ਗੁਰੂ ਨਗਰੀ ਅੰਮਿ੍ਤਸਰ ਵਿਚ ਮਨਾਏ ਜਾਣ ਵਾਲੇ ਤਿਉਹਾਰਾਂ ਦੀ ਲੜੀ ਵਿਚ ਦੀਵਾਲੀ ਦਾ ਪ੍ਰਮੁੱਖ ਸਥਾਨ ਅਤੇ ਖ਼ਾਸ ਮਹੱਤਤਾ ਹੈ | ਦੀਵਾਲੀ 'ਤੇ ਜਿੱਥੇ ਪੂਰੇ ਨਗਰ ਨੂੰ ਨਵੀਂ ਵਿਆਹੀ ਦੁਲਹਨ ਵਾਂਗ ਸਜਾਇਆ ਜਾਂਦਾ ਹੈ, ਉੱਥੇ ਹੀ ਕਰੋੜਾਂ ਰੁਪਿਆਂ ਦੀ ਆਤਿਸ਼ਬਾਜ਼ੀ ਚਲਾਉਣ ਦੇ ਨਾਲ-ਨਾਲ ਵੱਡੇ ਪੱਧਰ 'ਤੇ ਰੌਸ਼ਨੀ ਵੀ ਕੀਤੀ ਜਾਂਦੀ ਹੈ | ਇਨ੍ਹਾਂ ਨਜ਼ਾਰਿਆਂ ਦਾ ਆਨੰਦ ਲੈਣ ਲਈ ਦੂਰ-ਦੁਰਾਡੇ ਦੇ ਸ਼ਹਿਰਾਂ ਅਤੇ ਦੇਸ਼-ਵਿਦੇਸ਼ ਤੋਂ ਲੋਕ ਇੱਥੇ ਪੁੱਜਦੇ ਹਨ | ਸ਼ਾਇਦ ਇਸੇ ਲਈ ਕਿਹਾ ਜਾਂਦਾ ਹੈ - 'ਦਾਲ ਰੋਟੀ ਘਰ ਦੀ, ਦੀਵਾਲੀ ਅੰਮਿ੍ਤਸਰ ਦੀ |'
ਇਤਿਹਾਸਕ ਦਸਤਾਵੇਜ਼ਾਂ ਮੁਤਾਬਿਕ ਅੰਮਿ੍ਤਸਰ 'ਚ ਪਹਿਲੀ ਵਾਰ ਦੀਵਾਲੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਬਾਬਾ ਬੁੱਢਾ ਜੀ ਦੀ ਆਗਿਆ ਅਨੁਸਾਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਦੇ ਗਵਾਲੀਅਰ ਦੇ ਕਿਲ੍ਹੇ 'ਚੋਂ ਰਿਹਾਅ ਹੋਣ ਦੀ ਖ਼ੁਸ਼ੀ ਵਿਚ ਲਗਾਇਆ ਗਿਆ | ਉਸ ਮੌਕੇ ਪਹਿਲੀ ਵਾਰ ਚੱਕ ਗੁਰੂ ਕਾ (ਅੰਮਿ੍ਤਸਰ) 'ਚ ਸ਼ਾਮ ਨੂੰ ਸ੍ਰੀ ਹਰਿਮੰਦਰ ਸਾਹਿਬ ਸਮੇਤ ਪੂਰੇ ਨਗਰ ਵਿਚ ਦੀਪਮਾਲਾ ਕਰਕੇ ਲੋਕਾਂ ਨੇ ਖ਼ੁਸ਼ੀ ਮਨਾਈ ਸੀ | ਉਸ ਤੋਂ ਬਾਅਦ ਅੱਜ ਤੱਕ ਸਿੱਖ ਦੀਵਾਲੀ 'ਤੇ ਸ੍ਰੀ ਦਰਬਾਰ ਸਾਹਿਬ 'ਚ ਅਤੇ ਆਪੋ-ਆਪਣੇ ਘਰਾਂ ਵਿਚ ਦੀਪਮਾਲਾ ਕਰਦੇ ਆ ਰਹੇ ਹਨ | 'ਭੱਟ ਵਹੀ ਜਾਦੋ ਬੰਸੀਆਂ ਬੜਤੀਆਂ ਕੀ' ਵਿਚ ਦਰਜ ਹੈ- 'ਨਾਇਕ ਹਰੀ ਰਾਮ ਦਰੋਗ਼ਾ ਬੇਟਾ ਹਰਿ ਬੰਸ ਕਾ ਪੋਤਾ ਠਾਕਰ ਦਾਸ ਕਾ ਪੜਪੋਤਾ ਧਰਮ ਚੰਦ ਕਾ ਬੰਸ ਰਾਧਾ ਕਿ੍ਸ਼ਨ ਕੀ ਚੰਦਰ ਬੰਸੀ ਜਾਦਵ ਬੜਤੀਆ ਕਨਾਵਤ ਨੇ ਸੰਮਤ 1676 ਕੱਤਕ ਬਦੀ ਚਉਰਸ ਕੇ ਦਿਹੁ ਬੰਦੀ ਛੋਰ ਗੁਰੂ ਹਰਿਗੋਬਿੰਦ ਜੀ ਕੇ ਬਾਵਨ ਰਾਜਯੋਂ ਕੇ ਬੰਧਨ-ਮੁਕਤ ਹੋਇ ਕੇ ਆਨੇ ਕੀ ਖ਼ੁਸ਼ੀ ਮੇ ਦੀਪ ਮਾਲਾ ਕੀ ਸਾਰੀ ਨਗਰੀ ਮੇ ਖ਼ੁਸ਼ੀਆਂ ਕੇ ਬਾਦਲ ਛਾਇ ਰਹੇ | ਗੁਰੂ ਜੀ ਏਕ ਦਿਵਸ ਨਾਇਕ ਹਰੀ ਰਾਮ ਕੇ ਗ੍ਰਹਿ ਮੇ ਨਿਵਾਸ ਕਰਕੇ ਬਦਾਇਗੀ ਲੀ |'
ਉਕਤ ਭੱਟ ਵਹੀ ਅਨੁਸਾਰ ਗੁਰੂ-ਘਰ ਦੇ ਵਿਰੋਧੀਆਂ ਦੀਆਂ ਝੂਠੀਆਂ ਸ਼ਿਕਾਇਤਾਂ 'ਤੇ ਮੁਗ਼ਲ ਬਾਦਸ਼ਾਹ ਜਹਾਂਗੀਰ ਵਲੋਂ ਗਿ੍ਫ਼ਤਾਰ ਕੀਤੇ ਜਾਣ ਤੋਂ ਬਾਅਦ ਜਦੋਂ ਗੁਰੂ ਹਰਿਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ 'ਚੋਂ 52 ਰਾਜਿਆਂ ਸਮੇਤ ਬੰਧਨ-ਮੁਕਤ ਹੋ ਕੇ ਆਏ ਤਾਂ ਹਰੀ ਰਾਮ ਦਰੋਗ਼ਾ ਉਨ੍ਹਾਂ ਨੂੰ ਸਤਿਕਾਰ ਨਾਲ ਆਪਣੇ ਘਰ ਲੈ ਗਿਆ | ਗੁਰੂ ਮਹਾਰਾਜ ਦੇ ਬੰਧਨ-ਮੁਕਤ ਹੋਣ ਦੀ ਖ਼ੁਸ਼ੀ ਵਿਚ ਹਰੀ ਰਾਮ ਨੇ ਉਸ ਰਾਤ ਆਪਣੇ ਘਰ ਦੀਪਮਾਲਾ ਕੀਤੀ | ਭੱਟ ਵਹੀ ਅਨੁਸਾਰ ਉਹ ਦੀਵਾਲੀ ਦਾ ਦਿਨ ਸੀ |
ਭਾਈ ਮਨੀ ਸਿੰਘ ਜੀ ਨੂੰ ਅਠਾਰ੍ਹਵੀਂ ਸਦੀ ਦੇ ਉਸ ਸੰਕਟ ਕਾਲ ਵਿਚ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦਾ ਮੁੱਖ ਗ੍ਰੰਥੀ ਨਿਯੁਕਤ ਕੀਤਾ ਗਿਆ, ਜਦੋਂ ਇਸ ਤੀਰਥ ਦੇ ਪ੍ਰਬੰਧਕੀ ਹਾਲਾਤ ਅਸਲੋਂ ਹੀ ਵਿਗੜੇ ਹੋਏ ਸਨ | ਭਾਈ ਜੀ ਨੇ ਆਪਣੀ ਸੂਝ-ਬੂਝ ਸਦਕਾ ਸ੍ਰੀ ਹਰਿਮੰਦਰ ਸਾਹਿਬ 'ਚ ਧਾਰਮਿਕ ਮਰਿਆਦਾ ਮੁੜ ਬਹਾਲ ਕਰਵਾਈ ਅਤੇ ਇਹ ਮਰਿਆਦਾ ਕਾਇਮ ਕੀਤੀ ਕਿ ਕਿਸ ਸਮੇਂ ਕਿਹੜਾ ਪ੍ਰੋਗਰਾਮ ਹੋਵੇਗਾ ਅਤੇ ਕਿਸ ਪ੍ਰਕਾਰ ਮਨਾਇਆ ਜਾਵੇਗਾ |
ਸ਼ਹੀਦ ਬਿਲਾਸ, ਭਾਈ ਸੇਵਾ ਸਿੰਘ ਭੱਟਖਰੀ (ਗੁਰਮੁਖੀ 'ਚ ਉਤਾਰਾ ਸ: ਛੱਜੂ ਸਿੰਘ) ਅਨੁਸਾਰਭਾਈ ਮਨੀ ਸਿੰਘ ਜੀ ਨੇ ਸੰਮਤ 1790 ਬਿ. (1733 ਈ.) ਦੀ ਦੀਵਾਲੀ ਦੇ ਜੋੜ-ਮੇਲ ਦੀ 10 ਦਿਨਾਂ ਲਈ ਭਾਈ ਸੂਰਤ ਸਿੰਘ ਸੂਰੀ ਅਤੇ ਭਾਈ ਸੁਬੇਗ ਸਿੰਘ ਜੰਭਰ ਦੀ ਮਾਰਫ਼ਤ ਲਾਹੌਰ ਦੇ ਸੂਬੇਦਾਰ ਜ਼ਕਰੀਆ ਖ਼ਾਨ ਪਾਸੋਂ 10 ਹਜ਼ਾਰ ਰੁਪਏ ਟੈਕਸ ਦੇ ਤੌਰ 'ਤੇ ਦੇਣੇ ਕਰ ਕੇ ਮਨਜ਼ੂਰੀ ਪ੍ਰਾਪਤ ਕਰ ਲਈ | ਉਸ ਤੋਂ ਪਹਿਲਾਂ ਤੁਰਕਾਂ ਵਲੋਂ ਲਗਾਈ ਪਾਬੰਦੀ ਦੇ ਚੱਲਦਿਆਂ ਲੰਬੇ ਸਮੇਂ ਤੋਂ ਦੀਵਾਲੀ ਦਾ ਜੋੜ- ਮੇਲਾ ਨਹੀਂ ਲਗਾਇਆ ਜਾ ਸਕਿਆ ਸੀ | ਭਾਈ ਜੀ ਵਲੋਂ ਮਨਜ਼ੂਰੀ ਪ੍ਰਾਪਤ ਕਰਨ ਤੋਂ ਬਾਅਦ ਜਦ ਮੇਲਾ ਨੇੜੇ ਆਇਆ ਤਾਂ ਹਕੂਮਤ ਦੀ ਨੀਯਤ ਬਦਲ ਗਈ | ਮੁਖ਼ਬਰਾਂ ਨੇ ਸੂਬੇ ਲਾਹੌਰ ਨੂੰ ਉਕਸਾਉਣਾ ਸ਼ੁਰੂ ਕਰ ਦਿੱਤਾ ਕਿ ਇਸ ਮੌਕੇ 'ਤੇ ਇਕੱਠੇ ਹੋਏ ਸਿੰਘਾਂ ਨੂੰ ਗਿ੍ਫ਼ਤਾਰ ਕਰ ਕੇ ਮਾਰ-ਮੁਕਾ ਦਿੱਤਾ ਜਾਵੇ | ਇਹ ਕਨਸੋਆਂ ਲਾਹੌਰੀ ਸਿੱਖਾਂ ਦੀ ਮਾਰਫ਼ਤ ਭਾਈ ਮਨੀ ਸਿੰਘ ਜੀ ਅਤੇ ਬਾਹਰਲੇ ਸਿੰਘਾਂ ਪਾਸ ਵੀ ਪੁੱਜ ਗਈਆਂ, ਜਿਸ ਕਾਰਨ ਜੋੜ ਮੇਲ ਵਿਚ ਰੁਕਾਵਟ ਪੈ ਗਈ ਅਤੇ... ਸ਼ਰਧਾਲੂ ਸਿੱਖ ਦੀਵਾਲੀ ਸਮੇਂ ਅੰਮਿ੍ਤਸਰ ਦਰਸ਼ਨਾਂ ਲਈ ਨਾ ਆਏ | ਇਸੇ ਕਾਰਨ... ... ਸੂਬੇ ਨੂੰ 10 ਹਜ਼ਾਰ ਰੁਪਈਆ ਨਾ ਦਿੱਤਾ ਜਾ ਸਕਿਆ | ਭਾਈ ਮਨੀ ਸਿੰਘ ਜੀ ਦੀ ਜਵਾਬ-ਤਲਬੀ ਹੋਈ ਅਤੇ ਟੈਕਸ ਦੀ ਰਕਮ ਅਦਾ ਨਾ ਕਰਨ ਦੇ ਦੋਸ਼ ਵਿਚ ਭਾਈ ਜੀ ਤੇ ਹੋਰ ਸਿੰਘਾਂ ਨੂੰ ਗਿ੍ਫ਼ਤਾਰ ਕਰਕੇ ਲਾਹੌਰ ਲੈ ਜਾਇਆ ਗਿਆ ਅਤੇ ਹਾੜ੍ਹ ਸੁਦੀ ਪੰਚਮੀ ਸੰਮਤ 1791 ਬਿ. (24 ਜੂਨ 1734 ਈ.) ਨੂੰ ਉਨ੍ਹਾਂ ਦਾ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ |
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਅੰਮਿ੍ਤਸਰ ਦੇ ਦੀਵਾਲੀ ਜੋੜ ਮੇਲ ਦੀਆਂ ਰੌਣਕਾਂ ਸਿਖਰ ਤੱਕ ਪਹੁੰਚਣ ਲੱਗੀਆਂ | ਮਹਾਰਾਜਾ ਦੀਵਾਲੀ ਜੋੜ-ਮੇਲ 'ਤੇ ਵਿਸ਼ੇਸ਼ ਤੌਰ 'ਤੇ ਅੰਮਿ੍ਤਸਰ ਪਹੁੰਚ ਕੇ ਅੰਮਿ੍ਤ ਸਰੋਵਰ 'ਚ ਇਸ਼ਨਾਨ ਕਰਕੇ ਸ੍ਰੀ ਹਰਿਮੰਦਰ ਸਾਹਿਬ 'ਚ ਨਤਮਸਤਕ ਹੁੰਦੇ | ਉਨ੍ਹਾਂ ਦੇ ਆਉਣ 'ਤੇ ਪੂਰੇ ਸ਼ਹਿਰ ਨੂੰ ਦੁਲਹਨ ਵਾਂਗ ਸਜਾਇਆ ਜਾਂਦਾ | ਸਿੱਖ ਰਾਜ ਤੋਂ ਬਾਅਦ ਭਾਵੇਂ ਅੰਗਰੇਜ਼ੀ ਰਾਜ ਸਮੇਂ ਦੀਵਾਲੀ ਦੀਆਂ ਅੰਮਿ੍ਤਸਰ 'ਚ ਰੌਣਕਾਂ ਫਿੱਕੀਆਂ ਰਹੀਆਂ, ਪਰ ਹੁਣ ਗੁਰੂ ਮਹਾਰਾਜ ਦੀ ਮਿਹਰ ਸਦਕਾ ਅੰਮਿ੍ਤਸਰ ਦੀ ਦੀਵਾਲੀ ਪੂਰੇ ਸੰਸਾਰ 'ਚ ਪ੍ਰਸਿੱਧੀ ਪਾ ਚੁੱਕੀ ਹੈ | ਦੀਵਾਲੀ ਦੀ ਰਾਤ ਸੱਚਖੰਡ 'ਚ ਅਜਿਹੀ ਰੌਸ਼ਨੀ ਕੀਤੀ ਜਾਂਦੀ ਹੈ, ਜਿਸ ਦੀ ਇਕ ਝਲਕ ਵੇਖਣ ਲਈ ਸੰਗਤਾਂ ਤੇ ਯਾਤਰੂ ਦੇਸ਼-ਵਿਦੇਸ਼ ਦੇ ਹਰ ਸ਼ਹਿਰ 'ਚੋਂ ਲੱਖਾਂ ਦੀ ਗਿਣਤੀ 'ਚ ਅੰਮਿ੍ਤਸਰ ਪੁੱਜਦੇ ਹਨ ਅਤੇ ਗੁਰੂ-ਘਰ 'ਚੋਂ ਖ਼ੁਸ਼ੀਆਂ ਪ੍ਰਾਪਤ ਕਰਦੇ ਹਨ |
-ਪੱਤਰਕਾਰ, ਅਜੀਤ ਉਪ ਦਫ਼ਤਰ ਅੰਮਿ੍ਤਸਰ
ਮੋਬਾਈਲ : 9356127771