ਭਾਈ ਮਨੀ ਸਿੰਘ ਜੀ ਇੱਕ ਬਹੁਤ ਹੀ ਆਦਰਯੋਗ ਤੇ ਵਿਦਵਾਨ ਸਿੱਖ ਸਨ | ਭਾਈ ਸਾਹਿਬ ਦਾ ਜਨਮ 10 ਮਾਰਚ 1644 ਈ: ਨੂੰ ਪਿਤਾ ਮਾਈ ਦਾਸ ਤੇ ਮਾਤਾ ਮੱਧਰੀ ਬਾਈ ਦੇ ਘਰ ਪਿੰਡ ਅਲੀਪੁਰ ਜਿਲ੍ਹਾ ਮੁਜ਼ੱਫਰਗੜ੍ਹ ਪਾਕਿਸਤਾਨ ਵਿਚ ਹੋਇਆ | ਭਾਈ ਸਾਹਿਬ ਦਾ ਗੁਰੂ ਘਰ ਨਾਲ ਨਾਤਾ ਗੁਰੂ ਹਰਿਰਾਏ ਸਾਹਿਬ ਦੇ ਸਮੇਂ ਤੋਂ ਹੈ | ਆਪ ਦੀ ਸ਼ਾਦੀ ਪੰਦ੍ਹਰਵੇਂ ਵਰੇ੍ਹ ਵਿਚ ਲੱਖੀ ਰਾਇ ਜੀ ਦੀ ਲੜਕੀ ਸੀਤੋ ਜੀ ਨਾਲ ਹੋਈ |
ਜਦ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ 'ਤੇ ਖਾਲਸਾ ਸਾਜਿਆ ਤਾਂ ਭਾਈ ਮਨੀ ਸਿੰਘ ਜੀ ਨੇ ਆਪਣੇ ਭਰਾਵਾਂ ਤੇ ਪੰਜ ਪੁੱਤਰਾਂ ਨਾਲ ਅੰਮਿ੍ਤ ਦੀ ਪਵਿੱਤਰ ਦਾਤ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਪ੍ਰਾਪਤ ਕੀਤੀ | ਗੁਰੂ ਸਾਹਿਬ ਜੀ ਦੇ ਸਾਰੇ ਯੁੱਧਾਂ ਵਿਚ ਭਾਈ ਮਨੀ ਸਿੰਘ ਨੇ ਆਪਣੇ ਕਰਤੱਵ ਦਿਖਾਏ | ਭਾਈ ਮਨੀ ਸਿੰਘ ਜੀ ਗੁਰੂ ਸਾਹਿਬ ਦਾ ਹੁਕਮ ਪਾ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਵਜੋਂ ਸੇਵਾ ਨਿਭਾਉਣ ਲੱਗੇ | ਆਪ ਸ੍ਰੀ ਹਰਿਮੰਦਰ ਸਾਹਿਬ ਦੇ ਤੀਜੇ ਮੁੱਖ ਗ੍ਰੰਥੀ ਸਨ | ਪਹਿਲੇ ਬਾਬਾ ਬੁੱਢਾ ਜੀ, ਦੂਜੇ ਭਾਈ ਗੁਰਦਾਸ ਜੀ ਤੇ ਤੀਜੇ ਭਾਈ ਮਨੀ ਸਿੰਘ ਜੀ ਸਨ | ਜੰਗਾਂ ਯੁੱਧਾਂ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਾਲਵਾ ਦੇਸ਼ ਵੱਲ ਚਲੇ ਗਏ |
ਵੱਡੇ ਸਾਹਿਬਜ਼ਾਦੇ, ਛੋਟੇ ਸਾਹਿਬਜ਼ਾਦੇ, ਮਾਤਾ ਗੁਜਰੀ ਜੀ ਤੇ ਭਾਈ ਮਨੀ ਸਿੰਘ ਜੀ ਦੇ ਪੰਜ ਪੁੱਤਰਾਂ ਦੇ ਸ਼ਹੀਦ ਹੋਣ ਦੀ ਖ਼ਬਰ ਭਾਈ ਮਨੀ ਸਿੰਘ ਜੀ ਨੂੰ ਅੰਮਿ੍ਤਸਰ ਸਾਹਿਬ ਵਿਚ ਮਿਲੀ | ਆਪ ਨੇ ਫਿਰ ਵੀ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ | ਸਿੱਖਾਂ 'ਤੇ ਹਰ ਪਾਸਿਉਂ ਦੁੱਖਾਂ ਦੇ ਪਹਾੜ ਟੁੱਟਣ ਲੱਗੇ | ਭਾਈ ਮਨੀ ਸਿੰਘ ਦੀ ਉਮਰ ਉਸ ਵਕਤ 90 ਸਾਲ ਦੇ ਕਰੀਬ ਹੋ ਚੁੱਕੀ ਸੀ | ਸੰਮਤ 1790 ਬਿ: ਸੰਨ 1733 ਈ: ਦਾ ਦੀਵਾਲੀ ਪੁਰਬ ਨਜ਼ਦੀਕ ਆ ਰਿਹਾ ਸੀ | ਪਿਛਲੇ ਕਾਫੀ ਸਮੇਂ ਤੋਂ ਦੀਵਾਲੀ ਪੁਰਬ 'ਤੇ ਸਰਕਾਰ ਵਲੋਂ ਪਾਬੰਦੀ ਲਗਾਈ ਹੋਈ ਸੀ | ਭਾਈ ਮਨੀ ਸਿੰਘ ਜੀ ਇਸ ਵਾਰ ਦੀਵਾਲੀ ਪੁਰਬ ਮਨਾਉਣ ਦੀ ਇਜ਼ਾਜਤ ਲੈਣ ਲਈ ਲਾਹੌਰ ਜ਼ਕਰੀਆ ਖਾਨ ਕੋਲ ਲਾਹੌਰ ਨਿਵਾਸੀ ਸਿੱਖਾਂ ਦੀ ਮਦਦ ਨਾਲ ਗਏ | ਜ਼ਕਰੀਆ ਖਾਨ ਨੇ ਦੀਵਾਲੀ ਪੁਰਬ ਮਨਾਉਣ ਲਈ ਜਜ਼ੀਆ (ਟੈਕਸ) ਮੰਗਿਆ | ਕਈਆਂ ਵਿਦਵਾਨਾਂ ਨੇ ਇਹ ਰਕਮ ਪੰਜ ਹਜ਼ਾਰ ਤੇ ਕਈ ਵਿਦਵਾਨਾਂ ਨੇ ਦਸ ਹਜ਼ਾਰ ਵੀ ਲਿਖੀ ਹੈ | ਰਕਮ ਦੀਵਾਲੀ ਪੁਰਬ ਤੋਂ ਬਾਅਦ ਦੇਣੀ ਤੈਅ ਹੋ ਗਈ |
ਭਾਈ ਮਨੀ ਸਿੰਘ ਜੀ ਨੇ ਸਭ ਸਿੱਖਾਂ ਨੂੰ ਦੀਵਾਲੀ ਪੁਰਬ 'ਤੇ ਗੁਰੂ ਘਰ ਵਿਚ ਦੀਵਾਲੀ 'ਤੇ ਸ਼ਾਮਿਲ ਹੋਣ ਲਈ ਸੱਦਾ ਭੇਜਿਆ | ਦੂਜੇ ਪਾਸੇ ਗੁਰੂ ਘਰ ਦੇ ਦੋਖੀਆਂ ਨੇ ਸੂਬੇ ਨੂੰ ਉਕਸਾਇਆ ਕਿ ਦੀਵਾਲੀ ਤੇ ਕਈ ਨਾਮੀ ਸਿੱਖ ਵੀ ਅੰਮਿ੍ਤਸਰ ਸਾਹਿਬ ਆਉਣਗੇ ਤੇ ਕਿਉਂ ਨਾ ਉਨ੍ਹਾਂ ਨੂੰ ਫੜ੍ਹ ਕੇ ਖ਼ਤਮ ਕਰ ਦਿੱਤਾ ਜਾਵੇ | ਲਾਹੌਰ ਦੇ ਸਿੱਖਾਂ ਨੇ ਇਹ ਖ਼ਬਰ ਭਾਈ ਮਨੀ ਸਿੰਘ ਜੀ ਨੂੰ ਕਿਸੇ ਤਰ੍ਹਾਂ ਭੇਜੀ ਤਾਂ ਭਾਈ ਮਨੀ ਸਿੰਘ ਜੀ ਨੇ ਦੁਬਾਰਾ ਚਿੱਠੀਆਂ ਲਿਖ ਕੇ ਸਭ ਸਿੱਖਾਂ ਨੂੰ ਅੰਮਿ੍ਤਸਰ ਸਾਹਿਬ ਆਉਣ ਤੋਂ ਵਰਜ ਦਿੱਤਾ | ਦੀਵਾਲੀ ਪੁਰਬ 'ਤੇ ਸੰਗਤ ਪਹੁੰਚੀ ਨਹੀ ਤੇ ਮਾਇਆ ਇੱਕਠੀ ਨਹੀ ਹੋਈ | ਜਿਸ ਕਰਕੇ ਟੈਕਸ ਦੀ ਰਕਮ ਅਦਾ ਨਾ ਹੋਈ ਤੇ ਸੂਬੇ ਨੇ ਟੈਕਸ ਦੀ ਰਕਮ ਵਸੂਲਣ ਲਈ ਭਾਈ ਸਾਹਿਬ ਨੂੰ ਗਿ੍ਫ਼ਤਾਰ ਕਰ ਕੇ ਲਾਹੌਰ ਲਿਆਂਦਾ ਗਿਆ | ਸੂਬੇ ਨੇ ਭਾਈ ਸਾਹਿਬ ਨੂੰ ਕਿਹਾ ਕਿ 'ਜਾ ਤੇ ਪੰਜ ਹਜ਼ਾਰ ਰੁਪਿਆ ਅਦਾ ਕਰ ਜਾਂ ਮੋਮਨ ਹੋ ਜਾ' | ਭਾਈ ਮਨੀ ਸਿੰਘ ਜੀ ਨੇ ਮੁਸਲਮਾਨ ਹੋਣ ਤੋਂ ਇਨਕਾਰ ਕਰ ਦਿੱਤਾ | ਸੂਬੇ ਨੇ ਮੁਫਤੀ ਨਾਂਅ ਦੇ ਕਾਜ਼ੀ ਨੂੰ ਸਜ਼ਾ ਸੁਣਾਉਣ ਲਈ ਕਿਹਾ ਤਾਂ ਉਸਨੇ ਭਾਈ ਸਾਹਿਬ ਜੀ ਦਾ ਬੰਦ-ਬੰਦ ਕੱਟਣ ਦੀ ਸਜ਼ਾ ਦਾ ਹੁਕਮ ਸੁਣਾਇਆ | ਸ੍ਰੀ ਗੁਰੂ ਪੰਥ ਪ੍ਰਕਾਸ਼ ਵਿਚ ਭਾਈ ਰਤਨ ਸਿੰਘ ਭੰਗੂ ਸ਼ਹੀਦ ਲਿਖਦੇ ਹਨ |
ਗੁਰਸਿਖ ਕਹਾਵੈ ਜੋਊ ਕਰਨੀ ਯਹਿ ਕਮਾਵੈ ਸੋਊ,
ਮਨੀ ਸਿੰਘ ਤੁੱਲ ਭਯੋ ਕੋ ਰਾਣਾ ਔ ਨਹਿ ਰੰਕ ਜੀ |
ਦੋਹਰਾ
ਅਬਹਿ ਹਕੀਕਤ ਮੈਂ ਕਹੋਂ ਸੁਨੌਂ ਸੰਤ ਲਾਇ ਪ੍ਰੀਤ |
ਮਨੀ ਸਿੰਘ ਜੀ ਰਖ ਸਿੱਖੀ ਮਹਾਂ ਸ਼ਹੀਦੀ ਲੀਤ | |
ਭਾਈ ਮਨੀ ਸਿੰਘ ਜੀ ਨੂੰ ਹੋਰ ਸਿੱਖਾਂ ਸਮੇਤ ਕਈ ਤਸੀਹੇ ਦਿੱਤੇ ਗਏ ਤੇ ਅੰਤ ਸੰਮਤ 1791 ਸੰਨ 1734 ਈ: ਨੂੰ ਹੋਰ ਸਿੰਘਾਂ ਸਮੇਤ ਲਾਹੌਰ ਦੇ ਨਿਖਾਸ ਚੌਂਕ ਵਿਚ ਬੰਦ-ਬੰਦ ਕੱਟ ਕੇ ਸ਼ਹੀਦ ਕੀਤਾ ਗਿਆ | ਇਸ ਤਰਾਂ੍ਹ ਭਾਈ ਮਨੀ ਸਿੰਘ ਜੀ ਨੇ 90 ਵਰਿ੍ਹਆਂ ਦੀ ਵੱਡੀ ਉਮਰ ਵਿਚ ਬੰਦ-ਬੰਦ ਕਟਵਾ ਕੇ ਸਿੱਖੀ ਸਿਧਾਤਾਂ 'ਤੇ ਪਹਿਰਾ ਦਿੱਤਾ |
-ਪਿੰਡ ਤੇ ਡਾਕ: ਚੱਬਾ, ਤਰਨ ਤਾਰਨ ਰੋਡ, ਅੰਮਿ੍ਤਸਰ-143022
email:dharmindersinghchabba@gmail.com