ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2019

ਦੀਵਾਲੀ ਅੰਮਿ੍ਤਸਰ ਦੀ...

Ad Position 21
No active advertisement
ਅਜੀਤ ਡੈਸਕ 27-10-2019

ਅੰਮਿ੍ਤਸਰ ਸਿੱਖ-ਧਰਮ ਦਾ ਕੇਂਦਰੀ ਸਥਾਨ, ਸਿੱਖ-ਵਿਸ਼ਵਾਸਾਂ ਦਾ ਧੁਰਾ, ਗੁਰਸਿੱਖਾਂ ਲਈ ਪ੍ਰੇਰਨਾ-ਸ੍ਰੋਤ ਤੇ ਸ਼ਕਤੀ ਦਾ ਪ੍ਰਮੁੱਖ ਸੋਮਾ ਹੈ, ਸਿੱਖ ਪਰੰਪਰਾਵਾਂ ਤੇ ਸਿੱਖ ਗੌਰਵ ਦੀ ਜਿਊਾਦੀ-ਜਾਗਦੀ ਮਿਸਾਲ ਹੈ |
ਸ੍ਰੀ ਹਰਿਮੰਦਰ ਸਾਹਿਬ ਕਿਸੇ ਵਿਅਕਤੀ-ਵਿਸ਼ੇਸ਼ ਦੀ ਮਹਾਨਤਾ ਨੂੰ ਨਹੀਂ ਪ੍ਰਗਟਾਉਂਦਾ, ਇਹ ਤਾਂ ਪਰਮਾਤਮਾ ਦੀ ਏਕਤਾ, ਮਨੁੱਖੀ ਬਰਾਬਰਤਾ, ਸਰਬ-ਸਾਂਝੀਵਾਲਤਾ ਦਾ ਉਪਦੇਸ਼ ਸਮੁੱਚੀ ਮਾਨਵਤਾ ਨੂੰ ਦੇ ਰਿਹਾ ਹੈ | ਸ੍ਰੀ ਹਰਿਮੰਦਰ ਸਾਹਿਬ ਵਿਖੇ ਦਿਨ-ਰਾਤ ਕੇਵਲ ਪਰਮਾਤਮਾ ਦੀ ਕੀਰਤੀ ਹੀ ਕੀਤੀ ਜਾਂਦੀ ਹੈ |
ਸ੍ਰੀ ਹਰਿਮੰਦਰ ਸਾਹਿਬ ਵਿਖੇ ਸਤਿਗੁਰਾਂ ਦੇ ਪ੍ਰਕਾਸ਼-ਪੁਰਬ, ਗੁਰ-ਗੱਦੀ ਦਿਵਸ, ਜੋਤੀ ਜੋਤਿ ਸਮਾਉਣ ਦੇ ਦਿਹਾੜੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼-ਦਿਵਸ ਤੇ ਗੁਰ-ਗੱਦੀ ਦਿਵਸ ਮਨਾਏ ਜਾਂਦੇ ਹਨ | ਇਨ੍ਹਾਂ ਇਤਿਹਾਸਕ ਗੁਰਪੁਰਬਾਂ ਤੋਂ ਇਲਾਵਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਖਾਲਸੇ ਦਾ ਸਾਜਨਾ ਦਿਵਸ 'ਵਿਸਾਖੀ' ਅਤੇ 'ਦੀਵਾਲੀ' ਦਾ ਦਿਨ 'ਬੰਦੀ-ਛੋੜ ਦਿਵਸ' ਦੇ ਰੂਪ ਵਿਚ ਪੰਥਕ ਤੌਰ 'ਤੇ ਮਨਾਇਆ ਜਾਂਦਾ ਹੈ |
ਦੂਜੇ ਧਰਮਾਂ ਵਿਚ ਦੀਵਾਲੀ ਦੀਪ-ਪੂਜਾ ਤੇ ਲਛਮੀ-ਪੂਜਾ ਦੇ ਰੂਪ ਵਿਚ ਮਨਾਈ ਜਾਂਦੀ ਹੈ, ਪਰ ਸਿੱਖ ਇਹ ਦਿਹਾੜਾ ਆਪਣੇ ਗੌਰਵਮਈ ਵਿਰਸੇ ਨੂੰ ਯਾਦ ਕਰਨ ਲਈ ਮਨਾਉਂਦੇ ਹਨ | ਸਿੱਖ ਦੀਵਾਲੀ ਵਾਲੇ ਦਿਨ ਬੰਦੀ-ਛੋੜ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸ੍ਰੀ ਅੰਮਿ੍ਤਸਰ ਆਗਮਨ ਦੀ ਖੁਸ਼ੀ ਵਿਚ ਦੀਵੇ ਜਗਾਉਂਦੇ ਹਨ, ਰੌਸ਼ਨੀ ਕਰ ਕੇ, ਆਤਿਸ਼ਬਾਜ਼ੀ ਚਲਾ ਕੇ ਆਪਣੇ ਪਿਆਰੇ ਸਤਿਗੁਰੂ ਨੂੰ ਸਤਿਕਾਰ ਭੇਟ ਕਰ ਸ਼ੁਕਰਾਨਾ ਕਰਦੇ ਹਨ, ਇਸ ਤਰ੍ਹਾਂ ਸਿੱਖਾਂ ਨੇ ਦੀਵਾਲੀ ਵਾਲੇ ਦਿਨ ਨੂੰ ਬੰਦੀ-ਛੋੜ ਦਿਵਸ ਦੇ ਰੂਪ ਵਿਚ ਸ੍ਰੀ ਹਰਿਮੰਦਰ ਸਾਹਿਬ, ਅੰਮਿ੍ਤਸਰ ਵਿਖੇ ਮਨਾਉਣਾ ਸ਼ੁਰੂ ਕਰ ਦਿੱਤਾ ਤੇ ਫਿਰ ਇਹ ਲੋਕ-ਉਕਤੀ ਪ੍ਰਚੱਲਿਤ ਹੋ ਗਈ:
'ਦਾਲ ਰੋਟੀ ਘਰ ਦੀ, ਦੀਵਾਲੀ ਅੰਮਿ੍ਤਸਰ ਦੀ |'
ਜਿਵੇਂ ਉੱਪਰ ਦੱਸਿਆ ਗਿਆ ਹੈ ਕਿ ਸਮੇਂ ਦੀਆਂ ਸਰਕਾਰਾਂ ਨੇ ਸਿੱਖ ਧਰਮ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ,ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ 'ਤੇ ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਜਦ ਸਿੰਘ ਜੰਗਲਾਂ, ਪਹਾੜਾਂ ਅਤੇ ਰੇਗਿਸਤਾਨਾਂ ਵਿਚ ਰਹਿ ਕੇ ਜ਼ਾਲਮ ਹਕੂਮਤ ਨਾਲ ਟੱਕਰ ਲੈ ਰਹੇ ਸਨ, ਉਸ ਸਮੇਂ ਵੀ ਸਮੇਂ ਦੇ ਹਾਕਮਾਂ ਵਲੋਂ ਸਿੱਖਾਂ ਦੇ ਸ੍ਰੀ ਅੰਮਿ੍ਤਸਰ ਦਾਖਲੇ 'ਤੇ ਸਖਤ ਪਾਬੰਦੀ ਲਾਈ ਹੋਈ ਸੀ | ਪੱਤਾ-ਪੱਤਾ ਸਿੰਘਾਂ ਦਾ ਵੈਰੀ ਸੀ, ਸਿੰਘਾਂ ਦੇ ਘਰ ਘੋੜਿਆਂ ਦੀਆਂ ਕਾਠੀਆਂ ਸਨ | ਅਜਿਹੇ ਬਿਖੜੇ ਵੇਲੇ ਵੀ ਗੁਰੂ-ਘਰ ਦੇ ਪ੍ਰੀਤਵਾਨ ਗੁਰਸਿੱਖ ਜਾਨ 'ਤੇ ਖੇਡ ਕੇ ਗੁਰੂ-ਘਰ ਦੇ ਦਰਸ਼ਨ-ਇਸ਼ਨਾਨ ਕਰ ਜਾਂਦੇ ਅਤੇ ਸ੍ਰੀ ਹਰਿਮੰਦਰ ਸਾਹਿਬ ਅੰਦਰ 'ਜੋਤਿ' ਜਗਾਉਣ ਦੀ ਖਾਤਰ 'ਸ਼ਹੀਦੀ' ਤਕ ਵੀ ਪਾ ਜਾਂਦੇ | ਮੱਸੇ ਤੋਂ ਲੈ ਕੇ ਮੀਰ ਮੰਨੂ, ਅਦੀਨਾ ਬੇਗ, ਅਬਦਾਲੀ ਆਦਿ ਤੇ ਸਮੇਂ ਦੀਆਂ ਸਰਕਾਰਾਂ ਨੇ ਸਿੱਖਾਂ ਨੂੰ ਆਪਣੇ ਸੋਮੇ ਨਾਲੋਂ ਤੋੜਨ ਲਈ ਹਰ ਹੀਲਾ ਵਰਤਿਆ | ਘੋਰ ਯੁੱਧਾਂ, ਭਾਜੜਾਂ ਤੇ ਹਮਲਿਆਂ ਵੇਲੇ ਵੀ ਸਿੱਖ ਵੱਧ ਤੋਂ ਵੱਧ ਗਿਣਤੀ ਵਿਚ ਦੀਵਾਲੀ ਦੇ ਮੌਕੇ ਅੰਮਿ੍ਤਸਰ ਇਕੱਠੇ ਹੁੰਦੇ ਸਨ | ਇਥੇ ਹੀ ਭਵਿੱਖ ਦੀਆਂ ਯੋਜਨਾਵਾਂ ਬਣਾਈਆਂ ਜਾਂਦੀਆਂ, ਪ੍ਰਬੰਧਕੀ ਮਸਲੇ ਨਜਿੱਠੇ ਜਾਂਦੇ ਤੇ ਪੰਥਕ ਫੈਸਲੇ ਲਏ ਜਾਂਦੇ | ਦੀਵਾਲੀ ਦਾ ਦਿਨ ਸਾਨੂੰ ਭਾਈ ਮਨੀ ਸਿੰਘ ਦੀ ਮਹਾਨ ਸ਼ਹਾਦਤ ਦੀ ਵੀ ਯਾਦ ਦਿਵਾਉਂਦਾ ਹੈ | ਭਾਈ ਮਨੀ ਸਿੰਘ ਨੇ ਦੀਵਾਲੀ ਦੇ ਮੌਕੇ ਸਿੱਖਾਂ ਦਾ ਇਕੱਠ ਸੱਦਣ ਲਈ ਸਮੇਂ ਦੀ ਸਰਕਾਰ ਦੀ ਰਜ਼ਾਮੰਦੀ ਪ੍ਰਾਪਤ ਕਰ ਲਈ ਪਰ ਜਦ ਉਨ੍ਹਾਂ ਨੂੰ ਇਹ ਪਤਾ ਲੱਗਾ ਕਿ ਜ਼ਕਰੀਆ ਖ਼ਾਂ ਦੀਵਾਲੀ ਦੇ ਮੌਕੇ 'ਤੇ ਇਕੱਠੇ ਹੋਏ ਸਿੱਖਾਂ ਨੂੰ ਮਾਰ-ਮੁਕਾਉਣਾ ਚਾਹੁੰਦਾ ਹੈ ਤਾਂ ਉਨ੍ਹਾਂ ਇਹ ਇਕੱਠ ਮੁਲਤਵੀ ਕਰ ਦਿੱਤਾ | ਇਸ ਕਰਕੇ ਹੀ ਉਨ੍ਹਾਂ ਨੂੰ ਸ਼ਹਾਦਤ ਦਾ ਜਾਮ ਪੀਣਾ ਪਿਆ | ਭਾਵੇਂ ਕਿ ਭਾਈ ਮਨੀ ਸਿੰਘ ਦੀ ਸ਼ਹਾਦਤ ਦੀਵਾਲੀ ਵਾਲੇ ਦਿਨ ਨਹੀਂ ਹੋਈ ਪਰ ਕਿਉਂਕਿ ਉਨ੍ਹਾਂ ਦੀ ਸ਼ਹਾਦਤ ਦਾ ਕਾਰਨ ਦੀਵਾਲੀ ਮਨਾਉਣਾ ਹੀ ਸੀ, ਇਸ ਕਰਕੇ ਸਿੱਖ ਜਿੱਥੇ ਦੀਵਾਲੀ ਦੇ ਸਮੇਂ ਬੰਦੀ-ਛੋੜ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਸ਼ਰਧਾ-ਸਤਿਕਾਰ ਭੇਟ ਕਰਦੇ ਹਨ, ਉਥੇ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਨੂੰ ਵੀ ਯਾਦ ਕਰ ਸਤਿਕਾਰ ਦਿੰਦੇ ਹਨ | ਹਰ ਸਾਲ ਦੀਵਾਲੀ ਦੇ ਸਮੇਂ ਖ਼ਾਲਸਾ ਪੰਥ ਇਕੱਤਰ ਹੋ ਕੇ ਪੰਥਕ ਹਿਤਾਂ ਲਈ ਵਿਚਾਰਾਂ ਕਰਦਾ ਤੇ ਭਵਿੱਖ ਦੀਆਂ ਯੋਜਨਾਵਾਂ ਬਣਾਉਂਦਾ ਹੈ | ਇਨ੍ਹਾਂ ਇਕੱਤਰਤਾਵਾਂ ਨੂੰ ਸਰਬੱਤ ਖ਼ਾਲਸਾ ਅਤੇ ਹੋਏ ਫੈਸਲਿਆਂ ਨੂੰ ਗੁਰਮਤਾ ਕਿਹਾ ਜਾਂਦਾ ਹੈ |
ਦੀਵਾਲੀ ਵਾਲੇ ਦਿਨ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ 'ਤੇ ਮੁਕੰਮਲ ਰੂਪ ਵਿਚ ਦੀਪਮਾਲਾ ਕੀਤੀ ਜਾਂਦੀ ਹੈ | ਸ਼ਰਧਾਲੂਆਂ ਵਲੋਂ ਸਰੋਵਰ ਦੇ ਕੰਢੇ ਜਗਾਏ ਹੋਏ ਦੀਵੇ ਤੇ ਮੋਮਬੱਤੀਆਂ ਤੇ ਦੀਪਮਾਲਾ ਇਕ ਦਿਲਕਸ਼ ਨਜ਼ਾਰਾ ਪੇਸ਼ ਕਰਦੇ ਹਨ, ਜਿਸ ਦੀ ਖੂਬਸੂਰਤੀ ਨੂੰ ਅੱਖਰਾਂ ਵਿਚ ਬਿਆਨ ਕਰਨਾ ਅਸੰਭਵ ਹੈ, ਇਹ ਤਾਂ ਦੇਖਣ 'ਤੇ ਹੀ ਅਨੁਭਵ ਹੋਵੇਗਾ | ਅਨੁਭਵ ਸ਼ਬਦਾਂ ਦਾ ਮੁਥਾਜ ਨਹੀਂ | ਇਤਿਹਾਸਕ ਦਿ੍ਸ਼ਟੀ ਤੋਂ ਦੇਖਿਆਂ ਪਤਾ ਲੱਗਦਾ ਹੈ ਕਿ ਇਨ੍ਹਾਂ ਦੀਵਿਆਂ ਵਿਚ ਤੇਲ ਨਹੀਂ ਬਲ ਰਿਹਾ ਬਲਕਿ ਕੌਮਾਂ ਨੂੰ ਰੌਸ਼ਨੀ ਪ੍ਰਦਾਨ ਕਰਨ ਲਈ 'ਸ਼ਹੀਦਾਂ ਦੀ ਚਰਬੀ' ਬਲ ਰਹੀ ਹੈ |
ਦੀਵਾਲੀ ਵਾਲੇ ਦਿਨ ਸ਼ਾਮ ਨੂੰ 'ਰਹਰਾਸਿ' ਦੇ ਪਾਠ ਆਰੰਭ ਹੋਣ ਤੋਂ ਪਹਿਲਾਂ ਹੀ ਸੰਗਤਾਂ ਆਤਿਸ਼ਬਾਜ਼ੀ ਦਾ ਨਜ਼ਾਰਾ ਦੇਖਣ ਤੇ ਦਰਸ਼ਨੀ ਡਿਓੜ੍ਹੀ ਤੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੌਮ ਦੇ ਨਾਂਅ ਸੰਦੇਸ਼ ਸਰਵਣ ਕਰਨ ਲਈ ਜੁੜ ਬੈਠਦੀਆਂ ਹਨ | 'ਰਹਰਾਸਿ' ਦੇ ਪਾਠ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਚਾਰ ਕੋਨਿਆਂ ਵਿਚੋਂ ਆਤਿਸ਼ਬਾਜ਼, ਆਤਿਸ਼ਬਾਜ਼ੀ ਚਲਾਉਂਦੇ ਹਨ | ਇਹ ਨਜ਼ਾਰਾ ਦੇਖਿਆਂ ਹੀ ਬਣਦਾ ਹੈ | ਸਿੱਖ ਸ੍ਰੀ ਅੰਮਿ੍ਤਸਰ ਤੋਂ ਜੀਵਨ ਦੀ ਰੌਾਅ ਪ੍ਰਾਪਤ ਕਰਦਾ ਹੈ | ਅੰਮਿ੍ਤਸਰ ਤੋਂ ਜੀਵਨ ਦੀ ਰੌਸ਼ਨੀ ਪ੍ਰਾਪਤ ਕਰ ਆਪਣੇ ਜੀਵਨ 'ਚੋਂ ਹਨੇਰਾ ਦੂਰ ਕਰਦਾ ਹੈ | ਮੱਸਿਆ ਦੀ ਕਾਲੀ ਬੋਲ਼ੀ ਹਨੇਰੀ ਰਾਤ ਵਿਚ ਜਗ ਰਹੇ ਦੀਵੇ ਸਾਨੂੰ ਜੀਵਨ ਦਾ ਰਾਹ ਦਰਸਾਉਂਦੇ ਹਨ |
ਗੁਰੂ ਨਾਨਕ ਪਾਤਸ਼ਾਹ ਅਗਵਾਈ ਬਖਸ਼ਦੇ ਹਨ:
ਪੋਥੀ ਪੁਰਾਣ ਕਮਾਈਐ¨
ਭਉ ਵਟੀ ਇਤੁ ਤਨਿ ਪਾਈਐ¨
ਸਚੁ ਬੂਝਣੁ ਆਣਿ ਜਲਾਈਐ¨ 2¨
ਇਹੁ ਤੇਲੁ ਦੀਵਾ ਇਉ ਜਲੈ¨
ਕਰਿ ਚਾਨਣੁ ਸਾਹਿਬ ਤਉ ਮਿਲੈ¨ (ਅੰਗ : 25)
ਗੁਰੂ ਅਰਜਨ ਦੇਵ ਜੀ ਦੇ ਉਪਦੇਸ਼ ਅਨੁਸਾਰ :
ਦੂਖੁ ਅੰਧੇਰਾ ਘਰ ਤੇ ਮਿਟਿਓ ¨
ਗੁਰਿ ਗਿਆਨੁ ਦਿ੍ੜਾਇਓ ਦੀਪ ਬਲਿਓ ¨ (ਅੰਗ : 241)

ਆਓ! ਗਿਆਨ ਰੂਪੀ ਦੀਵੇ ਨਾਲ ਆਪਣੇ ਅੰਦਰ ਪਸਰੇ ਖ਼ੁਦਗਰਜ਼ੀ, ਹਉਮੈ, ਨਿੰਦਾ, ਚੁਗਲੀ, ਮਿਲਾਵਟ, ਰਿਸ਼ਵਤਖੋਰੀ ਆਦਿ ਕੂੜ ਦੇ ਹਨੇਰੇ ਨੂੰ ਦੂਰ ਕਰੀਏ, ਤਾਂ ਹੀ ਅਸੀਂ ਦੀਵਾਲੀ ਦੇ ਦੀਵਿਆਂ ਤੋਂ ਰੌਸ਼ਨੀ ਲੈ ਕੇ ਆਪਣੇ ਗੌਰਵਮਈ ਇਤਿਹਾਸ ਤੋਂ ਜਾਣੂ ਹੋ ਆਪਣੀ ਜੀਵਨ ਯਾਤਰਾ ਸਫ਼ਲੀ ਕਰ ਸਕਦੇ ਹਾਂ |
                                                                                                                                                     -0-

Ad Position 22
No active advertisement
ਪਿਛਲੀ ਖ਼ਬਰ ਸਿੱਖ ਇਤਿਹਾਸ ਅੰਦਰ ਬੰਦੀ ਛੋੜ ਦਿਵਸ ਅਗਲੀ ਖ਼ਬਰ ਦੀਵਾ ਮੇਰਾ ਏਕੁ ਨਾਮੁ
Ad Position 24
No active advertisement