ਸ੍ਰੀ ਮੁਕਤਸਰ ਸਾਹਿਬ, 23 ਜਨਵਰੀ (ਹਰਮਹਿੰਦਰ ਪਾਲ)-ਪੀ. ਏ. ਯੂ. ਦੇ ਸਬਜ਼ੀ ਵਿਗਿਆਨ ਵਿਭਾਗ ਦੇ ਮੁਖੀ ਡਾ. ਸੱਤਪਾਲ ਸ਼ਰਮਾ ਦੀ ਅਗਵਾਈ ਤੇ ਸਹਿਯੋਗੀ ਨਿਰਦੇਸ਼ਕ (ਸਿਖਲਾਈ) ਕਿ੍ਸ਼ੀ ਵਿਗਿਆਨ ਕੇਂਦਰ ਸ੍ਰੀ ਮੁਕਤਸਰ ਸਾਹਿਬ ਡਾ. ਕਰਮਜੀਤ ਸ਼ਰਮਾ ਦੀ ਨਿਗਰਾਨੀ ਹੇਠ ਸਬਜ਼ੀਆਂ ਦੀ ਪਨੀਰੀ ਉਗਾਉਣ ਦੇ ਢੰਗ ਅਤੇ ਸੁਰੱਖਿਅਤ ਖੇਤੀ ਸੰਬੰਧੀ ਪੰਜ ਰੋਜ਼ਾ ਸਿਖਲਾਈ ਕੋਰਸ ਕਰਵਾਇਆ, ਜਿਸ 'ਚ 30 ਸਿਖਿਆਰਥੀ ਸ਼ਾਮਿਲ ਹੋਏ | ਇਸ ਕੋਰਸ ਦੌਰਾਨ ਡਾ. ਕਰਮਜੀਤ ਸ਼ਰਮਾ ਨੇ ਸਿਖਿਆਰਥੀਆਂ ਨੂੰ ਸਬਜ਼ੀਆਂ ਦੀ ਖੇਤੀ ਅਪਣਾਉਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਦੱਸਿਆ ਕਿ ਸਬਜ਼ੀਆਂ ਦੀ ਪਨੀਰੀ ਦੀ ਕਾਸ਼ਤ ਕਰਕੇ ਤੇ ਸੁਰੱਖਿਅਤ ਖੇਤੀ ਨਾਲ ਘੱਟ ਜ਼ਮੀਨ ਵਿਚੋਂ ਵੀ ਵਧੀਆ ਆਮਦਨ ਲਈ ਜਾ ਸਕਦੀ ਹੈ | ਪੀ. ਏ. ਯੂ. ਲੁਧਿਆਣਾ ਤੋਂ ਉਚੇਚੇ ਤੌਰ 'ਤੇ ਪਹੁੰਚੇ ਡਾ. ਦਿਲਪ੍ਰੀਤ ਤਲਵਾੜ ਪਸਾਰ ਵਿਗਿਆਨੀ (ਸਬਜ਼ੀ ਵਿਗਿਆਨ) ਨੇ ਸਬਜ਼ੀਆਂ ਦੀ ਸਫ਼ਲ ਕਾਸ਼ਤ ਦੇ ਸੁਧਰੇ ਢੰਗਾਂ ਉਪਰ ਚਾਨਣਾ ਪਾਇਆ | ਪ੍ਰੋਗਰਾਮ ਦੌਰਾਨ ਡਾ. ਸੁਖਜਿੰਦਰ ਸਿੰਘ ਮਾਨ ਸਹਾਇਕ ਪ੍ਰੋਫ਼ੈਸਰ (ਫ਼ਲ ਵਿਗਿਆਨ) ਨੇ ਪੀ. ਏ. ਯੂ. ਵਲੋਂ ਸਿਫ਼ਾਰਸ਼ ਸਬਜ਼ੀਆਂ ਦੀਆਂ ਉਨਤ ਕਿਸਮਾਂ ਸੰਬੰਧੀ ਜਾਣਕਾਰੀ ਦਿੱਤੀ | ਉਨ੍ਹਾਂ ਪੰਜ ਦਿਨਾਂ 'ਚ ਸਿਖਿਆਰਥੀਆਂ ਨੂੰ ਵੱਖ-ਵੱਖ ਸੁਰੱਖਿਅਤ ਖੇਤੀ ਦੀਆਂ ਸਬਜ਼ੀਆਂ ਜਿਵੇਂ ਬੈਂਗਣ, ਟਮਾਟਰ, ਸ਼ਿਮਲਾ ਮਿਰਚ, ਖੀਰਾ ਅਤੇ ਨੀਵੀਆਂ ਸੁਰੰਗਾਂ ਵਿਚ ਸਬਜ਼ੀਆਂ ਦੀ ਕਾਸ਼ਤ ਬਾਰੇ ਜਾਣਕਾਰੀ ਦਿੱਤੀ ਤੇ ਨਾਲ ਸਿਖਿਆਰਥੀਆਂ ਦਾ ਅਭਿਆਸ ਕਰਵਾਇਆ | ਇਸ ਦੌਰਾਨ ਡਾ. ਵਿਵੇਕ ਕੁਮਾਰ ਸਹਾਇਕ ਪ੍ਰੋਫ਼ੈਸਰ (ਫ਼ਸਲ ਵਿਗਿਆਨ) ਨੇ ਸਬਜ਼ੀਆਂ 'ਚ ਸਿੰਚਾਈ ਪ੍ਰਬੰਧਨ, ਖ਼ੁਰਾਕੀ ਤੱਤਾਂ ਦੇ ਪ੍ਰਬੰਧਨ ਤੇ ਨਦੀਨਾਂ ਦੀ ਸੁਚੱਜੀ ਰੋਕਥਾਮ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ | ਡਾ. ਗੁਰਵਿੰਦਰ ਸਿੰਘ ਸਹਾਇਕ ਪ੍ਰੋਫ਼ੈਸਰ (ਪਸਾਰ ਸਿੱਖਿਆ) ਨੇ ਸਿਖਿਆਰਥੀਆਂ ਨੂੰ ਸਬਜ਼ੀਆਂ ਵਿਚ ਆਉਣ ਵਾਲੀਆਂ ਬਿਮਾਰੀਆਂ ਅਤੇ ਕੀੜਿਆਂ ਦੀ ਸੁਚੱਜੀ ਰੋਕਥਾਮ ਦੇ ਤਰੀਕਿਆਂ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ | ਇਸ ਦੇ ਨਾਲ-ਨਾਲ ਉਨ੍ਹਾਂ ਘਰੇਲੂ ਖ਼ਰਚੇ ਘਟਾਉਣ 'ਚ ਘਰੇਲੂ ਬਗੀਚੀ ਦੀ ਮਹੱਤਤਾ ਬਾਰੇ ਵੀ ਵਿਚਾਰ ਸਾਂਝੇ ਕੀਤੇ | ਪ੍ਰੋਗਰਾਮ ਦੌਰਾਨ ਸਿਖਿਆਰਥੀਆਂ ਨੂੰ ਸਬਜ਼ੀਆਂ ਦੀ ਕਾਸ਼ਤ ਸ਼ੁਰੂ ਕਰਨ ਲਈ ਮੁੱਢਲੀ ਸਹਾਇਤਾ ਵਜੋਂ ਕੱਦੂ ਜਾਤੀ ਦੀਆਂ ਸਬਜ਼ੀਆਂ ਦੇ ਬੀਜ, ਗਰਮ ਰੁੱਤ ਦੀਆਂ ਸਬਜ਼ੀਆਂ ਦੀ ਬੀਜ ਕਿੱਟ, ਸਬਜ਼ੀਆਂ ਦੀ ਪਨੀਰੀ, ਪਲੱਗ ਟਰੇਆਂ, ਗਰੋਅ ਬੈਗ ਤੇ ਸਬਜ਼ੀਆਂ ਨਾਲ ਸੰਬੰਧਿਤ ਸਾਹਿਤ ਵੀ ਸਿਖਿਆਰਥੀਆਂ ਨੂੰ ਵੰਡਿਆ | ਪ੍ਰੋਗਰਾਮ ਦੇ ਆਖ਼ਰੀ ਦਿਨ ਸਿਖਿਆਰਥੀਆਂ ਨੂੰ ਇਸ ਸਿਖਲਾਈ ਦੇ ਪ੍ਰਮਾਣ ਪੱਤਰ ਵੀ ਦਿੱਤੇ ਗਏ |