ਹਰਿਆਣਾ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਸਮੇਂ ਚਟਖਾਰੇਦਾਰ 'ਜਲੇਬੀਆਂ' ਸਿਆਸੀ ਸੁਆਦ ਲੈਣ ਦਾ ਮੁੱਦਾ ਬਣੀਆਂ ਰਹੀਆਂ ਸਨ। ਇਸ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ 'ਚ ਮੂੰਹ 'ਚ ਪਾਣੀ ਲਿਆਉਣ ਵਾਲੇ ਮੀਟ ਵਾਲਾ 'ਜੰਗਲੀ ਮੁਰਗਾ' ਤੇ ਕਰਾਰਾ 'ਸਮੋਸਾ' ਸਪਾਟਲਾਈਟ 'ਚ ਆਏ ਰਹੇ ਅਤੇ ਬਾਅਦ 'ਚ ਕਈ ਥਾਂ ਕੜਕ 'ਰੇਵੜੀਆਂ' ਨੇ ਰਾਜਨੀਤਕ ਮੰਚ ਮੱਲੀ ਰੱਖੇ।
ਆਹ ਹੁਣੇ ਜਿਹੇ ਪੱਛਮੀ ਬੰਗਾਲ 'ਚ ਹੋਈਆਂ ਦੋ-ਪੜਾਵੀ ਵਿਧਾਨ ਸਭਾ ਚੋਣਾਂ ਦੌਰਾਨ ਭਖੇ ਹੋਏ ਸਿਆਸੀ ਪ੍ਰਚਾਰ ਦਾ ਮੁੱਦਾ 'ਮੱਛਲੀ' ਬਣਿਆ ਰਿਹਾ ਹੈ।
ਆਪਾਂ ਸਾਰਿਆਂ ਨੇ ਮੱਛੀ ਬਾਰੇ ਬੱਚਿਆਂ ਦਾ ਨਰਸਰੀ-ਗੀਤ ਤਾਂ ਸੁਣਿਆ ਹੀ ਹੈ-
'ਮਛਲੀ ਜਲ ਕੀ ਰਾਨੀ ਹੈ,
ਜੀਵਨ ਉਸ ਕਾ ਪਾਨੀ ਹੈ,
ਹਾਥ ਲਗਾਓ ਡਰ ਜਾਏਗੀ,
ਬਾਹਰ ਨਿਕਾਲੋ ਮਰ ਜਾਏਗੀ'।
ਪਰ ਬੰਗਾਲ 'ਚ ਮਛਲੀ ਦਾ ਮੁੱਦਾ ਮਾਸੂਮ ਬਾਲਾਂ ਦੇ ਗੀਤ ਦੀ ਬਜਾਏ ਵੱਡਿਆਂ ਵਿੱਚ ਪ੍ਰਚੰਡ ਤਕਰਾਰ ਅਤੇ ਤਲਖ ਚੋਣ-ਪ੍ਰਚਾਰ ਦਾ ਮਾਮਲਾ ਬਣਿਆ ਰਿਹਾ ਹੈ।
ਤ੍ਰਿਣਮੂਲ ਕਾਂਗਰਸ ਦੀ ਦਬੰਗ ਸੁਪਰੀਮੋ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੰਗਾਲੀ ਵੋਟਰਾਂ ਨੂੰ ਚਿਤਾਵਨੀ ਦਿੱਤੀ ਕਿ ਜੇ 'ਭਿੰਡੀ, ਜਵਾਰ ਪਾਰਟੀ' ਜਿੱਤ ਗਈ ਤਾਂ ਉਹ ਪ੍ਰਾਂਤ 'ਚ ਮੱਛੀ, ਮੀਟ ਅਤੇ ਆਂਡਿਆਂ ਉਪਰ ਪਾਬੰਦੀ ਲਗਾ ਦੇਵੇਗੀ। ਇਸ ਦੋਸ਼ ਲਈ ਗਵਾਂਢੀ ਸੂਬੇ ਬਿਹਾਰ 'ਚ ਭਾਜਪਾ-ਜਨਤਾ ਦਲ (ਯੂ) ਗੱਠਬੰਧਨ ਵਲੋਂ ਸਕੂਲਾਂ ਅਤੇ ਮੰਦਿਰਾਂ ਨੇੜੇ ਮੱਛੀ-ਮੀਟ ਦੀ ਵਿੱਕਰੀ 'ਤੇ ਲਗਾਈਆਂ ਗਈਆਂ ਰੋਕਾਂ ਮਮਤਾ ਦੀਦੀ ਲਈ ਵਰਦਾਨ ਸਾਬਤ ਹੋਈਆਂ। ਇਸ ਬਿਆਨ ਤੋਂ ਬਾਅਦ ਬੰਗਾਲ ਚੋਣ-ਮੈਦਾਨ 'ਕੈਟਲਾ-ਮਾਛ ਕੁਰਕਸ਼ੇਤਰਾ' ਬਣ ਗਿਆ! ('ਕੈਟਲਾ' ਮੱਛੀ ਦੀ ਕਿਸਮ ਹੈ)।
ਬੰਗਾਲੀਆਂ ਦਾ ਸਟੇਪਲ ਖਾਣਾ ਮੱਛੀ-ਚਾਵਲ ਹੈ। ਬੰਗਾਲ ਵਿਚ ਚਾਰ 'ਰਾਰੇ' (ਆਰਜ਼) ਬਹੁਤ ਪ੍ਰਚੱਲਿਤ ਅਤੇ ਹਰਮਨ ਪਿਆਰੇ ਹਨ-'ਰੋਬਿੰਦਰੋਨਾਥ' (ਰਾਬਿੰਦਰਨਾਥ ਟੈਗੋਰ), 'ਰੈਵੋਲਿਯੂਸ਼ਨ' (ਕ੍ਰਾਂਤੀ), 'ਰੋਸ਼ਗੋਲਾ' (ਰਸਗੁਲਾ) ਅਤੇ 'ਰੋਹੂ ਮਾਛੀ'! ਇਹ ਆਮ ਕਿਹਾ ਜਾਂਦੈ ਕਿ 'ਮਾਛੀ, ਭਾਤ, ਬੰਗਾਲੀ' (ਭਾਵ ਬੰਗਾਲੀ ਮੱਛੀ ਅਤੇ ਚਾਵਲ ਤੋਂ ਬਣੇ ਹਨ!)। ਇਹ ਸਭ ਕੁਝ ਬੰਗਾਲੀਆਂ ਦੇ ਦਿਲਾਂ ਅਤੇ ਭਾਵਨਾਵਾਂ ਦਾ ਹਿੱਸਾ ਹੈ। ਬੰਗਾਲੀ ਰੂਹ ਹੀ ਸਮਝੋ। ਇਸ 'ਚ ਮਾਣਮੱਤਾ ਬੰਗਾਲੀ ਸੱਭਿਆਚਾਰ, ਖੇਤਰੀ ਪਹਿਚਾਣ ਅਤੇ ਆਨ-ਬਾਨ-ਸ਼ਾਨ ਸਮਾਈ ਹੋਈ ਹੈ। ਇਹ ਸਭ ਮਮਤਾ ਦੀਦੀ ਦੇ 'ਮਾ, ਮਾਟੀ, ਮਾਨੁਸ਼' ਨਾਅਰੇ ਦੇ ਵੀ ਬਹੁਤ ਨੇੜੇ ਹੈ। ਉਸ ਨੇ ਇਸ ਨੂੰ ਬੰਗਾਲੀ ਵੱਕਾਰ, ਖਾਣ-ਪੀਣ ਦੇ ਸੁਭਾਅ ਤੇ ਹੋਂਦ ਦੀ ਲੜਾਈ ਬਣਾ ਦਿੱਤਾ ਅਤੇ ਹਿੰਦੀ-ਹਾਰਟਲੈਂਡ ਦੀ ਵਿਸ਼ਾਲ ਸ਼ਕਤੀ ਦੇ ਸੱਭਿਆਚਾਰਕ ਹਮਲੇ ਤੋਂ ਬਚਣ ਲਈ ਇੱਕ ਰਾਜਨੀਤਕ ਤੇ ਰਣਨੀਤਕ ਪੈਂਤੜਾ ਵੀ।
ਬੰਗਾਲੀਆਂ 'ਚ ਰੋਹੂ/ਰੂਈ), ਹਿਲਸਾ/ਇਲੀਸ ਤੇ ਕੈਟਲਾ ਕਿਸਮ ਦੀਆਂ ਮੱਛੀਆਂ ਬਹੁਤ ਪਸੰਦ ਕੀਤੀਆਂ ਜਾਂਣ ਵਾਲੀਆਂ ਪ੍ਰਜਾਤੀਆਂ 'ਚੋਂ ਹਨ। ਬੰਗਾਲੀ ਇਨ੍ਹਾਂ ਮੱਛੀਆਂ ਅਤੇ ਫੁੱਟਬਾਲ ਦੇ ਮਰਨ-ਮਰਾਉਣ ਤੱਕ ਜਾਣ ਵਾਲੇ ਆਸ਼ਕ ਹਨ! ਸ਼ਾਦੀ-ਵਿਆਹਾਂ 'ਚ ਸਾਲਮ ਮੱਛੀ ਲਾੜੇ ਦੇ ਟੇਬਲ 'ਤੇ ਟਰੇਅ 'ਚ ਸਜਾ ਕੇ ਪਰੋਸੀ ਜਾਂਦੀ ਹੈ। ਪਰਿਵਾਰ ਦਾ ਸਮਾਜਿਕ ਸਟੇਟਸ ਫੀਸਟ ਵਿਚ ਪਰੋਸੀਆਂ ਮੱਛੀਆਂ ਦੀ ਗਿਣਤੀ ਤੋਂ ਨਿਰਧਾਰਤ ਹੁੰਦਾ ਹੈ।
ਹਿਲਸਾ ਨੂੰ ਉਹ ਮਾਛਰ-ਰਾਜਾ ਭਾਵ ਮੱਛੀਆਂ ਦਾ ਰਾਜਾ ਕਹਿੰਦੇ ਹਨ। ਇਹ ਵਿਸ਼ੇਸ਼ਣ ਰੋਹੂ ਲਈ ਵੀ ਵਰਤਿਆ ਜਾਂਦੈ। ਇਸ ਸੰਬੰਧੀ ਅਖਾਣ ਹੈ-ਮਾਛਰ ਮਾਧਇਏ ਰੂਈ, ਸ਼ੰਕਰ ਮਾਧਇਏ ਪੂਈ' (ਭਾਵ ਮੱਛੀਆਂ 'ਚ ਰੂਈ ਅਤੇ ਸਬਜ਼ੀਆਂ 'ਚ ਪੂਈ ਸ੍ਰੇਸ਼ਟ ਹਨ )। ਹਿਲਸਾ ਪ੍ਰਜਾਤੀ ਦੀ ਮੱਛੀ 'ਚ 'ਇਲੀਸ਼ ਭਾਪਾ' (ਭਾਫ 'ਚ ਪਕਾਈ ਮੱਛੀ), 'ਸ਼ੋਰੇਸ਼ ਇਲੀਸ਼' (ਸਰ੍ਹੋਂ ਦੇ ਤੇਲ ਨਾਲ ਤਲੀ ਮੱਛੀ) ਅਤੇ 'ਫਰਾਈਡ ਫਿੱਸ਼' ਬਹੁਤ ਹਰਮਨ ਪਿਆਰੀਆਂ ਹਨ।
ਲੋਕ ਮਨਮੌਜੀ ਲੇਖਕ ਸੁਕੁਮਾਰ ਰਾਇ ਦੀ ਤਰੰਗੀ 'ਮਾਛਰ ਰਾਜਾ' ਸੁਣ ਕੇ ਮੰਤਰ ਮੁਗਧ ਹੋ ਜਾਂਦੇ ਹਨ। ਫੁੱਟਬਾਲ ਪ੍ਰੇਮੀ ਈਸਟ ਬੰਗਾਲ ਦੀ ਜਿੱਤ 'ਸਟੀਮਡ ਇਲਿਸ਼' ਨਾਲ ਮਨਾਉਂਦੇ ਹਨ। ਮੋਹਨ ਬਾਗਾਨ ਦੇ ਫੈੇਨਜ਼ 'ਚਿੰਗੜੀ ਮਲਾਈ ਕਰੀ' ਦਾ ਲੁਤਫ ਲੈਂਦੇ ਹਨ।
ਪ੍ਰਚਾਰ ਦੌਰਾਨ ਮੱਛੀ ਭਾਜਪਾ ਲਈ ਗਲੇ ਦਾ 'ਕੰਡਾ/ਹੱਡੀ' ਬਣੀ ਰਹੀ ਹੈ। ਮਮਤਾ ਦੀਦੀ ਦੇ 'ਮਾਛੀ-ਭਾਤ ਹਮਲੇ' ਦਾ ਮੁਕਾਬਲਾ ਕਰਨ ਲਈ ਉਹ ਪੂਰੀ ਵਾਹ ਲਾਉਂਦੇ ਰਹੇ ਹਨ। ਸਮੇਂ ਦਾ ਸਿਤਮ ਦੇਖੋ ਕਿ ਭਾਜਪਾਈ, ਜੋ ਆਮ ਤੌਰ 'ਤੇ ਸ਼ੁੱਧ ਸ਼ਾਕਾਹਾਰੀ ਭੋਜਨ ਦੇ ਝੰਡਾ-ਬਰਦਾਰ ਹਨ, ਬੰਗਾਲ ਦੀਆਂ ਚੋਣਾਂ 'ਚ ਆਪਣੇ ਆਪ ਨੂੰ ਹੋਰਨਾਂ ਬੰਗਾਲੀਆਂ ਵਾਂਗ 'ਮਾਛੀ-ਭਾਤ' ਦੇ ਸ਼ੈਦਾਈ ਦੱਸ ਰਹੇ ਸਨ! ਹੋਰ ਤਾਂ ਹੋਰ, ਕੁਝ ਉਮੀਦਵਾਰ ਤਾਂ ਸੱਚੀਂ-ਮੁੱਚੀਂ ਦੀ ਮੱਛੀ ਹੱਥ 'ਚ ਫੜ ਕੇ ਚੋਣ ਪ੍ਰਚਾਰ ਕਰਦੇ ਰਹੇ! ਕਈ ਮਾਛੀ-ਚਾਵਲ ਭੋਜਨ ਨਾਲ ਫੋਟੋਆਂ ਖਿਚਵਾ-ਖਿਚਵਾ ਕੇ ਆਪਣੇ ਸੋਸ਼ਲ ਹੈਂਡਲਾਂ ਉਪਰ ਪਾ ਰਹੇ ਸਨ!
ਪ੍ਰਧਾਨ ਮੰਤਰੀ ਤੱਕ ਬੰਗਾਲ ਨੂੰ 'ਸਮੁੰਦਰੀ ਹੱਬ' ਬਨਾਉਣ ਦਾ ਵਾਅਦਾ ਕਰ ਰਹੇ! ਉਨ੍ਹਾਂ ਬੰਗਾਲ ਸਰਕਾਰ ਵਿਰੁੱਧ ਆਰਥਿਕ ਪੈਂਤੜਾ ਲੈਂਦਿਆਂ ਦੋਸ਼ ਲਾਇਆ ਕਿ ਉਥੇ ਮੱਛੀ ਦੀ ਐਨੀਂ ਮੰਗ ਹੋਣ ਦੇ ਬਾਵਜੂਦ ਰਾਜ ਸਰਕਾਰ ਬੰਗਾਲ ਨੂੰ ਮੱਛੀ ਉਤਪਾਦਨ ਵਿਚ ਸਵੈ-ਨਿਰਭਰ ਬਣਾਉਣ 'ਚ ਅਸਫਲ਼ ਰਹੀ। ਗ੍ਰਹਿ ਮੰਤਰੀ ਵੀ ਬੰਗਾਲੀਆਂ ਨੂੰ ਇਹ ਭਰੋਸਾ ਦਿੰਦੇ ਰਹੇ ਕਿ ਮੱਛੀਆਂ ਅਤੇ ਆਂਡਿਆਂ ਉਪਰ ਕਿਸੇ ਕਿਸਮ ਦੀ ਰੋਕ ਨਹੀਂ ਲਾਈ ਜਾਵੇਗੀ। ਇਸ 'ਫਿੱਸ਼ ਵਾਰ' (ਮੱਛੀ-ਯੁੱਧ) 'ਚ ਆਸਾਮ ਦਾ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਵੀ ਕੁੱਦ ਪਿਆ ਸੀ ਤੇ ਉਸ ਨੇ ਟੀ.ਐਮ.ਸੀ. ਨੇਤਾਵਾਂ ਨੂੰ 'ਮੱਛੀ ਖਾਣ' ਦਾ ਮੁਕਾਬਲਾ ਕਰਨ ਦਾ ਚੈਲੇਂਜ ਦੇ ਮਾਰਿਆ!
ਵਾਹ ਨੀ ਸਿਆਸਤੇ! ਕੀ ਕੀ ਪਟੌਟੇ ਕਰਵਾਉਂਦੀ ਹੈਂ ਤੂੰ ਰਾਜਨੀਤਕ ਪਾਰਟੀਆਂ ਦੇ ਆਗੂਆਂ ਤੋਂ!
ਬੰਗਾਲ 'ਚ ਮੁਕਾਬਲਾ ਕਾਂਟੇ ਦਾ ਸੀ। ਚੋਣ ਪ੍ਰਚਾਰ ਕਾਰਨ ਉਥੇ ਮੁਹਾਵਰਤਨ ਮੱਛੀ ਮਾਰਕਿਟ ਬਣੀ ਹੋਈ ਸੀ। ਸਭ ਦਾ ਨਿਸ਼ਾਨਾ ਅਰਜੁਨ ਦੇ ਤੀਰ ਵਾਂਗ ਮੱਛੀ ਦੀ ਅੱਖ ਉਪਰ ਸੇਧਤ ਰਿਹਾ। ਹਾਂ, ਕਈ ਤੇਰ-ਮੇਰ ਮੂਤ 'ਚੋਂ ਮੱਛੀਆਂ ਫੜਨ ਦੀ ਝੱਖ ਵੀ ਮਾਰ ਰਹੇ ਸਨ।
ਬੰਗਾਲ 'ਚ ਭਾਜਪਾ ਨੇ ਵੀ ਧਰਤ-ਆਕਾਸ਼ ਇੱਕ ਕੀਤੇ ਹੋਏ ਸਨ ਮਮਤਾ ਬੈਨਰਜੀ ਦੀ ਸੱਤਾਧਾਰੀ ਪਾਰਟੀ ਨੂੰ ਹਰਾਉਣ ਲਈ ਪਰ ਮਮਤਾ ਦੀਦੀ ਵੀ ਚੋਣ ਮੈਦਾਨ 'ਚ ਸ਼ੇਰਨੀ ਵਾਂਗ ਦਹਾੜਦੀ ਰਹੀ। ਉਸ ਸੂਬੇ, ਜਿਸ ਵਿਚ 'ਸਰ' (ਸਪੈਸ਼ਲ ਇੰਟੈਸਿਵ ਰਿਵੀਜ਼ਨ) ਤਹਿਤ ਕਰੀਬ 90 ਲੱਖ ਵੋਟਾਂ ਕੱਟ ਦਿੱਤੀਆਂ ਗਈਆਂ ਹੋਣ, ਜੋ ਕਿ ਕਈ ਮੁਲਕਾਂ ਦੀ ਕੁੱਲ ਅਬਾਦੀ ਨਾਲੋਂ ਵੀ ਵੱਧ ਹੈ, ਵਿੱਚ ਇਸ ਸਮੇਂ ਇਹ ਕਹਿਣਾ ਕਿ ਕੌਣ ਜਿੱਤੇਗਾ ਤਾਂ ਇਸ ਅਖਾਣ ਵਾਂਗ ਹੋਵੇਗਾ -' ਮੱਛੀ ਰਹੀ ਦਰਿਆ ਤੇ ਰੰਨ ਮਿਰਚਾਂ ਕੁੱਟੇ'!
ਅੰਤਿਕਾ- (1)
ਕਈ ਇਲਾਕਿਆਂ 'ਚ 'ਛ' ਅੱਖਰ ਨੂੰ 'ਸ' ਬੋਲਿਆ ਜਾਂਦੈ। ਇਸ ਲਈ ਉਥੇ 'ਮੱਛੀ' ਨੂੰ 'ਮੱਸੀ' ਕਿਹਾ ਜਾਂਦੈ। ਇਕ ਬਹੁਤ ਹੀ ਪੜ੍ਹੇ ਲਿਖੇ ਸੱਜਣ ਨੇ ਆਪਣੇ ਇਸ ਇਲਾਕਾਈ ਗ਼ਲਤ ਉਚਾਰਨ ਉਪਰ ਰੰਜ ਕਰਦਿਆਂ ਕਿਹਾ-'ਯਾਰ, ਪਤਾ ਨਹੀਂ ਸਾਡੇ ਲੋਕ ਮੱਛੀ ਨੂੰ ਮੱਸੀ ਕਿਉਂ ਕਹਿੰਦੇ ਐ? ਜੇ 'ਛ' ਦਾ ਉਚਾਰਨ ਨਾ ਆਵੇ ਤਾਂ ਘੱਟੋ-ਘੱਟ ਪੜ੍ਹੇ-ਲਿਖੇ ਲੋਕ ਤਾਂ ਇਸ ਦੀ ਥਾਂ 'ਫਿੱਸ' ਸ਼ਬਦ ਵਰਤ ਸਕਦੇ ਐ'! (ਉਸ ਦਾ ਮਤਲਬ ਸੀ ਮੱਛੀ ਲਈ ਅੰਗਰੇਜ਼ੀ ਸ਼ਬਦ 'ਫਿੱਸ਼'!)
(2)
ਮੱਛੀ ਲਈ ਸ਼ਬਦ 'ਮੀਨ' ਵੀ ਵਰਤਿਆ ਜਾਂਦੈ ਜੋ ਸੰਸਕ੍ਰਿਤ ਦਾ ਸ਼ਬਦ ਹੈ। ਹੋਰ ਵਰਤੇ ਜਾਣ ਵਾਲੇ ਸ਼ਬਦ ਮੱਛ, ਮਛੁ, ਮਛਲੀ, ਮਛੁਲੀ, ਮਤਸਯ ਆਦਿ ਹਨ।
-ਫਗਵਾੜਾ। ਮੋਬਾ.: 98766-55055