿਚ ਇਕ ਨਵਾਂ ਬੀਜ ਬੀਜ ਦਿੱਤਾ। ਉਹ ਵਿਚਾਰ ਦਿਨ-ਰਾਤ ਉਸ ਦੇ ਦਿਮਾਗ ਵਿਚ ਘੁੰਮਦਾ ਰਹਿੰਦਾ। ਹੁਣ ਗਾਇਤਰੀ ਦੇਵੀ ਦਾ ਪਿਆਰ ਅਤੇ ਸੂਰਜ ਦੀ ਮੁਹੱਬਤ ਵੀ ਉਸ ਲਈ ਉਹ ਮਹੱਤਵ ਨਹੀਂ ਰੱਖਦੇ ਸਨ ਜੋ ਪਹਿਲਾਂ ਰੱਖਦੇ ਸਨ।
ਕੁਝ ਸਮੇਂ ਬਾਅਦ ਸੰਜਨਾ ਦੀ ਮਾਂ ਬੀਮਾਰ ਹੋ ਗਈ। ਉਸ ਦੀ ਛੋਟੀ ਭੈਣ ਸ਼ਿਖਾ ਨੂੰ ਮਦਦ ਦੀ ਲੋੜ ਸੀ, ਇਸ ਲਈ ਸੰਜਨਾ ਕੁਝ ਦਿਨਾਂ ਲਈ ਆਪਣੇ ਪੇਕੇ ਘਰ ਚਲੀ ਗਈ। ਸੂਰਜ ਉਸ ਨੂੰ ਛੱਡ ਕੇ ਵਾਪਸ ਆਪਣੇ ਘਰ ਆ ਗਿਆ। ਵਕਤ ਦੇ ਨਾਲ ਉਸ ਦੀ ਮਾਂ ਦੀ ਸਿਹਤ ਸੁਧਰ ਗਈ।
ਇਕ ਸ਼ਾਮ ਸੰਜਨਾ ਨੇ ਸੂਰਜ ਨੂੰ ਫ਼ੋਨ ਕਰਕੇ ਕਿਹਾ ਕਿ ਉਹ ਆ ਕੇ ਉਸ ਨੂੰ ਵਾਪਸ ਲੈ ਜਾਵੇ। ਸੂਰਜ ਬਿਨਾਂ ਦੇਰੀ ਕੀਤੇ ਉੱਥੇ ਪਹੁੰਚ ਗਿਆ। ਸੰਜਨਾ ਦੀ ਮਾਂ ਅਤੇ ਉਸ ਦੀ ਭੈਣ ਸ਼ਿਖਾ ਨੇ ਬਹੁਤ ਜ਼ੋਰ ਲਾਇਆ ਕਿ ਉਹ ਰਾਤ ਉੱਥੇ ਹੀ ਰੁਕ ਜਾਵੇ। ਸੂਰਜ ਨੇ ਇਸ ਵਿਚ ਕੋਈ ਬੁਰਾਈ ਨਾ ਸਮਝੀ ਅਤੇ ਉਹ ਰੁਕ ਗਿਆ।
ਅੱਧੀ ਰਾਤ ਨੂੰ ਸੰਜਨਾ ਦੀ ਭੈਣ ਸ਼ਿਖਾ ਨੇ ਉੱਚੀ-ਉੱਚੀ ਚੀਕ-ਪੁਕਾਰ ਮਚਾ ਦਿੱਤੀ। ਉਸ ਨੇ ਆਪਣੇ ਕੱਪੜੇ ਪਾੜ ਲਏ, ਵਾਲ ਖਿਲਾਰ ਲਏ ਅਤੇ ਸੂਰਜ ਵੱਲ ਇਸ਼ਾਰਾ ਕਰਦੇ ਹੋਏ ਦੋਸ਼ ਲਾਇਆ ਕਿ ਉਸ ਨੇ ਉਸ ਦੀ ਇੱਜ਼ਤ 'ਤੇ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਸ਼ਿਖਾ ਦੀ ਆਵਾਜ਼ ਸੁਣ ਕੇ ਸੰਜਨਾ ਦੌੜੀ ਆਈ ਅਤੇ ਸੂਰਜ ਦੇ ਕੱਪੜੇ ਖਿੱਚਦਿਆਂ ਉਸ ਦਾ ਹੁਲੀਆ ਵਿਗਾੜ ਦਿੱਤਾ।
ਸੂਰਜ ਨੇ ਬਹੁਤ ਕਿਹਾ, 'ਸੰਜਨਾ, ਇਹ ਸਭ ਕਿਉਂ ਹੋ ਰਿਹਾ ਹੈ? ਮੇਰੇ ਉੱਪਰ ਗੰਦਾ ਇਲਜ਼ਾਮ ਲਾਇਆ ਜਾ ਰਿਹਾ ਹੈ। ਮੈਂ ਬੇਕਸੂਰ ਹਾਂ।'
ਪਰ ਸੰਜਨਾ ਅਤੇ ਉਸ ਦੀ ਭੈਣ ਜ਼ੋਰ-ਜ਼ੋਰ ਨਾਲ ਰੌਲਾ ਪਾਉਣ ਲੱਗ, 'ਤੂੰ ਦੁਸ਼ਟ ਹੈਂ। ਤੂੰ ਪਾਪੀ ਹੈਂ। ਤੂੰ ਮੇਰੀ ਭੈਣ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਹੈ।'
ਉਸ ਦੀ ਮਾਂ ਨੇ ਫ਼ੋਨ ਕਰਕੇ ਪੁਲਿਸ ਬੁਲਾ ਲਈ।
ਸੂਰਜ ਕਹਿੰਦਾ ਰਿਹਾ, 'ਮੈਂ ਬੇਕਸੂਰ ਹਾਂ।'
ਪਰ ਉਸ ਦੀ ਕਿਸੇ ਨੇ ਨਾ ਸੁਣੀ। ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਕੇ ਲੈ ਗਈ।
ਅਗਲੀ ਸਵੇਰ ਇਹ ਖ਼ਬਰ ਅੱਗ ਵਾਂਗ ਸਾਰੇ ਸ਼ਹਿਰ ਵਿਚ ਫੈਲ ਗਈ : 'ਆਈ.ਪੀ.ਐਸ. ਅਧਿਕਾਰੀ ਸੂਰਜ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਦੇ ਦੋਸ਼ ਵਿਚ ਗ੍ਰਿਫ਼ਤਾਰ।'
ਇਸ ਖ਼ਬਰ ਨੇ ਉਸ ਦੇ ਪਿਤਾ ਦੀ ਉਮਰ ਭਰ ਦੀ ਕਮਾਈ ਹੋਈ ਇੱਜ਼ਤ ਨੂੰ ਕੁਝ ਹੀ ਪਲਾਂ ਵਿਚ ਮਿੱਟੀ ਵਿਚ ਮਿਲਾ ਦਿੱਤਾ।
ਗਾਇਤਰੀ ਦੇਵੀ ਸੱਚ ਜਾਣਨ ਲਈ ਸੰਜਨਾ ਦੇ ਘਰ ਆਈ। ਉਸ ਨੇ ਬੜੇ ਭਰੋਸੇ ਨਾਲ ਸੰਜਨਾ ਨੂੰ ਕਿਹਾ,
'ਦੱਸ, ਕੀ ਹੋਇਆ ਸੀ?'
ਸੰਜਨਾ ਗੁੱਸੇ ਵਿਚ ਬੋਲੀ, 'ਤੁਹਾਡੇ ਪੜ੍ਹੇ-ਲਿਖੇ ਪੁੱਤਰ ਨੇ ਮੇਰੀ ਭੈਣ ਦੀ ਬਦਨਾਮੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ ਵੱਡੇ ਘਰਾਂ ਦੇ ਲੋਕ ਗ਼ਰੀਬਾਂ 'ਤੇ ਜ਼ੁਲਮ ਨਹੀਂ ਕਰ ਸਕਦੇ। ਸੂਰਜ ਨੂੰ ਉਸ ਦੇ ਜੁਰਮ ਦੀ ਸਜ਼ਾ ਜ਼ਰੂਰ ਮਿਲੇਗੀ।'
ਸੰਜਨਾ ਦੇ ਗੁਆਂਢੀ ਵੀ ਗਾਇਤਰੀ ਦੇਵੀ ਨੂੰ ਜਲੀਲ ਕਰਨ ਲੱਗੇ। ਇਕ ਨੇ ਕਿਹਾ, 'ਇਹ ਲੜਕਾ ਹੁਣ ਭਰੋਸੇ ਦੇ ਕਾਬਿਲ ਨਹੀਂ ਰਿਹਾ।'
ਦੂਜੇ ਨੇ ਕਿਹਾ, 'ਐਸੇ ਆਦਮੀ ਨਾਲ ਰਹਿਣਾ ਬਹੁਤ ਮੁਸ਼ਕਿਲ ਹੈ।'
ਸੂਰਜ ਦੀ ਤਰਾਂ ਗਾਇਤਰੀ ਦੇਵੀ ਨੂੰ ਵੀ ਕੁਝ ਕਹਿਣ ਦਾ ਮੌਕਾ ਨਾ ਮਿਲਿਆ। ਉਹ ਸੰਜਨਾ ਦੇ ਇਸ ਵਰਤਾਰੇ ਤੋਂ ਹੈਰਾਨ ਸੀ। ਸੰਜਨਾ ਨੇ ਕਿਹਾ, 'ਉਹ ਐਸੀ ਘਟੀਆ ਸੋਚ ਵਾਲੇ ਆਦਮੀ ਨਾਲ ਨਹੀਂ ਰਹਿ ਸਕਦੀ। 'ਇਸ ਨੇ ਦੌਲਤ ਦੇ ਨਸ਼ੇ ਵਿਚ ਇਕ ਗ਼ਰੀਬ ਘਰ ਦੀ ਇੱਜ਼ਤ ਰੋਲਣ ਦੀ ਕੋਸ਼ਿਸ਼ ਕੀਤੀ ਹੈ।'
ਮਾਮਲਾ ਮਹਿਲਾ ਕਮਿਸ਼ਨ ਤੱਕ ਪਹੁੰਚ ਗਿਆ।
ਸੂਰਜ ਨੇ ਉੱਥੇ ਵੀ ਆਪਣੀ ਗੱਲ ਕਹਿਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੂੰ ਚੁੱਪ ਕਰਵਾ ਦਿੱਤਾ ਗਿਆ।
ਸੂਰਜ ਦਾ ਸੱਚ ਸੁਣਨ ਵਾਲਾ ਕੋਈ ਵੀ ਨਹੀਂ ਸੀ। ਉਸ ਦੀ ਲਾਚਾਰੀ, ਉਸ ਦੀ ਬੇਬਸੀ ਅਤੇ ਆਪਣੇ ਉੱਪਰ ਲੱਗੇ ਇਲਜ਼ਾਮਾਂ ਦਾ ਬੋਝ ਉਸ ਨੂੰ ਅੰਦਰੋਂ ਤੋੜ ਰਿਹਾ ਸੀ।
ਸੰਜਨਾ ਨੇ ਕਿਹਾ ਕਿ ਉਹ ਹੁਣ ਇਸ ਆਦਮੀ ਨਾਲ ਨਹੀਂ ਰਹਿਣਾ ਚਾਹੁੰਦੀ। ਉਸ ਨੂੰ ਸਿਰਫ਼ ਤਲਾਕ ਚਾਹੀਦਾ ਹੈ।
ਸੂਰਜ ਨੂੰ ਪੁੱਛਿਆ ਗਿਆ ਤਾਂ ਉਸ ਜਵਾਬ ਦਿੱਤਾ, 'ਮੈਂ ਇਕ ਝੂਠੀ ਅਤੇ ਮੱਕਾਰ ਔਰਤ ਨਾਲ ਹੁਣ ਨਹੀਂ ਰਹਿ ਸਕਦਾ।'
ਸੂਰਜ ਦੀ ਕੁੱਲ ਜਾਇਦਾਦ ਇਕ ਕਰੋੜ ਰੁਪਏ ਦੀ ਸੀ। ਉਸ ਦਾ ਅੱਧਾ ਹਿੱਸਾ ਸੰਜਨਾ ਨੂੰ ਦੇਣ ਦਾ ਹੁਕਮ ਸੁਣਾ ਦਿੱਤਾ ਗਿਆ।
ਸੂਰਜ ਨੂੰ ਪੰਜ ਸਾਲ ਦੀ ਸਜ਼ਾ ਸੁਣਾ ਦਿੱਤੀ ਗਈ। ਸੂਰਜ ਦੇ ਪਿਤਾ ਨੇ ਆਪਣੇ ਅਸਰ-ਰਸੂਖ ਕਾਰਨ ਉਸ ਦੀ ਜ਼ਮਾਨਤ ਕਰਵਾ ਲਈ, ਪਰ ਹਰ ਕੋਈ ਉਸ ਨੂੰ ਕਸੂਰਵਾਰ ਸਮਝਦਾ ਸੀ। ਉਸ ਦਾ ਸੱਚ ਸੁਣਨ ਵਾਲਾ ਕੋਈ ਵੀ ਨਹੀਂ ਸੀ ਅਤੇ ਹਰ ਕੋਈ ਉਸ ਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਵੇਖ ਰਿਹਾ ਸੀ।
ਉਹ ਬੜੀ ਬੁਰੀ ਤਰ੍ਹਾਂ ਟੁੱਟ ਚੁੱਕਾ ਸੀ। ਇਹ ਸਦਮਾ ਉਹ ਸਹਿ ਨਾ ਸਕਿਆ ਅਤੇ ਉਸ ਨੇ ਆਤਮ ਹੱਤਿਆ ਕਰ ਲਈ।
ਹੱਸਦੇ-ਵੱਸਦੇ ਘਰ ਦਾ ਸਿਤਾਰਾ ਅਲੋਪ ਹੋ ਗਿਆ। ਮਾਂ-ਬਾਪ ਦਾ ਇਕਲੌਤਾ ਪੁੱਤਰ ਗੰਦੀ ਸਾਜ਼ਿਸ਼ ਦੀ ਭੇਂਟ ਚੜ੍ਹ ਗਿਆ। ਉਹ ਉਸ ਗੁਨਾਹ ਦੀ ਸਜ਼ਾ ਭੁਗਤ ਗਿਆ ਜੋ ਉਸ ਨੇ ਕੀਤਾ ਹੀ ਨਹੀਂ ਸੀ।
ਸੰਜਨਾ ਦੀ ਮਾਂ ਹੁਣ ਲੱਖਪਤੀ ਹੋ ਗਈ ਸੀ। ਆਪਣਾ ਘਰ-ਘਾਟ ਵੇਚ ਉਹ ਦਿੱਲੀ ਸ਼ਹਿਰ ਜਾ ਵਸੀ। ਸੰਜਨਾ ਹੁਣ 'ਸ਼ੈਲਜਾ' ਦੇ ਨਾਂ ਨਾਲ ਜਾਣੀ ਜਾਂਦੀ ਸੀ। ਉਸ ਦੀ ਮਾਂ ਨੇ ਇਕ ਬਹੁਤ ਵੱਡੀ ਬੁਟੀਕ ਅਤੇ ਮੈਰਿਜ ਬਿਊਰੋ ਖੋਲ੍ਹ ਲਿਆ ਸੀ। ਨਿੱਤ ਨਵੇਂ-ਨਵੇਂ ਮੁੰਡੇ ਵੇਖਣ ਨੂੰ ਮਿਲ ਰਹੇ ਸਨ।
ਇਕ ਦਿਨ ਇਕ ਔਰਤ ਆਪਣੇ ਕੈਨੇਡਾ ਵੱਸਦੇ ਭਰਾ ਵਾਸਤੇ ਰਿਸ਼ਤੇ ਲਈ ਆਈ। ਉਸ ਨੇ ਉਸ ਦੀ ਕਮਾਈ ਅਤੇ ਜਾਇਦਾਦ ਦਾ ਵੇਰਵਾ ਕਹਿ ਸੁਣਾਇਆ। ਲੜਕਾ ਅਭੀਜੀਤ ਵੇਖਣ ਨੂੰ ਵੀ ਬਹੁਤ ਸੋਹਣਾ ਸੀ। ਸ਼ੈਲਜਾ ਦੀ ਮਾਂ ਦੀਆਂ ਅੱਖਾਂ ਵਿਚ ਚਮਕ ਆ ਗਈ। ਪੰਜ-ਸੱਤ ਕੁੜੀਆਂ ਦੀਆਂ ਫੋਟੋਆਂ ਵਿਖਾਉਣ ਤੋਂ ਬਾਅਦ ਗੱਲ ਸ਼ੈਲਜਾ ਉੱਤੇ ਆ ਰੁਕੀ।
ਅਭੀਜੀਤ ਬੜੇ ਉੱਚੇ ਖਾਨਦਾਨ ਦਾ ਸੀ। ਸ਼ੈਲਜਾ ਦੀ ਮਾਂ ਨੇ ਉਸ ਨੂੰ ਦੱਸਿਆ ਕਿ ਸ਼ੈਲਜਾ ਵੀ ਇਕ ਆਰਮੀ ਅਫ਼ਸਰ ਦੀ ਬੇਟੀ ਹੈ, ਜਿਸ ਦੀ ਮੌਤ ਸ਼ੈਲਜਾ ਦੇ ਬਚਪਨ ਵਿਚ ਹੀ ਹੋ ਗਈ ਸੀ। ਅਭੀਜੀਤ ਦੇ ਮਾਂ-ਬਾਪ ਵੀ ਦੁਨੀਆਂ ਤੋਂ ਜਾ ਚੁੱਕੇ ਸਨ। ਉਸ ਦੀ ਇਕ ਭੈਣ ਤੋਂ ਬਿਨਾਂ ਕੋਈ ਨਹੀਂ ਸੀ। ਦਿੱਲੀ ਵਿਚ ਉਸ ਦੀ ਕਾਫ਼ੀ ਜਾਇਦਾਦ ਸੀ।
ਸੋ, ਸ਼ੈਲਜਾ ਅਤੇ ਅਭੀਜੀਤ ਦਾ ਰਿਸ਼ਤਾ ਤੈਅ ਹੋ ਗਿਆ। ਲੜਕਾ ਦੂਰ ਵੱਸਦਾ ਸੀ, ਇਸ ਲਈ ਕੁਝ ਸ਼ਰਤਾਂ ਰੱਖੀਆਂ ਗਈਆਂ, ਜੋ ਬਿਨਾਂ ਵਿਚਾਰ ਕੀਤੇ ਅਭੀਜੀਤ ਅਤੇ ਉਸ ਦੀ ਭੈਣ ਨੇ ਮੰਨ ਲਈਆਂ।
ਹੁਣ ਸ਼ੈਲਜਾ ਵਿਆਹ ਕਰਕੇ ਕੈਨੇਡਾ ਜਾ ਵੱਸੀ ਸੀ। ਉਸ ਦੀ ਅਤੇ ਅਭੀਜੀਤ ਦੀ ਜ਼ਿੰਦਗੀ ਸੋਹਣੀ ਗੁਜ਼ਰ ਰਹੀ ਸੀ। ਸ਼ੈਲਜਾ ਨੂੰ ਵਿਦੇਸ਼ ਦੀਆਂ ਰੰਗੀਨੀਆਂ ਭਾ ਗਈਆਂ ਸਨ। ਪਰ ਉਸ ਦੀ ਮਾਂ ਨੂੰ ਤਾਂ ਬਸ ਉਹ ਜਾਇਦਾਦ ਨਜ਼ਰ ਆ ਰਹੀ ਸੀ ਜੋ ਸ਼ੈਲਜਾ ਦੇ ਨਾਮ ਹੋ ਚੁੱਕੀ ਸੀ। ਉਹ ਹਰ ਹਾਲ ਵਿਚ ਉਸ ਦੀ ਮਾਲਕ ਬਣਨਾ ਚਾਹੁੰਦੀ ਸੀ। ਉਸ ਨੂੰ ਸ਼ੈਲਜਾ ਅਤੇ ਅਭੀਜੀਤ ਦੀਆਂ ਨਜ਼ਦੀਕੀਆਂ ਰੜਕਦੀਆਂ ਰਹਿੰਦੀਆਂ।
ਇਕ ਦਿਨ ਅਭੀਜੀਤ ਨੇ ਸ਼ੈਲਜਾ ਨੂੰ ਕਿਹਾ, 'ਮੇਰੀ ਕਿਸੇ ਕਲਾਇੰਟ ਨਾਲ ਮੀਟਿੰਗ ਹੈ। ਰਾਤ ਦਾ ਖਾਣਾ ਬਾਹਰ ਹੀ ਖਾਣਾ ਹੈ। ਤੂੰ ਮੇਰੀ ਉਡੀਕ ਨਾ ਕਰੀਂ।'
ਸ਼ੈਲਜਾ ਨੇ ਕਿਹਾ, 'ਕਲਾਇੰਟ ਕੌਣ ਹੈ?'
ਅਭੀਜੀਤ ਨੇ ਦੱਸਿਆ, 'ਇਕ ਔਰਤ ਹੈ, ਜੋ ਇੰਡੀਆ ਤੋਂ ਆਈ ਹੈ।'
ਇੰਨਾ ਕਹਿ ਅਭੀਜੀਤ ਚਲਾ ਗਿਆ। ਰਾਤ ਨੂੰ ਹੋਟਲ ਵਿਚ ਕਿਸੇ ਔਰਤ ਨਾਲ ਡਿਨਰ, ਇਹ ਗੱਲ ਸ਼ੈਲਜਾ ਨੂੰ ਪਰੇਸ਼ਾਨ ਕਰ ਰਹੀ ਸੀ। ਅਚਾਨਕ ਉਸ ਦੀ ਮਾਂ ਦਾ ਫ਼ੋਨ ਆ ਗਿਆ। ਸ਼ੈਲਜਾ ਨੇ ਆਪਣੀ ਪ੍ਰੇਸ਼ਾਨੀ ਮਾਂ ਨਾਲ ਸਾਂਝੀ ਕੀਤੀ। ਮਾਂ ਤਾਂ ਪਹਿਲਾਂ ਹੀ ਮੌਕਾ ਢੂੰਢ ਰਹੀ ਸੀ, ਸੋ ਅੱਜ ਉਸ ਨੂੰ ਧੀ ਨੂੰ ਵਰਗਲਾਉਣ ਦਾ ਮੌਕਾ ਮਿਲ ਗਿਆ।
ਉਸ ਨੇ ਕਿਹਾ, 'ਮੈਨੂੰ ਲੱਗਦਾ ਉਹ ਜ਼ਰੂਰ ਉਸ ਦੀ ਪਹਿਲੀ ਪਤਨੀ ਹੋਣੀ ਹੈ। ਦਫ਼ਤਰ ਦੀ ਮੀਟਿੰਗ ਹੋਟਲ ਵਿਚ ਕਿਉਂ ਰੱਖੀ ਗਈ? ਉਹ ਵੀ ਰਾਤ ਨੂੰ। ਅਭੀਜੀਤ ਤੈਨੂੰ ਧੋਖਾ ਦੇ ਰਿਹਾ ਹੈ। ਹੁਣ ਉਸ ਦੀ ਕਿਸੇ ਵੀ ਗੱਲ 'ਤੇ ਯਕੀਨ ਨਾ ਕਰੀਂ।'
ਰਾਤ ਨੂੰ ਜਦੋਂ ਅਭੀਜੀਤ ਘਰ ਆਇਆ ਤਾਂ ਸ਼ੈਲਜਾ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਸ਼ੈਲਜਾ ਨੇ ਕਿਹਾ, 'ਉਹ ਜ਼ਰੂਰ ਤੇਰੀ ਪਹਿਲੀ ਪਤਨੀ ਹੈ, ਤਾਂ ਹੀ ਤੂੰ ਅੱਧੀ ਰਾਤ ਤੱਕ ਉਸ ਨਾਲ ਹੋਟਲ ਵਿਚ ਸੀ।'
ਅਭੀਜੀਤ ਬੜੇ ਸ਼ਾਂਤ ਚਿੱਤ ਨਾਲ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਸ਼ੈਲਜਾ ਕ੍ਰੋਧਿਤ ਸੀ।
ਉਸ ਨੇ ਕਿਹਾ, 'ਮੀਟਿੰਗ ਵਿਚ ਮੈਂ ਇਕੱਲਾ ਨਹੀਂ ਸੀ। ਦਫ਼ਤਰ ਦੇ ਬਹੁਤ ਸਾਰੇ ਲੋਕ ਮੌਜੂਦ ਸਨ। ਇਹ ਸਭ ਮੇਰੇ ਕੰਮ ਦਾ ਹਿੱਸਾ ਹੈ। ਵੱਖ-ਵੱਖ ਦੇਸ਼ਾਂ ਤੋਂ ਕਲਾਇੰਟ ਆਉਂਦੇ ਰਹਿੰਦੇ ਹਨ। ਤਾਂ ਹੀ ਤਾਂ ਇਨ੍ਹਾਂ ਦਫ਼ਤਰਾਂ ਨੂੰ ਮਲਟੀਨੈਸ਼ਨਲ ਦਾ ਨਾਂਅ ਦਿੱਤਾ ਗਿਆ ਹੈ।'
ਸ਼ੈਲਜਾ ਨੇ ਕਿਹਾ, 'ਤੂੰ ਮੇਰੀ ਟਿਕਟ ਕਟਾ, ਮੈਂ ਇੰਡੀਆ ਜਾਣਾ ਹੈ।'
ਅਭੀਜੀਤ ਨੇ ਸੋਚਿਆ ਕਿ ਬਹੁਤ ਸਮਾਂ ਹੋ ਗਿਆ ਇਸ ਨੂੰ ਕੈਨੇਡਾ ਆਏ ਹੋਏ। ਉੱਥੇ ਜਾ ਕੇ ਸਭ ਨੂੰ ਮਿਲੇਗੀ ਤਾਂ ਇਸਦੇ ਸੁਭਾਅ ਵਿਚ ਤਬਦੀਲੀ ਆ ਜਾਵੇਗੀ। ਸੋ ਉਸ ਨੇ ਖੁਸ਼ੀ-ਖੁਸ਼ੀ ਇਕ ਮਹੀਨੇ ਲਈ ਰਿਟਰਨ ਟਿਕਟ ਵੀ ਨਾਲ ਕਟਾ ਕੇ ਸ਼ੈਲਜਾ ਨੂੰ ਇੰਡੀਆ ਭੇਜ ਦਿੱਤਾ।
ਇੰਡੀਆ ਆਉਂਦੇ ਹੀ ਸ਼ੈਲਜਾ ਨੇ ਆਪਣੀ ਮਾਂ ਦੇ ਕਹਿਣ 'ਤੇ ਤਲਾਕ ਦਾ ਨੋਟਿਸ ਭੇਜ ਦਿੱਤਾ ਕਿ ਸ਼ਾਦੀਸ਼ੁਦਾ ਹੋ ਕੇ ਮੇਰੇ ਨਾਲ ਇਸ ਨੇ ਵਿਆਹ ਕਰਵਾਇਆ ਸੀ। ਹੋਟਲਾਂ ਵਿਚ ਉਸ ਨਾਲ ਰਾਤਾਂ ਗੁਜ਼ਾਰਦਾ ਹੈ ਅਤੇ ਮੈਂ ਘਰ ਬੈਠ ਇਸ ਦੀ ਰਾਹ ਵੇਖਦੀ ਹਾਂ। ਮੇਰਾ ਮਾਨਸਿਕ ਸ਼ੋਸ਼ਣ ਕੀਤਾ ਜਾਂਦਾ ਰਿਹਾ ਹੈ। ਹੁਣ ਮੈਂ ਉਸ ਆਦਮੀ ਨਾਲ ਨਹੀਂ ਰਹਿਣਾ ਚਾਹੁੰਦੀ।
ਅਭੀਜੀਤ ਲਈ ਇਹ ਸਭ ਬਹੁਤ ਹੈਰਾਨੀਜਨਕ ਸੀ। ਉਹ ਸ਼ੈਲਜਾ ਦਾ ਐਸਾ ਰੂਪ ਵੇਖ ਸਖ਼ਤ ਪ੍ਰੇਸ਼ਾਨ ਹੋ ਗਿਆ। ਉਸ ਨੇ ਤਾਂ ਸੋਚਿਆ ਵੀ ਨਹੀਂ ਸੀ ਕਿ ਉਸ ਨਾਲ ਅਜਿਹਾ ਹੋ ਸਕਦਾ ਹੈ, ਪਰ ਹੋ ਗਿਆ।
ਲੰਮੀ ਜੱਦੋਜਹਿਦ ਬਾਅਦ ਦੋ ਕਰੋੜ ਰੁਪਏ ਅਤੇ ਦਿੱਲੀ ਵਾਲੀ ਜਾਇਦਾਦ ਦੇ ਕੇ ਤਲਾਕ ਹੋ ਗਿਆ।
ਹੁਣ ਸ਼ੈਲਜਾ ਕਰੋੜਪਤੀ ਬਣ ਗਈ ਸੀ। ਰਈਸ ਲੋਕਾਂ ਦੀ ਸੁਸਾਇਟੀ ਵਿਚ ਆਲੀਸ਼ਾਨ ਘਰ, ਨੌਕਰ-ਚਾਕਰ, ਸੋਹਣੀਆਂ ਗੱਡੀਆਂ। ਉਹ ਆਪਣੀ ਮਾਂ ਨੂੰ ਕਹਿੰਦੀ, 'ਤੈਨੂੰ ਨਰਕ 'ਚੋਂ ਕੱਢ ਸਵਰਗ ਵਿਖਾ ਦਿੱਤਾ ਹੈ। ਅੱਜ ਮੇਰਾ ਸੁਪਨਾ ਪੂਰਾ ਹੋ ਗਿਆ ਹੈ।'
ਸ਼ਾਤਿਰ ਦਿਮਾਗ ਮਾਂ ਹੱਸ ਕੇ ਕਹਿੰਦੀ, 'ਧੀ ਤਾਂ ਮੇਰੀ ਹੀ ਹੈਂ ਨਾ।'
ਹੁਣ ਸ਼ੈਲਜਾ ਪਹਿਲਾਂ ਤੋਂ ਵੀ ਜ਼ਿਆਦਾ ਨਿਖਰ ਗਈ ਸੀ। ਘੁੰਮਣਾ-ਫਿਰਨਾ, ਰਾਤ ਦੇਰ ਤੱਕ ਕਲੱਬਾਂ ਵਿਚ ਮੌਜ-ਮਸਤੀ ਕਰਨਾ ਉਸ ਦਾ ਨਿੱਤ ਦਾ ਕੰਮ ਸੀ। ਇਕ ਦਿਨ ਉਹ ਆਪਣੇ ਸਾਥੀਆਂ ਨਾਲ ਨਵੇਂ ਸਾਲ ਦਾ ਜਸ਼ਨ ਮਨਾ ਰਹੀ ਸੀ। ਬੜੇ ਸਰੂਰ ਵਿਚ ਨੱਚ ਰਹੀ ਸੀ। ਏਨੇ ਨੂੰ ਇਕ ਸ਼ਹਿਜਾਦਾ ਉਸ 'ਤੇ ਨੋਟਾਂ ਦੀ ਵਰਖਾ ਕਰਨ ਲੱਗ ਗਿਆ। ਫਿਰ ਉਸ ਨੇ ਸ਼ੈਲਜਾ ਨਾਲ ਨੱਚਣ ਦੀ ਖ਼ਾਹਿਸ਼ ਜ਼ਾਹਿਰ ਕੀਤੀ, ਜੋ ਸ਼ੈਲਜਾ ਨੇ ਮੰਨ ਲਈ। ਉਹ ਸ਼ਹਿਰ ਦੇ ਉੱਘੇ ਨੇਤਾ ਦਾ ਪੁੱਤਰ ਸੁਹੇਲ ਸੀ।

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-ਮੋਬਾਈਲ : 077809-42256

Ad Position 22
No active advertisement
ਪਿਛਲੀ ਖ਼ਬਰ ਹਵਾਈ ਚੱਕਰ ਅਗਲੀ ਖ਼ਬਰ ਕਲਮ ਦੇ ਧਨੀ
Ad Position 24
No active advertisement