25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

07-02-26

Ad Position 21
No active advertisement
ਅਜੀਤ ਡੈਸਕ 07-02-2026

 ਰੈਣ ਭਈ ਚਹੁੰ ਦੇਸ
ਲੇਖਿਕਾ : ਰਣਜੀਤ ਪਵਾਰ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 300 ਰੁਪਏ, ਪੰਨੇ : 192
ਸੰਪਰਕ : 9872010595

ਦੋ ਭਾਸ਼ਾਵਾਂ 'ਚ ਕੌਮੀ ਪੱਧਰ ਉੱਤੇ ਅਖ਼ਬਾਰਾਂ ਅਤੇ ਰਸਾਲਿਆਂ 'ਚ ਕਲਮ ਚਲਾਉਣ ਵਾਲੀ ਲੇਖਿਕਾ ਰਣਜੀਤ ਪਵਾਰ ਅੰਗਰੇਜ਼ੀ ਅਤੇ ਪੰਜਾਬੀ ਦੀ ਸਾਹਿਤ ਸਿਰਜਣਾ ਦੇ ਖੇਤਰ ਵਿਚ ਸਥਾਪਿਤ ਲੇਖਿਕਾ ਵਜੋਂ ਆਪਣੀ ਪਹਿਚਾਣ ਬਣਾ ਚੁੱਕੀ ਹੈ। ਸੰਨ 2025 'ਚ ਪ੍ਰਕਾਸ਼ਿਤ ਲੇਖਿਕਾ ਦੀ ਇਹ ਹਥਲੀ ਪੁਸਤਕ ਇਸ ਤੋਂ ਪਹਿਲਾਂ ਅੰਗਰੇਜ਼ੀ ਭਾਸ਼ਾ 'ਚ ਵੀ ਪ੍ਰਕਾਸ਼ਿਤ ਹੋ ਚੁੱਕੀ ਹੈ। ਮਨੋਵਿਗਿਆਨ ਦੇ ਲੈਕਚਰਾਰ ਵਜੋਂ ਆਪਣੀ ਜ਼ਿੰਦਗੀ ਦਾ ਸਫ਼ਰ ਸ਼ੁਰੂ ਕਰਨ ਵਾਲੀ ਲੇਖਿਕਾ ਪੰਜਾਬ ਸਰਕਾਰ 'ਚ ਉੱਚੇ ਅਹੁਦੇ ਉੱਤੇ ਰਹਿ ਚੁੱਕੀ ਹੈ। ਉਹ ਸਾਹਿਤ ਸਿਰਜ ਣਾ ਦੇ ਨਾਲ-ਨਾਲ ਸਮਾਜੀ ਨਿਆਂ, ਵਾਤਾਵਰਨ ਅਤੇ ਪੇਂਡੂ ਸਿੱਖਿਆ ਦੇ ਖੇਤਰਾਂ 'ਚ ਵੀ ਸੇਵਾਵਾਂ ਨਿਭਾ ਰਹੀ ਹੈ। ਉਸ ਨੇ ਆਪਣੀ ਇਹ ਪੁਸਤਕ ਗੁਰਪ੍ਰੀਤ, ਜਸਪ੍ਰੀਤ ਅਤੇ ਮਿਹਰ ਨੂੰ ਸਮਰਪਿਤ ਕੀਤੀ ਹੈ। ਅੰਗਰੇਜ਼ੀ ਤੋਂ ਪੰਜਾਬੀ ਭਾਸ਼ਾ 'ਚ ਅਨੁਵਾਦ ਕਰਕੇ ਇਸ ਪੁਸਤਕ ਦੇ ਰਚਨਾਤਮਿਕ ਸਫ਼ਰ 'ਚ ਸਹਿਯੋਗ ਕਰਨ ਵਾਲੇ ਸਹਿਯੋਗੀਆਂ ਦਵੀ, ਰੁਪਿੰਦਰ ਸਿੰਘ ਅਤੇ ਕੁਲਦੀਪ ਧਨੌਲਾ ਦਾ ਵੀ ਉਸ ਵਲੋਂ ਧੰਨਵਾਦ ਕੀਤਾ ਗਿਆ ਹੈ। ਵਾਰਤਕ ਵਿਧਾ ਦੀ ਇਸ ਪੁਸਤਕ ਦੀ ਉਪਜ ਦੋ ਪੰਜਾਬਾਂ ਦੀ ਵੰਡ ਦੇ ਦਰਦ ਵਿਚੋਂ ਉਪਜੀ ਹੈ। ਪੁਸਤਕ ਦੀਆਂ ਕੁੱਲ 22 ਰਚਨਾਵਾਂ ਸਮੁੱਚੇ ਪੰਜਾਬ ਦੇ ਦੋ ਫਾੜ ਹੋਣ ਦੇ ਮੰਦਭਾਗੇ ਵਰਤਾਰੇ ਦੇ ਨਾਲ ਜੁੜੀਆਂ ਹੋਈਆਂ ਹਨ। ਦੇਸ਼ ਦੀ ਵੰਡ ਤੋਂ ਪਹਿਲਾਂ ਜਨਮੀ ਲੇਖਿਕਾ ਨੇ ਮੁਲਕ ਵਿਸ਼ੇਸ਼ ਤੌਰ 'ਤੇ ਪੰਜਾਬ ਦੀ ਵੰਡ ਦੇ ਹੰਢਾਏ ਵਰਤਾਰਿਆਂ ਦੀ ਪੀੜ ਨੂੰ ਆਪਣੇ ਪਰਿਵਾਰ ਨਾਲ ਜੁੜੇ ਲੋਕਾਂ ਅਤੇ ਬਜ਼ੁਰਗਾਂ ਤੋਂ ਸੁਣਕੇ ਆਪਣੀਆਂ ਭਾਵਨਾਵਾਂ ਨੂੰ ਕਿਤਾਬੀ ਰੂਪ ਦਿੱਤਾ ਹੈ।
ਲੇਖਿਕਾ ਨੇ ਆਪਣੀਆਂ ਰਚਨਾਵਾਂ ਦੇ ਮਾਧਿਅਮ ਰਾਹੀਂ ਸਾਡੇ ਗੁਰੂਆਂ ਪੀਰਾਂ ਦੀ ਵਿਛੜੀ ਧਰਤੀ ਇਕ ਭਾਸ਼ਾ, ਇਕ ਸੱਭਿਆਚਾਰ, ਇਕੋ ਜਿਹੇ ਰਹਿਣ ਸਹਿਣ ਦੇ ਲੋਕਾਂ ਨੂੰ ਇਕ ਦੂਜੇ ਤੋਂ ਵੱਖ ਕਰਨ ਦੇ ਵਰਤਾਰੇ ਨੂੰ ਬਹੁਤ ਹੀ ਡੂੰਘਾਈ, ਸੰਵੇਦਨਸ਼ੀਲਤਾ ਅਤੇ ਰੌਚਿਕ ਸ਼ੈਲੀ ਵਿਚ ਬਿਆਨ ਕੀਤਾ ਹੈ। ਵੰਡ ਤੋਂ ਪਹਿਲਾਂ ਦੇ ਪੰਜਾਬ ਦੇ ਹਰ ਵਰਗ ਤੇ ਧਰਮ ਦੇ ਲੋਕਾਂ ਦੇ ਰੀਤੀ ਰਿਵਾਜਾਂ, ਪਹਿਰਾਵੇ, ਖਾਣ ਪੀਣ ਅਤੇ ਸੱਭਿਆਚਾਰ ਦੀ ਸਾਂਝ ਨੂੰ ਬਾਖੂਬੀ ਬਿਆਨਿਆ ਗਿਆ ਹੈ। 'ਵਿਆਹ ਦੇ ਗੀਤ' ਰਚਨਾ ਵਿਚ ਸਕੀਨਾ ਦਾ ਨਿੰਮੋ ਨੂੰ ਉਸ ਦੇ ਲਾੜੇ ਬਾਰੇ ਇਹ ਕਹਿਣਾ, 'ਹਾਏ ਨੀ ਨਿੰਮੋ ਜੀਜਾ ਤਾਂ ਕੋਈ ਸ਼ਹਿਜ਼ਾਦਾ ਲਗਦਾ ਹੈ', ਹਿੰਦੂ ਮੁਸਲਿਮ ਲੋਕਾਂ ਦੀ ਆਪਸੀ ਸਾਂਝ ਵੱਲ ਇਸ਼ਾਰਾ ਕਰਦਾ ਹੈ। ਪੁਸਤਕ ਨੂੰ ਪੜ੍ਹਦਿਆਂ ਅਨੁਭਵ ਹੁੰਦਾ ਹੈ ਕਿ ਘਟਨਾਵਾਂ ਦੀ ਵਿਉਂਤਬੰਦੀ, ਪਾਤਰਾਂ, ਘਟਨਾਵਾਂ ਅਤੇ ਭਾਵਨਾਵਾਂ ਅਨੁਸਾਰ ਸ਼ਬਦਾਂ ਦੀ ਚੋਣ ਵਿਚ ਲੇਖਿਕਾ ਪੂਰੀ ਤਰ੍ਹਾਂ ਸਫਲ ਰਹੀ ਹੈ। ਉਸ ਦੀ ਭਾਸ਼ਾਈ ਕਲਾਤਮਕਤਾ ਅਤੇ ਗੁਣਾਤਮਕ ਪ੍ਰਪੱਕਤਾ ਨੇ ਇਸ ਪੁਸਤਕ ਨੂੰ ਇਤਿਹਾਸਕ ਦਸਤਾਵੇਜ਼ ਬਣਾ ਦਿੱਤਾ ਹੈ।

-ਪ੍ਰਿੰਸੀਪਲ ਵਿਜੈ ਕੁਮਾਰ
ਮੋਬਾਈਲ : 98726-27136


ਮੋਤੀ ਵਿਰਸੇ ਦੇ
ਲੇਖਿਕਾ : ਕਮਲਜੀਤ ਕੌਰ
ਪ੍ਰਕਾਸ਼ਕ : ਡੀ.ਪੀ. ਪਬਲਿਸ਼ਰ ਐਂਡ ਮੀਡੀਆ ਹਾਊਸ, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 88
ਸੰਪਰਕ : 84379-00582

ਸਾਇੰਸ ਅਧਿਆਪਕਾ ਦੀ ਸੇਵਾ ਨਿਭਾਉਣ ਦੇ ਨਾਲ-ਨਾਲ ਪੰਜਾਬੀ ਮਾਂ-ਬੋਲੀ ਨਾਲ ਜੁੜੇ ਰਹਿ ਕੇ ਲੇਖਿਕਾ ਕਮਲਜੀਤ ਕੌਰ ਦੀ ਪਲੇਠੀ ਪੁਸਤਕ 'ਮੋਤੀ ਵਿਰਸੇ ਦੇ' ਸਕਾਰਾਤਮਿਕ ਸੋਚ ਵਾਲੇ ਵੱਖ-ਵੱਖ 56 ਵਿਸ਼ਿਆਂ ਨੂੰ ਲੈ ਕੇ ਸੂਝਪੂਰਵਕ ਯੋਜਨਾਬੰਦੀ ਤਹਿਤ ਲਿਖੇ ਲੇਖਾਂ ਦਾ ਲੇਖ-ਸੰਗ੍ਰਹਿ ਹੈ। ਇਸ ਪੁਸਤਕ 'ਚ ਲੇਖਿਕਾ ਨੇ ਆਪਣੇ ਮਨ ਦੇ ਉੱਤਮ-ਗਹਿਰੇ ਵਿਚਾਰ ਜੋ ਉਸ ਦੇ ਦਿਲ-ਦਿਮਾਗ਼ 'ਚ ਵਸੇ ਲਗਦੇ ਹਨ, ਉਨ੍ਹਾਂ ਨੂੰ ਵਰਕੇ ਉੱਪਰ ਮਨ ਦੀ ਕਲਮ ਨਾਲ ਉੱਕਰਿਆ ਹੈ। ਲੇਖਣੀ ਬਹੁਤ ਹੀ ਸਰਲ, ਘੱਟ ਸ਼ਬਦਾਵਲੀ 'ਚ ਸਮਝਣ-ਵਿਚਾਰਨ ਯੋਗ ਤੇ ਸੁਨੇਹਾ ਦੇਣ ਵਾਲੀ ਹੈ ਜੋ ਪੜ੍ਹਦੇ ਸਾਰ ਹੀ ਪਾਠਕਾਂ ਦੇ ਮਨ ਨੂੰ ਛੂਹ ਕੇ ਸੋਚਣ ਲਈ ਮਜਬੂਰ ਕਰਦੀ ਹੈ। ਲੇਖਾਂ ਦਾ ਵਿਸ਼ਾ-ਵਸਤੂ ਪੰਜਾਬੀਅਤ, ਪਰਿਵਾਰਕ, ਕੁਦਰਤ ਦੀ ਤਾਰੀਫ਼, ਵਾਤਾਵਰਨ ਦੀ ਸਾਂਭ-ਸੰਭਾਲ, ਸਮਾਜਿਕ ਬੁਰਾਈਆਂ, ਬੱਚਿਆਂ ਨੂੰ ਸੇਧ ਦੇਣ ਵਾਲੇ ਵਿਸ਼ੇ ਜਿਵੇਂ ਕਿ 'ਮਾਤਾ-ਪਿਤਾ ਦੀ ਫੁਲਵਾੜੀ' ਬਹੁਤ ਸੋਹਣਾ ਸੁਨੇਹਾ ਦੇ ਰਹੀ ਕਿ ਬੱਚੇ ਆਪਣੇ ਮਾਲੀ ਨੂੰ ਵਧੀਆ ਮਹਿਕ ਦੇਣ, ਬਜ਼ੁਰਗਾਂ ਦੀ ਸੇਵਾ ਸਤਿਕਾਰ, ਸਲੀਕਾ, ਪੜ੍ਹਾਈ ਕਰਨਾ, ਨੇਕੀ, ਸਮੇਂ ਦਾ ਸਦਉਪਯੋਗ, ਹੱਥੀਂ ਕਿਰਤ ਕਰਨਾ, ਸੋਚਾਂ ਨੂੰ ਖੰਭ ਲਾ ਕੇ ਉੱਡੀਏ ਤੇ ਪੰਜਾਬੀ ਸਾਹਿਤ ਨਾਲ ਜੁੜਨ ਲਈ ਵੀ ਪ੍ਰੇਰਿਤ ਕਰਦੀ ਹੈ। ਇੰਝ ਹੀ ਮੇਰੇ ਪਿੰਡ ਦਿਆ ਪਿੱਪਲਾ, ਦਾਦੀ ਦੀ ਚੂਰੀ, ਕਿੱਕਰਾਂ ਦੇ ਫੁੱਲ, ਚਿੜੀ ਦੀ ਚੀਂ-ਚੀਂ, ਤੋਤੇ ਦਾ ਆਲ੍ਹਣਾ, ਬਨੇਰੇ 'ਤੇ ਬੋਲੇ ਕਾਂ, ਪਿੰਡਾਂ ਦੇ ਗੀਰੇ ਤੇ ਕੁੱਪ, ਧੀਆਂ ਦੇ ਮਨ ਦੀਆਂ ਕੋਮਲ ਭਾਵਨਾਵਾਂ, ਬਾਬੁਲ ਤੇਰੇ ਪਿਆਰ ਦੀਆਂ ਤੰਦਾਂ, ਵਹਿਮ, ਥੱਕਦੀ ਹੋਈ ਨਾਰੀ, ਮੋਬਾਈਲ ਦਾ ਸਮਾਂ, ਸੱਭਿਆਚਾਰਕ ਪਹਿਰਾਵਾ ਸਾਡੀ ਪਹਿਚਾਣ, ਟਾਂਗੇ ਦਾ ਸਫ਼ਰ, ਚਿੱਠੀਆਂ, ਵਣਜਾਰਾ, ਪਾਣੀ ਦੀ ਕਹਾਣੀ, ਸਾਇੰਸ ਨਾਲ ਸੰਬੰਧਿਤ ਸਰੀਰਕ ਸੰਰਚਨਾ ਤੇ ਅਵਸ਼ੇਸ਼ ਅੰਗਾਂ ਵਰਗੇ ਗੰਭੀਰ ਵਿਸ਼ੇ ਵੀ ਜਾਣਕਾਰੀ ਭਰਪੂਰ ਹਨ। ਇਸ ਪੁਸਤਕ 'ਚ ਹਰ ਇਕ ਲੇਖ ਅਲੱਗ ਹੀ ਸੁਨੇਹਾ ਛੱਡਦਾ ਜਾਂਦਾ। ਕੁਝ ਕੁ ਥਾਂ ਸ਼ਬਦ ਟਾਈਪ ਕਰਦੇ ਸਮੇਂ ਤਰੁੱਟੀਆਂ ਨਜ਼ਰ ਆਈਆਂ। ਕੁੱਲ ਮਿਲਾ ਕੇ ਇਹ ਲੇਖ-ਸੰਗ੍ਰਹਿ ਪੜ੍ਹਨਯੋਗ ਅਤੇ ਸਮਾਜ ਨੂੰ ਸੇਧ ਦੇਣ ਵਾਲਾ ਹੈ।

-ਸਾਹਿਬਾ ਜੀਟਨ ਕੌਰ
ਮੋਬਾਈਲ : 99883-47109

 


ਦਲਿਤ ਮੁਕਤੀ ਦਾ ਸਵਾਲ
ਲੇਖਕ : ਗੁਰਤੇਜ ਸਿੰਘ ਖੋਖਰ
ਪ੍ਰਕਾਸ਼ਕ : ਲੇਖਕ ਖ਼ੁਦ
ਮੁੱਲ : 200 ਰੁਪਏ, ਸਫ਼ੇ : 88
ਸੰਪਰਕ : 9041812936

ਕਾਮਰੇਡ ਗੁਰਤੇਜ ਸਿੰਘ ਖੋਖਰ ਦੀ ਪੁਸਤਕ 'ਦਲਿਤ ਮੁਕਤੀ ਦਾ ਸਵਾਲ' ਪੰਜਾਬ ਵਿਚ ਜਾਤ ਪਾਤ ਬ੍ਰਾਹਮਣਵਾਦ-ਮਨੂੰਵਾਦ ਦੀ ਪ੍ਰਮੁੱਖ ਧਾਰ ਅਤੇ ਜੱਟ ਵਾਦ ਖ਼ਿਲਾਫ਼ ਜੱਦੋਜਹਿਦ ਦੀ ਅਹਿਮੀਅਤ 'ਤੇ ਲਿਖੀ ਗਈ ਹੈ। ਇਸ ਪੁਸਤਕ ਨੂੰ ਗੁਰਮੇਲ ਸਿੰਘ ਭੁਟਾਲ ਵਲੋਂ ਸੰਪਾਦਿਤ ਕੀਤਾ ਗਿਆ ਹੈ। ਗੁਰਤੇਜ ਸਿੰਘ ਖੋਖਰ ਵਿਦਿਆਰਥੀ ਜੀਵਨ ਤੋਂ ਹੀ ਇਨਕਲਾਬੀ ਲਹਿਰ ਵਿਚ ਸ਼ਾਮਲ ਰਹੇ ਹਨ। ਪੰਜਾਬ ਸਟੂਡੈਂਟਸ ਯੂਨੀਅਨ ਦੀ ਸੂਬਾਈ ਆਗੂ ਟੀਮ ਵਿਚ ਕੁੱਲਵਕਤੀ ਵਜੋਂ ਸ਼ਾਮਲ ਰਹੇ ਹਨ। ਵਿਦਿਆਰਥੀ ਜੀਵਨ ਤੋਂ ਬਾਅਦ ਚੰਗੇਰੀ ਵਿਦਿਆ ਹਾਸਲ ਕਰਕੇ ਉਹ ਕਮਿਊਨਿਸਟ ਇਨਕਲਾਬੀ ਲਹਿਰ ਨੂੰ ਸਮਰਪਿਤ ਪਾਰਟੀ ਵਿਚ ਉਚ ਅਹੁਦਿਆਂ 'ਤੇ ਰਹੇ। ਉਹ ਵੱਖ ਵੱਖ ਪਰਚਿਆਂ ਵਿਚ ਲਿਖਦੇ ਰਹੇ ਹਨ। ਹਥਲੀ ਪੁਸਤਕ ਵਿਚ ਉਨ੍ਹਾਂ ਜਾਤ-ਪਾਤੀ ਪ੍ਰਬੰਧ ਦਾ ਵਿਸ਼ਾ ਛੋਹਿਆ ਹੈ। ਮੰਨੂਵਾਦੀ ਬ੍ਰਾਹਮਣਵਾਦੀ ਜਾਤ-ਪਾਤੀ ਵਿਵਸਥਾ ਨੂੰ ਭਾਰਤੀ ਲੁਟੇਰੀਆਂ ਜਮਾਤਾਂ 'ਤੇ ਸਰਕਾਰਾਂ ਦੇ ਕਰੂਰ ਹਥਿਆਰ ਵਜੋਂ ਕਿਹਾ ਹੈ। ਜਾਤ-ਪਾਤੀ ਪ੍ਰਣਾਲੀ ਦੇ ਆਰਥਿਕ, ਸਮਾਜਿਕ, ਰਾਜਨੀਤਕ, ਸਭਿਆਚਾਰਕ ਦੁਰ-ਪ੍ਰਭਾਵਾਂ ਤੋਂ ਪੀੜਤ ਦਲਿਤ ਵਰਗ ਪ੍ਰਤੀ ਗਹਿਰੀ ਚਿੰਤਾ ਪ੍ਰਗਟਾਉਂਦਿਆਂ ਹੋਏ 'ਜੱਟ ਵਾਦ' ਨੂੰ ਵੀ ਬ੍ਰਾਹਮਣਵਾਦੀ-ਮੰਨੂਵਾਦੀ ਜਾਤ ਵਿਵਸਥਾ ਦੇ ਅੰਗ ਵਜੋਂ ਅੰਕਿਤ ਕੀਤਾ ਹੈ। ਇਸ ਦੇ ਨਾਲ ਹੀ ਸਦੀਆਂ ਤੋਂ ਪਰਿਵਾਰ ਅਤੇ ਸਮਾਜ ਦੇ ਚੌਤਰਫ਼ੇ ਵਿਤਕਰੇ ਅਤੇ ਧੱਕੇ ਸਹਿੰਦੀ ਆ ਰਹੀ ਇਸਤਰੀ ਜਾਤੀ ਨੂੰ ਵੀ ਦਲਿਤ ਵਰਗ ਦੇ ਖੇਮੇ ਵਿਚ ਰੱਖਿਆ ਹੈ। ਲੇਖਕ ਦਾ ਮੰਨਣਾ ਹੈ ਕਿ ਮੰਨੂਵਾਦੀ ਜਾਤ-ਪਾਤੀ ਵਿਚਾਰਧਾਰਾ ਦੇ ਖ਼ਿਲਾਫ਼ ਇਨਕਲਾਬੀ ਰਾਜਨੀਤਕ ਪਾਰਟੀਆਂ, ਜਥੇਬੰਦੀਆਂ ਦੇ ਅੰਦਰ ਨਿਰੰਤਰ ਅੰਦਰੂਨੀ ਜੱਦੋਜਹਿਦ ਦਾ ਅਮਲ ਚੱਲਣਾ ਚਾਹੀਦਾ ਹੈ। ਇਨਕਲਾਬੀ ਇਤਿਹਾਸਕ ਲਹਿਰਾਂ ਦੀ ਲੀਡਰਸ਼ਿਪ ਵਿਚੋਂ ਦਲਿਤ ਹਿੱਸਿਆਂ ਦੀ ਭਾਰੀ ਕਮੀ ਦਾ ਆਧਾਰ, ਇਨਕਲਾਬ ਦੀ ਮੂਲ ਸ਼ਕਤੀ (ਮਜ਼ਦੂਰ ਜਮਾਤ) ਅੰਦਰ ਆਪਣੇ ਕੰਮ ਦੀ ਸਥਾਪਤੀ ਦੀ ਅਣਹੋਂਦ ਨੂੰ ਦੱਸਿਆ ਗਿਆ ਹੈ। ਉਹ ਲਿਖਦੇ ਹਨ ਕਿ ਕਮਿਊਨਿਸਟ ਜਥੇਬੰਦੀ ਦੀ ਮੈਂਬਰਸ਼ਿਪ ਦਾ ਪ੍ਰਮੁੱਖ ਭਰਤੀ ਸਰੋਤ ਬੁਨਿਆਦੀ ਮਿਹਨਤਕਸ਼ ਜਮਾਤਾਂ-ਸਨਅਤੀ ਮਜ਼ਦੂਰ ਜਮਾਤ ਅਤੇ ਬੇਜ਼ਮੀਨੇ ਦਲਿਤ ਅਤੇ ਗਰੀਬ ਕਿਸਾਨੀ ਹੋਣੀਆਂ ਚਾਹੀਦੀਆਂ ਹਨ। ਔਰਤਾਂ ਨੂੰ ਵੀ ਵੱਖਰੀ ਜਨਤਕ ਜਥੇਬੰਦੀ ਦੀ ਸਥਾਪਨਾ ਕਰਨੀ ਚਾਹੀਦੀ ਹੈ।

-ਬਲਵਿੰਦਰ ਸਿੰਘ ਗੁਰਾਇਆ
ਮੋਬਾਈਲ : 94170-58020

 

ਕੱਖਾਂ ਕਾਨਿਆਂ ਦੇ ਪੁਲ
ਲੇਖਕ : ਰਾਮ ਸਰੂਪ ਅਣਖੀ
ਪ੍ਰਕਾਸ਼ਕ: ਲੋਕਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 150 ਰੁਪਏ, ਸਫੇ : 110
ਸੰਪਰਕ : 0172-5027427

ਰਾਮ ਸਰੂਪ ਅਣਖੀ ਕਿਸੇ ਤਾਰੁੱਫ ਦੇ ਮੁਹਤਾਜ ਨਹੀਂ। ਮੈਨੂੰ ਦਿਲੋਂ ਬਹੁਤ ਖੁਸ਼ੀ ਤੇ ਮਾਣ ਮਹਿਸੂਸ ਹੋ ਰਿਹਾ ਅਣਖੀ ਦੇ ਹੱਥਲੇ ਨਾਵਲ ਦੀ ਪੜਤਾਲ ਕਰਕੇ। ਨਾਵਲ ਦੇ ਪ੍ਰਮੁੱਖ ਪਾਤਰ ਹਨ ਅਵਿਨਾਸ਼ ਅਤੇ ਸੁਨੀਤਾ ਅਤੇ ਇਸ ਨਾਵਲ ਦੀ ਕਹਾਣੀ ਵੀ ਇਨ੍ਹਾਂ ਦੋਂਹਾਂ ਪਾਤਰਾਂ ਦੇ ਆਲੇ-ਦੁਆਲੇ ਘੁੰਮਦੀ ਹੈ। ਨਾਵਲ ਪੜ੍ਹ ਕੇ ਅਖੀਰ ਤੱਕ ਇਹ ਸੰਸਾ ਬਣਿਆ ਰਹਿੰਦਾ ਹੈ ਕਿ ਸੁਨੀਤਾ ਅਤੇ ਅਵਿਨਾਸ਼ ਵਿਚਕਾਰ ਮੁੱਹਬਤ ਹੈ ਵੀ ਕਿ ਨਹੀਂ। ਮੱਹਬਤ ਦੀ ਇਕ ਨਵੀਂ ਪਰਿਭਾਸ਼ਾ ਇਹ ਨਾਵਲ ਘੜਦਾ ਹੈ। ਸੁਨੀਤਾ ਦਾ ਅਵਿਨਾਸ਼ ਨਾਲ ਲਗਾਉ ਹੈ ਅਤੇ ਉਹ ਹਰ ਤਰ੍ਹਾਂ ਨਾਲ ਸੁੱਖ-ਦੁੱਖ ਵਿਚ ਅਵਿਨਾਸ਼ ਦਾ ਸਾਥ ਦਿੰਦੀ ਹੈ ਇਸੇ ਤਰ੍ਹਾਂ ਅਵਿਨਾਸ਼ ਵੀ ਜ਼ਿੰਦਗੀ ਦੇ ਹਰ ਪਲ ਵਿਚ ਸੁਨੀਤਾ ਦੀ ਕਮੀ ਨੂੰ ਮਹਿਸੂਸ ਕਰਦਾ ਹੈ ਅਵਿਨਾਸ਼ ਸੁਨੀਤਾ ਲਈ ਪੂਰਨ ਰੂਪ ਵਿਚ ਸਮਰਪਿਤ ਹੈ ਪਰ ਸੁਨੀਤਾ ਹਰ ਪਲ ਸਸ਼ੋਪੰਜ ਵਿਚ ਲੱਗਦੀ ਹੈ। ਸੁਨੀਤਾ ਅਵਿਨਾਸ਼ ਦਾ ਸਾਥ ਵੀ ਚਾਹੁੰਦੀ ਹੈ ਪਰ ਜਦੋਂ ਵੀ ਅਵਿਨਾਸ਼ ਥੋੜ੍ਹੀ ਖੁੱਲ੍ਹ ਲੈਣ ਦੀ ਕੋਸ਼ਿਸ਼ ਕਰਦਾ ਹੈ ਤਾਂ ਸੁਨੀਤਾ ਨਰਾਜ਼ ਹੋ ਜਾਂਦੀ ਹੈ ਉਸ ਵੇਲੇ ਅਵਿਨਾਸ਼ ਵੀ ਹੈਰਾਨ ਹੁੰਦਾ ਹੈ ਕਿ ਸੁਨੀਤਾ ਉਸ ਨਾਲ ਮੁੱਹਬਤ ਕਰਦੀ ਵੀ ਹੈ ਜਾਂ ਨਹੀਂ? ਨਾਵਲ ਦੀ ਸਾਰੀ ਕਹਾਣੀ ਇਸੇ ਪ੍ਰਸ਼ਨ ਦਾ ੳੱਤਰ ਹੀ ਤਲਾਸ਼ਦੀ ਹੈ। ਕੁਲ ਮਿਲਾ ਕੇ ਨਾਵਲ ਦੀ ਕਹਾਣੀ ਬਹੁੱਤ ਹਲਕੀ ਹੈ। ਮੈਂ ਬੜੇ ਹੀ ਚਾਅ ਨਾਲ ਨਾਵਲ ਪੜ੍ਹਿਆ ਕਿਉਂਕਿ ਇਹ ਨਾਵਲ 'ਅਣਖੀ' ਦੀ ਰਚਨਾ ਹੈ। ਰਾਮ ਸਰੂਪ ਅਣਖੀ ਬਹੁਤ ਵੱਡਾ ਨਾਂਅ ਹੈ ਪਰ ਨਾਵਲ ਦੀ ਕਹਾਣੀ ਥੋੜ੍ਹਾ ਨਿਰਾਸ਼ ਜ਼ਰੂਰ ਕਰਦੀ ਹੈ ਕਿਉਂਕਿ 'ਅਣਖੀ' ਵਰਗੇ ਪੰਜਾਬੀ ਸਾਹਿਤ ਦੇ ਬਾਬਾ ਬੋਹੜ ਤੋਂ ਇਤਨੇ ਹਲਕੇ ਵਿਸ਼ੇ ਵਾਲੇ ਨਾਵਲ ਦੀ ਆਸ ਨਹੀਂ ਕੀਤੀ ਜਾ ਸਕਦੀ।

-ਡਾ. ਜਸਬੀਰ ਕੌਰ
ਮੋਬਾਈਲ : 98721-17774

1947-ਤ੍ਰਾਸਦੀ
ਲੇਖਕ : ਡਾ. ਕੁਸਮ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 325 ਰੁਪਏ, ਸਫੇ : 168
ਸੰਪਰਕ : 094191-65253

ਹੱਥਲੀ ਪੁਸਤਕ '1947 ਤ੍ਰਾਸਦੀ' ਡਾ. ਕੁਸਮ ਨੇ ਸੰਪਾਦਿਤ ਕੀਤੀ ਹੈ ਜਿਸ ਵਿਚ ਦੇਸ਼ ਦੀ ਵੰਡ ਨਾਲ ਸੰਬੰਧਿਤ ਕਹਾਣੀਆਂ ਦੇ ਸਰੋਕਾਰ 1947 ਤ੍ਰਾਸਦੀ ਨਾਲ ਜੁੜੇ ਹਨ। ਲੇਖਕਾ ਨੇ ਜੰਮੂ-ਕਸ਼ਮੀਰ ਦੇ ਲੇਖਕਾਂ ਦੀਆਂ ਵੰਡ ਨਾਲ ਸੰਬੰਧਿਤ ਪੰਦਰਾਂ ਕਹਾਣੀਆਂ ਨੂੰ ਇਕੱਤਰ ਕਰਕੇ ਪੁਸਤਕ ਰੂਪ ਦਿੱਤਾ ਹੈ। ਸੰਨ 1947 ਦਾ ਵਰ੍ਹਾ ਕਤਲੋਗਾਰਤ, ਤਬਾਹੀ ਤੇ ਬਰਬਾਦੀ ਦਾ ਵਰ੍ਹਾ ਸੀ। ਇਹ ਘਟਨਾ ਭਾਵੇਂ ਰਾਜਨੀਤਕ ਸੀ ਪਰ ਭਾਰਤੀ ਤੇ ਪੰਜਾਬੀ ਸੰਸਕ੍ਰਿਤੀ ਨੂੰ ਇਸ ਤ੍ਰਾਸਦੀ ਨੇ ਝੰਜੋੜ ਕੇ ਰੱਖ ਦਿੱਤਾ ਜਿਸ ਦਾ ਮਾਨਵੀ ਕਦਰਾਂ-ਕੀਮਤਾਂ 'ਤੇ ਬਹੁਤ ਡੂੰਘਾ ਅਸਰ ਪਿਆ। 1947 ਤੋਂ ਪਹਿਲਾਂ ਹੀ ਪੰਜਾਬ 'ਚ ਦੋਹਾਂ ਫਿਰਕਿਆਂ ਵਿਚ ਦੰਗੇ-ਫਸਾਦ ਹੋਣ ਲੱਗ ਪਏ ਸਨ। ਇਸ ਕਹਾਣੀ-ਸੰਗ੍ਰਹਿ ਦੀ ਪਹਿਲੀ ਕਹਾਣੀ 'ਗਵਾਚੀ ਪੈੜ' ਹੈ ਜੋ ਕਮਲ ਕਸ਼ਮੀਰੀ ਦੀ ਲਿਖੀ ਹੋਈ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਅਜਿਹੀ ਹਨੇਰੀ ਝੁੱਲੀ ਕਿ ਲੋਕ ਲੱਖ ਤੋਂ ਕੱਖ ਹੋ ਕੇ ਰਹਿ ਗਏ। ਅਗਲੀ ਕਹਾਣੀ ਖਾਲਿਦ ਹੁਸੈਨ ਦੀ 'ਇਸ਼ਕ ਮਲੰਗ' ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਜੋ ਮਨੁੱਖ ਸੋਚਦਾ ਹੈ, ਕਈ ਵਾਰ ਉਸ ਦੇ ਉਲਟ ਹੁੰਦਾ ਹੈ। ਇਸੇ ਤਰ੍ਹਾਂ ਹੀ ਮਹਿੰਦਰ ਸਿੰਘ ਰਿਖੀ ਦੀ ਕਹਾਣੀ 'ਮਰਜੀਵੜੇ' ਵਿਚ ਆਪਣਿਆਂ ਦੇ ਹੱਥੋਂ ਆਪਣੇ ਮਾਰਨ ਦੀ ਤ੍ਰਾਸਦਿਕ ਗਾਥਾ ਨੂੰ ਬਿਆਨ ਕੀਤਾ ਗਿਆ ਹੈ। ਇਸੂਪਾਲ ਦੀ ਕਹਾਣੀ 'ਉਪਜੇ ਬਿਨਸੇ ਮੀਤ' ਵਿਚ ਸਿੱਖਾਂ ਤੇ ਕਸ਼ਮੀਰੀ ਪੰਡਤਾਂ ਦੇ ਸਰੋਕਾਰ ਦ੍ਰਿਸ਼ਟੀਗੋਚਰ ਕੀਤੇ ਗਏ ਹਨ। ਅਗਲੀ ਕਹਾਣੀ ਬਲਜੀਤ ਸਿੰਘ ਰੈਣਾ ਦੀ ਹੈ, 'ਪਛਾਣ' ਜਿਸ ਵਿਚ ਸੰਤੋਖ ਸਿੰਘ ਉਰਫ ਵਿਕਟਰ ਸਾਹਬ ਅੰਗਰੇਜ਼ੀ ਕੰਪਨੀ ਵਿਚ ਮੁਲਾਜ਼ਮ ਸੀ ਜਿਸ ਨੂੰ ਬਹੁਤ ਹੀ ਗਹਿਰੇ ਸੰਕਟ ਵਿਚੋਂ ਲੰਘਣਾ ਪਿਆ। ਇਸੇ ਪ੍ਰਕਾਰ ਹੀ ਗੁਰਦੀਪ ਕੌਰ ਦੀ ਕਹਾਣੀ 'ਅਮਨ ਸੇਤੂ' ਉਜਾੜੇ ਦੌਰਾਨ ਵਿਛੜੇ ਲੋਕਾਂ ਵਿਚ ਮਿਲਣ ਦੀ ਤਾਂਘ ਨੂੰ ਬਿਆਨ ਕਰਦੀ ਹੈ। ਪ੍ਰੇਮ ਸਿੰਘ ਦੀ ਕਹਾਣੀ 'ਮਾਂ' ਹੈ, ਜਿਸ ਵਿਚ ਇਕ ਮਾਂ ਨੂੰ ਆਪਣੇ ਬੱਚਿਆਂ ਦੀ ਖਾਤਰ ਇਕ ਸੇਰ ਲੂਣ ਲੈਣ ਲਈ ਆਪਣੀ ਇੱਜ਼ਤ ਵੇਚਣੀ ਪੈਂਦੀ ਹੈ। ਇਸੇ ਤਰ੍ਹਾਂ ਰਸਵਿੰਦਰ ਕੌਰ ਦੀ ਕਹਾਣੀ 'ਦਿਲ ਰਹਿ ਗਿਆ ਲਾਹੌਰ' ਵਿਚ ਲਾਹੌਰ ਦੀਆਂ ਯਾਦਾਂ ਨੂੰ ਸਮੋਇਆ ਗਿਆ ਹੈ। ਕਰਮ ਸਿੰਘ ਤਾਲਬ ਦੀ ਕਹਾਣੀ 'ਯਾਦਾਂ ਦਾ ਸੰਤਾਪ' ਹੈ ਜਿਸ ਵਿਚ ਮਨੁੱਖਤਾ ਦੇ ਘਾਣ ਦੀ ਨਿੰਦਾ ਕੀਤੀ ਗਈ ਹੈ। ਸਮੁੱਚੇ ਤੌਰ 'ਤੇ ਕਿਹਾ ਜਾ ਸਕਦਾ ਹੈ ਕਿ ਡਾ. ਕੁਸਮ ਨੇ 1947 ਨਾਲ ਸੰਬੰਧਿਤ ਅਜਿਹੀਆਂ ਤ੍ਰਾਸਦਿਕ ਕਹਾਣੀਆਂ ਨੂੰ ਇਕ ਪੁਸਤਕ ਦਾ ਰੂਪ ਦੇ ਕੇ ਸ਼ਲ਼ਾਘਾਯੋਗ ਕੰਮ ਕੀਤਾ ਹੈ, ਜੋ ਇਨਸਾਨੀਅਤ ਨੂੰ ਜਾਗਰਿਤ ਕਰਨ ਦਾ ਉਪਰਾਲਾ ਹੈ। ਲੇਖਕਾ ਨੂੰ ਮੁਬਾਰਕਬਾਦ।

-ਡਾ. ਗੁਰਬਿੰਦਰ ਕੌਰ ਬਰਾੜ
ਮੋਬਾਈਲ : 098553-95161

Ad Position 22
No active advertisement
ਪਿਛਲੀ ਖ਼ਬਰ ਨਿਰਮਲ ਦੋਸਤ ਬਣੇ ਮਿਸ਼ਨ ਨਿਊ ਇੰਡੀਆ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਗਲੀ ਖ਼ਬਰ ਕਵਿਤਾ ਲਾਡੋ ਰਾਣੀ ਸਕੂਲ ਨੂੰ ਤਿਆਰ
Ad Position 24