14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਨਾਵਲਕਾਰ ਨਾਨਕ ਸਿੰਘ

Ad Position 21
repet_subhas-goyals [Copy P29]
ਅਜੀਤ ਡੈਸਕ 05-07-2026

ਪੰਜਾਬੀ ਨਾਵਲਕਾਰੀ ਦੇ ਖੇਤਰ ਵਿਚ ਇਕ ਨਾਂਅ ਉੱਭਰ ਕੇ ਆਉਂਦਾ ਹੈ, ਉਹ ਨਾਂਅ ਹੈ ਨਾਨਕ ਸਿੰਘ। ਨਾਨਕ ਸਿੰਘ ਦਾ ਜਨਮ 4 ਜੁਲਾਈ, 1897 ਈ: ਨੂੰ ਮਾਤਾ ਲੱਛਮੀ ਦੇਵੀ ਦੇ ਤੇ ਪਿਤਾ ਬਹਾਦਰ ਚੰਦ ਦੇ ਘਰ, ਚੱਕ ਹਮੀਦ, ਜ਼ਿਲ੍ਹਾ ਜਿਹਲਮ (ਅੱਜਕਲ੍ਹ ਪਕਿਸਤਾਨ) ਵਿਖੇ ਹੋਇਆ। ਆਪ ਦਾ ਬਚਪਨ ਦਾ ਨਾਂਅ ਹੰਸ ਰਾਜ ਸੀ ਉਨ੍ਹਾਂ ਪੰਜ ਜਮਾਤਾਂ ਪਿੰਡ ਦੇ ਸਕੂਲ ਤੋਂ ਹੀ ਪੜ੍ਹੀਆਂ, ਛੇਵੀਂ ਜਮਾਤ ਵਿਚ ਪਿਤਾ ਦੇ ਬਾਅਦ ਸਵਰਗਵਾਸ ਤੋਂ ਬਾਅਦ, ਉਨ੍ਹਾਂ ਨੂੰ ਪੜ੍ਹਨੋ ਹਟਣਾ ਪਿਆ। ਪੇਸ਼ਾਵਾਰ ਦੇ ਗੁਰਦੁਆਰਾ ਸਾਹਿਬ ਵਿਖੇ ਨਾਨਕ ਸਿੰਘ ਦਾ ਮਿਲਾਪ ਗਿਆਨੀ ਬਾਘ ਸਿੰਘ ਨਾਲ ਹੋਇਆ। ਉੱਥੇ ਗਿਆਨੀ ਬਾਘ ਸਿੰਘ ਦਾ ਪ੍ਰਭਾਵ ਉਨ੍ਹਾਂ ਤੇ ਪਿਆ ਤੇ ਉਹ ਅੰਮ੍ਰਿਤ ਛਕ ਹੰਸ ਰਾਜ ਤੋਂ ਨਾਨਕ ਸਿੰਘ ਬਣ ਗਏ।
ਨਾਨਕ ਸਿੰਘ ਦਾ ਉੱਚ ਵਿੱਦਿਆ ਹਾਸਲ ਕਰਨ ਦਾ ਸੁਪਨਾ ਤਾਂ ਭਾਵੇਂ ਸਾਕਾਰ ਨਾ ਹੋਇਆ ਪਰ ਉਹ ਆਪਣੀ ਲਗਨ, ਹਿੰਮਤ, ਮਿਹਨਤ ਸਦਕਾ ਪੰਜਾਬੀ, ਹਿੰਦੀ ਤੇ ਉਰਦੂ ਭਾਸ਼ਾਵਾਂ ਸਿੱਖ ਗਏ। ਸੰਨ 1909 ਵਿਚ ਬਾਰਾਂ ਸਾਲ ਦੇ ਨਾਨਕ ਸਿੰਘ ਨੇ ਪਹਿਲੀ ਕਾਵਿ ਰਚਨਾ 'ਸੀਹਰਫ਼ੀ ਹੰਸ ਰਾਜ (ਅੱਠ ਸਫਿਆਂ ਦੀ ਕਵਿਤਾ ਪੰਜਾਬੀ ਵਿਚ ) ਪਾਠਕਾਂ ਦੇ ਸਨਮੁਖ ਕੀਤੀ। ਜਲ੍ਹਿਆਂ ਵਾਲੇ ਬਾਗ ਦੀ ਘਟਨਾ' 13 ਅਪ੍ਰੈਲ 1919 ਤੋਂ ਬਾਅਦ ਉਨ੍ਹਾਂ ਜੋਸ ਵਿਚ ਆ ਕੇ ਲੰਬੀ ਕਵਿਤਾ 'ਸਤਿਗੁਰ ਮਹਿਮਾ ਸਿਰਲੇਖ ਹੇਠ ਲਿਖੀ ਤੇ ਛਪੀ, ਵਿਚ ਬ੍ਰਿਟਿਸ਼ ਸਰਕਾਰ ਦੇ ਕਾਲੇ ਕਾਰਨਾਮੇਂ ਨੰਗੇ ਕੀਤੇ। ਬ੍ਰਿਟਿਸ਼ ਸਰਕਾਰ ਨਾਨਕ ਸਿੰਘ ਦੀ ਇਸ ਲਿਖਤ ਨੂੰ ਬਰਦਾਸ਼ਤ ਨਾ ਕਰ ਸਕੀ ਤੇ ਉਨ੍ਹਾਂ ਦੀ ਇਸ ਲਿਖਤ ਤੇ ਪਾਬੰਦੀ ਲਾ ਦਿੱਤੀ।
ਸੰਨ 1922 'ਚ ਅਕਾਲੀ ਲਹਿਰ ਤੋਂ ਪ੍ਰਭਾਵਿਤ ਹੋਏ ਤੇ ਗੁਰੂ ਕੇ ਬਾਗ ਮੋਰਚੇ ਵੇਲੇ ਜੇਲ੍ਹ ਜਾਣਾ ਪਿਆ। ਜੇਲ੍ਹ ਵਿਚ ਉਨ੍ਹਾਂ ਨੇ ਬੰਗਾਲੀ ਪ੍ਰਸਿੱਧ ਨਾਵਲਕਾਰ ਸਰਤਚੰਦਰ ਅਤੇ ਹਿੰਦੀ, ਉਰਦੂ ਦੇ ਨਾਮਵਰ ਲੇਖਕ ਮੁਨਸ਼ੀ ਪ੍ਰੇਮ ਚੰਦ ਦੇ ਨਾਵਲਾਂ ਤੋਂ ਪ੍ਰਭਾਵਿਤ ਹੋ ਕੇ ਜੇਲ੍ਹ 'ਚ ਹੀ ਲਿਖਣਾ ਸ਼ੁਰੂ ਕਰ ਦਿੱਤਾ। ਜੇਲ੍ਹ 'ਚ ਉਨ੍ਹਾਂ 'ਜ਼ਖ਼ਮੀ ਦਿਲ' ਕਿਤਾਬ ਲਿਖੀ ਜੋ 1923 ਵਿਚ ਛਪੀ, ਜਿਸ ਤੇ ਮਹਿਜ਼ 2 ਹਫਤਿਆਂ ਬਾਅਦ ਪਾਬੰਦੀ ਲਗਾ ਦਿੱਤੀ। ਨਾਨਕ ਸਿੰਘ ਨੇ ਜੇਲ੍ਹ ਵਿਚ 'ਅੱਧ ਖਿੜੀ ਕਲੀ' ਨਾਵਲ ਲਿਖਿਆ ਜੋ ਜੇਲ੍ਹ ਅਧਿਕਾਰੀ ਨੇ ਜੇਲ੍ਹ ਤੋਂ ਬਾਹਰ ਨਾ ਲਿਆਉਣ ਦਿੱਤਾ, ਬਾਅਦ 'ਚ ਇਹ ਨਾਵਲ 'ਅੱਧ ਖਿੜਿਆ ਫੁੱਲ' ਨਾਂਅ ਹੇਠ ਛਪਿਆ। ਨਾਨਕ ਸਿੰਘ ਦਾ ਸੰਨ 1931 ਵਿਚ 'ਚਿੱਟਾ ਲਹੂ' ਨਾਵਲ ਪ੍ਰਸਿੱਧ ਹੋਇਆ, ਜਿਸ ਨੇ ਨਾਨਕ ਸਿੰਘ ਦਾ ਨਾਂਅ ਇਕਦਮ ਨਾਵਲਕਾਰੀ ਵਿਚ ਉੱਚਾ ਕਰ ਦਿੱਤਾ। ਨਾਵਲਕਾਰ ਨਾਨਕ ਸਿੰਘ ਦੀਆਂ ਪੁਸਤਕਾਂ ਦੀ ਲੜੀ ਬਹੁਤ ਲੰਬੀ ਹੈ। ਨਾਨਕ ਸਿੰਘ ਨੂੰ ਡਲਹੌਜ਼ੀ ਦਾ ਰੰਗੀਨ ਵਾਤਾਵਰਨ ਬਹੁਤ ਪਸੰਦ ਸੀ ਉੱਥੇ ਜਾ ਕੇ ਉਨ੍ਹਾਂ ਬਹੁਤ ਸਾਰੇ ਨਾਵਲ ਲਿਖੇ। ਉਨ੍ਹਾਂ ਸੰਨ 1950 'ਚ 'ਲੋਕ ਸਾਹਿਤ' ਨਾਂਅ ਦਾ ਇਕ ਮਾਸਿਕ ਰਸਾਲਾ ਸ਼ੁਰੂ ਕੀਤਾ। ਪੰਜ ਸਾਲ ਮੁਫਤ ਵੰਡਣ ਉਪਰੰਤ ਉਸ ਨੂੰ ਬੰਦ ਕਰਨਾ ਪਿਆ।
ਨਾਨਕ ਸਿੰਘ ਦੇ ਚਿੱਟਾ ਲਹੂ (ਨਾਵਲ) ਨੂੰ ਅੰਗਰੇਜ਼ੀ ਵਿਚ ਉਨ੍ਹਾਂ ਦੇ ਪੋਤੇ ਦਿਲਰਾਜ ਸਿੰਘ ਨੇ ਅਨੁਵਾਦ ਕੀਤਾ ਤੇ ਨਾਵਲਕਾਰ ਟਾਲਸਟਾਏ ਦੀ ਪੋਤੀ ਨੇ ਵੀ ਨਾਵਲ ਨੂੰ ਰੂਸੀ ਭਾਸ਼ਾਂ ਵਿਚ ਅਨੁਵਾਦ ਕੀਤਾ। ਨਾਵਲ 'ਪਵਿੱਤਰ ਪਾਪੀ' 'ਤੇ ਹੀ ਬਲਰਾਜ ਸਾਹਨੀ ਨੇ ਸੰਨ 1968 ਵਿਚ ਫਿਲਮ ਬਣਾਈ। ਨਾਨਕ ਸਿੰਘ ਦੇ ਇਤਿਹਾਸਕ ਨਾਵਲ 'ਇਕ ਮਿਆਨ ਦੋ ਤਲਵਾਰਾਂ' ਨੂੰ 1962 ਵਿਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਇਸੇ ਨਾਵਲ 'ਇਕ ਮਿਆਨ ਦੋ ਤਲਵਾਰਾਂ' ਦੀ ਟਾਲਸਟਾਏ ਦੇ ਮਸ਼ਹੂਰ ਨਾਵਲ 'ਵਾਰ ਐਡਪੀਸ' ਦੇ ਨਾਲ ਤੁਲਨਾ ਕੀਤੀ ਗਈ। ਸੰਨ 1997 ਈ: ਵਿਚ (ਸਾਬਕਾ) ਪ੍ਰਧਾਨ ਮੰਤਰੀ ਇੰਦਰ ਲਾਲ ਗੁਜਰਾਲ ਨੇ ਨਾਨਕ ਸਿੰਘ ਦੀ ਜਨਮ ਸਤਾਬਦੀ ਤੇ ਡਾਕ ਟਿਕਟ ਜਾਰੀ ਕੀਤੀ।
'ਵਾਲਟਰ ਸਕਾਟ' ਵਾਂਗ ਨਾਨਕ ਸਿੰਘ ਨੇ ਵੀ ਬੇਸ਼ੁਮਾਰ ਨਾਵਲ ਰਚੇ ਅਤੇ 'ਚਾਰਲਸ ਡਿਕਨਜ਼' ਵਾਂਗ ਸੁਧਾਰ ਦੀ ਗੱਲ ਕੀਤੀ। ਜਿਵੇਂ ਆਧੁਨਿਕ ਆਲੋਚਨਾ ਦੇ ਇਤਿਹਾਸ ਵਿਚ ਸੰਤ ਸਿੰਘ ਸੇਖੋਂ, ਕਵਿਤਾ ਵਿਚ ਭਾਈ ਵੀਰ ਸਿੰਘ, ਕਹਾਣੀ ਵਿਚ ਕਰਤਾਰ ਸਿੰਘ ਦੁੱਗਲ, ਆਧੁਨਿਕ ਗਦ ਦੇ ਇਤਿਹਾਸ ਵਿਚ ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੂੰ ਸਥਾਨ ਪ੍ਰਾਪਤ ਹੈ, ਉਸ ਤਰ੍ਹਾਂ ਹੀ ਨਾਨਕ ਸਿੰਘ ਨੂੰ ਪੰਜਾਬੀ ਨਾਵਲ ਦੇ ਇਤਿਹਾਸ ਦੇ ਵਿਚ ਸਥਾਨ ਪ੍ਰਾਪਤ ਹੈ। ਉਨ੍ਹਾਂ ਨੇ ਅੱਧੀ ਸਦੀ ਦੇ ਲੱਗਭਗ ਸਾਹਿਤ ਦੀ ਰਚਨਾ ਕੀਤੀ। ਨਾਨਕ ਸਿੰਘ 'ਤੇ ਸਭ ਤੋਂ ਵੱਧ ਪ੍ਰਭਾਵ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦਾ ਪਿਆ, ਇਸ ਕਰਕੇ ਹੀ ਉਹ ਅੰਮ੍ਰਿਤਸਰ ਸ਼ਹਿਰ ਛੱਡ ਕੇ ਪ੍ਰੀਤਨਗਰ ਜਾ ਵਸਿਆ।
ਨਾਵਲਕਾਰ ਨਾਨਕ ਸਿੰਘ ਨੇ ਆਪਣੇ ਨਾਵਲਾਂ ਵਿਚ ਆਰਥਿਕ ਸੁਧਾਰ, ਵਿਧਵਾਵਾਂ ਦੇ ਜੀਵਨ-ਸੁਧਾਰ, ਅਛੂਤ-ਉਧਾਰ, ਵਿੱਦਿਆ ਪ੍ਰਚਾਰ, ਸਮਾਜਿਕ ਕੁਰੀਤੀਆਂ ਵਿਰੁੱਧ ਪ੍ਰਚਾਰ, ਸਮਾਜਿਕ ਕੀਮਤਾਂ ਦੀ ਗੱਲ ਕੀਤੀ ਹੈ। ਉਹ ਬਹੁ-ਭਾਸ਼ਾਈ ਤੇ ਬਹੁ-ਪੱਖੀ ਲੇਖਕ ਸਨ। ਉਨ੍ਹਾਂ ਨੇ ਬੰਗਾਲੀ ਤੇ ਹਿੰਦੀ ਭਾਸ਼ਾ ਦੇ ਨਾਵਲ ਤੇ ਕਹਾਣੀ ਸੰਗ੍ਰਹਿ ਵੀ ਅਨੁਵਾਦ ਕੀਤੇ। ਉਨ੍ਹਾਂ ਨੇ ਸਮਾਜ ਨਾਲ ਪਿਆਰ ਭਰੀ ਸਾਂਝ ਬਣਾਈ ਰੱਖੀ ਅਤੇ ਨਰੋਏ ਜੀਵਨ 'ਤੇ ਉਨ੍ਹਾਂ ਦੀ ਕਲਮ ਨੇ ਵੀ ਲਿਖਿਆ। ਅਖੀਰ ਨਾਵਲਕਾਰੀ ਦੇ ਪਿਤਾਮਾ ਮਾਂ ਬੋਲੀ ਦੀ ਝੋਲੀ ਆਪਣਾ ਅਣਮੁੱਲਾ ਬੇਸ਼ੁਮਾਰ ਸਾਹਿਤ ਖਜ਼ਾਨਾ ਪਾ ਕੇ 28 ਦਸੰਬਰ, 1971 ਈ: ਨੂੰ ਪ੍ਰਲੋਕ ਸਿਧਾਰ ਗਏ। ਉਨ੍ਹਾਂ ਦੀ ਲਿਖਤ ਸਦਾ ਉਨ੍ਹਾਂ ਨੂੰ ਅਮਰ ਰੱਖੇਗੀ। ਪ੍ਰੀਤ ਨਗਰ ਵਿਚ ਉਨ੍ਹਾਂ ਦੇ ਨਾਂਅ ਤੇ ਗੁਰਬਖਸ਼ ਸਿੰਘ, ਨਾਨਕ ਸਿੰਘ ਫਾਊਡੇਸ਼ਨ ਅਤੇ ਪ੍ਰੀਤ ਭਵਨ ਓਪਨ ਏਅਰ ਥੀੲਟੇਰ ਹਨ। ਉਨ੍ਹਾਂ ਦੀ ਸਮਾਧ ਤੇ ਪਾਰਕ ਹੈ।

-ਪਿੰਡ ਤੇ ਡਾਕ ਘਰ ਰਾਮਪੁਰਾ, ਤਹਿਸੀਲ ਰਾਮਪੁਰਾ ਫੂਲ, ਜ਼ਿਲ੍ਹਾ ਬਠਿੰਡਾ (ਪੰਜਾਬ)-151103
ਮੋਬਾਈਲ : 97792-97682

Ad Position 22
No active advertisement
ਪਿਛਲੀ ਖ਼ਬਰ ਕਲਮ ਦੇ ਧਨੀ ਅਗਲੀ ਖ਼ਬਰ ਡਾਕਟਰ ਸਰ ਮੁਹੰਮਦ 'ਇਕਬਾਲ' (1877-1938)
Ad Position 24