•ਜ਼ਿਲ੍ਹੇ ਅੰਦਰ ਪੀ. ਜੀ. ਤੇ ਕਿਰਾਏਦਾਰਾਂ ਦੀ ਵਿਸ਼ੇਸ਼ ਜਾਂਚ
ਸ੍ਰੀ ਮੁਕਤਸਰ ਸਾਹਿਬ, 23 ਜਨਵਰੀ (ਹਰਮਹਿੰਦਰ ਪਾਲ)-ਪੰਜਾਬ ਵਲੋਂ ਗੈਂਗਸਟਰਾਂ ਤੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਚਲਾਏ ਜਾ ਰਹੇ ਵਿਸ਼ੇਸ਼ ਅਭਿਆਨ 'ਗੈਂਗਸਟਰਾਂ 'ਤੇ ਵਾਰ' ਮਹਿਮ ਤਹਿਤ ਐੱਸ. ਐੱਸ. ਪੀ. ਅਭਿਮੰਨਿਊ ਰਾਣਾ ਦੀ ਅਗਵਾਈ ਹੇਠ ਜ਼ਿਲ੍ਹੇ ਅੰਦਰ ਲਗਾਤਾਰ ਸਰਚ ਆਪ੍ਰੇਸ਼ਨ, ਨਾਕਾਬੰਦੀ ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ | ਇਸੇ ਲੜੀ ਤਹਿਤ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀਆਂ ਚਾਰੇ ਸਬ ਡਵੀਜ਼ਨਾਂ ਸ੍ਰੀ ਮੁਕਤਸਰ ਸਾਹਿਬ, ਮਲੋਟ, ਲੰਬੀ ਤੇ ਗਿੱਦੜਬਾਹਾ ਵਿਚ ਚੱਲ ਰਹੇ ਪੀ. ਜੀ. ਸੈਂਟਰਾਂ, ਰੈਸਟ ਹਾਊਸਾਂ ਤੇ ਕਿਰਾਏ 'ਤੇ ਰਹਿੰਦੇ ਵਿਅਕਤੀਆਂ ਦੀ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਗਈ | ਇਸ ਕਾਰਵਾਈ ਦਾ ਮੁੱਖ ਉਦੇਸ਼ ਜ਼ਿਲ੍ਹੇ ਅੰਦਰ ਰਹਿ ਰਹੇ ਵਿਅਕਤੀਆਂ ਦੀ ਪਛਾਣ ਯਕੀਨੀ ਬਣਾਉਣਾ ਤੇ ਕਿਸੇ ਵੀ ਤਰ੍ਹਾਂ ਦੇ ਅਪਰਾਧਿਕ ਤੱਤਾਂ ਦੀ ਮੌਜੂਦਗੀ ਨੂੰ ਰੋਕਣਾ ਸੀ | ਇਸ ਮੁਹਿੰਮ ਲਈ ਸ੍ਰੀ ਮੁਕਤਸਰ ਸਾਹਿਬ ਪੁਲਿਸ ਵਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ, ਜਿਨ੍ਹਾਂ ਦੀ ਅਗਵਾਈ ਬਚਨ ਸਿੰਘ ਡੀ. ਐੱਸ. ਪੀ. ਸ੍ਰੀ ਮੁਕਤਸਰ ਸਾਹਿਬ, ਅਰੁਣ ਮੁੰਡਨ ਡੀ. ਐੱਸ. ਪੀ. ਗਿੱਦੜਬਾਹਾ, ਹਰਬੰਸ ਸਿੰਘ ਡੀ. ਐੱਸ. ਪੀ. ਲੰਬੀ ਤੇ ਤੇਜਿੰਦਰਪਾਲ ਸਿੰਘ ਡੀ. ਐੱਸ. ਪੀ. ਹੈੱਡ ਕੁਆਰਟਰ ਵਲੋਂ ਕੀਤੀ ਗਈ | ਪੁਲਿਸ ਟੀਮਾਂ ਵਲੋਂ ਸ਼ਹਿਰਾਂ ਤੇ ਪਿੰਡਾਂ ਦੇ ਮੁਹੱਲਿਆਂ, ਹੋਟਲਾਂ, ਰੈਸਟੋਰੈਂਟਾਂ ਤੇ ਪੀ. ਜੀ. ਸੈਂਟਰਾਂ ਦੀ ਵਿਸਥਾਰਪੂਰਕ ਚੈਕਿੰਗ ਕੀਤੀ ਗਈ | ਉਥੇ ਰਹਿ ਰਹੇ ਕਿਰਾਏਦਾਰਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਪਛਾਣ ਪੀ. ਏ. ਆਈ. ਐੱਸ. ਐਪ ਰਾਹੀਂ ਕਰਵਾਈ ਗਈ ਤੇ ਇਹ ਵੀ ਜਾਂਚਿਆ ਗਿਆ ਕਿ ਉਨ੍ਹਾਂ ਦਾ ਕੋਈ ਅਪਰਾਧਿਕ ਪਿਛੋਕੜ ਜਾਂ ਕਰੀਮਨਲ ਰਿਕਾਰਡ ਤਾਂ ਨਹੀਂ ਹੈ | ਅਧਿਕਾਰੀਆਂ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਜਾਂਚ ਨਾਲ ਜ਼ਿਲ੍ਹੇ ਅੰਦਰ ਗ਼ੈਰਕਾਨੂੰਨੀ ਸਰਗਰਮੀਆਂ 'ਤੇ ਰੋਕ ਲੱਗਦੀ ਹੈ ਅਤੇ ਸ਼ਰਾਰਤੀ ਤੱਤਾਂ ਨੂੰ ਛੁਪਣ ਦਾ ਕੋਈ ਮੌਕਾ ਨਹੀਂ ਮਿਲਦਾ | ਐੱਸ. ਐੱਸ. ਪੀ. ਸ੍ਰੀ ਮੁਕਤਸਰ ਸਾਹਿਬ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਤੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਨਿਰੰਤਰ ਕਾਨੂੰਨੀ ਕਾਰਵਾਈ ਜਾਰੀ ਹੈ | ਕਿਸੇ ਵੀ ਵਿਅਕਤੀ ਨੂੰ ਕਾਨੂੰਨ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਜੋ ਵੀ ਕਾਨੂੰਨ ਦੀ ਉਲੰਘਣਾ ਕਰੇਗਾ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ |
'ਗੈਂਗਸਟਰਾਂ 'ਤੇ ਵਾਰ' ਮੁਹਿੰਮ ਤਹਿਤ ਸ੍ਰੀ ਮੁਕਤਸਰ ਸਾਹਿਬ ਪੁਲਿਸ ਵਲੋਂ ਵੱਡੀ ਕਾਰਵਾਈ
ਅਜੀਤ ਡੈਸਕ
24-01-2026