ਸਵੇਰੇ-ਸਵੇਰੇ ਉੱਠ ਕੇ ਉਹ ਆਪਣੇ ਹੱਡ ਸਮੇਟਦੀ ਹੈ। ਘਰ ਵਾਲੇ ਨੇ ਦਿਹਾੜੀ 'ਤੇ ਜਾਣੈ, ਉਹਦੇ ਲਈ ਚਾਹ ਅਤੇ ਰੋਟੀ ਤਿਆਰ ਕਰਨੀ ਹੈ। ਬਜ਼ੁਰਗ ਸੱਸ ਵੀ ਥੋੜ੍ਹੀ ਦੇਰ ਨੂੰ ਉੱਠ ਜਾਵੇਗੀ। ਉਹਨੇ ਵੀ ਉਠਦਿਆਂ ਹੀ ਆਵਾਜ਼ ਮਾਰਨੀ ਹੈ, 'ਕੁੜੇ ਬਹੂ, ਚਾਹ ਲਿਆ। ਮਾੜੇ ਜਿਹੇ ਹੱਡ ਮੋਕਲੇ ਹੋ ਜਾਣ।' ਉਹ ਤੀਜੇ ਮੰਜੇ ਵੱਲ ਵੇਖਦੀ ਹੈ। ਉਹ ਮੰਜਾ ਖਾਲ੍ਹੀ ਹੈ। ਉਹ ਬੁੜ ਬੁੜ ਕਰਦੀ ਹੈ, ਤੜਕੇ ਹੀ ਟਿੱਬ ਗਿਐ, ਨਸ਼ੇ ਦਾ ਝੱਸ ਪੂਰਾ ਕਰਨ ਲਈ ਆਥਣੇ ਨਸ਼ੇ 'ਚ ਟੱਲੀ ਹੋਇਆ ਘਰ ਵੜੂ। ਫਿਰ ਬਾਪ ਦੀ ਦਾੜ੍ਹੀ ਪੁੱਟਣ ਤੱਕ ਜਾਂਦੈ। ਰੋਅਬ ਨਾਲ ਕਹਿੰਦੈ, 'ਜਿਹੜੇ ਪੈਸੇ ਦਿਹਾੜੀ ਕਰਕੇ ਕਮਾ ਕੇ ਲਿਆਇਐਂ, ਉਹ ਮੇਰੀ ਤਲੀ 'ਤੇ ਰੱਖ, ਨਹੀਂ ਤਾਂ....। ਉਹਦੀਆਂ ਲਾਲ ਸੁਰਖ ਅੱਖਾਂ ਅਤੇ ਡਗਮਗਾਉਂਦਾ ਸਰੀਰ ਹੱਡੀਆਂ ਦੀ ਮੁੱਠ ਬਣ ਕੇ ਰਹਿ ਗਿਐ। ਘਰ ਵਿਚ ਕੁਝ ਨਹੀਂ ਛੱਡਿਆ।' ਉਹ ਮੱਥੇ ਤੇ ਹੱਥ ਧਰ ਕੇ ਡੂੰਘੀਆਂ ਸੋਚਾਂ ਵਿਚ ਰਸੋਈ ਵੱਲ ਵੱਧਦੀ ਹੈ। ਰਸੋਈ ਵਿਚ ਜਾ ਕੇ ਉਹਦੀ ਭੁੱਬ ਨਿੱਕਲ ਜਾਂਦੀ ਹੈ। ਚਾਹ ਵਾਲਾ ਬਰਤਨ ਰਸੋਈ ਵਿਚੋਂ ਗੁੰਮ ਹੈ। ਹਾਲਾਂ ਪਰਸੋਂ ਹੀ ਚਾਹ ਵਾਲਾ ਬਰਤਨ ਖਰੀਦਿਆ ਸੀ। ਚਾਹ ਵਾਲਾ ਅਤੇ ਖੰਡ ਵਾਲਾ ਡੱਬਾ ਵੀ ਭਾਂਅ ਭਾਂਅ ਕਰ ਰਿਹਾ ਸੀ। 'ਲੈ ਗਿਆ ਕੰਜਰਾਂ ਨੂੰ ਦੇਣ ਲਈ। ਬਦਲੇ ਵਿਚ ਚਿੱਟਾ ਲਵੇਗਾ। ਪਰ ਇਉਂ ਕਿੰਨਾ ਕੁ ਚਿਰ ਚੱਲੂ, ਇਹ ਸਾਰਾ ਕੁਝ? ਹੁਣ ਤਾਂ ਕੰਧਾਂ 'ਤੇ ਲੱਗੀਆਂ ਚਾਰ ਇੱਟਾਂ ਹੀ ਰਹਿ ਗਈਆਂ, ਇਹ ਵੀ .......।' ਡੰਗ ਮਾਰਦੀਆਂ ਸੋਚਾਂ ਨਾਲ ਪਰਲ-ਪਰਲ ਹੰਝੂ ਉਹਦੇ ਚਿਹਰੇ ਨੂੰ ਭਿਉਂ ਰਹੇ ਸਨ। ਫਿਰ ਉਹ ਹਉਕਾ ਭਰ ਕੇ ਆਪਣੇ ਆਪ ਨੂੰ ਮੁਖ਼ਾਤਿਬ ਹੁੰਦੀ ਹੈ, 'ਤੜਕੇ-ਤੜਕੇ ਕੀਹਤੋਂ ਮੰਗਣ ਜਾਵਾਂ ਇਹ ਨਿੱਕ ਸੁੱਕ? ਥੋੜ੍ਹੇ ਚਿਰ ਨੂੰ ਘਰ ਵਾਲੇ ਅਤੇ ਸੱਸ ਦੀ ਅਵਾਜ਼ ਵੀ ਆ ਜਾਣੀ ਐਂ।'
ਉਹ ਡੂੰਘੀ ਚਿੰਤਾ ਵਿਚਗੁਆਂਢਣਦੇ ਦਰ 'ਤੇ ਦਸਤਕ ਦਿੰਦੀ ਹੈ। ਅੱਥਰੂਆਂ ਭਿੱਜੀ ਅਵਾਜ਼ ਵਿਚ ਉਹ ਆਪਣੀ ਵਿਥਿਆ ਉਹਨੂੰ ਦੱਸਦੀ ਐ।ਗੁਆਂਢਣਉਸ ਨੂੰ ਹੌਸਲਾ ਦਿੰਦੀ ਹੈ। ਕੋਈ ਨਾ, ਰੋ ਨਾ। ਚਾਹ ਲਈ ਭਾਂਡਾ ਵੀ ਲੈ ਜਾ, ਖੰਡ ਅਤੇ ਚਾਹ ਪੱਤੀ ਵੀ। 'ਉਹਨੂੰ ਜਾਪਿਆ ਜਿਵੇਂ ਰੱਬ ਬਹੁੜ ਗਿਆ ਹੋਵੇ। ਚਾਹ ਵਾਲਾ ਬਰਤਨ ਲੈ ਕੇ ਉਹ ਚਾਹ ਧਰ ਦਿੰਦੀ ਹੈ। ਘਰ ਵਾਲੇ ਨੂੰ ਉਹ ਕੁਝ ਨਹੀਂ ਦੱਸਦੀ।' ਸਾਰਾ ਦਿਨ ਕਲਪੂਗਾ ਇਹ। ਇਹਨੂੰ ਕਾਹਨੂੰ ਤੰਗ ਕਰਨੈ। ਜੇ ਚਿੰਤਾ ਵਿਚ ਬਿਮਾਰ ਹੋ ਗਿਆ, ਫਿਰ ਤਾਣੀ ਹੋਰ ਉਲਝੇਗੀ।' ਇਹ ਸੋਚਦਿਆਂ ਉਹ ਦੜ ਵੱਟ ਜਾਂਦੀ ਹੈ। ਭਰੇ ਮਨ ਨਾਲ ਉਹ ਉਧਾਰ ਲਏ ਸਾਮਾਨ ਨਾਲ ਚਾਹ ਤਿਆਰ ਕਰਕੇ ਪਤੀ ਅਤੇ ਸੱਸ ਨੂੰ ਦੇ ਆਉਂਦੀ ਹੈ। ਪਰ ਉਹਦੇ ਅੰਦਰ ਗ਼ਮਗੀਨ ਸੋਚਾਂ ਦੇ ਪਾਏ ਖੌਰੂ ਕਾਰਨ ਚਾਹ ਦਾ ਘੁੱਟ ਉਹਦੇ ਅੰਦਰ ਨਹੀਂ ਲੰਘਦਾ। ਪਤੀ ਲਈ ਚਾਰ ਰੋਟੀਆਂ ਤਿਆਰ ਕਰਨ ਲਈ ਉਹ ਫਿਰ ਚੁੱਲ੍ਹੇ ਦੁਆਲੇ ਹੋ ਜਾਂਦੀ ਹੈ। ਅਚਾਰ ਨਾਲ ਰੋਟੀ ਪੋਣੇ ਵਿਚ ਲਪੇਟ ਕੇ ਉਹ ਘਰ ਵਾਲੇ ਦੇ ਸਾਈਕਲ ਦੀ ਟੋਕਰੀ ਵਿਚ ਰੱਖ ਦਿੰਦੀ ਹੈ। ਪਤੀ ਥੋੜ੍ਹੀ ਦੇਰ ਬਾਅਦ ਰਸੋਈ ਵਿਚ ਆਉਂਦਾ ਹੈ ਅਤੇ ਪਤਨੀ ਨੂੰ ਗਮਗੀਨ ਵੇਖ ਕੇ ਉਦਾਸ ਮਨ ਨਾਲ ਕਹਿੰਦਾ ਹੈ, 'ਕਿਧਰ ਗਿਆ ਕਰਮਾ ? ਦਿਖਾਈ ਨਹੀਂ ਦਿੰਦਾ?' ਪਹਿਲਾਂ ਉਹ ਗੁੰਮ-ਸੁੰਮ ਰਹਿੰਦੀ ਹੈ ਅਤੇ ਫਿਰ ਉਸਦੀ ਭੁੱਬ ਨਿਕਲ ਜਾਂਦੀ ਹੈ। 'ਡੁੱਬ ਜਾਣੇ ਨੇ ਘਰ 'ਚ ਕੁੱਝ ਨਹੀਂ ਛੱਡਿਆ। ਮੇਰੀ ਪੇਟੀ ਖਾਲੀ ਕਰਤੀ। ਘਰ ਦਾ ਸਾਰਾ ਸਮਾਨ ਵੇਚ ਦਿੱਤਾ। ਹੁਣ ਜਿਹੜਾ ਤੂੰ ਪਰਸੋਂ ਚਾਹ ਵਾਲਾ ਪਤੀਲਾ ਲੈ ਕੇ ਆਇਆ ਸੀ, ਉਹ ਵੀ ਲੈ ਗਿਆ। ਨਾਲ ਖੰਡ ਤੇ ਚਾਹ ਵੀ। ਹੁਣ ਗੁਆਂਢੀਆਂ ਦਿਉਂ ਲਿਆ ਕੇ ਬੁੱਤਾ ਸਾਰਿਐ। ਕਿਧਰ ਨੂੰ ਜਾਈਏ ? ਜਿਊਣਾ ਦੁੱਭਰ ਹੋ ਗਿਆ।' ਘਰ ਵਾਲੇ ਦੇ ਚਿਹਰੇ 'ਤੇ ਵੀ ਉਦਾਸੀ ਦੀ ਪਰਤ ਜੰਮ ਜਾਂਦੀ ਹੈ। 'ਕੋਈ ਨਹੀਂ, ਅੱਜ ਮੈਂ ਦਿਹਾੜੀ 'ਤੇ ਨਹੀਂ ਜਾਂਦਾ। ਇਹਦਾ ਕਰਦਾਂ ਕੋਈ ਬੰਨ੍ਹ ਸੁਬ੍ਹ।'
ਉਹ ਭਰਿਆ ਪੀਤਾ ਅੱਠ ਮੀਲ ਦਾ ਪੈਂਡਾ ਤੈਅ ਕਰ ਕੇ ਪਹਿਲਾਂ ਪੁਲਿਸ ਸਟੇਸ਼ਨ ਪੁੱਜਦਾ ਹੈ। ਥਾਣੇ ਵਿਚ ਦੋ ਸਿਪਾਹੀ ਬੈਠੇ ਸਨ। ਬਜ਼ੁਰਗ ਦੇ ਪੁੱਛਣ 'ਤੇ ਉਨ੍ਹਾਂ ਨੇ ਦੱਸਿਆ ਕਿ ਅੱਜ ਮੰਤਰੀ ਜੀ ਨੇ ਆਉਣੈ। ਸਾਰੇ ਮੁਲਾਜ਼ਮਾਂ ਦੀ ਨਾਕਿਆਂ 'ਤੇ ਡਿਉਟੀ ਲੱਗੀ ਐ। ਇਥੇ ਤਾਂ ਬੱਸ ਅਸੀਂ ਦੋ ਹੀ ਹਾਂ।' ਕਿਵੇਂ ਆਇਐਂ ? ਕੋਈ ਵਾਰਦਾਤ ਹੋ ਗਈ? ' ਸਿਪਾਹੀ ਨੇ ਇਕੋ ਸਾਹੇ ਪੁੱਛਿਆ। ਉਹ ਆਪਣਾ ਦੁੱਖ ਦੱਸਦਿਆਂ ਭੁੱਬੀਂ ਰੋ ਪਿਆ। 'ਇਕਲੌਤੇ ਨਸ਼ੱਈ ਪੁੱਤ ਨੇ ਘਰ ਨੂੰ ਮੂਧੇ ਮੂੰਹ ਕਰ ਦਿੱਤਾ। ਘਰ 'ਚ ਕੁਝ ਨਹੀਂ ਛੱਡਿਆ। ਸਾਡੇ 'ਤੇ ਹੱਥ ਵੀ ਚੁਕਦੈ। ਗਲ-'ਗੂਠਾ ਦੇ ਕੇ ਨਸ਼ਾ ਕਰਨ ਲਈ ਪੈਸੇ ਭਾਲਦੈ। ਭਲਾ, ਅਸੀਂ ਉਹਨੂੰ ਰੋਜ਼ ਕਿਥੋਂ ਦਈਏ ਰੋਕੜੀ? ਹੁਣ ਸਾਨੂੰ ਆਪਣੀ ਜਾਨ ਦਾ ਖ਼ਤਰਾ ਹੈ। ਸਾਡਾ ਬਚਾਉ ਕਰੋ।' ਸਿਪਾਹੀ ਇਕ ਟੁੱਕ ਜਵਾਬ ਦਿੰਦੈ, 'ਦੇਖ ਤੇਰੇ ਸਾਹਮਣੇ ਥਾਣਾ ਖਾਲੀ ਪਿਐ। ਥਾਣਾ ਛੱਡ ਕੇ ਕਿਵੇਂ ਜਾਈਏ? ਇਉਂ ਕਰ, ਨੇੜੇ ਸਰਕਾਰੀ ਨਸ਼ਾ ਛੁਡਾਊ ਕੇਂਦਰ ਹੈ, ਉਨ੍ਹਾਂ ਨਾਲ ਗੱਲ ਕਰ।' ਉਹ ਭਰੇ ਮਨ ਨਾਲ ਸਰਕਾਰੀ ਨਸ਼ਾ ਛੁਡਾਊ ਕੇਂਦਰ ਦਾ ਰੁਖ਼ ਕਰਦਾ ਹੈ। ਨਸ਼ਾ ਛੁਡਾਊ ਕੇਂਦਰ ਵਿਚ ਪਹੁੰਚਣ 'ਤੇ ਉਹ ਭਾਰੀ ਇਕੱਠ ਵੇਖ ਕੇ ਕਿਸੇ ਵਿਅਕਤੀ ਨੂੰ ਪੁੱਛਦਾ ਹੈ, 'ਕਿਵੇਂ ਐਥੇ ਐਨੀ ਭੀੜ ਐ?' ਪੁੱਛਣ ਵਾਲਾ ਵਿਅਕਤੀ ਜਵਾਬ ਦਿੰਦਾ ਹੈ, 'ਬਾਬਾ, ਇਹ ਸਾਰੇ ਅਮਲੀ ਨੇ। ਜੀਭ ਤੇ ਰੱਖਣ ਵਾਲੀ ਗੋਲੀ ਲੈਣ ਆਏ ਨੇ। ਐਨਾ ਕੁ ਅਮਲੀਆਂ ਦਾ ਮੇਲਾ ਤਾਂ ਇਥੇ ਰੋਜ਼ ਹੀ ਰਹਿੰਦੈ।' ਅੱਕਿਆ ਜਿਹਾ ਉਹ ਲੰਮੀ ਕਤਾਰ ਵਿਚ ਜਾ ਖੜੋਂਦਾ ਹੈ। ਵਾਰੀ ਆਉਣ 'ਤੇ ਵਿੰਡੋ ਰਾਹੀਂ ਨਰਸ ਉਸਨੂੰ ਕਹਿੰਦੀ ਹੈ, 'ਲਿਆਉ ਆਪਣਾ ਕਾਰਡ' ਉਹ ਭਮੰਤਰਿਆ ਜਿਹਾ ਜਵਾਬ ਦਿੰਦਾ ਹੈ, 'ਮੈਂ ਤਾਂ ਬੀਬੀ ਡਾਕਟਰ ਸਾਹਿਬ ਨੂੰ ਮਿਲਣੈ। ਮੇਰਾ ਮੁੰਡਾ ਨਸ਼ਾ ਕਰਦੈ। ਉਹਦੇ ਬਾਰੇ ਪੁੱਛਣੈ।' 'ਫਿਰ ਬਾਬਾ ਦੂਜੇ ਗੇਟ ਜਾਉ। ਡਾਕਟਰ ਸਾਹਿਬ ਉਥੇ ਬੈਠਦੇ ਨੇ। 'ਉਥੋਂ ਨਿਕਲ ਕੇ ਉਹ ਦੂਸਰੇ ਗੇਟ ਜਾਂਦਾ ਹੈ। ਉਥੇ ਵੀ ਉਹਨੂੰ ਲੰਮੀ ਕਤਾਰ ਵਿਚ ਖੜੋਣਾ ਪਿਆ। ਉਹਦੀ ਵਾਰੀ ਆਉਣ 'ਤੇ ਉਹਨੇ ਡਾਕਟਰ ਨੂੰ ਕਿਹਾ, 'ਮੇਰਾ ਮੁੰਡਾ ਬਾਹਲਾ ਨਸ਼ਾ ਕਰਦੈ ਜੀ। ਉਹਨੂੰ ਨਰਕ ਵਿਚੋਂ ਕੱਢੋ। ਬਹੁਤ ਦੁਖੀ ਹਾਂ ਅਸੀਂ।' 'ਮੁੰਡਾ ਕਿੱਥੇ ਐ?' ਡਾਕਟਰ ਨੇ ਪੁੱਛਿਆ। 'ਉਹ ਤਾਂ ਜੀ ਨਸ਼ਾ ਡੱਫਣ ਲਈ ਬਾਹਰ ਧੱਕੇ ਖਾਂਦਾ ਫਿਰਦੈ।'
ਫਿਰ ਬਾਬਾ, ਇਲਾਜ ਤਾਂ ਅਸੀਂ ਮੁੰਡੇ ਦਾ ਕਰਨੈ। ਜੇ ਉਹ ਇਲਾਜ ਕਰਵਾਉਣਾ ਨਹੀਂ ਚਾਹੁੰਦਾ, ਫਿਰ ਭਲਾ ਅਸੀਂ ਧੱਕੇ ਨਾਲ ਇਲਾਜ ਕਿਵੇਂ ਕਰੀਏ? ਤੁਸੀਂ ਮੁੰਡੇ ਨੂੰ ਲਿਆਓ। ਫਿਰ ਦੇਖਦੇ ਆਂ।' ਇਹ ਕਹਿ ਕੇ ਉਸ ਦਾ ਧਿਆਨ ਦੂਜੇ ਨਸ਼ੱਈ ਮਰੀਜ਼ ਵੱਲ ਚਲਾ ਗਿਆ।
ਉਹ ਭਰਿਆ ਪੀਤਾ ਬਾਹਰ ਆ ਗਿਆ। ਉਸ ਨੂੰ 'ਯੁੱਧ ਨਸ਼ਿਆਂ ਵਿਰੁੱਧ' ਢਕਵੰਜ ਜਿਹਾ ਲੱਗਿਆ।
ਇੰਜ ਬਜ਼ੁਰਗ ਨੂੰ ਬੌਂਦਲਿਆ ਜਿਹਾ ਵੇਖ ਕੇ ਇਕ ਵਿਅਕਤੀ ਨੇ ਉਸਨੂੰ ਸਮਝਾਇਆ, 'ਇਹ ਤਾਂ ਉਨ੍ਹਾਂ ਦਾ ਇਲਾਜ ਕਰਦੇ ਨੇ ਜਿਹੜੇ ਆਪ ਚੱਲ ਕੇ ਆਉਣ ਜਾਂ ਫਿਰ ਪੁਲਿਸ ਵਾਲੇ ਲੈ ਕੇ ਆਉਣ। ਮੇਰੀ ਨਿਗ੍ਹਾ ਵਿਚ ਇਕ ਨਸ਼ਾ ਛੁਡਾਊ ਕੇਂਦਰ ਹੈਗਾ, ਪਰ ਉਹ ਇਲਾਜ ਲਈ ਰੁਪੱਈਆਂ ਦੇ ਬੁੱਕ ਮੰਗਦੇ ਨੇ।'
ਕੋਈ ਨਹੀਂ, ਮੈਨੂੰ ਉਸ ਸੈਂਟਰ ਦਾ ਥਹ- ਪਤਾ ਦੱਸ ਦੇ। ਮੈਂ ਆਪਣਾ ਆਪ ਵੇਚ ਕੇ ਉਹਦਾ ਇਲਾਜ ਕਰਵਾਊਂਗਾ।' ਉਸ ਵਿਅਕਤੀ ਨੇ ਬਜ਼ੁਰਗ ਨੂੰ ਉਸਦਾ ਥਹੁ-ਟਿਕਾਣਾ ਦੱਸ ਦਿੱਤਾ ਅਤੇ ਨਾਲ ਹੀ ਮੋਬਾਈਲ ਨੰਬਰ ਵੀ ਦੇ ਦਿੱਤਾ।' ਬਜ਼ੁਰਗ ਦੇ ਮਿੰਨਤ ਕਰਨ 'ਤੇ ਉਸ ਨੇ ਸੈਂਟਰ ਵਾਲਿਆਂ ਨਾਲ ਮੋਬਾਇਲ ਮਿਲਾ ਕੇ ਗੱਲ ਕਰਨ ਲਈ ਕਿਹਾ। ਅੱਗਿਓਂ ਸੈਂਟਰ ਵਾਲੇ ਨੇ ਇਲਾਜ਼ ਕਰਨ ਦੀ ਪੂਰੀ ਤਸੱਲੀ ਦਿੱਤੀ। ਖ਼ਰਚ ਪੰਦਰਾਂ ਹਜ਼ਾਰ ਰੁਪਏ ਪ੍ਰਤੀ ਮਹੀਨਾ ਅਤੇ ਪਿੰਡੋਂ ਉਸ ਨੂੰ ਲਿਆਉਣ ਦਾ ਅੱਠ ਹਜ਼ਾਰ ਵੱਖਰਾ ਲੈਣ ਸੰਬੰਧੀ ਦੱਸਿਆ। ਬਜ਼ੁਰਗ ਨੇ ਹਉਕਾ ਭਰ ਕੇ ਕਿਹਾ, 'ਕੋਈ ਨਹੀਂ ਜੀ, ਪੈਸਿਆਂ ਦਾ ਬੰਦੋਬਸਤ ਕਰਕੇ ਥੋਨੂੰ ਦੱਸਦੇ ਆਂ।' ਇਸ ਖਲਜਗਣ ਵਿਚ ਹੀ ਉਸ ਦੀ ਅੱਧੀ ਦਿਹਾੜੀ ਲੱਗ ਗਈ। ਫਿਰ ਉਹ ਪੈਸਿਆਂ ਦੇ ਜੁਗਾੜ ਲਈ ਦਰ ਦਰ ਭਟਕਿਆ। ਕਈ ਥਾਵਾਂ 'ਤੇ ਹੱਥ ਅੱਡੇ। ਪਰ ਕਿਤੋਂ ਖ਼ੈਰ ਨਹੀਂ ਪਈ। ਆਖ਼ਰ ਉਹ ਪਿੰਡ ਦੇ ਸਰਦਾਰ ਕੋਲ ਗਿਆ। ਸਰਦਾਰ ਨੇ ਮੁੰਡੇ ਦੇ ਇਲਾਜ ਦਾ ਖਰਚਾ ਤਾਂ ਓਟ ਲਿਆ, ਪਰ ਨਾਲ ਹੀ ਇਹ ਵੀ ਸ਼ਰਤ ਲਾ ਦਿੱਤੀ ਕਿ ਬਦਲੇ ਵਿਚ ਤੈਨੂੰ ਖੇਤ ਅਤੇ ਤੇਰੀ ਪਤਨੀ ਨੂੰ ਕੋਠੀ ਕੰਮ ਕਰਨਾ ਪਵੇਗਾ। ਥੋਡੀ ਦੋਨਾਂ ਦੀ ਅਤੇ ਤੇਰੀ ਮਾਂ ਦੀ ਰੋਟੀ ਦਾ ਜੁਗਾੜ ਵੀ ਅਸੀਂ ਕਰ ਦੇਵਾਂਗੇ। ਮੁੰਡੇ ਦੇ ਇਲਾਜ ਲਈ ਪਹਿਲੀ ਕਿਸ਼ਤ ਦੀ ਅਦਾਇਗੀ ਲਈ ਸਰਦਾਰ ਨੇ ਤੀਹ ਹਜ਼ਾਰ ਰੁਪਏ ਉਸ ਨੂੰ ਦੇ ਦਿੱਤੇ। ਉਸਨੇ ਸਰਦਾਰ ਅੱਗੇ ਹੱਥ ਜੋੜਦਿਆਂ ਕਿਹਾ, 'ਕੱਲ੍ਹ ਨੂੰ ਅਸੀਂ ਮੁੰਡੇ ਨੂੰ ਸੈਂਟਰ ਚੁਕਾ ਦਿਆਂਗੇ ਅਤੇ ਪਰਸੋਂ ਨੂੰ ਮੈਂ ਅਤੇ ਘਰ ਵਾਲੀ ਥੋਡੀ ਸੇਵਾ ਵਿਚ ਹਾਜ਼ਰ ਹੋ ਜਾਵਾਂਗੇ।' ਸਰਦਾਰ ਦੇ ਫੋਨ ਤੋਂ ਹੀ ਉਸਨੇ ਸੈਂਟਰ ਵਾਲਿਆਂ ਨੂੰ ਆਉਣ ਦਾ ਸੁਨੇਹਾ ਦੇ ਦਿੱਤਾ। ਜਵਾਬ ਵਿਚ ਸੈਂਟਰ ਵਾਲਿਆਂ ਵਲੋਂ ਬਜ਼ੁਰਗ ਦਾ ਐਡਰੈੱਸ ਲਿਖਣ ਤੋਂ ਪਿੱਛੋਂ ਕਿਹਾ ਕਿ ਅਸੀਂ ਸਵੇਰੇ ਚਾਰ ਵਜੇ ਉਸ ਨੂੰ ਸੁੱਤੇ ਪਏ ਨੂੰ ਚੁੱਕਾਂਗੇ। ਤੁਸੀਂ ਬੂਹਾ ਖੋਲ੍ਹ ਦੇਣਾ।
ਅਗਲੇ ਦਿਨ ਸਵੇਰੇ ਹੀ ਪੁਲਿਸ ਦੇ ਛਾਪੇ ਮਾਰਨ ਵਾਂਗ ਪੰਜ ਛੇ ਮੁੰਡੇ ਡਾਂਗਾਂ ਨਾਲ ਲੈਸ ਬਜ਼ੁਰਗ ਦੇ ਘਰ ਪੁੱਜ ਗਏ। ਬਜ਼ੁਰਗ ਨੇ ਉਸ ਦੇ ਮੰਜੇ ਵੱਲ ਇਸ਼ਾਰਾ ਕਰ ਦਿੱਤਾ। ਮੁੰਡਿਆਂ ਨੇ ਉਸ ਨੂੰ ਚੁੱਕਿਆ ਅਤੇ ਫਿਰ ਥੱਪੜਾਂ ਨਾਲ ਉਸ ਨੂੰ ਬੁੰਦਲਾ ਦਿੱਤਾ। ਉਸ ਨੂੰ ਸੋਚਣ ਦਾ ਮੌਕਾ ਹੀ ਨਹੀਂ ਦਿੱਤਾ। ਉਸ ਨੂੰ ਧੱਕੇ ਨਾਲ ਕਾਰ ਵਿਚ ਸੁੱਟ ਕੇ ਲੈ ਗਏ। ਜਾਂਦੇ ਹੋਏ ਬਜ਼ੁਰਗ ਤੋਂ ਤੇਈ ਹਜ਼ਾਰ ਰੁਪਏ ਵੀ ਲੈ ਗਏ।
ਬੂਹਾ ਖੋਲ੍ਹ ਕੇ ਉਹ ਭਰੇ ਮਨ ਨਾਲ ਜਾਂਦੀ ਕਾਰ ਵੱਲ ਵਿਹੰਦੇ ਰਹੇ ਅਤੇ ਫਿਰ ਦੋਨੋਂ ਹੀ ਇਕ-ਦੂਜੇ ਦੇ ਗਲ ਲਗ ਕੇ ਭੁੱਬੀਂ ਰੋ ਪਏ।
-ਕਿਸ਼ਨਪੁਰਾ ਬਸਤੀ, ਨਾਭਾ ਗੇਟ ਬਾਹਰ, ਸੰਗਰੂਰ।
ਸੰਪਰਕ : 94171-48866
ਦਰਦ ਦਾ ਦਰਿਆ
ਅਜੀਤ ਡੈਸਕ
12-07-2026