ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2019

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਦਕੀ ਸਿੱਖ

Ad Position 21
No active advertisement
ਅਜੀਤ ਡੈਸਕ 12-11-2019

ਭਾਈ ਪ੍ਰਿਥੀ ਮੱਲ ਸਹਿਗਲ ਅਤੇ ਰਾਮਾਡਿਡੀ
ਭਾਈ ਪ੍ਰਿਥੀ ਮੱਲ ਸਹਿਗਲ ਅਤੇ ਰਾਮਾਡਿਡੀ ਗੁਰੂ ਨਾਨਕ ਦੇਵ ਜੀ ਦੇ ਵਰੋਸਾਏ ਹੋਏ ਸਿੱਖ ਸਨ। ਇਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰੇ ਕੀਤੇ ਤੇ ਅਰਦਾਸ ਕੀਤੀ ਕਿ ਗੁਰੂ ਪਾਤਸ਼ਾਹ ਸਾਨੂੰ ਅਜਿਹਾ ਕੋਈ ਸੌਖਾ ਰਾਹ ਦੱਸੋ, ਤਾਂ ਜੋ ਅਸੀਂ ਵਾਹਿਗੁਰੂ ਜੀ ਨਾਲ ਇਕਮਿਕ ਹੋ ਜਾਈਏ। ਗੁਰੂ ਜੀ ਨੇ ਕਿਹਾ ਕਿ ਤੁਸੀਂ ਆਪਣੇ ਕਾਮ ਇੰਦਰੇ ਅਤੇ ਗਿਆਨ ਇੰਦਰੀਆਂ ਨੂੰ ਬੁਰੇ ਕੰਮ ਤੋਂ ਰੋਕ ਕੇ ਨਾਮ ਸਿਮਰਨ ਤੇ ਬਾਣੀ ਵਾਲੇ ਪਾਸੇ ਲਾਉਣਾ। ਗੁਰੂ ਪਾਤਸ਼ਾਹ ਨੇ ਵਿਸਥਾਰ ਸਹਿਤ ਦੱਸਿਆ ਹੈ ਕਿ ਮਨ ਨੂੰ ਉਸਤਤ, ਨਿੰਦਾ, ਚੋਰੀ, ਯਾਰੀ ਤੇ ਹੋਰ ਬੁਰੇ ਕੰਮਾਂ ਵਲੋਂ ਹਟਾਉਣ ਨਾਲ ਤੇ ਰਸਨਾ ਨੂੰ ਝੂਠ ਵਲੋਂ ਮੋੜ ਕੇ ਵਾਹਿਗੁਰੂ ਦੀ ਸਿਫ਼ਤ-ਸਾਲਾਹ ਨਾਲ ਜੋੜਨ ਨਾਲ ਉਦਾਰ ਹੁੰਦਾ ਹੈ।
ਭਾਈ ਕਾਨ੍ਹ ਸਿੰਘ ਨਾਭਾ ਮਹਾਨ ਕੋਸ਼ ਵਿਚ ਲਿਖਦੇ ਹਨ ਕਿ-'ਪ੍ਰਿਥੀ ਮੱਲ ਸਹਿਗਲ ਗੋਤ ਦਾ ਖੱਤਰੀ ਜੋ ਗੁਰੂ ਨਾਨਕ ਦੇਵ ਜੀ ਦਾ ਸਿੱਖ ਹੋ ਕੇ ਗੁਰਮੁਖ ਪਦਵੀ ਦਾ ਅਧਿਕਾਰੀ ਹੋਇਆ ਅਤੇ ਰਾਮਾਡਿਡੀ ਆਤਮ ਗਿਆਨੀ ਸਿੱਖ ਹੋਇਆ।' ਭਾਈ ਸੰਤੋਖ ਸਿੰਘ ਦੱਸਦੇ ਹਨ ਕਿ ਜਦ ਇਹ ਗੁਰੂ ਜੀ ਦੇ ਦਰਸ਼ਨ ਨੂੰ ਆਏ ਤਾਂ ਅਰਦਾਸ ਕੀਤੀ ਕਿ ਅਸਾਂ ਸੁਣਿਆ ਹੈ ਕਿ ਵਿਸ਼ਨੂੰ ਦੀ ਭਗਤੀ ਕਰੀਦੀ ਹੈ, ਆਪ ਦੱਸੋ ਉਸ ਦੀ ਭਗਤੀ ਕਰ ਕੇ ਉਸ ਨਾਲ ਇਕ ਰੂਪ ਕਿਵੇਂ ਹੋ ਜਾਈਏ? ਭਾਈ ਸਾਹਿਬ ਡਾਕਟਰ ਵੀਰ ਸਿੰਘ ਜੀ ਵਿਆਖਿਆ ਕਰਦੇ ਹੋਏ ਲਿਖਦੇ ਹਨ ਕਿ ਸਤਿਗੁਰ ਸੁਣ ਕੇ ਮੁਸਕ੍ਰਾਏ ਤੇ ਕਹਿਣ ਲੱਗੇ ਭਾਈ ਤਪ ਕਰੋ। ਉਨ੍ਹਾਂ ਨੇ ਕਿਹਾ ਅਸੀਂ ਗ੍ਰਹਿਸਤੀ ਵਿਹਾਰੀ ਲੋਕ ਹਾਂ, ਤਪ ਕੰਮ ਤਿਆਗੀਆਂ ਦਾ ਹੈ, ਸਾਨੂੰ ਕੋਈ ਸੁਖੱਲਾ ਰਾਹ ਦੱਸੋ। ਆਪ ਬੋਲੇ ਭਾਈ ਪਰਮਾਰਥ ਵੀ ਇਕ ਵਿੱਦਿਆ ਹੈ, ਇਸ ਨੂੰ ਸਮਝੋ।
ਗੁਰੂ ਸਾਹਿਬ ਨੇ ਉਨ੍ਹਾਂ ਨੂੰ ਤਪੋਗੁਣੀ, ਰਜੋਗੁਣੀ ਤੇ ਸਤੋਗੁਣੀ ਬਾਰੇ ਵਿਸਥਾਰ ਨਾਲ ਦੱਸਿਆ।
ਡਾ: ਕਿਰਪਾਲ ਸਿੰਘ ਜੀ ਅਨੁਸਾਰ ਗੁਰੂ ਦੇ ਪਿਆਰੇ ਗੁਰੂ ਜੀ ਦੇ ਚਰਨ ਕਮਲਾਂ 'ਤੇ ਨਮਸਕਾਰ ਕਰ ਕੇ ਬੈਠ ਗਏ। ਕੁਝ ਚਿਰ ਮਗਰੋਂ ਉਨ੍ਹਾਂ ਇਸ ਤਰ੍ਹਾਂ ਕਿਹਾ, 'ਅਸਾਂ ਨੂੰ ਅਜਿਹਾ ਰਸਤਾ ਦੱਸੋ, ਜਿਸ ਰਾਹੀਂ ਅਸੀਂ ਵਿਸ਼ਨੂੰ ਰੂਪ ਵਿਚ ਇਕਮਿਕ ਹੋ ਜਾਈਏ। ਅਸੀਂ ਸੁਖੈਨ (ਤਰੀਕੇ) ਨਾਲ ਹੀ ਮੁਕਤੀ ਪ੍ਰਾਪਤ ਕਰ ਲਈਏ। ਜੇ ਇਹ ਕਠਨ ਕਰਮ ਹੈ ਤਾਂ ਕਿਹੜੀ ਕਮਾਈ ਕੀਤੀ ਜਾਵੇ?' ਉਨ੍ਹਾਂ ਦੀ ਗੱਲ ਸੁਣ ਕੇ ਗੁਰੂ ਜੀ ਨੇ ਬਚਨ ਕੀਤਾ, ਤਿੰਨ ਤਰ੍ਹਾਂ ਦੇ ਤਪ ਹੁੰਦੇ ਹਨ, ਜਿਨ੍ਹਾਂ ਨੂੰ ਸਾਰੇ ਤਪੱਸਵੀ ਮੰਨਦੇ ਹਨ। ਗੁਰੂ ਸਾਹਿਬ ਨੇ ਉਨ੍ਹਾਂ ਨੂੰ ਤਪ ਬਾਰੇ ਦੱਸਿਆ ਅਤੇ ਉਨ੍ਹਾਂ ਦੀ ਸੰਤੁਸ਼ਟੀ ਹੋਈ। ਪ੍ਰਿੰਸੀਪਲ ਸਤਿਬੀਰ ਸਿੰਘ ਅਨੁਸਾਰ ਪ੍ਰਿਥੀ ਮੱਲ ਤੇ ਰਾਮਾਡਿਡੀ ਦੋਵੇਂ ਗੁਰੂ ਨਾਨਕ ਜੀ ਪਾਸ ਆਏ ਤੇ ਕਹਿਣ ਲੱਗੇ, 'ਅਜਿਹਾ ਸੁਖਾਲਾ ਰਾਹ ਦੱਸੋ ਜੋ ਅਸੀਂ ਬਿਸ਼ਨ (ਪ੍ਰਭੂ) ਨਾਲ ਇਕ ਰੂਪ ਹੋਈਐ।' ਗੁਰੂ ਨਾਨਕ ਜੀ ਨੇ ਫ਼ਰਮਾਇਆ, 'ਤਪਾਂ ਨਾਲ ਨਿਹਕਾਮ ਨਹੀਂ ਹੁੰਦਾ। ਰਿਦਾ ਸੁਦ ਨਹੀਂ ਹੁੰਦਾ। ਲੋੜ ਹੈ ਅੱਖਾਂ, ਕੰਨਾਂ, ਹੱਥਾਂ, ਪੈਰਾਂ 'ਤੇ ਕਾਬੂ ਪਾਉਣ ਦੀ। ਮਨ ਨੂੰ ਬਾਰੰਬਰ ਹਟਾਇਕੈ ਨਾਮ ਵੱਲ ਮੋੜਨਾ। ਮਨ ਨੂੰ ਸਦਾ ਵਾਸ਼ਨਾ ਵਲੋਂ ਹਟਾ ਕੇ ਸ਼ਬਦ ਨਾਲ ਜੋੜਨਾ ਹੀ ਅਸਲ ਅਭਿਆਸ ਹੈ। ਜਿਸ ਵੇਲੇ ਸ਼ਬਦ ਮਨ ਵਿਚ ਸਮਝ ਦੇਵੇਗਾ ਤਾਂ ਸ਼ਾਂਤੀ ਮਿਲ ਜਾਵੇਗੀ।'
'ਉਨ੍ਹਾਂ ਗੁਰੂ ਦਾ ਉਪਦੇਸ਼ ਐਸਾ ਪੱਲੇ ਬੰਨ੍ਹਿਆ ਕਿ ਜਿਥੇ ਵੀ ਸਾਧ ਸੰਗਤ ਹੋਵੇ ਤਿਥੈ ਤੁਰ ਜਾਵਨਿ। ਨਾਲ ਟਹਲ ਕਰਨੀ, ਸਾਥ ਹੀ ਸ਼ਬਦ ਦਾ ਅਭਿਆਸ ਕਰਨਾ।'
ਭਾਈ ਮੂਲਾ ਕੀੜ ਜੀ
ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਮੂਲਾ ਕੀੜ ਇਕ ਸ਼ਰਧਾਵਾਨ ਸਿੱਖ ਸੀ। ਭਾਈ ਮੂਲਾ ਜੀ ਕੀੜ ਗੋਤ ਨਾਲ ਸਬੰਧਤ ਸਨ। ਨਾਨਕ ਪ੍ਰਕਾਸ਼ ਅਨੁਸਾਰ-
'ਮੂਲਾ ਕੀੜ ਨਾਮ ਨਰ ਏਕੂ'
ਮੂਲਾ ਜੀ ਦਾਸਾਂ ਦਾ ਦਾਸ ਹੋ ਕੇ ਰਹਿੰਦਾ ਸੀ ਅਤੇ ਉਨ੍ਹਾਂ ਦੇ ਕਈ ਕੰਮ ਬੜੇ ਅਸਚਰਜ ਸਨ। ਭਾਈ ਮੂਲਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਬਹੁਤ ਸਤਿਕਾਰ ਕਰਦਾ ਸੀ ਅਤੇ ਗੁਰੂ ਨਾਨਕ ਪਾਤਸ਼ਾਹ ਵੀ ਭਾਈ ਮੂਲਾ ਜੀ ਨਾਲ ਬਹੁਤ ਪ੍ਰੇਮ ਕਰਦੇ ਸਨ। ਭਾਈ ਮੂਲਾ ਜੀ ਦੀ ਸਿੱਖੀ ਪ੍ਰਤੀ ਅਟੁੱਟ ਸ਼ਰਧਾ ਦਾ ਨਾਜਾਇਜ਼ ਫਾਇਦਾ ਉਠਾਉਣ ਲਈ ਇਕ ਠੱਗ ਸਿੱਖ ਦਾ ਭੇਸ ਧਾਰ ਕੇ ਆਇਆ। ਉਸ ਨੇ ਬਾਣੀ ਵੀ ਕਾਫੀ ਕੰਠ ਕੀਤੀ ਹੋਈ ਸੀ। ਭਾਈ ਮੂਲਾ ਜੀ ਨੇ ਉਸ ਦੀ ਬਹੁਤ ਆਓ ਭਗਤ ਕੀਤੀ।
ਭਾਈ ਮੂਲੇ ਦੀ ਪਤਨੀ ਨੇ ਆਪਣੇ ਗਹਿਣੇ ਉਤਾਰ ਕੇ ਡੱਬੇ ਵਿਚ ਪਾਏ ਅਤੇ ਡੱਬਾ ਆਲੇ ਵਿਚ ਧਰ ਦਿੱਤਾ। ਉਹ ਠੱਗ ਸਿੱਖ ਅੱਧੀ ਰਾਤ ਨੂੰ ਉੱਠਿਆ ਅਤੇ ਉਸ ਨੇ ਗਹਿਣਿਆਂ ਵਾਲਾ ਡੱਬਾ ਚੁੱਕ ਕੇ ਕੱਛ ਵਿਚ ਲਿਆ ਤੇ ਬਾਹਰ ਨੂੰ ਜਾਣ ਲਈ ਤੁਰ ਪਿਆ। ਭਾਈ ਮੂਲੇ ਨੇ ਹਵੇਲੀ ਦੇ ਬਾਹਰਲੇ ਦਰਵਾਜ਼ੇ ਨੂੰ ਜਿੰਦਾ ਅੰਦਰੋਂ ਮਾਰਿਆ ਹੋਇਆ ਸੀ। ਸਰਦੀ ਦਾ ਸਮਾਂ ਸੀ। ਬਾਹਰਲੇ ਦਰਵਾਜ਼ੇ ਨੂੰ ਜਿੰਦਾ ਲੱਗਿਆ ਹੋਇਆ ਦੇਖ ਕੇ ਉਸ ਠੱਗ ਨੇ ਭਾਈ ਮੂਲੇ ਨੂੰ ਉਠਾਇਆ (ਜਗਾਇਆ) ਅਤੇ ਆਖਿਆ, 'ਮੈਂ ਰਮਣੇ ਜਾਂਦਾ ਹਾਂ, ਕੁੰਜੀ ਦਿਓ।' ਤਾਂ ਭਾਈ ਮੂਲਾ ਜੀ ਨੇ ਕਿਹਾ ਕਿ ਬਾਹਰ ਠੰਢ ਹੈ, ਬਾਹਰ ਨਾ ਜਾਓ, ਇਥੇ ਰਮਣੇ ਫਿਰੋ, ਮੈਂ ਆਪੇ ਸੁੱਟ ਦੇਵਾਂਗਾ ਤੇ ਨਾਲ ਇਸ਼ਨਾਨ ਵੀ ਕਰਵਾ ਦਿਆਂਗਾ, ਤਾਂ ਉਸ ਠੱਗ ਨੇ ਕਿਹਾ ਕਿ ਮੈਨੂੰ ਜ਼ਰੂਰ ਕੁੰਜੀ ਦਿਓ। ਭਾਈ ਮੂਲਾ ਜੀ ਨੇ ਜਿੰਦਾ ਖੋਲ੍ਹ ਦਿੱਤਾ ਤਾਂ ਠੱਗ ਦੀ ਬੁੱਕਲ ਵਿਚੋਂ ਉਹ ਗਹਿਣਿਆਂ ਵਾਲਾ ਡੱਬਾ ਡਿਗ ਗਿਆ ਤਾਂ ਭਾਈ ਮੂਲਾ ਜੀ ਨੇ ਉਸ ਨੂੰ ਡੱਬਾ ਹੇਠੋਂ ਚੁੱਕ ਕੇ ਫੇਰ ਫੜਾ ਦਿੱਤਾ।
ਸਵੇਰੇ ਭਾਈ ਮੂਲਾ ਜੀ ਦੀ ਘਰਵਾਲੀ ਨੇ ਦੇਖਿਆ ਕਿ ਆਲੇ ਵਿਚ ਗਹਿਣਿਆਂ ਵਾਲਾ ਡੱਬਾ ਨਹੀਂ ਹੈ। ਉਸ ਨੇ ਰੌਲਾ ਪਾਉਣਾ ਚਾਹਿਆ ਪਰ ਮੂਲਾ ਜੀ ਨੇ ਇਹ ਆਖ ਕੇ ਰੋਕ ਦਿੱਤਾ, 'ਇਹ ਚੋਰ ਗੁਰੂ ਨਾਨਕ ਦਾ ਸਿੱਖ ਬਣ ਕੇ ਆਇਆ ਹੈ। ਜੇ ਅਸੀਂ ਰੌਲਾ ਪਾਇਆ ਤਾਂ ਚੋਰ ਫੜਿਆ ਜਾਵੇਗਾ, ਉਸ ਨੂੰ ਸਜ਼ਾ ਮਿਲੇ ਜਾਂ ਨਾ ਮਿਲੇ ਪਰ ਗੁਰੂ ਨਾਨਕ ਦੇ ਸਿੱਖ ਬਦਨਾਮ ਹੋਣਗੇ। ਸਾਡੇ ਘਰ ਕਿੰਨੇ ਹੀ ਗੁਰੂ ਪਿਆਰੇ ਆਉਂਦੇ ਹਨ ਪਰ ਉਹ ਪਰਉਪਕਾਰੀ ਸਾਡੇ ਹਰ ਦੁੱਖ-ਸੁੱਖ ਵਿਚ ਸਹਾਈ ਹੁੰਦੇ ਹਨ। ਭਾਈ ਮੂਲਾ ਜੀ ਨੇ ਆਪਣੀ ਘਰਵਾਲੀ ਨੂੰ ਹੋਰ ਗਹਿਣੇ ਬਣਵਾ ਦਿੱਤੇ ਤਾਂ ਕਿ ਸਿੱਖ ਦੀ ਬਦਨਾਮੀ ਨਾ ਹੋਵੇ।
ਭਾਈ ਪ੍ਰਿਥਾ ਜੀ ਤੇ ਖੇਡਾ ਜੀ
ਭਾਈ ਪ੍ਰਿਥਾ ਤੇ ਖੇਡਾ ਜੀ ਸੋਇਨੀ ਜਾਤ ਦੇ ਖੱਤਰੀ ਸਨ। ਗੁਰੂ ਨਾਨਕ ਦੇ ਚਰਨਾਂ ਦੀ ਸ਼ਰਨ ਲੈ ਕੇ ਸ਼ਾਂਤ ਸੁੱਖ ਦੇ ਨਿਵਾਸੀ ਹੋਏ-
ਪਿਰਥਾ ਖੇਡਾ ਸੋਇਨੀ ਚਰਣ ਸਰਣ ਸੁਖ ਸਹਿਜ ਨਿਵਾਸੀ।
(ਭਾਈ ਗੁਰਦਾਸ ਜੀ, ਵਾਰ ੧੧ਵੀਂ)
ਭਾਈ ਮਨੀ ਸਿੰਘ ਜੀ ਅਨੁਸਾਰ 'ਪ੍ਰਿਥਾ ਤੇ ਖੇਡਾ ਸੋਇਨੀ ਜਾਤ ਦੇ ਖਤਰੀ ਹੈਸਨ। ਸਤਿਗੁਰਾਂ ਦੇ ਦਰਸ਼ਨ ਨੂੰ ਕਰਤਾਰਪੁਰ ਆਏ। ਅੱਗੇ ਬਾਣੀ ਦਾ ਵਿਚਾਰ ਹੁੰਦਾ ਸੀ। ਜਿਸ ਵੇਲੇ ਗੁਰੂ ਕੇ ਹਜ਼ੂਰ ਆਏ ਬੈਠੇ, ਦੋਵਾਂ ਦਾ ਮਨ ਇਕਾਗਰ ਹੋ ਗਿਆ। ਸਤਿਗੁਰਾਂ ਬਚਨ ਕੀਤਾ ਜਿਸ ਕਾਮਨਾ ਵਾਸਤੇ ਤੁਸੀਂ ਆਏ ਹੋ, ਸੋ ਮੰਗੋ। ਉਨ੍ਹਾਂ ਅਰਦਾਸ ਕੀਤੀ ਗਰੀਬ ਨਿਵਾਜ, ਅਸਾਨੂੰ ਆਪਣਿਆਂ ਚਰਨਾਂ ਦੀ ਸਰਨੀ ਰੱਖੀਏ। ਤੇ ਏਹੁ ਦਾਨ ਦਿਚੇ। ਜੁ ਜਗਤ ਨੂੰ ਅਸਾਰ ਜਾਣ ਕੇ ਅਸੀਂ ਮੰਗੀਏ ਕਛੁ ਨਹੀਂ। ਬਚਨ ਹੈ ਅਣਮੰਗਿਆ ਦਾਨ ਦੀਜੈ ਮੇਰੇ ਦਾਤੇ ਮੇਰੀ ਭਗਤਿ ਭਰੇ ਭੰਡਾਰਾ। ਤੇਰੀ ਭਗਤ ਦੇ ਭੰਡਾਰ ਤਾ ਨਿਖੁਟੇਦੇ ਨਹੀਂ। ਅਸਾਨੂੰ ਏਹੁ ਦਾਨ ਦਿਚੈ ਜੋ ਤੇਰਾ ਹੁਕਮ ਅਸਾਨੂੰ ਮਿਠਾ ਲਗੇ। ਤੇ ਹੋਰ ਮੰਗਣੇ ਦੀ ਆਸ ਨਿਵਰਤ ਹੋਵੇ। ਤੇਰੇ ਚਰਨਾਂ ਦੀ ਸਰਨ ਰਹੀਏ। ਬਚਨ ਹੋਆ ਅਸਾਡੇ ਚਰਨ ਸਾਧ ਸੰਗਤਿ ਵਿਚ ਸਦਾ ਰਹਿਦੇ ਹੈਨ। ਤੁਸਾ ਸਾਧਾ ਦੀ ਸੇਵਾ ਕਰਨੀ। ਤੇ ਧਰਮਸਾਲਾ ਦੁਇ ਵੇਲੇ ਟੁਰ ਜਾਵਣਾ। ਤੇ ਸੰਤਾ ਵਿਚ ਤੇ ਸਤਿਗੁਰਾਂ ਵਿਚ ਤੇ ਪ੍ਰਮੇਸਰ ਵਿਚ ਭੇਦ ਨਹੀਂ ਜਾਨਣਾ। ਤੇ ਧਰਮ ਦੀ ਕ੍ਰਿਤ ਕਰ ਕੇ ਅਥਿਤਾਂ ਨਾਲ ਵੰਡ ਖਾਵਣਾ। ਤੁਸੀਂ ਸਦਾ ਮੇਰੇ ਚਰਨਾਂ ਦੀ ਸਰਨ ਹੋ। ਸਰੀਰ ਮੇਰਾ ਸ੍ਰਗੁਣ ਰੂਪ ਹੈ। ਤੇ ਸਬਦ ਮੇਰਾ ਰਿਦਾ ਹੈ। ਨਿਰਗੁਣ ਰੂਪ ਹੈ। ਸਰੀਰ ਨਾਲ ਮਿਲੋ ਤਾਂ ਫੇਰ ਭੀ ਵਿਛੜੋਗੇ। ਤੇ ਸ਼ਬਦ ਨਾਲ ਮਿਲੋਗੇ ਤਾਂ ਵਿਛੜੋਗੇ ਨਹੀਂ। ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਕਰਤਾਰਪੁਰ ਦੇ ਵਿਚ ਕਲਜੁਗੀ ਜੀਵਾਂ ਨੂੰ ਤਾਰਨ ਵਾਸਤੇ ਮਿਹਰਾਂ ਹੀ ਮਿਹਰਾਂ ਕਰ ਰਹੇ ਸਨ।
ਗੁਰੂ ਨਾਨਕ ਪਾਤਸ਼ਾਹ ਦੀ ਮਿਹਰ ਹੋਈ, ਉਨ੍ਹਾਂ 'ਤੇ ਕ੍ਰਿਪਾ ਕੀਤੀ ਤੇ ਕਿਹਾ ਕਿ ਧਰਮਸ਼ਾਲਾ ਦੋਨੋਂ ਵੇਲੇ ਜਾਣਾ, ਸੰਤ, ਸਤਿਗੁਰੂ ਤੇ ਅਕਾਲਪੁਰਖ ਇਕ ਰੂਪ ਜਾਣਨੇ। ਧਰਮ ਦੀ ਕਿਰਤ ਕਰ ਕੇ ਲੋੜਵੰਦਾਂ ਨਾਲ ਵੰਡ ਛੱਕਣਾ। ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿੰਨੀ ਵਧੀਆ ਗੱਲ ਕਹੀ ਕਿ, 'ਸਰੀਰ ਨਾਲ ਮਿਲੋਗੇ ਤਾਂ ਫਿਰ ਵੀ ਵਿਛੜੋਗੇ ਤੇ ਜੇ ਸ਼ਬਦ ਨਾਲ ਮਿਲੋਗੇ ਤਾਂ ਵਿਛੜੋਗੇ ਨਹੀਂ।' ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਕਿ ਸਾਡੇ ਚਰਨ ਗੁਰਮੁਖਾਂ ਦੀ ਸੰਗਤਿ ਵਿਚ ਸਦਾ ਰਹਿੰਦੇ ਹਨ, ਜੇ ਤੁਸੀਂ ਗੁਰਮੁਖਾਂ, ਸਤਪੁਰਸ਼ਾਂ ਦੀ ਸੇਵਾ ਕਰੋਗੇ, ਮੇਰੀ ਚਰਨ ਸਰਨ ਰਹੋਗੇ।
ਭਾਈ ਮਾਲੋ, ਭਾਈ ਮਾਂਗਾ ਜੀ
ਭਾਈ ਮਾਲੋ ਅਤੇ ਭਾਈ ਮਾਂਗਾ ਜੀ ਗੁਰੂ ਨਾਨਕ ਪਾਤਸ਼ਾਹ ਦੇ ਪਿਆਰੇ ਸਿੱਖ ਸਨ। ਦੋਵੇਂ ਕੀਰਤਨ ਤੇ ਕਥਾ ਬੜੇ ਪਿਆਰ ਨਾਲ ਕਰਿਆ ਕਰਦੇ ਸਨ। ਇਕ ਦਿਨ ਉਨ੍ਹਾਂ ਨੇ ਗੁਰੂ ਜੀ ਅੱਗੇ ਅਰਦਾਸ ਬੇਨਤੀ ਕੀਤੀ ਕਿ ਸਾਡੇ ਉੱਪਰ ਕਿਰਪਾ ਕਰੋ, ਉਪਦੇਸ਼ ਦੇਵੋ, ਜਿਸ ਨਾਲ ਸਾਡਾ ਉਧਾਰ ਹੋਵੇ ਅਤੇ ਜਨਮ-ਮਰਨ ਕੱਟਿਆ ਜਾਵੇ, ਤਾਂ ਗੁਰੂ ਪਾਤਸ਼ਾਹ ਜੀ ਨੇ ਕਿਹਾ ਕਿ ਇੰਦਰੀਆਂ ਅਤੇ ਮਨ ਨੂੰ ਕਾਬੂ ਵਿਚ ਰੱਖਣਾ ਹੈ। ਜੋ ਲੋਕ ਸਖ਼ਤ ਤਪ ਕਰਦੇ ਹਨ, ਜਿਵੇਂ ਅਗਨੀ ਤਪ ਕਰ ਕੇ ਸਰੀਰ ਨੂੰ ਅੱਗ ਨਾਲ ਸਾੜਨਾ, ਠੰਢੇ ਪਾਣੀ ਦੇ ਤਪ ਨਾਲ ਸਰੀਰ ਨੂੰ ਸੀਤ ਨਾਲ ਠਾਰਨਾ, ਉਰਧ ਤਪ (ਉੱਪਰ ਬਾਹਾਂ ਕਰ ਕੇ ਸੁਕਾ ਦੇਣੀਆਂ), ਪੁੱਠਾ ਲਟਕਣਾ, ਇਕ ਪੈਰ ਉੱਪਰ ਖੜ੍ਹਨਾ, ਜੰਗਲਾਂ ਵਿਚ ਰਹਿ ਕੇ ਕੰਦਮੂਲ ਖਾ ਕੇ ਗੁਜ਼ਾਰਾ ਕਰਨਾ, ਤੀਰਥਾਂ ਦਾ ਭਰਮਣ ਕਰਨਾ ਅਤੇ ਲਗਾਤਾਰ ਵਰਤ ਰੱਖਣੇ ਆਦਿ ਤਾਪਸੀ ਤਪ ਹੈ ਅਤੇ ਕਠਨ ਹਨ। ਭਾਈ ਮਾਲੋ ਜੀ ਗੁਰਬਾਣੀ, ਪੋਥੀ ਦੀ ਕਥਾ ਬੜੇ ਸੁੰਦਰ ਢੰਗ ਨਾਲ ਕਰਦੇ, ਜਿਸ ਨਾਲ ਸੰਗਤਾਂ ਨੂੰ ਬਹੁਤ ਅਨੰਦ ਆਉਂਦਾ। ਜਿਸ ਸਮੇਂ ਭਾਈ ਮਾਲੋ ਜੀ ਤੇ ਭਾਈ ਮਾਂਗਾ ਜੀ ਦੋਵੇਂ ਮਿਲ ਕੇ ਕਰਦੇ ਤਾਂ ਉਨ੍ਹਾਂ ਦੀ ਰਸਨਾ ਤੋਂ ਸਿੱਖਾਂ ਨੂੰ ਰਸ ਆਉਂਦਾ ਸੀ ਅਤੇ ਸਾਰੀ ਸੰਗਤ ਉਨ੍ਹਾਂ ਦੇ ਕੀਰਤਨ ਤੋਂ ਅਨੰਦ ਮਾਣਦੀ ਸੀ। ਉਨ੍ਹਾਂ ਦੁਆਰਾ ਕੀਤੀ ਕਥਾ ਤੇ ਕੀਰਤਨ ਦਾ ਸੰਗਤਾਂ ਨੂੰ ਪੂਰਾ ਅਨੰਦ ਆਉਂਦਾ ਅਤੇ ਜੋ-ਜੋ ਵੀ ਸੁਣਦਾ, ਸਭ ਦੇ ਪਾਪ ਧੋਤੇ ਜਾਂਦੇ ਸਨ। ਦੋਨੋਂ ਧਰਮ ਦੀ ਕਿਰਤ ਕਰਦੇ, ਵੰਡ ਛਕਦੇ ਅਤੇ ਆਏ-ਗਏ ਸਾਧਾਂ-ਸੰਤਾਂ ਅਤੇ ਸਿੱਖਾਂ ਦੀ ਟਹਿਲ ਸੇਵਾ ਕਰਦੇ। ਇਸ ਤਰ੍ਹਾਂ ਸੇਵਾ ਕਰਦਿਆਂ ਉਨ੍ਹਾਂ ਦਾ ਅਤੇ ਇਲਾਕੇ ਦੀਆਂ ਸੰਗਤਾਂ ਦਾ ਕਲਿਆਣ ਹੋਇਆ। ਭਾਈ ਮਾਲੋ ਜੀ ਅਤੇ ਭਾਈ ਮਾਂਗਾ ਜੀ ਬਾਰੇ ਭਾਈ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਵਿਚ ਕਵਿਤਾ ਰਾਹੀਂ ਵਿਆਖਿਆ ਕੀਤੀ ਹੈ। ਭਾਈ ਮਾਲੋ ਜੀ ਅਤੇ ਭਾਈ ਮਾਂਗਾ ਜੀ ਕੋਲ ਜਦੋਂ ਵੀ ਸੰਗਤਾਂ ਆਉਂਦੀਆਂ ਤਾਂ ਜਿਥੇ ਉਹ ਸੰਗਤਾਂ ਦੀ ਸੇਵਾ ਕਰਦੇ, ਉਥੇ ਉਹ ਸੰਗਤਾਂ ਨਾਲ (ਮਿਲ ਕੇ) ਸ਼ਬਦ ਪੜ੍ਹਦੇ। ਇਸ ਤਰ੍ਹਾਂ ਉਹ ਇਸ ਸੰਸਾਰ ਦੇ ਜੰਜਾਲ ਤੋਂ ਮੁਕਤ ਹੋ ਗਏ ਅਤੇ ਉਨ੍ਹਾਂ ਨੇ ਉਨ੍ਹਾਂ ਦੇ ਨਾਲ ਵਾਲੇ ਅਨੇਕਾਂ ਲੋਕਾਂ ਦਾ ਉਧਾਰ ਕੀਤਾ।
ਭਾਈ ਕਾਲੂ ਖੱਤਰੀ ਜੀ
ਇਹ ਕਾਲੂ ਮਹਿਤਾ ਕਲਿਆਣ ਚੰਦ ਪ੍ਰਸਿੱਧ ਨਾਂਅ ਮਹਿਤਾ ਕਾਲੂ ਜਾਂ ਬਾਬਾ ਕਾਲੂ ਜੀ ਨਹੀਂ ਹੈ ਜੋ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੇ ਸੰਸਾਰਿਕ ਪਿਤਾ ਸਨ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ 'ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਕ ਸਿੱਖ, ਜੋ ਕਰਤਾਰਪੁਰ ਸੇਵਾ ਵਿਚ ਹਾਜ਼ਰ ਰਿਹਾ।' ਸਿੱਖਾਂ ਦੀ ਭਗਤਮਾਲਾ ਵਿਚ ਭਾਈ ਮਨੀ ਸਿੰਘ ਦੱਸਦੇ ਹਨ ਕਿ, 'ਕਾਲੂ ਖਤ੍ਰੀ ਆਸਾ ਧਾਰ ਬਾਬੇ ਨੂੰ ਮਿਲਿਆ॥ ਤਾਂ ਉਸ ਕਹਿਆ ਗਰੀਬ ਨਵਾਜ਼ ਸਨਮੁਖ ਕਿਸਨੋ ਕਹਿੰਦੇ ਹਨ ਤੇ ਵੇਮੁਖ ਕਿਸ ਨੋ ਕਹਦੇ ਹੈਨਿ॥ ਤਾ ਬਚਨ ਹੋਇਆ ਜੋ ਪਾਪ ਨੂੰ ਪਿਠ ਦੇਂਦੇ ਹੈਨ ਤੇ ਪੁੰਨ ਦੇ ਸਾਹਮਣੇ ਹੁੰਦੇ ਹੈਨ॥ ਸੋ ਸਨਮੁਖ ਹੈਨ॥ ਤੇ ਗੁਰੂ ਕੇ ਦਰਸ਼ਨ ਨੂੰ ਬ੍ਰਿਤ ਦਾ ਸਾਖੀ ਹੋਵੇ। ਚਾਰ ਸਾਖੀਆਂ ਸਨਮੁਖਾਂ ਦੀਆਂ ਹੈਨ॥ ਜਿਸ ਕਰਕੇ ਗੁਰੂ ਤੇ ਸਨਮੁਖ ਹੋਂਦੇ ਹੈਨ॥ ਤਾਂ ਕਾਲੂ ਅਰਦਾਸ ਕੀਤੀ ਜੋ ਜੀ ਉਹ ਕੇਹੜੀਆਂ ਸਾਖੀਆਂ ਹੈਨ॥ ਤਾਂ ਬਾਬੇ ਆਖਿਆ॥ ਇਕ ਮੈਤ੍ਰੀ ਹੈ॥ ਇਕ ਕਰੁਨਾ ਹੈ॥ ਇਕ ਮੁਦਤਾ ਹੈ॥ ਇਕ ਉਮੇਖਿਆ ਹੈ॥ ਤਾਂ ਕਾਲੂ ਅਰਦਾਸ ਕੀਤੀ॥ ਜੀ ਅਸਾਨੂੰ ਇਸ ਦਾ ਅਰਥ ਸਮਝਾਵਹੁ॥ ਤਾਂ ਬਾਬਾ ਜੀ ਬੋਲਿਆ ਜੇ ਏਹੁ ਜੀਉ ਕਹੇ ਜਾਂ ਸਾਰੇ ਜਗਤ ਦੇ ਸਨਮੁਖ ਮੈਨੂੰ ਹੀ ਹੋਵਨ॥ ਤਾ ਇਸ ਨੂ ਤਾ ਓਹੋ ਹੋਵਨਗੇ॥ ਜੇੜੇ ਇਸ ਦੇ ਕਰਮ ਵਿਚ ਲਿਖੇ ਹੈਨ॥ ਪਰ ਜੇ ਸਭਨਾਂ ਸਿੱਖਾਂ ਨੂੰ ਆਪਣਾ ਮਿਤ੍ਰ ਕਰ ਜਾਣੈ। ਤਾ ਮਿਤ੍ਰ ਦਾ ਸੁਖ ਆਪਣਾ ਹੀ ਸੁਖ ਹੁੰਦਾ ਹੈ ਤੇ ਆਪਣੇ ਪਾਸ ਜੋ ਕਿਛੁ ਧਨ ਹੋਵਸ ਕੈ ਵਿਦਿਆ ਕੈ ਕੋਈ ਗੁਣ ਹੋਵੈ॥ ਤਾ ਭੀ ਮਿਤ੍ਰ ਜਾਣ ਕੇ ਵੰਡ ਖਾਵੈ॥ ਜੇ ਕੁਝ ਬੁਧੁ ਹੋਵਸ ਉਸ ਕਰ ਭੀ ਸਿੱਖਾਂ ਨੂੰ ਸੁਖੀ ਕਰੈ। ਏਹ ਤਾਂ ਮੈਤ੍ਰੀ ਹੈ। ਕਰੁਨਾ ਕਿਸ ਨੂੰ ਕਹਿੰਦੇ ਹੈਨਿ॥ ਜੋ ਆਪ ਵੀ ਧਨ ਕਰਕੇ ਨੀਵਾ ਹੋਵੇ। ਅਥਵਾ ਬਲ ਕਰਕੇ ਨੀਵਾਂ ਹੋਵੇ। ਤਾਂ ਉਸ ਨੂੰ ਆਪਣੇ ਆਪਣੇ ਛੋਟੇ ਭਾਈ ਕੇ ਪੁਤ੍ਰ ਨਿਆਈਂ ਜਾਣੈ॥ ਉਸ ਨਾਲ ਸਹਾਇਤਾ ਕਰੇ। ਗਰਬ ਨਾ ਕਰੇ॥ ਏਹੁ ਕਰਨਾ ਹੈ। ਤੇ ਮੁਦਤਾ ਕਿਸ ਨੂੰ ਕਹਦੇ ਹੈਨ॥ ਜੋ ਆਪ ਥੀ ਗੁਣਾ ਕਰਕੇ ਕੈ ਬੁਧ ਕਰ ਕੈ ਵੱਡਾ ਹੋਵੇ॥ ਤਾਂ ਸੁਣ ਕੈ ਦੇਖਿ ਕੈ ਪ੍ਰਸੰਨਿ ਹੋਵੇ॥ ਆਖੇ ਧੰਨ ਵਾਹੁਗੁਰੂ ਹੈ ਐਸੀ (ਐਸੇ) ਭੀ ਸਿਖ ਕੀਤੇ ਹੈਸੁ॥ ਜਿਵੇਂ ਆਪਣੀ (ਆਪਣੇ) ਪਿਤਾ ਕੇ ਗੁਣਾ ਕਾ ਜਸੁ ਸੁਣ ਕੈ ਕੋਈ ਪ੍ਰਸੰਨ ਹੁੰਦਾ ਹੈ। ਤੈਸੇ ਹੀ ਪ੍ਰਸੰਨ ਹੋਵੈ। ਨਿੰਦਾ ਕਿਸੇ ਦੀ ਨਾ ਕਰੇ। ਏਹੁ ਮੁਦਤਾ ਹੈ। ਤੇ ਉਪੇਖਿਆ ਉਸ ਨੂੰ ਆਖਦੇ ਹੈਨ॥ ਜੇ ਆਪਣੀ ਬੁਧ ਤੇ ਗੁਰਾਂ ਦੇ ਬਚਨਾਂ ਦੇ ਇਕਸਾਰ ਸਭਣਾ ਨੂੰ ਉਦੇਸ਼ ਕਰੇ॥ ਪਰ ਜੋ ਸਤਿ ਕਰਕੈ ਮੰਨੇ ਉਸਨੂ ਫੇਰ ਭੀ ਉਪਦੇਸ ਦੇਵੇ॥ ਪਰ ਜੋ ਨਾ ਮੰਨੇ ਉਸ ਦੇ ਨਾਲ ਹਠ ਨ ਕਰੇ॥ ਜਾਣੇ ਜੋ ਇਸ ਦੀ (ਪ੍ਰਲਬਧ) ਨਹੀਂ ਚੁਪ ਕਰ ਰਹੈ। ਜਦੁ ਏਹੁ ਵਚਨ ਭਾਈ ਕਾਲੂ ਸੁਣੇ ਤਾ ਇਸੇ ਪ੍ਰਕਾਰ ਵਰਤਣ ਲਗਾ॥ ਤਾ ਉਸ ਦਾ ਉਧਾਰ ਹੋਇਆ॥ ਡਾ: ਤ੍ਰਿਲੋਚਨ ਸਿੰਘ ਜੀ ਜੀਵਨ ਚਰਿੱਤ੍ਰ ਗੁਰੂ ਨਾਨਕ ਦੇਵ ਵਿਚ ਲਿਖਦੇ ਹਨ ਕਿ ਕਾਲੂ ਖਤ੍ਰੀ ਬੜੀਆਂ ਤੀਬਰ ਸਧਰਾਂ ਨਾਲ ਗੁਰੂ ਨਾਨਕ ਦੇਵ ਜੀ ਨੂੰ ਮਿਲਿਆ ਅਤੇ ਪੁੱਛਿਆ, 'ਸਤਿਗੁਰੂ ਸੱਚੇ ਪਾਤਸ਼ਾਹ, ਤੁਹਾਡੀ ਬਾਣੀ ਵਿਚ ਮਨਮੁਖ ਤੇ ਸਨਮੁਖ ਸਿੱਖਾਂ ਦਾ ਜ਼ਿਕਰ ਆਉਂਦਾ ਹੈ। ਕਿਰਪਾ ਪੂਰਵਕ ਸਾਨੂੰ ਸਮਝਾਓ ਕਿ ਸਨਮੁਖ ਕੌਣ ਤੇ ਮਨਮੁਖ ਦੇ ਕੀ ਲੱਛਣ।' ਗੁਰੂ ਸਾਹਿਬ ਨੇ ਉਤਰ ਦਿੱਤਾ ਕਿ ਮਨਮੁਖ ਉਹ ਹਨ, ਜੋ ਮਨ ਦੀਆਂ ਵਾਸ਼ਨਾਵਾਂ ਦੇ ਜਾਲ ਵਿਚ ਫਸ ਜਾਂਦੇ ਹਨ ਅਤੇ ਬਦੀਆਂ ਤੇ ਪਾਪਾਂ ਵਿਚ ਹੀ ਸੰਤੁਸ਼ਟ ਰਹਿੰਦੇ ਹਨ। ਸਨਮੁਖ ਉਹ ਹਨ, ਜੋ ਪਾਪਾਂ ਤੇ ਬਦੀਆਂ ਨੂੰ ਪਿੱਠ ਦੇ ਕੇ ਗੁਰੂ ਦੇ ਗਿਆਨ ਵੱਲ ਮੂੰਹ ਮੋੜਦੇ ਹਨ, ਸਚਾਈ ਤੇ ਨੇਕੀ ਵੱਲ ਰੁਖ਼ ਕਰਦੇ ਹਨ, ਉਹ ਸਨਮੁਖ ਸਿੱਖ ਹਨ। ਚਾਰ ਪ੍ਰਕਾਰ ਦੇ ਸਨਮੁਖ ਸਿੱਖ ਹਨ-1. ਮੈਤ੍ਰੀ ਸਨਮੁਖ ਸਿੱਖ, 2. ਕਰੁਣਾਸ਼ੀਲ ਸਨਮੁਖ ਸਿੱਖ, 3. ਮੁਦਿਤਾ ਸਨਮੁਖ ਸਿੱਖ, 4. ਉਪੇਖਿਆ ਸਨਮੁਖ ਸਿੱਖ।
ਇਸ ਤਰ੍ਹਾਂ ਗੁਰੂ ਜੀ ਦੇ ਬਚਨ ਸੁਣ ਕੇ ਭਾਈ ਕਾਲੂ ਖੱਤਰੀ ਨਿਹਾਲ ਹੋਇਆ। ਭਾਈ ਕਾਲੂ ਨੇ ਗੁਰੂ ਸਾਹਿਬ ਦੇ ਸੁਣੇ ਬਚਨਾਂ ਨੂੰ ਆਪਣੇ ਜੀਵਨ ਵਿਚ ਢਾਲਿਆ। ਇਸ ਤਰ੍ਹਾਂ ਭਾਈ ਕਾਲੂ ਜੀ ਦਾ ਪਾਰਉਤਾਰਾ ਹੋਇਆ। ਭਾਈ ਕਾਲੂ ਜੀ ਨੇ ਕਈ ਹੋਰ ਵਿਅਕਤੀਆਂ ਨੂੰ ਵੀ ਇਸ ਪਵਿੱਤਰ ਮਾਰਗ 'ਤੇ ਤੋਰਿਆ ਸੀ। ਭਾਈ ਕਾਲੂ ਜੀ ਨੇ ਗੁਰੂ ਸਾਹਿਬ ਵਲੋਂ ਦੱਸੀ ਸਾਰੀ ਸਿੱਖਿਆ ਨੂੰ ਆਪਣੇ ਪੱਲੇ ਬੰਨ੍ਹ ਲਿਆ ਅਤੇ ਇਸੇ ਤਰ੍ਹਾਂ ਵਿਚਰਨ ਲੱਗਾ।


-ਬਠਿੰਡਾ, ਮੋਬਾਈਲ : 98155-33725

Ad Position 22
No active advertisement
ਪਿਛਲੀ ਖ਼ਬਰ kanya ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਵਿਚ 'ਮਨੁੱਖ'
Ad Position 24
No active advertisement