'ਲਿਆ ਓਏ ਬਹਾਦਰਾ ਮੇਰਾ ਨਾਸ਼ਤਾ', ਸੱਜਣ ਸਿੰਘ ਨੇ ਆਪਣੇ ਰਸੋਈਏ ਨੂੰ ਬਾਹਰਲੀ ਬੈਠਕ 'ਚ ਕੁਰਸੀ 'ਤੇ ਬੈਠਦਿਆਂ ਆਵਾਜ਼ ਦਿੱਤੀ।
ਬਹਾਦਰ ਨੇ ਦਾਰੂ ਦੀ ਬੋਤਲ ਤੇ ਬੱਕਰੇ ਦਾ ਆਚਾਰ ਆਪਣੇ ਸਰਦਾਰ ਸੱਜਣ ਸਿੰਘ ਦੇ ਅੱਗੇ ਮੇਜ਼ 'ਤੇ ਰੱਖ ਦਿੱਤਾ।
ਸੱਜਣ ਸਿੰਘ ਨੇ ਦਾਰੂ ਦਾ ਲੰਡੂ ਜਿਹਾ ਪੈੱਗ ਲਾਇਆ ਤੇ ਬੱਕਰੇ ਦੇ ਆਚਾਰ ਦੀ ਸੈਂਖੀ ਮੂੰਹ 'ਚ ਪਾ ਕੇ ਕਿੱਲੇ 'ਤੇ ਟੰਗੀ ਝੱਗੀ ਮੋਟੀ ਗੋਗੜ ਉਤੋਂ ਦੀ ਪਾਉਂਦਾ ਹੋਇਆ ਬਾਹਰ ਖੜ੍ਹੀ ਜੀਪ 'ਚ ਜਾ ਬੈਠਾ।
'ਚਲ ਬਈ ਸੀਰਿਆ ਤੋਰ ਇਹਨੂੰ। ਅੱਜ 10 ਕਿੱਲ੍ਹਿਆਂ ਦੀ ਰਜਿਸਟਰੀ ਕਰਵਾਉਣੀ ਆ ਜੱਟ ਨੇ', ਸੱਜਣ ਸਿੰਘ ਨੇ ਮੁੱਛਾਂ 'ਤੇ ਵੱਟ ਚੜ੍ਹਾਉਂਦਿਆਂ ਆਪਣੇ ਛੋਟੇ ਬੇਟੇ ਨੂੰ ਕਿਹਾ।
ਸੱਜਣ ਸਿੰਘ ਤਿੰਨ ਸੌ ਕਿੱਲੇ ਜ਼ਮੀਨ ਦਾ ਮਾਲਕ ਸੀ ਜਿਸ ਦੇ ਦੋ ਬੇਟੇ ਤੇ ਇਕ ਬੇਟੀ ਸੀ। ਵੱਡੇ ਬੇਟੇ ਰਣਜੀਤ ਦਾ ਕੈਨੇਡਾ ਵਿਚ ਟਰੱਕਾਂ ਦਾ ਕਾਰੋਬਾਰ ਸੀ ਤੇ ਛੋਟਾ ਬੇਟਾ ਸੀਰਾ ਉਸ ਨਾਲ ਖੇਤੀ ਕਰ ਰਿਹਾ ਸੀ। ਬੇਟੀ ਜੱਸੀ ਢਾਣੀ ਵਾਲੇ ਸਰਦਾਰਾਂ ਦੇ ਘਰ ਵਿਆਹੀ ਹੋਈ ਸੀ। ਸੀਰਾ ਸਾਰਿਆਂ ਤੋਂ ਛੋਟਾ ਅਜੇ ਕੁਆਰਾ ਸੀ। ਸੱਜਣ ਸਿੰਘ ਦਾ ਚੰਗੇ ਪੈਸੇ ਵਾਲਾ ਹੋਣ ਕਰਕੇ ਆਸੇ-ਪਾਸੇ ਦੇ ਪਿੰਡਾਂ ਵਿਚ ਚੰਗਾ ਰੋਹਬ ਸੀ। ਜਿਥੇ ਵੀ ਕੋਈ ਪੈਲੀ ਦਾ ਚੰਗਾ ਟੱਕ ਮਿਲਦਾ ਤਾਂ ਖਰੀਦਣ ਲੱਗਾ ਸਮਾਂ ਨਹੀਂ ਸੀ ਲਾਉਂਦਾ।
'ਬਾਪੂ ਜੀ! ਮੈਂ ਸੁਣਿਆ ਚਾਚੇ ਕਿਆਂ ਦੇ ਛਿੰਦੇ ਨੂੰ ਪੜ੍ਹਨ ਵਾਸਤੇ ਕੈਨੇਡਾ ਭੇਜਣਾ। ਉਹ ਨਿਆਈਂ ਵਾਲੇ ਦੋ ਕਿੱਲੇ ਵੇਚਦਾ', ਪਿੰਡੋਂ ਭਿਣਕ ਪੈਂਦਿਆਂ ਸੀਰੇ ਨੇ ਤੁਰੰਤ ਹੀ ਆਪਣੇ ਬਾਪੂ ਜੀ ਨੂੰ ਚੌਕੰਨਾ ਕੀਤਾ।
'ਉਏ ਫਿਰ ਦੇਰ ਕਿਹੜੀ ਗੱਲ ਦੀ? ਛੇਤੀ ਕਿਸੇ ਬਹਾਨੇ ਆਪਣੇ ਚਾਚੇ ਨੂੰ ਮਿਲ। ਐਵੇਂ ਨਾ 'ਦਾਣੇ ਚੱਬਾਂ' ਦਾ ਤਾਰੀ ਲੈ ਜੇ। ਉਨ੍ਹਾਂ ਦੇ ਨਾਲ ਲਗਦੀ ਆ', ਸੱਜਣ ਸਿੰਘ ਬੈੱਡ ਤੋਂ ਉਠਦਾ ਹੋਇਆ ਕਾਹਲਾ ਜਿਹਾ ਪੈ ਗਿਆ। 'ਮੈਂ ਪੂਰੇ ਪੰਦਰਾਂ ਮੁਰੱਬੇ ਬਣਾ ਕੇ ਦੇਣੇ ਆ ਥੋਨੂੰ।'
'ਮੈਂ ਕਿਹਾ ਜੀ ਜੇ ਤੁਸੀਂ ਬੁਰਾ ਨਾ ਮੰਨੋ ਤਾਂ ਮੈਂ ਇਕ ਗੱਲ ਕਹਾਂ ਥੋਨੂੰ?' ਸੱਜਣ ਸਿੰਘ ਦੀ ਧਰਮ ਪਤਨੀ ਬਸੰਤ ਕੌਰ ਸੱਜਣ ਸਿੰਘ ਨੂੰ ਚਾਹ ਦਾ ਗਿਲਾਸ ਫੜਾਉਂਦਿਆਂ ਬੋਲੀ।
'ਹਾਂ ਭਾਗਵਾਨੇ ਬੋਲ'।
'ਦੇਖੋ ਜੀ! ਮੋਹਨ ਥੋਡਾ ਛੋਟਾ ਭਰਾ। ਉਹਦੀ ਪੈਲੀ ਨਾ ਖਰੀਦੋ, ਉਹਦੀ ਵੈਸੇ ਹੀ ਮਦਦ ਕਰ ਦਿਓ। ਸੁੱਖ ਨਾਲ ਰੱਬ ਨੇ ਆਪਾਂ ਨੂੰ ਬਹੁਤ ਕੁਝ ਦਿੱਤਾ। ਆਪਣੇ ਕੋਲ ਕੀ ਘਾਟਾ? ਛਿੰਦਾ ਵੀ ਤਾਂ ਆਪਣਾ ਹੀ ਮੁੰਡਾ। ਆਪਣੇ ਸੀਰੇ ਹੋਰਾਂ ਵਰਗਾਂ। ਮੋਹਨ ਨੇ ਕੁੜੀ ਵਿਆਹੀ ਆ, ਖਰਚ ਹੋ ਗਿਆ, ਨਹੀਂ ਤਾਂ ਧੀਆਂ ਪੁੱਤਾਂ ਵਰਗੀ ਜ਼ਮੀਨ ਵੇਚਣ ਨੂੰ ਕੀਹਦਾ ਜੀਅ ਕਰਦਾ? ਭੈਣ ਸੁਰਜੀਤ (ਮੋਹਨ ਦੀ ਪਤਨੀ) ਦੀ ਬਿਮਾਰੀ 'ਤੇ ਵੀ ਬਹੁਤ ਖਰਚਾ ਹੋਈ ਜਾਂਦਾ, ਮਾੜੇ ਦਿਨ ਆ ਵਿਚਾਰਿਆਂ 'ਤੇ।'
'ਦੇਖ ਬਸੰਤ ਕੁਰੇ! ਜੇ ਆਪਾਂ ਨਾ ਖਰੀਦਾਂਗੇ ਤਾਂ ਉਸ ਨੇ ਪੈਲੀ 'ਦਾਣੇ ਚੱਬਾਂ' ਨੂੰ ਦੇ ਦੇਣੀ ਆ।'
'ਜੇ ਆਪਾਂ ਉਹਨੂੰ ਮਦਦ ਦੇਵਾਂਗੇ ਤਾਂ ਉਹਨੂੰ ਪੈਲੀ ਵੇਚਣ ਦੀ ਕੀ ਲੋੜ ਆ? ਚਾਹੇ ਉਧਾਰ ਹੀ ਦੇ ਦਿਓ। ਵੋਟਾਂ ਵੇਲੇ ਲੀਡਰਾਂ ਨੂੰ ਵੀ ਤਾਂ ਲੱਖਾਂ ਰੁਪਏ ਚੜ੍ਹਾ ਦਿੰਦੇ ਹੋ। ਆਏ ਸਾਲ ਟੂਰਨਾਮੈਂਟ 'ਤੇ ਲੱਖਾਂ ਦੇ ਇਨਾਮ ਵੰਡ ਦਿੰਦੇ ਹੋ। ਛਿੰਦਾ ਤਾਂ ਫਿਰ ਵੀ ਤੁਹਾਡੇ ਭਰਾ ਦਾ ਖੂਨ ਆ', ਬਸੰਤ ਕੌਰ ਨੇ ਸੱਜਣ ਸਿੰਘ ਨੂੰ ਹਲੂਣਾ ਜਿਹਾ ਦਿੱਤਾ।
'ਇਹੋ ਜਿਹੀ ਸਲਾਹ ਕਿਸੇ ਹੋਰ ਨੂੰ ਦੇਵੀਂ। ਸ਼ਰੀਕ ਥੱਲੇ ਲੱਗੇ ਹੀ ਚੰਗੇ ਆ। ਜੱਟ ਨੇ ਪੰਦਰਾਂ ਮੁਰੱਬੇ ਬਣਾਉਣੇ ਆ', ਸੱਜਣ ਸਿੰਘ ਨੇ ਮੁੱਛਾਂ ਨੂੰ ਵੱਟ ਚੜ੍ਹਾਉਂਦਿਆਂ ਬਸੰਤ ਕੌਰ ਨੂੰ ਡਾਂਟਿਆ ਤੇ ਉਸ ਦੀ ਇਕ ਨਾ ਸੁਣੀ।
'ਹੁਣ ਢਿੱਡੋਂ ਜੰਮੇ ਸ਼ਰੀਕ ਹੋਗੇ? ਸਰਦਾਰ ਜੀ! ਏਨਾ ਘੁਮੰਡ ਨਹੀਂ ਕਰੀਦਾ। ਚੰਗੇ ਮਾੜੇ ਦਿਨ ਆਉਂਦੇ ਹੀ ਰਹਿੰਦੇ ਆ। ਕਿਸੇ 'ਤੇ ਵੀ ਆ ਸਕਦੇ ਆ। ਰੱਬ ਤੋਂ ਡਰੋ। ਹਰੇਕ ਨਾਲ ਥੋਡਾ ਪੰਗਾ। ਪਿੰਡ 'ਚੋਂ ਕੋਈ ਆਪਣੇ ਘਰੇ ਵੜ੍ਹਦਾ ਨਹੀਂ। ਆਹ ਦੋ ਚਾਰ ਵਿਹਲੜ ਰੋਜ਼ ਦੇ ਦਾਰੂ ਪਿਆਲੇ ਵਾਲੇ ਆਥਣ ਨੂੰ ਆ ਵੜਦੇ ਆ, ਜਿਹੜੇ ਆਪਣੇ ਕਿਸੇ ਕੰਮ ਦੇ ਨਹੀਂ। ਕਾਹਦੀ ਸਰਦਾਰੀ ਥੋਡੀ? ਔਖੇ ਵੇਲੇ ਆਪਣਾ ਹੀ ਨਾਲ ਖੜ੍ਹਦਾ। ਪਾਣੀ ਦਾ ਮੋਹ ਢਲਾਣ ਨਾਲ ਹੁੰਦਾ, ਜਿੰਨਾ ਮਰਜ਼ੀ ਡੱਕ ਲਓ, ਬੰਨ੍ਹ ਤੋੜ ਕੇ ਵੀ ਆਉਂਦਾ। ਕੱਚੇ ਬੰਨ੍ਹ ਪਾਣੀ ਨੂੰ ਸਦਾ ਵਾਸਤੇ ਰੋਕ ਨਹੀਂ ਸਕਦੇ', ਨਸੀਅਤ ਦਿੰਦੀ ਹੋਈ ਬਸੰਤ ਕੌਰ ਚਲੀ ਗਈ।
ਸੱਜਣ ਸਿੰਘ ਨੇ ਚਾਹ ਦਾ ਗਿਲਾਸ ਪਾਸੇ ਰੱਖਿਆ ਤੇ ਦਾਰੂ ਦਾ ਪੈੱਗ ਲਾ ਕੇ ਬਾਹਰ ਨਿਕਲ ਗਿਆ।
ਮੋਹਨ ਦੀ ਦੋ ਕਿੱਲੇ ਪੈਲੀ ਸੱਜਣ ਸਿੰਘ ਨੇ ਬੈ ਲੈ ਲਈ। ਸੀਰਾ ਵੀ ਵਿਆਹ ਲਿਆ। ਉਸ ਦਾ ਵਿਆਹ ਮੁਕਤਸਰ ਵਾਲੇ ਸਰਦਾਰ ਬਘੇਲ ਸਿੰਘ ਦੀ ਇਕਲੌਤੀ ਧੀ ਹਰਲੀਨ ਨਾਲ ਹੋ ਗਿਆ। ਵਿਆਹ ਤੋਂ ਬਾਅਦ ਸੀਰੇ ਦਾ ਯਾਰਾਂ-ਬੇਲੀਆਂ ਨਾਲ ਆਉਣ-ਜਾਣ ਵਧ ਗਿਆ ਤੇ ਹਰ ਰੋਜ਼ ਹੀ ਸ਼ਰਾਬ ਦਾ ਦੌਰ ਚਲਦਾ ਤੇ ਯਾਰਾਂ-ਬੇਲੀਆਂ ਨਾਲ ਘੁੰਮਦਾ ਹੋਇਆ ਅੱਧੀ ਰਾਤ ਨੂੰ ਸ਼ਰਾਬੀ ਹੋਇਆ ਘਰੇ ਵੜਦਾ। ਸੱਜਣ ਸਿੰਘ ਦਾ ਆਪਣੀ ਔਲਾਦ ਵੱਲ ਕੋਈ ਧਿਆਨ ਨਹੀਂ ਸੀ। ਜਦ ਬਸੰਤ ਕੌਰ ਸੀਰੇ ਦੇ ਵਿਹਲੇ ਤੇ ਵਿਗੜੇਪਨ ਦੀ ਕੋਈ ਸ਼ਿਕਾਇਤ ਕਰਦੀ ਤਾਂ ਅਣਗੌਲਿਆਂ ਕਰਦਾ ਹੋਇਆ ਕਹਿੰਦਾ, 'ਜਵਾਨੀ 'ਚ ਮੁੰਡੇ ਇਵੇਂ ਹੀ ਕਰਦੇ ਹੁੰਦੇ ਆ', ਉਸ ਦਾ ਸਾਰਾ ਧਿਆਨ ਤਾਂ ਜ਼ਮੀਨ ਖਰੀਦਣ 'ਚ ਸੀ।
ਸੱਜਣ ਸਿੰਘ ਨੇ ਆਸੇ-ਪਾਸੇ ਦੇ ਪਿੰਡਾਂ ਤੋਂ ਜ਼ਮੀਨ ਖਰੀਦ-ਖਰੀਦ ਕੇ ਪੂਰੇ ਪੰਦਰਾਂ ਮੁਰੱਬੇ ਬਣਾ ਲਏ। ਹੁਣ ਮਾਨ ਪੁਰੀਆ ਸੱਜਣ ਸਿੰਘ ਮੁੱਛਾਂ ਨੂੰ ਵੱਟ ਚਾੜ੍ਹਦਾ ਹੋਇਆ ਸ਼ਹਿਰ, ਪਿੰਡ ਤੇ ਆਪਣੇ ਖੇਤਾਂ ਵਿਚ ਛਾਤੀ ਚੌੜੀ ਕਰਕੇ ਗੇੜੇ ਦਿੰਦਾ। ਉਧਰ ਸੀਰਾ ਵੀ ਆਪਣੇ ਯਾਰਾਂ-ਬੇਲੀਆਂ ਨਾਲ ਚੌੜੇ ਟਾਇਰਾਂ ਵਾਲੀ ਖੁੱਲ੍ਹੀ ਜੀਪ 'ਚ ਡੈੱਕ ਲਾ ਕੇ ਸ਼ਹਿਰ ਕੁੜੀਆਂ ਦੇ ਕਾਲਜ ਅੱਗੇ ਗੇੜੀਆਂ ਲਾਉਂਦਾ ਤੇ ਕਈ ਵਾਰ ਸਿਰ ਵੀ ਪੜਵਾਏ। ਉਹ ਹੌਲੀ-ਹੌਲੀ ਚਿੱਟਾ ਵੀ ਲਾਉਣ ਲੱਗ ਪਿਆ। ਉਸ ਦੇ ਕੋਈ ਔਲਾਦ ਨਾ ਹੋਈ। ਨਸ਼ੇ ਨਾਲ ਦਿਨੋ-ਦਿਨ ਉਸ ਦੀ ਸਿਹਤ ਵਿਗੜਦੀ ਗਈ।
ਰਣਜੀਤ ਦਾ ਕੈਨੇਡਾ ਵਿਚ ਚੰਗਾ ਕਾਰੋਬਾਰ ਸੀ ਤੇ ਉਹ ਪਿੰਡ ਘਰ ਦੇ ਕੰਮਾਂ ਤੇ ਜ਼ਮੀਨ-ਜਾਇਦਾਦ ਵਿਚ ਕੋਈ ਦਿਲਚਸਪੀ ਨਹੀਂ ਲੈਂਦਾ ਸੀ। ਜਦ ਉਸ ਨੂੰ ਛੋਟੇ ਭਰਾ ਸੀਰੇ ਦੇ ਨਸ਼ੇ ਕਰਨ ਦਾ ਪਤਾ ਲੱਗਾ ਤਾਂ ਫਿਕਰਮੰਦ ਜ਼ਰੂਰ ਹੋਇਆ ਤੇ ਉਸ ਨੂੰ ਨਸ਼ਾ ਛੁਡਾਉਣ ਲਈ ਕੀ ਵਾਰ ਹਸਪਤਾਲ ਦਾਖਲ ਕਰਵਾਇਆ ਪਰ ਉਹ ਸੁਧਰਿਆ ਨਾ। ਇਸ ਬਾਰੇ ਸੱਜਣ ਸਿੰਘ ਵੀ ਚਿੰਤਾ 'ਚ ਰਹਿਣ ਲੱਗਾ ਤੇ ਉਸ ਨੂੰ ਬਸੰਤ ਕੌਰ ਦੀਆਂ ਚੌਕਸੀ ਕਰਨ ਵਾਲੀਆਂ ਕਹੀਆਂ ਗੱਲਾਂ ਯਾਦ ਆਉਂਦੀਆਂ ਪਰ ਨਸ਼ੇ ਵਾਲਾ ਨਾਗ ਡੰਗ ਮਾਰ ਚੁੱਕਾ ਸੀ।
ਨਿਆਈਂ ਵਾਲੀ ਮੋਟਰ ਵੱਲ ਲੋਕਾਂ ਦਾ ਰੌਲਾ ਜਿਹਾ ਸੁਣ ਕੇ ਸੱਜਣ ਸਿੰਘ ਤੇ ਬਸੰਤ ਕੌਰ ਕਾਹਲੇ ਕਦਮਾਂ ਨਾਲ ਬਾਹਰ ਨਿਕਲੇ। ਵੱਡੇ ਵਾਹੋ-ਵਾਹੀ ਲੋਕ ਉਧਰ ਨੂੰ ਭੱਜੇ ਜਾ ਰਹੇ ਸਨ। ਸੱਜਣ ਸਿੰਘ ਤੇ ਬਸੰਤ ਕੌਰ ਅੱਗੇ ਪਿੱਛੇ ਭੱਜ ਕੇ ਮੋਟਰ ਤੇ ਪਹੁੰਚੇ ਤਾਂ ਸੀਰੇ ਦੀ ਲਾਸ਼ ਮੰਜੇ 'ਤੇ ਪਈ ਸੀ ਤੇ ਬਾਂਹ 'ਚ ਸਰਿੰਜ ਖੁੱਭੀ ਪਈ ਸੀ। ਧਾਹਾਂ ਮਾਰਦੇ ਹੋਏ ਸੱਜਣ ਸਿੰਘ ਤੇ ਬਸੰਤ ਕੌਰ ਜ਼ਮੀਨ 'ਤੇ ਡਿੱਗ ਪਏ। ਮੋਹਨ ਨੇ ਸੱਜਣ ਸਿੰਘ ਨੂੰ ਚੁੱਕਿਆ ਤੇ ਸਹਾਰਾ ਦੇ ਕੇ ਦੋਵਾਂ ਨੂੰ ਪਿੰਡ ਲਿਆਂਦਾ। ਹਰਨੀਤ ਦਾ ਹਾਲ ਕਿਸੇ ਤੋਂ ਦੇਖਿਆ ਨਹੀਂ ਸੀ ਜਾਂਦਾ।
'ਮੇਰਾ ਮੁਰੱਬਿਆਂ ਵਾਲਾ ਪੁੱਤ ਕਿਧਰ ਗਿਆ?' ਸੱਜਣ ਸਿੰਘ ਕੀਰਨੇ ਪਾ ਰਿਹਾ ਸੀ। ਸੰਸਕਾਰ ਤੇ ਸੀਰੇ ਦੇ ਸਹੁਰੇ, ਹੋਰ ਰਿਸ਼ਤੇਦਾਰ ਤੇ ਰੋਂਦੀ ਕੁਰਲਾਉਂਦੀ ਭੈਣ ਜੱਸੀ ਵੀ ਪਹੁੰਚ ਗਈ। ਪਿੰਡੋਂ ਦਸ ਕੁ ਬੰਦੇ ਹੀ ਸਨ ਜੋ ਸਾਰੇ ਸੰਸਕਾਰ 'ਤੇ ਆਏ ਰਿਸ਼ਤੇਦਾਰ ਚਣਾ-ਚਣੀ ਕਰ ਰਹੇ ਸਨ। ਰਣਜੀਤ ਵੀ ਕੈਨੇਡਾ ਤੋਂ ਪਹੁੰਚ ਗਿਆ। ਸਸਕਾਰ ਹੋ ਗਿਆ। ਚਾਚਾ ਮੋਹਨ ਆਪਣੇ ਭਰਾ ਨੂੰ ਦਿਲਾਸਾ ਦੇ ਰਿਹਾ ਸੀ।
ਸੱਜਣ ਸਿੰਘ ਸੀਰੇ ਦੀ ਮੌਤ ਤੋਂ ਬਾਅਦ ਹੋਰ ਵੀ ਜ਼ਿਆਦਾ ਸ਼ਰਾਬ ਪੀਣ ਲੱਗ ਗਿਆ, ਜਿਸ ਨਾਲ ਉਸ ਦਾ ਲਿਵਰ ਕਮਜ਼ੋਰ ਹੋ ਗਿਆ ਤੇ ਕਈ ਵਾਰ ਹਸਪਤਾਲ ਦਾਖਲ ਹੋਣਾ ਪਿਆ। ਉਸ ਨੇ ਆਪਣੀ ਅੱਧੀ ਜ਼ਮੀਨ ਰਣਜੀਤ ਦੇ ਨਾਂਅ ਕਰਵਾ ਦਿੱਤੀ।
ਮੰਦੇ ਵਿਚ ਰਣਜੀਤ ਦੀ ਕੰਪਨੀ ਕਾਫੀ ਘਾਟੇ ਵਿਚ ਚਲੀ ਗਈ। ਰਣਜੀਤ ਦੇ ਚਾਚੇ ਦਾ ਪੁੱਤ ਛਿੰਦਾ ਵੀ ਉਸ ਨੂੰ ਮਿਲਦਾ ਰਹਿੰਦਾ ਤੇ ਉਸ ਨੇ ਵੀ ਆਪਣਾ ਬਿਲਡਰ ਦਾ ਕੰਮ ਕਰ ਲਿਆ, ਜਿਹੜਾ ਚੰਗਾ ਚਲ ਪਿਆ ਸੀ। ਉਸ ਨੇ ਕੈਨੇਡਾ ਵਿਚ ਆਪਣੀ ਚੰਗੀ ਜਾਣ-ਪਛਾਣ ਬਣਾ ਲਈ ਤੇ ਉਸ ਨੂੰ ਕਾਫੀ ਕੰਮ ਮਿਲਣ ਲੱਗ ਪਿਆ। ਉਸ ਨੇ ਆਪਣੇ ਪਿੰਡ ਵਾਲੇ ਘਰਦੀ ਹਾਲਾਤ ਸੁਧਾਰ ਦਿੱਤੀ ਤੇ ਕੋਠੀ ਪਾ ਕੇ ਬਾਪੂ ਦੀ ਰੀਝ ਵੀ ਪੂਰੀ ਕਰ ਦਿੱਤੀ ਸੀ।
ਰਣਜੀਤ ਨੇ ਕੰਪਨੀ ਦਾ ਘਾਟਾ ਪੂਰਾ ਨਾ ਹੁੰਦਿਆ ਦੇਖਦਿਆਂ ਪਿੰਡ ਵਾਲੀ ਦਸ ਕਿੱਲੇ ਜ਼ਮੀਨ ਵੇਚਣ ਦਾ ਫ਼ੈਸਲਾ ਕਰ ਲਿਆ। ਬਾਪੂ ਦੇ ਨਾਂਹ-ਨੁੱਕਰ ਕਰਨ 'ਤੇ ਵੀ ਉਸ ਨੇ ਬਾਪੂ ਨੂੰ ਮਨਾ ਲਿਆ।
ਰਣਜੀਤ ਕੈਨੇਡਾ ਤੋਂ ਇੰਡੀਆ ਆਪਣੇ ਘਰ ਪਹੁੰਚ ਗਿਆ। ਅਗਲੇ ਹੀ ਦਿਨ ਰਣਜੀਤ ਸ਼ਹਿਰ ਟੀਟੂ ਦਲਾਲ ਨੂੰ ਮਿਲਿਆ ਜਿਸ ਨਾਲ ਉਸ ਦੀ ਕੈਨੇਡਾ ਤੋਂ ਅਕਸਰ ਗੱਲਬਾਤ ਹੁੰਦੀ ਰਹਿੰਦੀ ਸੀ। ਟੀਟੂ ਨੇ ਗਾਹਕ ਤਿਆਰ ਕਰ ਲਿਆ ਤੇ ਉਸ ਤੋਂ ਸਾਈ ਫੜ ਕੇ ਰਣਜੀਤ ਨੂੰ ਦੇ ਦਿੱਤੀ ਤੇ ਸੌਦਾ ਪੱਕਾ ਹੋ ਗਿਆ।
ਚਾਰ ਕੁ ਦਿਨ ਬਾਅਦ ਰਣਜੀਤ ਬਾਪੂ ਸੱਜਣ ਸਿੰਘ ਨੂੰ ਲੈ ਕੇ ਬਿਆਨਾ ਲਿਖਵਾਉਣ ਲਈ ਸ਼ਹਿਰ ਪਹੁੰਚ ਗਿਆ ਕਿਉਂਕਿ ਦਸ ਕਿੱਲਿਆਂ ਦੇ ਸੌਦੇ ਵਿਚ ਤਿੰਨ ਕਿੱਲੇ ਸੱਜਣ ਸਿੰਘ ਦੇ ਨਾਂਅ ਸਨ।
ਟੀਟੂ ਡੀਲਰ ਨੇ ਪਹਿਲਾਂ ਹੀ ਬਿਆਨਾ ਟਾਈਪ ਕਰਵਾ ਕੇ ਤਿਆਰ ਕੀਤਾ ਹੋਇਆ ਸੀ। ਉਸ ਨੇ ਬਿਆਨਾ ਪੜ੍ਹਨ ਲਈ ਰਣਜੀਤ ਨੂੰ ਦਿੱਤਾ। ਰਣਜੀਤ ਬਿਆਨਾ ਪੜ੍ਹ ਕੇ ਹੱਕਾ-ਬੱਕਾ ਰਹਿ ਗਿਆ ਤੇ ਉਸ ਨੇ ਬਿਆਨੇ ਦਾ ਕਾਗਜ਼ ਬਾਪੂ ਜੀ ਅੱਗੇ ਕਰ ਦਿੱਤਾ। ਸੱਜਣ ਸਿੰਘ ਨੂੰ ਬਿਆਨਾ ਪੜ੍ਹ ਕੇ ਦੌਰਾ ਜਿਹਾ ਪੈ ਗਿਆ ਤੇ ਅਰਜ਼ੀ ਨਵੀਸ ਦੀ ਰੱਖੀ ਕੁਰਸੀ 'ਤੇ ਬੈਠ ਗਿਆ।
'ਲੈ ਬਾਈ, ਪਾਣੀ ਪੀ, ਤੇਰੀ ਜ਼ਮੀਨ ਇਥੇ ਹੀ ਰਹਿਣੀ ਆ। ਤੂੰ ਘਬਰਾ ਨਾ। ਕੀ ਹੋਇਆ ਜੇ ਮੈਂ ਤੇਰੀ ਜ਼ਮੀਨ ਖਰੀਦ ਲਈ, ਤੇਰੇ ਤੇ ਮੇਰੇ 'ਚ ਕੋਈ ਫਰਕ ਆ? ਇਕ ਢਿੱਡੋਂ ਜੰਮੇ ਆਂ। ਨਹੁੰਆਂ ਨਾਲੋਂ ਮਾਸ ਕਦੇ ਵੱਖ ਨਹੀਂ ਹੁੰਦਾ। ਤੂੰ ਘਬਰਾ ਨਾ, ਇਹ ਜ਼ਮੀਨ ਤੂੰ ਹੀ ਵਾਹੇਂਗਾ, ਆਪਣੀ ਮਰਜ਼ੀ ਨਾਲ ਜਿੰਨਾ ਚਾਹੇਂ ਠੇਕਾ ਦੇ ਦਿਆਂ ਕਰ, ਭਾਵੇਂ ਨਾ ਵੀ ਦੇਵੀਂ, ਤੂੰ ਮੇਰਾ ਵੱਡਾ ਭਰਾ ਏਂ ਬਾਈ', ਮੋਹਨ ਨੇ ਦਿਲਾਸਾ ਦਿੰਦਿਆਂ ਬਿਆਨੇ 'ਤੇ ਦਸਤਖਤ ਕੀਤੇ ਤੇ ਫਿਰ ਸੱਜਣ ਸਿੰਘ ਵੱਲ ਕਰ ਦਿੱਤਾ। ਸੱਜਣ ਸਿੰਘ ਦੀਆਂ ਅੱਖਾਂ 'ਚ ਹੰਝੂ ਨਹਿਰ ਵਾਂਗ ਵਗ ਤੁਰੇ। ਉਹ ਭਰੀਆਂ ਅੱਖਾਂ ਨਾਲ ਹੱਥ 'ਚ ਬਿਆਨਾ ਫੜੀ ਮੋਹਨ ਵੱਲ ਤੱਕਦਾ ਹੋਇਆ ਸੋਚ ਰਿਹਾ ਸੀ, 'ਕੀ ਮੋਟੀ ਜਾਇਦਾਦ ਦੇ ਹੰਕਾਰ ਵਿਚ ਛੋਟੇ ਭਰਾ ਨੂੰ ਦਿੱਤੇ ਦੁੱਖ ਤੇ ਲੋਕਾਂ ਦਾ ਚੂਸਿਆ ਲਹੂ ਇਨ੍ਹਾਂ ਹੰਝੂਆਂ ਰਾਹੀਂ ਵਗ ਜਾਵੇਗਾ।'
ਅੱਜ ਪੰਦਰਾਂ ਮੁਰੱਬਿਆਂ ਵਾਲਾ ਸਰਦਾਰ, ਪੰਦਰਾਂ ਕਿੱਲਿਆਂ ਵਾਲੇ ਅੱਗੇ ਲੋਥ ਜਿਹੀ ਬਣਿਆ ਬੈਠਾ ਸੀ।
-ਪਿੰਡ ਕਾਹਨ ਸਿੰਘ ਵਾਲਾ, ਜ਼ਿਲ੍ਹਾ ਮੋਗਾ।
ਮੋਬਾਈਲ : 89686-00674