ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2024

ਮਨਾਂ ਵਿਚ ਗਿਆਨ ਦੇ ਦੀਵੇ ਜਗਾਈਏ <br/>

Ad Position 21
No active advertisement
ਅਜੀਤ ਡੈਸਕ 31-10-2024

ਇਸ ਗੱਲ ਵਿਚ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ ਕਿ ਤਿਉਹਾਰ ਤੇ ਮੇਲੇ ਕਿਸੇ ਦੇਸ਼ ਵਿਚ ਵਸਦੇ ਲੋਕਾਂ ਦੀ ਜੀਵਨ-ਜਾਚ, ਸੋਚ, ਸਮਾਜਿਕ ਤੇ ਸੱਭਿਆਚਾਰਕ ਰਵਾਇਤਾਂ ਤੇ ਰਹੁ-ਰੀਤਾਂ ਦਾ ਸ਼ੀਸ਼ਾ ਹੁੰਦੇ ਹਨ | ਵਿਸ਼ਾਲ ਭਾਰਤ ਦੀ ਇਹ ਵਿਲੱਖਣਤਾ ਹੈ ਕਿ ਵੱਖ-ਵੱਖ ਸੱਭਿਆਚਾਰਾਂ, ਬੋਲੀਆਂ, ਧਰਮਾਂ, ਵਿਸਵਾਸ਼ਾਂ, ਵੱਖਰੇ ਖਾਣ-ਪੀਣ ਤੇ ਪਹਿਰਾਵੇ ਦੀ ਵੰਨ-ਸੁਵੰਨਤਾ ਤੇ ਅਨੇਕਾਂ ਹੋਰ ਵਿਵਿਧਤਾਵਾਂ ਕਾਰਨ, ਇੱਥੇ ਹਰ ਦਿਨ ਹੀ ਕਿਸੇ ਤਿਉਹਾਰ ਜਾਂ ਮੇਲੇ ਨਾਲ ਰੰਗਿਆ ਹੋਇਆ ਹੈ | ਰੌਸ਼ਨੀਆਂ ਦੇ ਤਿਉਹਾਰ ਵਜੋਂ ਦੀਵਾਲੀ, ਸਦੀਆਂ ਤੋਂ ਭਾਰਤੀ ਲੋਕਾਂ ਦੇ ਮਨ ਵਿਚ ਵਸੀ ਹੋਈ ਹੈ | ਮਨਾਂ ਦੇ ਭਰਪੂਰ ਹੁਲਾਸ ਤੇ ਖ਼ੁਸ਼ੀਆਂ ਖੇੜਿਆਂ ਸੰਗ ਲੋਕ ਦੀਵੇ ਤੇ ਮੋਮਬੱਤੀਆਂ ਬਾਲ ਕੇ ਇਸ ਤਿਉਹਾਰ ਨੂੰ ਮਨਾਉਂਦੇ ਆ ਰਹੇ ਹਨ | ਕਦੇ ਸਮਾਂ ਸੀ ਸਰ੍ਹੋਂ ਦੇ ਤੇਲ ਦੇ ਨਿੱਕੇ-ਨਿੱਕੇ ਦੀਵੇ ਬਾਲ ਕੇ ਦੀਵਾਲੀ ਦੀ ਰਾਤ ਘਰਾਂ ਵਿਚ ਰੋਸ਼ਨੀ ਕੀਤੀ ਜਾਂਦੀ ਸੀ | ਪਰ ਸਮੇਂ ਦੇ ਬਦਲਣ ਨਾਲ ਅੱਜ ਕੱਲ੍ਹ ਰੰਗ-ਬਿਰੰਗੇ ਬਲਬਾਂ ਦੀਆਂ ਲੜੀਆਂ ਸਦਕਾ ਰੌਸ਼ਨੀਆਂ ਦੀ ਚਕਾਚੌਂਧ ਨਾਲ ਪਿੰਡ ਤੇ ਸ਼ਹਿਰ ਜਗਮਗਾ ਉਠਦੇ ਹਨ |
ਹਨ੍ਹੇਰੇ ਉੱਤੇ ਰੌਸ਼ਨੀ ਦੀ ਜਿੱਤ, ਅਗਿਆਨਤਾ ਉੱਤੇ ਗਿਆਨ ਦੀ ਜਿੱਤ, ਬੁਰਾਈ ਉੱਤੇ ਨੇਕੀ ਦੀ ਜਿੱਤ ਅਤੇ ਨਿਰਾਸ਼ਾ ਉੱਤੇ ਆਸ਼ਾ ਦੀ ਜਿੱਤ ਦੇ ਪ੍ਰਤੀਕ ਵਜੋਂ ਦੀਵਾਲੀ ਦਾ ਤਿਉਹਾਰ ਲੋਕ ਮਨਾਂ ਵਿਚ ਬਹੁਤ ਡੂੰਘਾ ਵਸਿਆ ਹੋਇਆ ਹੈ | ਸਿੱਖਾਂ ਵਲੋਂ ਇਹ ਤਿਉਹਾਰ 'ਬੰਦੀ ਛੋੜ ਦਿਵਸ' ਦੇ ਰੂਪ ਵਿਚ ਮਨਾਇਆ ਜਾਂਦਾ ਹੈ | ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਗੁਰੂ ਹਰਿਗੋਬਿੰਦ ਸਾਹਿਬ ਜੀ ਹੋਰ ਹਿੰਦੂ ਰਾਜਿਆਂ ਸਮੇਤ ਰਿਹਾਈ ਉਪਰੰਤ ਜਦੋਂ ਅੰਮਿ੍ਤਸਰ ਦੀ ਪਵਿੱਤਰ ਧਰਤੀ 'ਤੇ ਪਹੁੰਚੇ ਤਾਂ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਸ਼ਰਧਾਲੂਆਂ ਵਲੋਂ ਦੀਪਮਾਲਾ ਕੀਤੀ ਗਈ |
ਦੀਵਾਲੀ ਦੀ ਰਾਤ ਆਲੇ-ਦੁਆਲੇ ਜਗਮਗ ਕਰਦੀਆਂ ਰੌਸ਼ਨੀਆਂ ਤੋਂ ਲਗਦਾ ਹੈ ਜਿਵੇਂ ਕਾਲੀ ਬੋਲੀ ਰਾਤ ਕੁਝ ਪਲਾਂ ਲਈ ਕਿਤੇ ਅਲੋਪ ਹੋ ਗਈ ਹੋਵੇ | ਪਰ ਜੇ ਸਮੁਚੇ ਸਮਾਜਿਕ ਵਰਤਾਰੇ ਵੱਲ ਨਜ਼ਰ ਮਾਰੀਏ ਤਾਂ ਇੰਜ ਹੋਇਆ ਪ੍ਰਤੀਤ ਨਹੀਂ ਹੁੰਦਾ | ਬਾਹਰੀ ਰੋਸ਼ਨੀਆਂ ਨਾਲ ਜੇ ਮਨਾਂ ਦੇ ਹਨੇਰਿਆਂ ਨੂੰ ਦੂਰ ਕੀਤਾ ਜਾ ਸਕਦਾ ਹੁੰਦਾ ਤਾਂ ਹੁਣ ਤੱਕ ਸਾਡਾ ਵੀ ਸੰਸਾਰ ਵਿਚ ਕਿਤੇ ਨਾਂਅ ਹੁੰਦਾ | ਸਚਾਈ ਇਹ ਹੈ ਕਿ ਜਿਉਂ-ਜਿਉਂ ਰੋਸ਼ਨੀਆਂ ਦੀ ਜਗਮਗਾਹਟ ਵਧੀ ਹੈ ਤਿਉਂ-ਤਿਉਂ ਹੀ ਮਨਾਂ ਦੇ ਆਕਾਸ਼ 'ਤੇ ਹਨ੍ਹੇਰਿਆਂ ਦੇ ਕਾਲੇ ਬੱਦਲ ਗੂੜ੍ਹੇ ਹੁੰਦੇ ਗਏ ਹਨ | ਦੀਵਾਲੀ ਦੇ ਤਿਉਹਾਰ ਨੇ ਭਾਵੇਂ ਨਿੱਕੇ ਜਿਹੇ ਦੀਵੇ ਤੋਂ ਲੈ ਕੇ ਰੌਸ਼ਨੀ ਦੇ ਚਕਾਚੌਂਧ ਕਰਨ ਵਾਲੇ ਸਾਧਨਾਂ ਤੱਕ ਦਾ ਸਫਰ ਤੈਅ ਕਰ ਲਿਆ ਹੈ ਪਰ ਕਾਲਖਾਂ ਦਾ ਪਹਿਰਾ ਜਿਉਂ ਦਾ ਤਿਉਂ ਕਾਇਮ ਹੈ | ਮਨਾਂ ਦੇ ਹਨ੍ਹੇਰੇ ਤਾਂ ਮੱਸਿਆ ਦੀ ਕਾਲੀ ਬੋਲੀ ਰਾਤ ਤੋਂ ਵੀ ਵੱਧ ਗੂੜ੍ਹੇ ਹੋ ਗਏ ਹਨ |
ਆਪਣੇ ਜੀਵਨ ਨੂੰ ਸੁਖਦਾਈ ਬਣਾਉਣ ਲਈ ਮਨੁੱਖ ਨੇ ਨਿੱਜੀ ਹਿਤਾਂ ਦੀ ਖਾਤਰ ਲਾਲਚ ਤੇ ਸਵਾਰਥ ਦਾ ਰਾਹ ਫੜ ਲਿਆ ਹੈ | ਇਸ ਸੱਭਿਅਕ ਮਨੁੱਖੀ ਸਮਾਜ ਵਿਚ ਮਨੁੱਖ ਦੀ ਜ਼ਿੰਦਗੀ ਭਿਆਨਕ ਦਰਿੰਦਗੀ ਨਾਲ ਭਰੀ ਪਈ ਹੈੇ | ਸੱਭਿਅਤਾ ਦਾ ਨਕਾਬ ਪਾਈ ਅਜੋਕਾ ਮਨੁੱਖ ਏਨਾ ਲਾਲਚੀ, ਸਵਾਰਥੀ ਅਤੇ ਅਣਮਨੁੱਖੀ ਰੁਚੀਆਂ ਵਾਲਾ ਹੋ ਗਿਆ ਹੈ ਕਿ ਉਹ ਸਮਾਜ ਦੀਆਂ ਸਭ ਨੈਤਿਕ ਤੇ ਸਦਾਚਾਰਿਕ ਕਦਰਾਂ ਕੀਮਤਾਂ ਨੂੰ ਉਲੰਘਣ ਕੇ ਉਸ ਰਾਹ 'ਤੇ ਤੁਰ ਪਿਆ ਹੈ ਜਿਹੜਾ ਹਨ੍ਹੇਰੀ ਤੇ ਅੰਨ੍ਹੀ ਗੁਫ਼ਾ ਵੱਲ ਜਾਂਦਾ ਹੈ | ਧਨ ਤੇ ਜਾਇਦਾਦ ਦੇ ਲਾਲਚ ਵਿਚ ਮਨੁੱਖ ਇਸ ਕਦਰ ਅੰਨ੍ਹਾ ਹੋ ਚੁੱਕਾ ਹੈ ਕਿ ਉਹ ਸਭ ਕੁਝ ਹੜੱਪ ਜਾਣ ਲਈ, ਖ਼ੂਨ ਦੇ ਰਿਸ਼ਤਿਆਂ ਦਾ ਘਾਣ ਕਰਨ ਲੱਗਾ ਵੀ ਪਲ ਨਹੀਂ ਲਾਉਂਦਾ | ਜਾਇਦਾਦ ਤੇ ਦੌਲਤ ਦੀ ਖਾਤਰ ਪੁੱਤਰ ਪਿਉ ਨੂੰ ਮਾਰ ਰਿਹਾ ਹੈ, ਭਰਾ, ਭਰਾ ਦੇ ਖ਼ੂਨ ਦਾ ਪਿਆਸਾ ਹੋ ਗਿਆ ਹੈ | ਲਾਲਸਾ ਵਿਚ ਗ੍ਰੱਸੇ ਲੋਕਾਂ ਦਾ ਇਕੋ ਇਕ ਉਦੇਸ਼ ਹਰ ਹੀਲੇ ਧਨ ਦੌਲਤ ਤੇ ਹੋਰ ਪਦਾਰਥਕ ਵਸਤਾਂ ਇਕੱਠੀਆ ਕਰ ਕੇ ਆਪਣੀਆਂ ਤਿਜੌਰੀਆਂ ਭਰਨਾ ਹੀ ਰਹਿ ਗਿਆ ਹੈ | ਮਾਨਵੀ ਰਿਸ਼ਤਿਆਂ ਵਿਚ ਨਿਘਾਰ ਆਪਣੀ ਚਰਮ ਸੀਮਾ 'ਤੇ ਹੈ | ਅਜੋਕੇ ਜੀਵਨ ਵਰਤਾਰੇ ਵਿਚ ਜਿਸ ਤਰ੍ਹਾਂ ਰਿਸ਼ਤਿਆਂ ਦੀ ਮਿੱਟੀ ਪਲੀਤ ਹੋ ਰਹੀ ਹੈ, ਉਸ ਤੋਂ ਕੋਈ ਵੀ ਸੰਵੇਦਨਸ਼ੀਲ ਮਨੁੱਖ ਸ਼ਰਮਸਾਰ ਹੋਏ ਬਿਨਾਂ ਨਹੀਂ ਰਹਿ ਸਕਦਾ | ਅੱਜ ਵੀ ਔਰਤ ਜ਼ੁਲਮ ਦਾ ਸ਼ਿਕਾਰ ਹੋ ਰਹੀ ਹੈ | ਔਰਤ ਮਰਦ ਬਰਾਬਰੀ ਦੇ ਦਾਅਵੇ ਬਿਲਕੁਲ ਖੋਖਲੇ ਹਨ |
ਸਾਡੀਆਂ ਸੋਚਾਂ ਦੇ ਦਾਇਰੇ ਏਨੇ ਸੌੜੇ ਹੋ ਗਏ ਹਨ ਅਸੀਂ ਹੁਣ ਇਨਸਾਨ ਨਹੀਂ ਸਗੋਂ ਹਿੰਦੂ , ਸਿੱਖ ਤੇ ਮੁਸਲਮਾਨ ਜਾਂ ਹੋਰ ਕਈ ਵਲਗਣਾਂ ਵਿਚ ਕੈਦ ਹੋ ਕੇ ਰਹਿ ਗਏ ਹਾਂ | ਜਿਉਂ ਜਿਉਂ ਮਨੁੱਖ ਅਖੌਤੀ ਤਰੱਕੀ ਦੀਆਂ ਮੰਜ਼ਿਲਾਂ ਤੈਅ ਕਰਦਾ ਜਾ ਰਿਹਾ ਹੈ, ਤਿਉਂ ਤਿਉਂ ਇਨਸਾਨੀ ਕਦਰਾਂ-ਕੀਮਤਾਂ ਦੀ ਮਿੱਟੀ ਪਲੀਤ ਹੋ ਰਹੀ ਹੈ | ਧਰਮਾਂ ਦੇ ਅਸਲੀ ਅਰਥਾਂ ਦੀ ਥਾਹ ਪਾਉਣ ਦੀ ਗੱਲ ਕੋਈ ਨਹੀਂ ਕਰਦਾ | ਧਨ ਇਕੱਠਾ ਕਰਨ ਦੀਆਂ ਕਰਮ-ਕਾਂਡੀ ਜੁਗਤਾਂ ਅਪਣਾ ਕੇ ਲੋਕਾਂ ਨੂੰ ਔਝੜੇ ਪਾਇਆ ਜਾ ਰਿਹਾ ਹੈ |
ਗ਼ਰੀਬੀ ਦੀ ਦਲਦਲ ਵਿਚ ਗਲ-ਗਲ ਤੱਕ ਖੁੱਭੇ ਇਸ ਦੇਸ਼ ਦੇ ਕਰੋੜਾਂ ਲੋਕਾਂ ਲਈ ਦੀਵਾਲੀ ਦੇ ਦੀਵਿਆਂ ਦੀ ਰੋਸ਼ਨੀ ਦਾ ਕੋਈ ਅਰਥ ਨਹੀਂ ਹੈ | ਉਹ ਹਨ੍ਹੇਰੇ ਵਿਚ ਹੀ ਜੰਮਦੇ ਹਨ ਤੇ ਸਾਰੀ ਉਮਰ ਹਨ੍ਹੇਰਾ ਢੋਂਦੇ ਹੀ ਇਸ ਜਹਾਨ ਤੋਂ ਕੂਚ ਕਰ ਜਾਂਦੇ ਹਨ | ਦੇਸ਼ ਦੇ ਕਰੋੜਾਂ ਘਰਾਂ ਵਿਚ ਤਾਂ ਸ਼ਾਇਦ ਹਰ ਰੋਜ਼ ਇਕ ਨਿੱਕਾ ਜਿਹਾ ਦੀਵਾ ਵੀ ਨਾਂ ਬਲਦਾ ਹੋਵੇ, ਪਰ ਲੁੱਟ ਦੀ ਕਮਾਈ ਨਾਲ ਉੱਸਰੇ ਵੱਡੇ-ਵੱਡੇ ਮਹਿਲਾਂ ਵਿਚ ਨਿੱਤ ਹੀ ਦੀਵਾਲੀ ਜਿਹੀਆਂ ਰੋਸ਼ਨੀਆਂ ਦੀ ਚਕਾਚੌਂਧ ਦੇਖੀ ਜਾ ਸਕਦੀ ਹੈ | ਆਮ ਆਦਮੀ ਮਨ ਵਿਚ ਕਈ ਰੀਝਾਂ, ਉਮੰਗਾਂ ਤੇ ਸੁਪਨੇ-ਸੱਧਰਾਂ ਪਾਲਦਾ-ਪਾਲਦਾ ਹੀ ਜ਼ਿੰਦਗੀ ਤੋਂ ਕੂਚ ਕਰ ਜਾਂਦਾ ਹੈ, ਪਰ ਉਸ ਦੇ ਸੁਪਨੇ ਪੂਰੇ ਨਹੀਂ ਹੁੰਦੇ |
ਦੀਵਾਲੀ 'ਤੇ ਘਰਾਂ ਵਿਚ ਸਫ਼ਾਈ ਕਰਨੀ ਤੇ ਘਰਾਂ ਨੂੰ ਸਜਾਉਣਾ ਸ਼ਿੰਗਾਰਨਾ ਸਦੀਆ ਤੋਂ ਪ੍ਰਚੱਲਿਤ ਹੈ | ਪਰ ਆਲੇ-ਦੁਆਲੇ ਵੱਲ ਗਹੁ ਨਾਲ ਨਜ਼ਰ ਮਾਰੀਏ ਤਾਂ ਸਮੁੱਚਾ ਭਾਰਤ ਗੰਦਗੀ ਦੇ ਅੰਬਾਰਾਂ ਨਾਲ ਗ੍ਰੱਸਿਆ ਸੜ੍ਹਾਂਦ ਮਾਰ ਰਿਹਾ ਹੈ | ਕੋਈ ਪਿੰਡ ਸ਼ਹਿਰ ਅਜਿਹਾ ਨਹੀਂ ਜਿੱਥੇ ਪ੍ਰਵੇਸ਼ ਕਰਦਿਆਂ ਕੂੜੇ ਦੇ ਢੇਰ ਤੇ ਨਾਲੀਆਂ ਦੀ ਗੰਦਗੀ ਤੁਹਾਡਾ ਸਵਾਗਤ ਨਾਂਅ ਕਰਦੀ ਹੋਵੇ | ਜਦੋਂ ਤੱਕ ਸਾਡੀ ਮਾਨਸਿਕਤਾ ਵਿਚ ਪਸਰੀ ਗੰਦਗੀ ਦੂਰ ਨਹੀਂ ਹੁੰਦੀ ਬਾਹਰੀ ਸਵੱਛਤਾ ਮਹਿਜ਼ ਸੁਪਨਾ ਹੀ ਬਣੀ ਰਹੇਗੀ | ਲੋਕਾਂ ਦੇ ਜੀਵਨ ਵਿਚ ਪਸਰੇ ਗੂੜ੍ਹੇ ਹਨ੍ਹੇਰੇ ਨੂੰ ਦੀਵਾਲੀ ਦੀਆਂ ਰੌਸ਼ਨੀਆਂ ਦੀ ਚਕਚੌਂਧ ਵੀ ਦੂਰ ਨਹੀਂ ਕਰ ਸਕੀ | ਨਿੱਤ ਦਿਨ ਖ਼ੁਦਕੁਸ਼ੀਆਂ ਕਰ ਰਹੇ ਕਿਰਤੀਆਂ ਕਿਸਾਨਾਂ ਦੇ ਘਰਾਂ ਵਿਚ ਤਾਂ ਹਨ੍ਹੇਰਾ ਪਸਰਿਆ ਹੋਇਆ ਹੈ | ਮਹਿੰਗਾਈ ਨੇ ਆਮ ਆਦਮੀ ਨੂੰ ਇਸ ਕਦਰ ਤੜਪਾਇਆ ਹੋਇਆ ਹੈ ਕਿ ਉਸ ਲਈ ਜੀਣਾ ਦੁੱਭਰ ਹੋ ਗਿਆ ਹੈ | ਕਰੋੜਾਂ ਲੋਕਾਂ ਲਈ ਤਿਉਹਾਰ ਕੇਵਲ ਸੁਪਨਾ ਬਣ ਕੇ ਰਹਿ ਗਏ ਹਨ | ਇਕ ਪਾਸੇ ਗਿਆਨ ਪ੍ਰਾਪਤੀ ਦੇ ਅਨੇਕਾਂ ਸੋਮੇ ਪੈਦਾ ਹੋ ਚੁੱਕੇ ਹਨ, ਪਰ ਦੂਜੇ ਪਾਸੇ ਮਨ੍ਹਾਂ ਦੇ ਹਨ੍ਹੇਰ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ | ਮਿਲਾਵਟਖੋਰ ਖਾਣ ਵਾਲੀਆਂ ਵਸਤਾਂ ਵਿਚ ਮਿਲਾਵਟ ਕਰ ਕੇ ਆਮ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ | ਮੁਨਾਫ਼ੇ ਦੀ ਅੰਨ੍ਹੀ ਲਾਲਸਾ ਨੇ ਮਨੁੱਖ ਦੀਆਂ ਅੱਖਾਂ 'ਤੇ ਸਵਾਰਥ ਦੀ ਪੱਟੀ ਬ੍ਹੰਨ ਦਿੱਤੀ ਹੈ | ਸਮਾਜ ਵਿਚ ਨਸ਼ਿਆਂ ਦੀ ਬਦੌਲਤ ਜਿਹੜਾ ਹਨ੍ਹੇਰ ਪਸਰਿਆ ਹੋਇਆ ਹੈ, ਇਸ ਨੇ ਸਮਾਜ ਨੂੰ ਬਰਬਾਦੀ ਦੇ ਰਾਹ ਤੋਰ ਦਿੱਤਾ ਹੈ | ਧੀ-ਭੈਣ ਦੀ ਇਜ਼ਤ, ਮਾਪਿਆਂ ਦਾ ਆਦਰ ਸਤਿਕਾਰ, ਸਹਿਣਸ਼ੀਲਤਾ, ਮੋਹ-ਮੁਹੱਬਤ ਤੇ ਕਿਰਤ ਦੀ ਕਦਰ ਵਰਗੇ ਆਦਰਸ਼ ਸਾਡੀ ਜੀਵਨ-ਜਾਚ ਵਿਚੋਂ ਕਿਤੇ ਅਲੋਪ ਹੋ ਗਏ ਹਨ |
ਤਿਉਹਾਰ ਤਾਂ ਆਪਸੀ ਸਦਭਾਵਨਾ, ਮਿਲਵਰਤਨ, ਸਾਂਝ ਤੇ ਮੁਹੱਬਤ ਦਾ ਹੀ ਪ੍ਰਗਟਾਵਾ ਹੁੰਦੇ ਹਨ | ਜੇ ਮਨਾਂ ਵਿਚ ਸਾੜਾ ਕੀਨਾ, ਨਫ਼ਰਤ, ਹਉਮੈ ਤੇ ਸਵਾਰਥ ਦਾ ਹਨ੍ਹੇਰ ਹੀ ਪਸਰਿਆ ਰਹਿਣਾ ਹੈ, ਫੇਰ ਘਰਾਂ ਦੀਆਂ ਮਮਟੀਆਂ 'ਤੇ ਜਿੰਨੇ ਮਰਜ਼ੀ ਦੀਵੇ ਜਗਾਈ ਜਾਓ ਸਭ ਵਿਅਰਥ ਹੈ | ਸਮਾਜ ਵਿਚ ਪਾਏ ਜਾ ਰਹੇ ਵਿਤਕਰੇ ਤੇ ਵੰਡੀਆਂ ਨੂੰ ਤਿਆਗ ਕੇ ਸਾਂਝੀਵਾਲਤਾ, ਸਾਰਥਿਕ ਸੋਚਾਂ ਤੇ ਮੁਹੱਬਤ ਦੇ ਦੀਵੇ ਬਾਲ ਕੇ ਮਾਨਵੀ ਸੱਭਿਆਚਾਰ ਸਿਰਜਣਾ ਹੀ ਦੀਵਾਲੀ ਦੀ ਸਾਰਥਿਕਤਾ ਹੈ | ਤਿਉਹਾਰਾਂ ਨੂੰ ਸਾਦਗੀ ਤੇ ਮਿਲਵਰਤਨ ਨਾਲ ਮਨਾਈਏ | ਪਟਾਕਿਆਂ ਦੀਆਂ ਕੰਨ-ਪਾੜਵੀਆਂ ਆਵਾਜ਼ਾਂ ਤੇ ਜ਼ਹਿਰੀਲੇ ਧੰੂੁਏ ਨਾਲ ਵਾਤਾਵਰਨ ਨੂੰ ਪਲੀਤ ਕਰਨ ਤੋਂ ਬਿਨਾਂ ਵੀ ਦੀਵਾਲੀ ਦੀ ਖ਼ੁਸ਼ੀ ਨਾਲ ਮਨਾਈ ਜਾ ਸਕਦੀ ਹੈ |

-ਪਿੰਡ: ਖਰਲ ਕਲਾਂ, ਜ਼ਿਲ੍ਹਾ ਜਲੰਧਰ |
ਮੋਬਾਈਲ : 98153-56086

Ad Position 22
No active advertisement
ਪਿਛਲੀ ਖ਼ਬਰ ਬੰਦੀ ਛੋੜ ਦਿਵਸ ਦੀ ਇਤਿਹਾਸਕ ਮਹੱਤਤਾ <br/> ਅਗਲੀ ਖ਼ਬਰ ਕਿਰਤ ਦੇ ਦੇਵਤਾ ਬਾਬਾ ਵਿਸ਼ਵਕਰਮਾ <br/>
Ad Position 24
No active advertisement