ਸਿੱਖ ਇਤਿਹਾਸ ਵਿਚ ਵਿਸਾਖੀ ਦਾ ਦਿਹਾੜਾ ਖ਼ਾਲਸੇ ਦੀ ਪੁਨਰ ਸਾਜਨਾ ਦਾ ਦਿਵਸ ਹੈ। 1699 ਈ: ਦੀ ਵਿਸਾਖੀ ਦੇ ਇਸ ਇਤਿਹਾਸਕ ਦਿਨ ਨੂੰ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ ਅਤੇ ਸਿੱਖਾਂ ਨੂੰ ਇਹ ਆਦੇਸ਼ ਦਿੱਤਾ ਕਿ-
ਰਹਿਣੀ ਰਹੇ ਸੋਈ ਸਿੱਖ ਮੇਰਾ।
ਉਹ ਸਾਹਿਬ ਮੈਂ ਉਸਕਾ ਚੇਰਾ।
ਦਸਮੇਸ਼ ਪਿਤਾ ਨੇ ਧਰਮ ਦੇ ਉਥਾਨ ਲਈ ਅਤੇ ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਅਨੇਕਾਂ ਯੁੱਧ ਕੀਤੇ ਅਤੇ ਆਪਣਾ ਸਰਬੰਸ ਵਾਰ ਦਿੱਤਾ। ਬੰਦਾ ਸਿੰਘ ਬਹਾਦਰ ਨੇ ਜਿੱਤਾਂ ਦਰ ਜਿੱਤਾਂ ਦਰਜ ਕਰਕੇ ਸਿੱਖ ਰਾਜ ਸਥਾਪਤ ਕੀਤਾ ਅਤੇ ਸਿੱਖ ਰਾਜ ਸਥਾਪਤ ਕਰ ਕੇ ਮੁਦਰਾ ਦੇ ਰੂਪ ਵਿਚ ਨਾਨਕਸ਼ਾਹੀ ਸਿੱਕੇ ਵੀ ਚਾਲੂ ਕੀਤੇ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਪੰਜਾਬੀਆਂ ਲਈ ਉਹ ਸੁਭਾਗਾ ਸਮਾਂ ਆਇਆ ਜਦੋਂ ਸਿੱਖਾਂ ਨੇ ਇਕ ਵਾਰ ਪੂਰਨ ਆਜ਼ਾਦੀ ਦੇ ਹੁਲਾਰੇ ਨੂੰ ਮਾਣਿਆ ਅਤੇ ਪੰਜਾਬ ਵਿਚ ਸਿੱਖ ਸਵੈਰਾਜ ਦੀ ਸਥਾਪਨਾ ਦੀ ਧਾਂਕ ਭਾਰਤੀ ਮਹਾਂਦੀਪ ਤੋਂ ਇਲਾਵਾ ਯੂਰਪ ਤੱਕ ਫੈਲ ਗਈ। 20ਵੀਂ ਸਦੀ ਦੇ ਪ੍ਰਮੁੱਖ ਪੰਜਾਬੀ ਕਵੀ ਨੇ ਪੰਜਾਬ ਦੇ ਸਿੱਖ ਰਾਜ ਪ੍ਰਤੀ ਇੰਜ ਲਿਖਿਆ-
ਪੰਜਾਬ ਨਾ ਹਿੰਦੂ ਨਾ ਮੁਸਲਮਾਨ,
ਪੰਜਾਬ ਜਿਊਂਦਾ ਗੁਰੂ ਦੇ ਨਾਮ 'ਤੇ।
ਪਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਕਾਲਵਸ ਹੋਣ ਤੋਂ ਬਾਅਦ ਪੰਜਾਬ ਦੇ ਅਤੀ ਕਾਲੇ ਦਿਨਾਂ ਦੀ ਸ਼ੁਰੂਆਤ ਹੋ ਗਈ। ਸਿੱਖ ਰਾਜ ਖੇਰੂੰ-ਖੇਰੂੰ ਹੋ ਗਿਆ। ਪੰਜਾਬ ਦੇ ਰਾਜੇ ਅਤੇ ਵਜ਼ੀਰ ਅੰਗਰੇਜ਼ ਦੇ ਝੋਲੀ ਚੁੱਕ ਹੋ ਗਏ। 29 ਮਾਰਚ 1849 ਈ: ਨੂੰ ਖ਼ਾਲਸਾ ਨਿਸ਼ਾਨ ਦਾ ਕੇਸਰੀ ਝੰਡਾ ਉਤਾਰ ਕੇ ਬ੍ਰਿਟਿਸ਼ ਸਰਕਾਰ ਦਾ ਝੰਡਾ ਝੁਲਾਅ ਦਿੱਤਾ ਗਿਆ। ਅੰਗਰੇਜ਼ਾਂ ਦੇ ਪੰਜਾਬ ਵਿਚ ਪ੍ਰਵੇਸ਼ ਕਰਦਿਆਂ ਹੀ ਗੁਰਦੁਆਰਿਆਂ ਦੇ ਮਹੰਤ ਪੁਜਾਰੀ ਅੰਗਰੇਜ਼ਾਂ ਦੇ ਸੋਹਲੇ ਗਾਉਣ ਲੱਗੇ। ਸਿੱਖਾਂ ਵਿਚ ਸਵੈਮਾਣ ਉਡਾਰੀ ਮਾਰਨ ਲੱਗਾ ਅਤੇ ਉਹ ਗੁਰਬਾਣੀ, ਬਾਣੇ ਅਤੇ ਗੁਰਸਿੱਖੀ ਤੋਂ ਦੂਰ ਹੋਣ ਲੱਗੇ। ਸਿੱਖ ਰਾਜ ਦਾ ਕੋਈ ਬਾਲੀ ਵਾਰਸ ਨਾ ਰਿਹਾ। ਉਸ ਸਮੇਂ ਦੇ ਸਮਾਜਿਕ ਅਤੇ ਧਾਰਮਿਕ ਹਾਲਾਤਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਹੈੱਡ ਗ੍ਰੰਥੀ ਗਿਆਨੀ ਕਰਤਾਰ ਸਿੰਘ ਕਲਾਸਵਾਲੀਏ ਇੰਜ ਬਿਆਨ ਕਰਦੇ ਹਨ-
ਭਾਰਾ ਸੀ ਵਿਸਾਰਾ ਪੰਥ ਗੁਰੂ ਗ੍ਰੰਥ ਬਾਣੀ ਭੁੱਲਾ,
ਛਾਡ ਗੁਰ ਰੀਤੀਆਂ ਕੁਰੀਤੀਆਂ ਨੂੰ ਧਾਰਾ ਸੀ।
ਚਾਰਾ ਸੀ ਨ ਕੋਈ ਤਦੋਂ ਦਿਸਦਾ ਕਰਤਾਰ ਸਿੰਘਾ,
ਡਾਵਾਂ ਡੋਲ ਹੋਇ ਰਿਹਾ ਪੰਥ ਬੇ ਸਹਾਰਾ ਸੀ।
ਕੂਕਾ ਅੰਦੋਲਨ ਦੇ ਮੋਢੀ ਸਤਿਗੁਰੂ ਰਾਮ ਸਿੰਘ ਨੇ ਕੰਵਰ ਨੌਨਿਹਾਲ ਦੀ ਫ਼ੌਜ ਵਿਚ ਭਰਤੀ ਹੋਣ ਸਮੇਂ ਇਹ ਸਾਰੇ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਹਾਲਾਤ ਨੂੰ ਅੱਖੀਂ ਵੇਖਿਆ ਸੀ। ਸਤਿਗੁਰੂ ਰਾਮ ਸਿੰਘ ਨੇ ਵੇਖਿਆ ਕਿ ਖ਼ਾਲਸਾ ਰਾਜ ਖੇਰੂੰ-ਖੇਰੂੰ ਹੋਣ ਪਿੱਛੇ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਸਿੱਖ ਆਪਣੇ ਦਸਮੇਸ਼ ਦੇ ਰੂਹਾਨੀ ਅਤੇ ਖ਼ਾਲਸਾਈ ਰਾਹ ਤੋਂ ਭਟਕ ਗਏ ਹਨ। ਸਿੱਖੀ ਤੋਂ ਦੂਰ ਜਾਣ ਨਾਲ ਲੋਕਾਂ ਵਿਚ ਸਵੈਮਾਣ ਅਤੇ ਸਵੈ-ਵਿਸ਼ਵਾਸ ਉਡਾਰੀ ਮਾਰ ਗਿਆ ਹੈ। ਫ਼ੌਜ ਵਿਚ ਨੌਕਰੀ ਕਰਨ ਸਮੇਂ ਉਨ੍ਹਾਂ ਵੇਖਿਆ ਕਿ ਸਿੱਖ ਕੌਮ ਦੇ ਤੇਜਾ ਸਿੰਘ ਅਤੇ ਲਾਲ ਸਿੰਘ ਵਰਗੇ ਆਗੂ ਅੰਗਰੇਜ਼ਾਂ ਨਾਲ ਮਿਲ ਗਏ, ਜਿਸ ਨਾਲ ਖ਼ਾਲਸਾ ਫ਼ੌਜ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਗੁਰਸਿੱਖੀ ਅਤੇ ਸਿੱਖ ਸਵੈਰਾਜ ਨੂੰ ਮੁੜ-ਸਥਾਪਤ ਕਰਨ ਦੀ ਠਾਣਕੇ ਸਤਿਗੁਰੂ ਰਾਮ ਸਿੰਘ ਫ਼ੌਜ ਦੀ ਨੌਕਰੀ ਛੱਡ ਕੇ ਵਾਪਸ ਭੈਣੀ ਸਾਹਿਬ ਆ ਗਏ। ਉਨ੍ਹਾਂ ਆਤਮ ਚਿੰਤਨ ਕੀਤਾ ਅਤੇ ਗੁਰਸਿੱਖੀ ਦਾ ਪ੍ਰਚਾਰ ਪ੍ਰਾਰੰਭ ਕੀਤਾ। 12 ਅਪ੍ਰੈਲ 1857 ਦੀ ਵਿਸਾਖੀ ਨੂੰ ਭੈਣੀ ਸਾਹਿਬ ਵਿਚ ਇਕ ਭਾਰੀ ਇਕੱਠ ਕੀਤਾ ਅਤੇ ਗੁਰੂ ਗੋਬਿੰਦ ਸਿੰਘ ਦੇ ਸਾਜੇ ਪੰਥ ਖ਼ਾਲਸੇ ਵਿਚ ਫਿਰ ਤੋਂ ਨਵੀਂ ਰੂਹ ਫੂਕਣ ਲਈ ਅੰਮ੍ਰਿਤ ਦਾ ਸੰਚਾਰ ਕੀਤਾ।
ਸਤਿਗੁਰੂ ਰਾਮ ਸਿੰਘ ਨੇ ਵਿਸਾਖੀ ਦੇ ਸ਼ੁੱਭ ਦਿਹਾੜੇ 'ਤੇ 1857 ਈਸਵੀ ਨੂੰ ਸਿੱਖ ਸਵੈਰਾਜ ਦੀ ਮੁੜ-ਸਥਾਪਤੀ ਲਈ ਆਜ਼ਾਦੀ ਦਾ ਪ੍ਰਤੀਕ ਚਿੱਟਾ ਝੰਡਾ ਭੈਣੀ ਸਾਹਿਬ ਦੀ ਧਰਤੀ 'ਤੇ ਲਹਿਰਾਇਆ ਅਤੇ ਨਗਾਰੇ 'ਤੇ ਅਜਿਹਾ ਡੰਕਾ ਵਜਾਇਆ ਜਿਸ ਦੀ ਆਵਾਜ਼ ਦੇਸ਼ ਦੇ ਕੋਨੇ-ਕੋਨੇ ਵਿਚ ਫੈਲ ਗਈ।
ਸਤਿਗੁਰੂ ਰਾਮ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਾਲੇ ਮਹਾਂ ਪੰਜਾਬ ਨੂੰ 22 ਹਿੱਸਿਆਂ ਵਿਚ ਵੰਡ ਕੇ 22 ਸੂਬੇ ਨਿਯੁਕਤ ਕੀਤੇ ਜੋ ਸਤਿਗੁਰੂ ਰਾਮ ਸਿੰਘ ਦੇ ਆਦੇਸ਼ਾਂ ਅਨੁਸਾਰ ਗੁਰਸਿੱਖੀ ਅਤੇ ਭਾਰਤ ਦੀ ਸੁਤੰਤਰਤਾ ਲਈ ਆਪੋ-ਆਪਣੇ ਇਲਾਕਿਆਂ ਵਿਚ ਪ੍ਰਚਾਰ ਕਰਦੇ ਸਨ। ਬੀਬੀਆਂ ਨੂੰ ਜਥੇਬੰਦਕ ਕਰਨ ਲਈ ਉਨ੍ਹਾਂ ਬੀਬੀ ਹੁਕਮੀ ਜੀ ਨੂੰ ਵੀ ਸੂਬਾ ਥਾਪਿਆ।
ਅੰਗਰੇਜ਼ਾਂ ਵਿਰੁੱਧ ਹਥਿਆਰਬੰਦ ਲੜਾਈ ਤੋਂ ਵੀ ਕਾਰਗਰ ਉਨ੍ਹਾਂ ਨੇ ਦੁਨੀਆਂ ਦੇ ਇਤਿਹਾਸ ਵਿਚ ਪਹਿਲੀ ਵਾਰ ਨਾ-ਮਿਲਵਰਤਨ ਦਾ ਮਜ਼ਬੂਤ ਹਥਿਆਰ ਵਰਤਿਆ, ਜਿਸ ਵਿਚ ਅੰਗਰੇਜ਼ੀ ਸਕੂਲਾਂ, ਕਚਿਹਰੀਆਂ, ਡਾਕਖਾਨਿਆਂ, ਸਰਕਾਰੀ ਦਫ਼ਤਰਾਂ ਦਾ ਬਾਈਕਾਟ ਕਰ ਦਿੱਤਾ ਗਿਆ। ਉਨ੍ਹਾਂ ਅੰਗਰੇਜ਼ ਦੀਆਂ ਮਿੱਲਾਂ ਵਿਚ ਤਿਆਰ ਕੱਪੜਾ, ਸਮੱਗਰੀ ਅਤੇ ਹਰ ਵਸਤੂ ਦਾ ਬਾਈਕਾਟ ਕਰ ਕੇ ਸਵਦੇਸ਼ੀ ਦਾ ਪ੍ਰਚਾਰ ਕੀਤਾ।
ਔਰਤ ਦੀ ਸਮਾਜਿਕ ਦਸ਼ਾ ਉਸ ਸਮੇਂ ਬਹੁਤ ਹੀ ਤਰਸਯੋਗ ਸੀ। ਲੜਕੀਆਂ ਨੂੰ ਜੰਮਦੀਆਂ ਨੂੰ ਮਾਰਨ, ਵੇਚਣ, ਵੱਟਾ ਕਰਨ, ਬੁੱਢਿਆਂ ਨਾਲ ਵਿਆਹ ਕੇ ਪੈਸੇ ਲੈਣ ਦਾ ਰਿਵਾਜ਼ ਕਾਫ਼ੀ ਪ੍ਰਚੱਲਤ ਸੀ। ਸਤਿਗੁਰੂ ਰਾਮ ਸਿੰਘ ਨੇ ਕੁੜੀ ਮਾਰਨ, ਵੇਚਣ, ਵੱਟਾ ਕਰਨ ਜਾਂ ਕੁੜੀ ਨੂੰ ਤੰਗ ਕਰਨ ਵਾਲੇ ਨੂੰ ਸੰਗਤ ਵਿਚ ਵੜਨ ਦੀ ਮਨਾਹੀ ਕਰ ਦਿੱਤੀ ਅਤੇ ਉਸ ਦੇ ਘਰ ਦਾ ਦਾਣਾ, ਪਾਣੀ ਖਾਣ ਜਾਂ ਮਿਲਵਰਤਨ ਰੱਖਣ ਦਾ ਵੀ ਬਾਈਕਾਟ ਕਰ ਦਿੱਤਾ। ਬੀਬੀਆਂ ਨੂੰ ਖੰਡੇ-ਬਾਟੇ ਦੇ ਅੰਮ੍ਰਿਤ ਦੀ ਦਾਤ ਦੇ ਕੇ ਮਰਦ ਦੇ ਬਰਾਬਰ ਦਾ ਰੁਤਬਾ ਦਿੱਤਾ। ਸਾਦਾ ਅਨੰਦ ਕਾਰਜ ਦੀ ਰਸਮ ਦਾ ਆਗਾਜ਼ ਕੀਤਾ।
ਸਤਿਗੁਰੂ ਰਾਮ ਸਿੰਘ ਸਿੱਖੀ ਦੇ ਪ੍ਰਚਾਰ ਲਈ ਪਿੰਡ-ਪਿੰਡ, ਸ਼ਹਿਰ-ਸ਼ਹਿਰ ਗਏ। ਲੋਕਾਂ ਨੂੰ ਗੁਰਬਾਣੀ ਨਾਲ ਜੋੜਿਆ।
ਮੁਰਝਾ ਚੁੱਕੀ ਸਿੱਖੀ ਨੂੰ ਮੁੜ ਸੁਰਜੀਤ ਕਰਨ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖੀ ਨੂੰ ਪ੍ਰਫੁੱਲਤ ਕਰਨ ਦਾ 1857 ਈਸਵੀ ਵਿਸਾਖੀ ਦਾ ਉਹ ਸ਼ੁੱਭ ਦਿਹਾੜਾ ਹੈ, ਜਿਸ ਤੋਂ ਦੇਸ਼ ਨੂੰ ਅਗਵਾਈ ਮਿਲੀ ਅਤੇ ਦੇਸ਼ ਸੁਤੰਤਰ ਹੋਇਆ। ਆਓ...! ਵਿਸਾਖੀ ਦੇ ਇਸ ਸ਼ੁਭ ਦਿਹਾੜੇ 'ਤੇ ਆਪਣੇ ਇਤਿਹਾਸ ਨੂੰ ਯਾਦ ਕਰ ਕੇ ਆਪਣੀਆਂ ਜੜ੍ਹਾਂ ਨਾਲ ਜੁੜੀਏ।
-ਮਹਿਰਾਜ ਬਸਤੀ, ਰਾਮਪੁਰਾ ਫੂਲ, ਜ਼ਿਲ੍ਹਾ-ਬਠਿੰਡਾ।
ਮੋਬਾਈਲ-98768-50680