ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2022

ਆਓ, ਸੁਨਹਿਰੀ ਸੋਚ ਦੇ ਦੀਵੇ ਬਾਲੀਏ

Ad Position 21
No active advertisement
ਅਜੀਤ ਡੈਸਕ 24-10-2022

ਦੀਵਾਲੀ ਦਾ ਤਿਉਹਾਰ ਰੌਸ਼ਨੀਆਂ, ਖ਼ੁਸ਼ੀਆਂ ਅਤੇ ਸਾਂਝਾਂ ਦਾ ਤਿਉਹਾਰ ਹੈ। ਇਸ ਨੂੰ ਮਨਾਉਂਦਿਆਂ ਸਾਰੇ ਆਪਣੀ ਜ਼ਿੰਦਗੀ 'ਚ ਵੀ ਰੌਸ਼ਨੀਆਂ, ਖ਼ੁਸ਼ੀਆਂ ਅਤੇ ਸਾਂਝਾਂ ਲੋਚਦੇ ਹਨ। ਦੀਵਾਲੀ ਦੀ ਰਾਤ ਨੂੰ ਦੀਵੇ, ਮੋਮਬੱਤੀਆਂ ਅਤੇ ਬਿਜਲੀ ਦੀਆਂ ਲੜੀਆਂ ਬਾਲ ਕੇ ਚੌਗਿਰਦੇ ਨੂੰ ਰੁਸ਼ਨਾਇਆ ਜਾਂਦਾ ਹੈ। ਮਠਿਆਈਆਂ ਅਤੇ ਹੋਰ ਪਕਵਾਨਾਂ ਦੇ ਸੁਆਦਾਂ ਅਤੇ ਪਟਾਕਿਆਂ ਦੇ ਸ਼ੋਰ-ਸ਼ਰਾਬੇ ਨਾਲ ਇਸ ਤਿਉਹਾਰ ਦੀ ਰੌਣਕ ਨੂੰ ਹੋਰ ਵਧਾਇਆ ਜਾਂਦਾ ਹੈ। ਅਜਿਹੇ ਖ਼ੁਸ਼ਗਵਾਰ ਮਾਹੌਲ 'ਚ ਇਕ ਸਵਾਲ ਪੈਦਾ ਹੁੰਦਾ ਹੈ ਜਿਸ ਦਾ ਜਵਾਬ ਦੇਣ ਦੀ ਬਜਾਏ ਅਸੀਂ ਕੰਨੀ ਕਤਰਾ ਜਾਂਦੇ ਹਾਂ। ਸਵਾਲ ਇਹ ਹੈ ਕਿ ਸੀਮਤ ਸਮੇਂ ਤੱਕ ਜਗਮਗ ਕਰਨ ਵਾਲੀਆਂ ਰੌਸ਼ਨੀਆਂ ਤੋਂ ਅੱਗੇ ਵਧ ਕੇ, ਕੀ ਅਸੀਂ ਆਪਣੀ ਸੋਚ ਨੂੰ ਵੀ ਉਸਾਰੂ ਚਾਨਣ ਵੰਡਣ ਦੀ ਕੋਸ਼ਿਸ਼ ਕੀਤੀ ਹੈ? ਕਿਉਂਕਿ ਚਿੰਤਾ ਵਾਲੀ ਗੱਲ ਇਹ ਹੈ ਕਿ ਸਾਡਾ ਸਮਾਜ ਅਨੇਕਾਂ ਕੁਰੀਤੀਆਂ ਕਰਕੇ ਲਗਾਤਾਰ ਹਨੇਰੇ ਵਿਚ ਡੁੱਬਦਾ ਜਾ ਰਿਹਾ ਹੈ। ਇਸ ਵਰਤਾਰੇ ਨੂੰ ਹਕੀਕੀ ਰੂਪ 'ਚ ਦੇਖਣ ਲਈ ਅਜੋਕੀ ਸਵਾਲੀਆ ਵਿਵਸਥਾ ਸਭ ਤੋਂ ਵੱਡੀ ਰੁਕਾਵਟ ਬਣੀ ਹੋਈ ਹੈ। ਮਨਾਂ ਅੰਦਰ ਦੂਰੀਆਂ ਦਾ ਹਨੇਰਾ, ਦਿਲਾਂ 'ਚ ਈਰਖਾ ਦਾ ਵਾਸ ਅਤੇ ਚਿਹਰਿਆਂ 'ਤੇ ਰੋਸਿਆਂ ਦਾ ਪਰਛਾਵਾਂ ਹਨੇਰੇ ਨੂੰ ਰੋਜ਼ ਸੱਦਾ ਦਿੰਦਾ ਨਜ਼ਰ ਆਉਂਦਾ ਹੈ। ਅਜਿਹੀ ਧਾਰਨਾ 'ਚ ਰੌਸ਼ਨੀਆਂ ਦੀ ਆਸ ਨੂੰ ਬੂਰ ਨਹੀਂ ਪੈਣ ਦਿੱਤਾ ਜਾਂਦਾ।
ਦੇਸ਼ ਦੀਆਂ ਸਿਆਸੀ ਪਾਰਟੀਆਂ ਜਿਨ੍ਹਾਂ ਨੇ ਰਾਜ ਕਰਕੇ ਨਵੀਂ ਦਿਸ਼ਾ ਦੇਣੀ ਹੁੰਦੀ ਹੈ, ਉਹ ਵੀ ਆਪਸ 'ਚ ਬੁਰੀ ਤਰ੍ਹਾਂ ਉਲਝ ਕੇ ਹਨੇਰੇ ਪੈਦਾ ਕਰ ਰਹੀਆਂ ਹਨ। ਜਿਨ੍ਹਾਂ ਦੀਆਂ ਸਟੇਜਾਂ ਜਾਂ ਮੀਟਿੰਗਾਂ 'ਚ ਜਿਥੇ ਵਿਕਾਸ ਦੀਆਂ ਵਿਚਾਰਾਂ ਹੋਣੀਆਂ ਚਾਹੀਦੀਆਂ ਸਨ, ਉਥੇ ਵਿਰੋਧੀ ਪਾਰਟੀਆਂ 'ਤੇ ਦੋਸ਼ਾਂ ਦੀਆਂ ਬੁਛਾਰਾਂ ਕੀਤੀਆਂ ਜਾਂਦੀਆਂ ਹਨ। ਇਵੇਂ ਅਜਿਹੇ ਰਾਜਸੀ ਆਕਾਵਾਂ ਦੀ ਅਗਵਾਈ 'ਚ ਕੰਮ ਕਰਨ ਵਾਲਾ ਪ੍ਰਸ਼ਾਸਨ ਵੀ ਉਲਾਂਭੇ ਤੋਂ ਬਚ ਨਹੀਂ ਸਕਿਆ। ਜਦੋਂ ਪੈਸੇ ਅਤੇ ਪਹੁੰਚ ਦੇ ਜ਼ੋਰ ਨਾਲ ਫੈਸਲਾ ਗ਼ਲਤ ਦੇ ਹੱਕ ਵਿਚ ਆ ਜਾਂਦਾ ਹੈ ਤਾਂ ਫਰਿਆਦੀ ਦੀ ਪੁਕਾਰ ਹਨੇਰੇ 'ਚ ਗੁਆਚ ਕੇ ਰਹਿ ਜਾਂਦੀ ਹੈ। ਗੱਲ ਕੀ ਸਿਆਸਤ ਤੇ ਪ੍ਰਸ਼ਾਸਨ ਦੀ ਨਾਕਾਰਾਤਮਿਕ ਸਾਂਝ ਹੱਕ ਅਤੇ ਸੱਚ ਦੀ ਆਵਾਜ਼ ਨੂੰ ਖਤਮ ਕਰਕੇ ਸਮਾਜ ਅੰਦਰ ਹਨੇਰ-ਗ਼ਰਦੀ ਪੈਦਾ ਕਰ ਰਹੀ ਹੈ। ਆਰਥਿਕਤਾ ਦੀ ਕਾਣੀ ਵੰਡ ਨਾਲ ਖੁਸ਼ਹਾਲੀ ਦਾ ਚਾਨਣ ਗਿਣਤੀ ਦੇ ਘਰਾਂ ਵਿਚ ਹੀ ਹੋਇਆ ਹੈ ਜਦੋਂ ਕਿ ਮੰਦਹਾਲੀ ਦਾ ਹਨੇਰਾ ਅਣਗਿਣਤ ਘਰਾਂ 'ਤੇ ਭਾਰੂ ਪਿਆ ਹੈ। ਇਸ ਕਾਣੀ ਵੰਡ ਦਾ ਸ਼ਿਕਾਰ ਹੋਇਆ ਸਮਾਜ ਜੋ ਹਨੇਰੇ ਦੇ ਦੈਂਤ ਦੀ ਦਹਿਸ਼ਤ 'ਚ ਹੈ, ਨੂੰ ਆਪਣੀ ਸੁਨਹਿਰੀ ਸੋਚ ਨਾਲ ਚਾਨਣ ਕਰਨ ਦੀ ਲੋੜ ਹੈ।
ਪਰਿਵਾਰਕ ਤੌਰ 'ਤੇ ਵੀ ਅਸੀਂ ਆਪਣੇ ਖ਼ੂਨ ਦੇ ਰਿਸ਼ਤਿਆਂ ਤੋਂ ਦੂਰ ਹੋ ਰਹੇ ਹਾਂ ਅਤੇ ਆਪਣਿਆਂ ਦਾ ਵੀ ਨੁਕਸਾਨ ਕਰਨ ਲੱਗਿਆਂ ਢਿੱਲ ਨਹੀਂ ਕਰਦੇ। ਲੋੜ ਹੈ ਸੋਚ 'ਚ ਅਪਣੱਤ ਦਾ ਚਾਨਣ ਭਰਨ ਦੀ ਤਾਂ ਕਿ ਅਸੀਂ ਦੂਜਿਆਂ ਦੇ ਦੁੱਖ ਦਰਦ ਸੁਣਨ ਦੀ, ਸੁਣਨ ਤੋਂ ਬਾਅਦ ਉਸ ਨੂੰ ਸਮਝਣ ਦੀ ਅਤੇ ਸਮਝਦਿਆਂ ਉਸ ਨੂੰ ਵੰਡਾਉਣ ਦੀ ਕੋਸ਼ਿਸ਼ ਕਰੀਏ। ਜੇਕਰ ਅਸੀਂ ਇਸ ਧਾਰਨਾ ਦੇ ਹਾਣੀ ਹੋ ਜਾਵਾਂਗੇ ਤਾਂ ਹੀ ਦੀਵਾਲੀ ਵਰਗੇ ਪਵਿੱਤਰ ਤਿਉਹਾਰ ਮਨਾਉਣ ਦੇ ਅਸਲ ਭਾਗੀਦਾਰ ਹੋ ਸਕਦੇ ਹਾਂ। ਜੇਕਰ ਸਾਡੇ ਮਨਾਂ ਅੰਦਰ ਸੁਨਹਿਰੀ ਸੋਚ ਦਾ ਵਾਸ ਹੋਵੇਗਾ ਤਾਂ ਸਮਾਜ ਅੰਦਰ ਤਬਦੀਲੀ ਦਾ ਆਪ-ਮੁਹਾਰੇ ਮੁੱਢ ਬੱਝ ਸਕਦਾ ਹੈ। ਜੇਕਰ ਸਾਡੇ ਵਿਹੜਿਆਂ 'ਚ ਸਾਂਝਾਂ ਦਾ ਵਾਸ ਹੋਵੇਗਾ ਤਾਂ ਹੀ ਇਕ ਮਜ਼ਬੂਤ ਦੇਸ਼ ਦਾ ਨਿਰਮਾਣ ਹੁੰਦਾ ਨਜ਼ਰ ਹੋਵੇਗਾ।
ਸੋ, ਆਓ, ਅਜਿਹੇ ਦ੍ਰਿਸ਼ਾਂ ਵੱਲ ਝਾਤ ਮਾਰੀਏ ਅਤੇ ਹਰ ਦੀਵਾਲੀ ਨੂੰ ਅਜਿਹੀ ਰੌਸ਼ਨੀ ਦੇ ਦੀਵੇ ਬਾਲੀਏ ਜਿਸ ਨਾਲ ਵਿਅਕਤੀਗਤ ਮੁਨਾਫ਼ਿਆਂ ਤੋਂ ਉੱਪਰ ਉਠ ਕੇ ਲੋੜਵੰਦਾਂ ਲਈ ਖ਼ੁਸ਼ੀ ਅਤੇ ਸਾਂਝਾਂ ਦਾ ਚਾਨਣ ਵੰਡੀਏ।

-ਪ੍ਰਤੀਨਿਧ 'ਅਜੀਤ', ਪਿੰਡ ਕਟਾਰੀਆਂ, ਤਹਿ: ਬੰਗਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ।
ਮੋਬਾਈਲ : 90413-13346

Ad Position 22
No active advertisement
ਪਿਛਲੀ ਖ਼ਬਰ kanya ਅਗਲੀ ਖ਼ਬਰ ਦੀਵਾਲੀ ਮੌਕੇ ਆਪਣੇ ਅਤੇ ਦੂਜਿਆਂ ਦੇ ਜੀਵਨ ਨੂੰ ਕਿਵੇਂ ਸੁਰੱਖਿਅਤ ਰੱਖੀਏ
Ad Position 24
No active advertisement