ਭੀਖੀ, 29 ਮਈ (ਬਲਕਾਰ ਸਿੰਘ ਸਹੋਤਾ)-ਸਥਾਨਕ ਮਾਰਕਿਟ ਕਮੇਟੀ ਦੇ ਮੁੱਖ ਯਾਰਡ ਭੀਖੀ ਵਿਖੇ ਲਗਪਗ 2 ਹਫ਼ਤਿਆਂ ਤੋਂ ਪਏ ਫੂਸੇ ਕਾਰਨ ਜਿਥੇ ਲੋਕਾਂ 'ਚ ਚਰਚਾ ਦਾ ਵਿਸ਼ਾ ਹੈ ਉਥੇ ਹਾਲੇ ਤੱਕ ਕਮੇਟੀ ਫੂਸੇ ਨੂੰ ਇੱਥੋਂ ਚੁਕਵਾਉਣ 'ਚ ਅਸਫਲ ਰਹੀ ਹੈ | ਜਾਣਕਾਰੀ ਅਨੁਸਾਰ ਗੁਡਜ਼ ਟਰੇਡਿੰਗ ਕੰਪਨੀ ਮੁੱਲਾਂਪੁਰ ਵਲੋਂ ਮੁੱਖ ਯਾਰਡ ਵਿਖੇ ਫੂਸੇ ਦਾ ਡੰਪ ਬਣਾਇਆ ਗਿਆ ਹੈ | ਭਾਵੇਂ ਸਕੱਤਰ ਮਾਰਕਿਟ ਕਮੇਟੀ ਵਲੋਂ ਉਕਤ ਕੰਪਨੀ ਨੂੰ ਨੋਟਿਸ ਕਰ ਕੇ ਬਣਦੀ ਫ਼ੀਸ ਭਰਨ ਲਈ ਕਿਹਾ ਗਿਆ ਸੀ ਪਰ ਹਾਲੇ ਤੱਕ ਕੰਪਨੀ ਵਲੋਂ ਸਿਰਫ਼ 1 ਦਿਨ ਦੀ ਫ਼ੀਸ ਹੀ ਦਫ਼ਤਰ ਨੂੰ ਆਨਲਾਈਨ ਜਮਾ ਕਰਵਾਈ ਗਈ ਹੈ | ਇਸ ਸੰਬੰਧੀ ਸਪੱਸ਼ਟੀਕਰਨ ਦਿੰਦਿਆਂ ਸਕੱਤਰ ਮਾਰਕਿਟ ਕਮੇਟੀ ਗੁਰਵਿੰਦਰ ਸਿੰਘ ਚਹਿਲ ਨੇ ਕਿਹਾ ਕਿ ਕੰਪਨੀ ਵਲੋਂ ਬਿਨਾਂ ਮਨਜ਼ੂਰੀ ਲਏ ਇਥੇ ਫੂਸਾ ਡੰਪ ਕੀਤਾ ਗਿਆ ਹੈ, 'ਤੇ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਮਾਰਕਿਟ ਫ਼ੀਸ ਜਮਾਂ ਕਰਵਾਉਣ ਲਈ ਕਿਹਾ ਗਿਆ ਸੀ ਪਰ 1 ਦਿਨ ਦੀ ਫ਼ੀਸ ਭਰਨ ਤੋਂ ਬਾਅਦ ਉਨ੍ਹਾਂ ਹੋਰ ਕੋਈ ਰਕਮ ਜਮਾ ਨਹੀਂ ਕਰਵਾਈ ਤੇ ਨਾ ਹੀ ਫੂਸਾ ਚੁੱਕਿਆ | ਇਸ ਸੰਬੰਧੀ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਸਥਾਨਕ ਪੁਲਿਸ ਥਾਣਾ ਵਿਖੇ ਵੀ ਰਪਟ ਕਰਵਾਈ ਗਈ ਹੈ | ਉਨ੍ਹਾਂ ਕਿਹਾ ਕਿ ਮਾਰਕਿਟ ਕਮੇਟੀ ਆਪਣੇ ਫ਼ਰਜ਼ਾਂ ਤੇ ਜ਼ਿੰਮੇਵਾਰੀ ਪ੍ਰਤੀ ਪੂਰਨ ਪ੍ਰਤੀਬੱਧ ਹੈ ਅਤੇ ਕਿਸੇ ਨੂੰ ਵੀ ਨਿਯਮਾਂ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ | ਓਧਰ ਇਸ ਸੰਬੰਧੀ ਜਦੋਂ ਜ਼ਿਲ੍ਹਾ ਮੰਡੀਕਰਨ ਅਫ਼ਸਰ ਗੌਰਵ ਕੁਮਾਰ ਨੇ ਕਿਹਾ ਕਿ ਇਸ ਸੰਬੰਧੀ ਜਾਂਚ ਕਰਨ ਉਪਰੰਤ ਹੀ ਜਾਣਕਾਰੀ ਦੇਵਾਂਗਾ |