ਫਗਵਾੜਾ, 8 ਅਪ੍ਰੈਲ (ਅਸ਼ੋਕ ਕੁਮਾਰ ਵਾਲੀਆ)-ਬਹੁਜਨ ਸਮਾਜ ਪਾਰਟੀ ਵੱਲੋਂ ਪਿੰਡ ਨੂਰਪੁਰ ਜੱਟਾਂ (ਗੜ੍ਹਸ਼ੰਕਰ) ਵਿਖੇ ਸੰਵਿਧਾਨ ਨਿਰਮਾਤਾ ਡਾ. ਬੀ.ਆਰ. ਅੰਬੇਡਕਰ ਦੇ ਬੁੱਤ ਦੀ ਬੇਅਦਬੀ ਦੇ ਮਾਮਲੇ 'ਚ ਦੋਸ਼ੀਆਂ ਦੀ ਗਿ੍ਫ਼ਤਾਰੀ ਅਤੇ ਸਖ਼ਤ ਸਜਾ ਦੀ ਮੰਗ ਨੂੰ ਲੈ ਕੇ ਪੰਜਾਬ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਸਾਬਕਾ ਰਾਜ ਸਭਾ ਮੈਂਬਰ ਦੀ ਅਗਵਾਈ ਹੇਠ ਜਾਰੀ ਸੰਘਰਸ਼ ਦੇ 6ਵੇਂ ਦਿਨ ਧਰਨੇ ਵਿਚ ਸ਼ਾਮਿਲ ਹੋ ਕੇ ਫਗਵਾੜਾ ਪਰਤੇ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਤੇ ਲੋਕ ਸਭਾ ਹੁਸ਼ਿਆਰਪੁਰ ਦੇ ਇੰਚਾਰਜ ਹਰਭਜਨ ਸਿੰਘ ਬਲਾਲੋਂ, ਲੇਖਰਾਜ ਜਮਾਲਪੁਰੀ, ਚਿਰੰਜੀ ਲਾਲ ਕਾਲਾ, ਸੀਨੀਅਰ ਡਿਪਟੀ ਮੇਅਰ ਤੇਜਪਾਲ ਬਸਰਾ, ਹਰਭਜਨ ਖਲਵਾੜਾ, ਰਾਮ ਮੂਰਤੀ ਖੇੜਾ ਅਤੇ ਇੰਜੀਨੀਅਰ ਪ੍ਰਦੀਪ ਮੱਲ ਨੇ ਦੋਸ਼ੀਆਂ ਦੀ ਤੁਰੰਤ ਗਿ੍ਫ਼ਤਾਰੀ ਦੀ ਮੰਗ ਨੂੰ ਦੁਹਰਾਇਆ ਅਤੇ ਕਿਹਾ ਕਿ ਭਗਵੰਤ ਮਾਨ ਸਰਕਾਰ ਬਾਬਾ ਸਾਹਿਬ ਡਾ. ਅੰਬੇਡਕਰ ਦੀਆਂ ਤਸਵੀਰਾਂ ਨੂੰ ਸਰਕਾਰੀ ਦਫ਼ਤਰਾਂ ਵਿਚ ਲਗਾ ਕੇ ਸਿਰਫ਼ ਸਿਆਸੀ ਲਾਭ ਲੈਣਾ ਚਾਹੁੰਦੀ ਹੈ | ਜਦਕਿ ਬਾਬਾ ਸਾਹਿਬ ਡਾ. ਅੰਬੇਡਕਰ ਦੇ ਬੁੱਤਾਂ ਦੀ ਲਗਾਤਾਰ ਬੇਅਦਬੀ ਹੋ ਰਹੀ ਹੈ ਪਰ ਸਰਕਾਰ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਵਿਚ ਪੂਰੀ ਤਰ੍ਹਾਂ ਨਾਕਾਮ ਹੈ | ਜਿਸ ਤੋਂ ਸਪਸ਼ਟ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਬਾਬਾ ਸਾਹਿਬ ਦਾ ਸਤਿਕਾਰ ਨਹੀਂ ਕਰਦੀ ਬਲਕਿ ਉਨ੍ਹਾਂ ਦੇ ਪੈਰੋਕਾਰਾਂ ਨੂੰ ਮੁੜ ਸੂਬੇ ਦੀ ਸੱਤਾ ਹਾਸਲ ਕਰਨ ਲਈ ਵੋਟ ਬੈਂਕ ਵਜੋਂ ਵਰਤਣਾ ਚਾਹੁੰਦੀ ਹੈ | ਸੀਨੀਅਰ ਡਿਪਟੀ ਮੇਅਰ ਤੇਜਪਾਲ ਬਸਰਾ ਅਤੇ ਇੰਜੀਨੀਅਰ ਪ੍ਰਦੀਪ ਮੱਲ ਨੇ ਦੱਸਿਆ ਕਿ ਪੰਜਾਬ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਦੋਸ਼ੀਆਂ ਦੀ ਗਿ੍ਫ਼ਤਾਰੀ ਨਹੀਂ ਹੁੰਦੀ, ਧਰਨਾ ਜਾਰੀ ਰਹੇਗਾ ਅਤੇ 18 ਅਪ੍ਰੈਲ ਨੂੰ ਗੜ੍ਹਸ਼ੰਕਰ ਦੀ ਧਰਤੀ 'ਤੇ ਇਕ ਵਿਸ਼ਾਲ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਨੂੰ ਜਗਾਇਆ ਜਾਵੇਗਾ | ਇਸ ਮੌਕੇ ਕੌਂਸਲਰ ਅਮਨਦੀਪ, ਗੁਰਾਦਿੱਤਾ ਬੰਗੜ, ਸੰਤੋਖ ਢੱਡਾ, ਪਰਮਿੰਦਰ ਬੋਧ, ਅਰੁਣ ਸੁਮਨ ਆਦਿ ਵੀ ਹਾਜ਼ਰ ਸਨ |