ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2022

ਸ਼ਹੀਦ ਭਾਈ ਮਨੀ ਸਿੰਘ ਜੀ

Ad Position 21
No active advertisement
ਅਜੀਤ ਡੈਸਕ 24-10-2022

ਭਾਈ ਮਨੀ ਸਿੰਘ ਜੀ ਇਕ ਬਹੁਤ ਹੀ ਆਦਰਯੋਗ ਤੇ ਵਿਦਵਾਨ ਸਿੱਖ ਸਨ। ਭਾਈ ਸਾਹਿਬ ਦਾ ਜਨਮ 10 ਮਾਰਚ, 1644 ਈ: ਨੂੰ ਪਿਤਾ ਮਾਈਦਾਸ ਤੇ ਮਾਤਾ ਮੱਧਰੀ ਬਾਈ ਦੇ ਘਰ ਪਿੰਡ ਅਲੀਪੁਰ ਜ਼ਿਲ੍ਹਾ ਮੁਜ਼ੱਫਰਗੜ੍ਹ ਪਾਕਿਸਤਾਨ ਵਿਚ ਹੋਇਆ। ਭਾਈ ਸਾਹਿਬ ਦਾ ਗੁਰੂ ਘਰ ਨਾਲ ਨਾਤਾ ਗੁਰੂ ਹਰਿਰਾਏ ਸਾਹਿਬ ਦੇ ਸਮੇਂ ਤੋਂ ਹੈ। ਆਪ ਦੀ ਸ਼ਾਦੀ ਪੰਦਰਵੇਂ ਵਰ੍ਹੇ ਵਿਚ ਲੱਖੀ ਰਾਇ ਜੀ ਦੀ ਲੜਕੀ ਸੀਤੋ ਜੀ ਨਾਲ ਹੋਈ। ਜਦ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ 'ਤੇ ਖ਼ਾਲਸਾ ਸਾਜਿਆ ਤਾਂ ਭਾਈ ਮਨੀ ਸਿੰਘ ਨੇ ਆਪਣੇ ਭਰਾਵਾਂ ਤੇ ਪੰਜ ਪੁੱਤਰਾਂ ਨਾਲ ਅੰਮ੍ਰਿਤ ਦੀ ਪਵਿੱਤਰ ਦਾਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਪ੍ਰਾਪਤ ਕੀਤੀ। ਗੁਰੂ ਸਾਹਿਬ ਜੀ ਦੇ ਸਾਰੇ ਯੁੱਧਾਂ ਵਿਚ ਭਾਈ ਮਨੀ ਸਿੰਘ ਨੇ ਆਪਣੇ ਕਰਤਬ ਦਿਖਾਏ। ਭਾਈ ਮਨੀ ਸਿੰਘ ਜੀ ਗੁਰੂ ਸਾਹਿਬ ਦਾ ਹੁਕਮ ਪਾ ਕੇ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਵਜੋਂ ਸੇਵਾ ਨਿਭਾਉਣ ਲੱਗੇ। ਆਪ ਦਰਬਾਰ ਸਾਹਿਬ ਦੇ ਤੀਜੇ ਹੈੱਡ ਗ੍ਰੰਥੀ ਸਨ। ਪਹਿਲੇ ਬਾਬਾ ਬੁੱਢਾ ਜੀ, ਦੂਜੇ ਭਾਈ ਗੁਰਦਾਸ ਤੇ ਤੀਜੇ ਭਾਈ ਮਨੀ ਸਿੰਘ ਸਨ। ਜੰਗਾਂ-ਯੁੱਧਾਂ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਲਵਾ ਵੱਲ ਚਲੇ ਗਏ। ਵੱਡੇ ਸਾਹਿਬਜ਼ਾਦੇ, ਛੋਟੇ ਸਾਹਿਬਜ਼ਾਦੇ, ਮਾਤਾ ਗੁਜਰੀ ਜੀ ਤੇ ਭਾਈ ਮਨੀ ਸਿੰਘ ਜੀ ਦੇ ਪੰਜ ਪੁੱਤਰਾਂ ਦੇ ਸ਼ਹੀਦ ਹੋਣ ਦੀ ਖ਼ਬਰ ਭਾਈ ਮਨੀ ਸਿੰਘ ਜੀ ਨੂੰ ਅੰਮ੍ਰਿਤਸਰ ਸਾਹਿਬ ਵਿਚ ਮਿਲੀ। ਆਪ ਨੇ ਫਿਰ ਵੀ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਸਿੱਖਾਂ 'ਤੇ ਹਰ ਪਾਸਿਉਂ ਦੁੱਖਾਂ ਦੇ ਪਹਾੜ ਟੁੱਟਣ ਲੱਗੇ। ਭਾਈ ਮਨੀ ਸਿੰਘ ਦੀ ਉਮਰ ਉਸ ਵਕਤ 90 ਸਾਲ ਦੇ ਕਰੀਬ ਹੋ ਚੁੱਕੀ ਸੀ। ਸੰਮਤ 1790 ਬਿ: ਸੰਨ 1733 ਈ: ਦਾ ਦੀਵਾਲੀ ਪੁਰਬ ਨਜ਼ਦੀਕ ਆ ਰਿਹਾ ਸੀ। ਪਿਛਲੇ ਕਾਫ਼ੀ ਸਮੇਂ ਤੋਂ ਦੀਵਾਲੀ ਪੁਰਬ 'ਤੇ ਸਰਕਾਰ ਵਲੋਂ ਪਾਬੰਦੀ ਲਗਾਈ ਹੋਈ ਸੀ। ਭਾਈ ਮਨੀ ਸਿੰਘ ਜੀ ਇਸ ਵਾਰ ਦੀਵਾਲੀ ਪੁਰਬ ਮਨਾਉਣ ਦੀ ਇਜਾਜ਼ਤ ਲੈਣ ਲਈ ਲਾਹੌਰ ਜ਼ਕਰੀਆ ਖਾਨ ਕੋਲ ਲਾਹੌਰ ਨਿਵਾਸੀ ਸਿੱਖਾਂ ਦੀ ਮਦਦ ਨਾਲ ਗਏ। ਜ਼ਕਰੀਆ ਖਾਨ ਨੇ ਦੀਵਾਲੀ ਪੁਰਬ ਮਨਾਉਣ ਲਈ ਜ਼ਜੀਆ (ਟੈਕਸ) ਮੰਗਿਆ। ਕਈ ਵਿਦਵਾਨਾਂ ਨੇ ਇਹ ਰਕਮ ਪੰਜ ਹਜ਼ਾਰ ਤੇ ਕਈ ਵਿਦਵਾਨਾਂ ਨੇ ਦਸ ਹਜ਼ਾਰ ਵੀ ਲਿਖੀ ਹੈ। ਰਕਮ ਦੀਵਾਲੀ ਪੁਰਬ ਤੋਂ ਬਾਅਦ ਦੇਣੀ ਤੈਅ ਹੋ ਗਈ। ਭਾਈ ਮਨੀ ਸਿੰਘ ਜੀ ਨੇ ਸਭ ਸਿੱਖਾਂ ਨੂੰ ਦੀਵਾਲੀ ਪੁਰਬ 'ਤੇ ਗੁਰੂ ਘਰ ਵਿਚ ਦੀਵਾਲੀ 'ਤੇ ਸ਼ਾਮਿਲ ਹੋਣ ਲਈ ਸੱਦਾ ਭੇਜਿਆ। ਦੂਜੇ ਪਾਸੇ ਗੁਰੂ ਘਰ ਦੇ ਦੋਖੀਆਂ ਨੇ ਸੂਬੇ ਨੂੰ ਉਕਸਾਇਆ ਕਿ ਦੀਵਾਲੀ 'ਤੇ ਕਈ ਨਾਮੀ ਸਿੱਖ ਵੀ ਅੰਮ੍ਰਿਤਸਰ ਸਾਹਿਬ ਆਉਣਗੇ ਤੇ ਕਿਉਂ ਨਾ ਉਨ੍ਹਾਂ ਨੂੰ ਫੜ ਕੇ ਖ਼ਤਮ ਕਰ ਦਿੱਤਾ ਜਾਵੇ। ਲਾਹੌਰ ਦੇ ਸਿੱਖਾਂ ਨੇ ਇਹ ਖ਼ਬਰ ਭਾਈ ਮਨੀ ਸਿੰਘ ਨੂੰ ਕਿਸੇ ਤਰ੍ਹਾਂ ਭੇਜੀ ਤਾਂ ਭਾਈ ਮਨੀ ਸਿੰਘ ਨੇ ਦੁਬਾਰਾ ਚਿੱਠੀਆਂ ਲਿਖ ਕੇ ਸਭ ਸਿੱਖਾਂ ਨੂੰ ਅੰਮ੍ਰਿਤਸਰ ਸਾਹਿਬ ਆਉਣ ਤੋਂ ਵਰਜ ਦਿੱਤਾ। ਦੀਵਾਲੀ ਪੁਰਬ 'ਤੇ ਸੰਗਤ ਪਹੁੰਚੀ ਨਹੀਂ ਤੇ ਮਾਇਆ ਇਕੱਠੀ ਨਹੀਂ ਹੋਈ, ਜਿਸ ਕਰਕੇ ਟੈਕਸ ਦੀ ਰਕਮ ਅਦਾ ਨਾ ਹੋਈ ਤੇ ਸੂਬੇ ਨੇ ਟੈਕਸ ਦੀ ਰਕਮ ਵਸੂਲਣ ਲਈ ਭਾਈ ਸਾਹਿਬ ਨੂੰ ਗ੍ਰਿਫ਼ਤਾਰ ਕਰਕੇ ਲਾਹੌਰ ਲਿਜਾਇਆ ਗਿਆ। ਸੂਬੇ ਨੇ ਭਾਈ ਸਾਹਿਬ ਨੂੰ ਕਿਹਾ ਕਿ 'ਜਾ ਤਾਂ ਪੰਜ ਹਜ਼ਾਰ ਰੁਪਿਆ ਅਦਾ ਕਰੋ ਜਾਂ ਮੋਮਨ ਹੋ ਜਾ'। ਭਾਈ ਮਨੀ ਸਿੰਘ ਜੀ ਨੇ ਮੁਸਲਮਾਨ ਹੋਣ ਤੋਂ ਇਨਕਾਰ ਕਰ ਦਿੱਤਾ। ਸੂਬੇ ਨੇ ਮੁਫ਼ਤੀ ਨਾਂਅ ਦੇ ਕਾਜ਼ੀ ਨੂੰ ਸਜ਼ਾ ਸੁਣਾਉਣ ਲਈ ਕਿਹਾ ਤਾਂ ਉਸ ਨੇ ਭਾਈ ਸਾਹਿਬ ਜੀ ਦਾ ਬੰਦ-ਬੰਦ ਕੱਟਣ ਦੀ ਸਜ਼ਾ ਦਾ ਹੁਕਮ ਸੁਣਾਇਆ।
ਭਾਈ ਮਨੀ ਸਿੰਘ ਜੀ ਨੂੰ ਹੋਰ ਸਿੱਖਾਂ ਸਮੇਤ ਕਈ ਤਸੀਹੇ ਦਿੱਤੇ ਗਏ ਤੇ ਅੰਤ ਸੰਮਤ 1791 ਸੰਨ 1734 ਈ: ਨੂੰ ਹੋਰ ਸਿੰਘਾਂ ਸਮੇਤ ਲਾਹੌਰ ਦੇ ਨਿਖਾਸ ਚੌਕ ਵਿਚ ਬੰਦ-ਬੰਦ ਕੱਟ ਕੇ ਸ਼ਹੀਦ ਕੀਤਾ ਗਿਆ। ਇਸ ਤਰ੍ਹਾਂ ਭਾਈ ਮਨੀ ਸਿੰਘ ਜੀ ਨੇ 90 ਵਰ੍ਹਿਆਂ ਦੀ ਵੱਡੀ ਉਮਰ ਵਿਚ ਬੰਦ-ਬੰਦ ਕਟਵਾ ਕੇ ਸਿੱਖੀ ਸਿਧਾਤਾਂ 'ਤੇ ਪਹਿਰਾ ਦਿੱਤਾ।

-ਪਿੰਡ ਤੇ ਡਾਕ: ਚੱਬਾ, ਤਰਨ ਤਾਰਨ ਰੋਡ, ਅੰਮ੍ਰਿਤਸਰ-143022
email:dharmindersinghchabba@gmail.com

Ad Position 22
No active advertisement
ਪਿਛਲੀ ਖ਼ਬਰ ਦੀਵਾਲੀ ਮੌਕੇ ਆਪਣੇ ਅਤੇ ਦੂਜਿਆਂ ਦੇ ਜੀਵਨ ਨੂੰ ਕਿਵੇਂ ਸੁਰੱਖਿਅਤ ਰੱਖੀਏ ਅਗਲੀ ਖ਼ਬਰ ਕਿਰਤ ਦਾ ਦੇਵਤਾ ਬਾਬਾ ਵਿਸ਼ਵਕਰਮਾ
Ad Position 24
No active advertisement