16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2022

ਦੀਵਾਲੀ ਮੌਕੇ ਆਪਣੇ ਅਤੇ ਦੂਜਿਆਂ ਦੇ ਜੀਵਨ ਨੂੰ ਕਿਵੇਂ ਸੁਰੱਖਿਅਤ ਰੱਖੀਏ

Ad Position 21
repet_subhas-goyals [Copy P29]
ਅਜੀਤ ਡੈਸਕ 24-10-2022

ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਜਿੱਥੇ ਖੁਸ਼ੀਆਂ ਲੈ ਕੇ ਆਉਂਦਾ ਹੈ, ਉੱਥੇ ਕਈਆਂ ਲਈ ਇਹ ਇਕ ਮੁਸੀਬਤ ਬਣ ਸਾਰੀ ਉਮਰ ਲਈ ਦੁੱਖ ਤਕਲੀਫ਼ ਭੋਗਣ ਅਤੇ ਮਾਨਸਿਕ ਤਣਾਅ ਦਾ ਕਾਰਨ ਵੀ ਬਣ ਜਾਂਦਾ ਹੈ। ਸਾਡੀ ਥੋੜ੍ਹੀ ਜਿਹੀ ਲਾਪਰਵਾਹੀ ਜਾਂ ਸ਼ਰਾਰਤ ਕਿਸੇ ਅੱਗ ਲੱਗਣ ਵਰਗੇ ਵੱਡੇ ਹਾਦਸੇ ਨੂੰ ਅੰਜਾਮ ਦੇ ਸਕਦੀ ਹੈ। ਹੇਠ ਲਿਖੀਆਂ ਕੁਝ ਗੱਲਾਂ ਨੂੰ ਜੇਕਰ ਅਸੀਂ ਧਿਆਨ ਵਿਚ ਰੱਖੀਏ ਤਾਂ ਅਸੀਂ ਦੁਰਘਟਨਾਵਾਂ ਨੂੰ ਵੀ ਘਟਾ ਸਕਦੇ ਹਾਂ:-
ਅਜਿਹਾ ਨਾ ਕਰੋ
* ਕਦੇ ਵੀ ਪਟਾਕਿਆਂ ਨੂੰ ਤੰਗ ਗਲੀਆਂ, ਪੈਟਰੋਲ ਪੰਪਾਂ, ਤੇਲ ਡਿਪੂਆਂ, ਹਸਪਤਾਲਾਂ, ਜਨਤਕ ਥਾਵਾਂ, ਵਾਹਨਾਂ ਦੇ ਕੋਲ ਜਾਂ ਘਰ ਦੇ ਅੰਦਰ ਨਾ ਚਲਾਓ ਅਤੇ ਨਾ ਹੀ ਸ਼ਰਾਰਤ ਵਜੋਂ ਕਿਸੇ ਦੇ ਘਰ, ਬਿਲਡਿੰਗ ਜਾਂ ਕਾਰ 'ਤੇ ਸੁੱਟੋ।
* ਆਪਣੀਆਂ ਜੇਬਾਂ ਵਿਚ ਪਟਾਕੇ ਨਾ ਰੱਖੋ।
* ਛੋਟੇ ਬੱਚਿਆਂ ਨੂੰ ਇਕੱਲੇ ਪਟਾਕੇ ਨਾ ਚਲਾਉਣ ਦਿਓ। ਪਟਾਕੇ ਬਾਲਗਾਂ ਦੀ ਦੇਖ-ਰੇਖ ਹੇਠ ਚਲਾਏ ਜਾਣ।
* ਪਟਾਕੇ ਚਲਾਉਣ ਵੇਲੇ ਬਹੁਤੇ ਲੰਮੇ, ਪਤਲੇ, ਢਿੱਲੇ ਅਤੇ ਸਿੰਥੈਟਿਕ ਕੱਪੜੇ ਨਾ ਪਹਿਨੋ।
* ਮੋਮਬੱਤੀਆਂ ਜਾਂ ਪਟਾਕੇ ਚਲਾਉਣ ਵੇਲੇ ਲੜਕੀਆਂ ਆਪਣੇ ਖੁੱਲ੍ਹੇ ਵਾਲ ਬੰਨ੍ਹ ਲੈਣ।
* ਮੋਮਬੱਤੀਆਂ ਅਤੇ ਦੀਵੇ ਬਹੁਤੇ ਨੀਵੇਂ ਪੱਧਰ 'ਤੇ ਨਾ ਰੱਖੋ ਅਤੇ ਛੋਟੇ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ।
* ਹੱਥ ਵਿਚ ਪਟਾਕੇ ਚਲਾਉਣ ਦੀ ਕੋਸ਼ਿਸ਼ ਨਾ ਕਰੋ, ਥੋੜ੍ਹੀ ਦੂਰੀ ਰੱਖੋ, ਇਕ ਸਮੇਂ ਵਿਚ ਇਕ ਹੀ ਪਟਾਕਾ ਚਲਾਓ।
* ਪਟਾਕੇ ਨੂੰ ਅੱਗ ਲਗਾਉਣ ਵੇਲੇ ਉੱਪਰ ਨਾ ਝੁਕੋ ਹੋ ਸਕੇ ਤਾਂ ਕਿਸੇ ਡੰਡੇ ਉਪਰ ਮੋਮਬੱਤੀ ਲਗਾ ਕੇ ਦੂਰ ਤੋਂ ਹੀ ਇਨ੍ਹਾਂ ਨੂੰ ਚਲਾਓ।
* ਬੁੱਝ ਚੁੱਕੇ ਪਟਾਕੇ ਨੂੰ ਮੁੜ ਚੁੱਕਣ ਦੀ ਕੋਸ਼ਿਸ਼ ਨਾ ਕਰੋ।
* ਫੁੱਲਝੜੀਆਂ ਵਰਗੇ ਪਟਾਕੇ ਚਲਾਉਣ ਵੇਲੇ ਸਾਵਧਾਨੀ ਵਰਤੋ। ਬੇਧਿਆਨੀ ਨਾਲ ਇੱਧਰ-ਉਧਰ ਘੁੰਮਾਉਣ ਨਾਲ ਹੱਥ, ਬਾਂਹ ਜਾਂ ਪੈਰ ਸੜ ਸਕਦੇ ਹਨ।
* ਪਟਾਕਿਆਂ ਨੂੰ ਸ਼ੀਸ਼ੇ ਦੀ ਬੋਤਲ, ਟੀਨ ਦੇ ਡੱਬੇ ਵਿਚ ਬੰਦ ਕਰਕੇ ਚਲਾਉਣ ਦੀ ਕੋਸ਼ਿਸ਼ ਨਾ ਕਰੋ, ਇਹ ਖ਼ਤਰਨਾਕ ਹੋ ਸਕਦਾ ਹੈ।
ਅਜਿਹਾ ਕਰੋ
* ਅੱਗ ਵਰਗੀ ਦੁਰਘਟਨਾ ਤੋਂ ਬਚਾਅ ਲਈ ਘਰ ਵਿਚ ਪਾਣੀ ਅਤੇ ਰੇਤ ਦੀਆਂ ਭਰੀਆਂ ਬਾਲਟੀਆਂ ਰੱਖੋ। ਬਿਜਲੀ ਅਤੇ ਤੇਲ ਦੀ ਅੱਗ 'ਤੇ ਪਾਣੀ ਨਹੀਂ ਰੇਤ ਪਾਓ। * ਆਪਣੇ ਸ਼ਹਿਰ ਦੀ ਫਾਇਰ ਬ੍ਰਿਗੇਡ ਦਾ ਐਮਰਜੰਸੀ ਨੰਬਰ-101 ਯਾਦ ਰੱਖੋ। * ਰਾਕੇਟ, ਮਿਜ਼ਾਈਲ ਕਿਸਮਾਂ ਦੇ ਪਟਾਕੇ ਚਲਾਉਣ ਵਕਤ ਉਨ੍ਹਾਂ ਦੀ ਦਿਸ਼ਾ ਉੱਪਰ ਆਕਾਸ਼ ਵੱਲ ਨੂੰ ਰੱਖੋ।
* ਚਮੜੀ ਸੜ ਜਾਣ 'ਤੇ ਉਸ ਹਿੱਸੇ ੳੁੱਪਰ ਠੰਢਾ ਪਾਣੀ 10 ਤੋਂ 15 ਮਿੰਟ ਤੱਕ ਪਾਓ। * ਸੜੇ ਹਿੱਸੇ ਉੱਪਰ ਕਿਸੇ ਕਿਸਮ ਦੀ ਟੁੱਥਪੇਸਟ, ਹਲਦੀ, ਤੇਲ, ਘਿਓ, ਗੋਬਰ, ਸਿਆਹੀ ਜਾਂ ਸਿੰਧੂਰ ਵਗੈਰਾ ਨਾ ਲਗਾਓ।
* ਅੰਗ ਸੜ ਜਾਣ 'ਤੇ ਹੱਥਾਂ ਵਿਚ ਪਾਈਆਂ ਛਾਪਾਂ-ਛੱਲੇ, ਕੜਾ, ਘੜੀ, ਚੇਨ ਵਗੈਰਾ ਉਤਾਰ ਦਿਓ। ਸੋਜ਼ਿਸ਼ ਆਉਣ ਨਾਲ ਕਸ ਵਧੇਗਾ।
* ਚਮੜੀ ਉੱਪਰ ਸਾੜ ਨਾਲ ਹੋਏ ਛਾਲਿਆਂ ਨੂੰ ਨਾ ਫੇਹੋ। ਚਮੜੀ ਨੰਗੀ ਹੋ ਕੇ ਇਨਫੈਕਸ਼ਨ ਹੋ ਸਕਦੀ ਹੈ।
* ਸੜੇ ਭਾਗ ਨੂੰ ਕੀਟਾਣੂ ਰਹਿਤ ਪੱਟੀ ਜਾਂ ਸਾਫ਼ ਕੱਪੜੇ ਨਾਲ ਢਕ ਕੇ ਧੂੜ, ਮਿੱਟੀ-ਘੱਟੇ ਤੋਂ ਬਚਾਓ ਅਤੇ ਛੇਤੀ ਤੋਂ ਛੇਤੀ ਡਾਕਟਰੀ ਸਹਾਇਤਾ ਪ੍ਰਾਪਤ ਕਰੋ।
* ਸੜੇ ਹੋਏ ਅੰਗ ਨੂੰ ਉੱਚਾ ਕਰਕੇ ਰੱਖੋ। * ਜੇਕਰ ਪਟਾਕੇ ਚਲਾਉਂਦੇ ਸਮੇਂ ਅੱਖ ਵਿਚ ਕੁਝ ਪੈ ਜਾਵੇ ਜਾਂ ਚੋਟ ਲੱਗ ਜਾਵੇ ਤਾਂ ਉਸ ਨੂੰ ਮਲੋ ਜਾਂ ਰਗੜੋ ਨਾ, ਜਲਦੀ ਹੀ ਕਿਸੇ ਨੇੜੇ ਦੇ ਅੱਖਾਂ ਦੇ ਮਾਹਿਰ ਨੂੰ ਦਿਖਾਓ।
* ਜੇਕਰ ਕਿਸੇ ਵਿਅਕਤੀ ਦੇ ਕੱਪੜਿਆਂ ਨੂੰ ਅੱਗ ਲੱਗ ਜਾਵੇ ਤਾਂ ਤੁਰੰਤ ਉਸ ਨੂੰ ਜ਼ਮੀਨ ਉੱਤੇ ਲਿਟਾ ਦਿਓ ਤਾਂ ਜੋ ਅੱਗ ਵਿਅਕਤੀ ਦੇ ਚਿਹਰੇ ਤੱਕ ਨਾ ਪਹੁੰਚ ਸਕੇ। ਕਿਸੇ ਦਰੀ, ਕੰਬਲ ਜਾਂ ਖੇਸ ਵਰਗੇ ਮੋਟੇ ਕੱਪੜੇ ਵਿਚ ਲਪੇਟ ਕੇ ਹੇਠਾਂ ਜ਼ਮੀਨ 'ਤੇ ਲਿਟਾ ਕੇ ਅੱਗ ਨੂੰ ਬੁਝਾ ਦਿਓ।
* ਅੱਗ ਲੱਗੇ ਵਿਅਕਤੀ ਨੂੰ ਭੱਜਣ-ਨੱਠਣ ਤੋਂ ਰੋਕੋ। ਖੁੱਲ੍ਹੀ ਹਵਾ ਵਿਚ ਭੱਜਣ ਨਾਲ ਅੱਗ ਹੋਰ ਫੈਲੇਗੀ।
* ਬੱਚਿਆਂ ਨੂੰ ਸਮਝਾਓ ਕਿ ਪਟਾਕੇ ਚਲਾਉਣ ਨਾਲ ਜ਼ਹਿਰੀਲੀਆਂ ਗੈਸਾਂ ਵਾਤਾਵਰਨ ਵਿਚ ਫੈਲਦੀਆਂ ਹਨ ਅਤੇ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ। ਇਸ ਤਿਉਹਾਰ ਨੂੰ ਈਕੋ ਫਰੈਂਡਲੀ ਢੰਗ ਨਾਲ ਮਨਾਓ। ਇਸ ਪੈਸੇ ਨਾਲ ਜ਼ਰੂਰਤਮੰਦਾਂ ਦੀ ਮੱਦਦ ਵੀ ਕੀਤੀ ਜਾ ਸਕਦੀ ਹੈ।

-ਫਸਟ ਏਡ ਮਾਸਟਰ ਟ੍ਰੇਨਰ, ਮਕਾਨ ਨੰ: 22583, ਗਲੀ ਨੰ: 17, ਭਾਗੂ ਰੋਡ, ਬਠਿੰਡਾ।
ਮੋਬਾਈਲ : 98557-00157

Ad Position 22
No active advertisement
ਪਿਛਲੀ ਖ਼ਬਰ ਆਓ, ਸੁਨਹਿਰੀ ਸੋਚ ਦੇ ਦੀਵੇ ਬਾਲੀਏ ਅਗਲੀ ਖ਼ਬਰ ਸ਼ਹੀਦ ਭਾਈ ਮਨੀ ਸਿੰਘ ਜੀ
Ad Position 24