ਗੁਰਮਤਿ ਦਰਸ਼ਨ ਵਿਚ ਅਕਾਲ ਪੁਰਖ, ਸ੍ਰਿਸ਼ਟੀ ਤੋਂ ਬਾਅਦ ਮਹੱਤਵਪੂਰਨ ਸੰਕਲਪ ਮਨੁੱਖ ਜਾਂ ਜੀਵ ਦਾ ਆਉਂਦਾ ਹੈ। ਇਹ ਗੱਲ ਸਪੱਸ਼ਟ ਕਰਨੀ ਲਾਜ਼ਮੀ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਅਤੇ ਜੁਗਤ ਵਿਚ ਅਕਾਲ ਪੁਰਖ ਅਤੇ ਕੁਦਰਤ ਨਾਲੋਂ ਅਲੱਗ ਕਰ ਕੇ ਮਨੁੱਖ ਦੀ ਵਿਆਖਿਆ ਕਰਨੀ ਗੁਰਮਤਿ ਪ੍ਰਤੀ ਅਧੂਰੀ ਸਮਝ ਹੈ। ਅਜਿਹੀ ਸਮਝ ਨਾਲ ਗੁਰਮਤਿ ਦੇ ਸੰਪੂਰਨ ਦਰਸ਼ਨ ਨੂੰ ਇਕ ਸਥੂਲ ਜਾਂ ਭੌਤਿਕ ਵਿਚਾਰਧਾਰਾ ਦੇ ਬਰਾਬਰ ਲਿਆਉਣ ਦੀ ਕੁਚੇਸਟਾ ਪੈਦਾ ਹੁੰਦੀ ਹੈ। ਇਥੇ ਮਨੁੱਖ ਦੀ ਇਕ ਸੀਮਤ ਹੋਂਦ ਨੂੰ ਛੁਟਿਆਇਆ ਵੀ ਨਹੀਂ ਗਿਆ। ਬਲਕਿ ਇਸ ਨੂੰ ਧਰਤੀ ਦਾ ਸਰਦਾਰ ਕਿਹਾ ਗਿਆ ਹੈ। ਪਰ ਇਸ ਦੀ ਸਰਦਾਰੀ ਦਾ ਅਮਲ ਵਾਹਿਗੁਰੂ ਦੀ ਮਿਹਰ ਉਪਰ ਹੀ ਨਿਰਭਰ ਹੈ। ਦੂਸਰੇ ਸ਼ਬਦਾਂ ਵਿਚ ਜੇ ਮਨੁੱਖ ਕਰਤੇ ਨਾਲੋਂ ਟੁੱਟਿਆ ਹੈ ਤਾਂ ਉਸ ਦੀ ਸਰਦਾਰੀ ਨਿਸਫ਼ਲ ਹੈ ਤੇ ਸੁੁੰਞੇ ਘਰ ਦੇ ਪ੍ਰਾਹੁਣੇ ਵਾਂਗ ਉਸ ਦਾ ਆਉਣਾ ਹੋਇਆ। ਗੁਰਮਤਿ ਵਿਚ ਮਨੁੱਖ ਦੇ 'ਅਸਲੇ' ਨੂੰ ਕੇਂਦਰ ਵਿਚ ਰੱਖ ਕੇ ਇਸ ਦੇ ਜਨਮ, ਜੀਵਨ, ਮੌਤ ਤੇ ਅਗਲੇ ਪਿਛਲੇ ਜਨਮ ਬਾਰੇ ਦਰਸ਼ਨ ਕਰਵਾਏ ਗਏ ਹਨ। ਹਥਲੇ ਲੇਖ ਵਿਚ ਗੁਰਮਤਿ ਅਨੁਸਾਰ ਮਨੁੱਖ ਦੀ ਪ੍ਰਕਿਰਤੀ, ਉਦੇਸ਼ ਅਤੇ ਸਾਧਨਾ ਮਾਰਗ ਦੀ ਵਿਚਾਰ ਕੀਤੀ ਜਾਵੇਗੀ।
ਮਨੁੱਖ ਕੀ ਹੈ? ਕੀ ਦਿਸ ਰਿਹਾ ਭੌਤਿਕ ਸਰੀਰ ਹੈ ਜਾਂ ਸੂਖਮ ਮਨ? ਆਤਮਾ ਹੈ? ਅੰਤਹਕਰਣ ਹੈ? ਜਾਂ ਸਭ ਕਾਸੇ ਦਾ ਮਿਸ਼ਰਣ? ਇਸ ਦਾ ਨਿਸ਼ਚਿਤ ਸਰੂਪ ਕੀ ਹੈ? ਆਦਿ ਸਵਾਲ ਮਨੁੱਖੀ ਪ੍ਰਕਿਰਤੀ ਨਾਲ ਜੁੜੇ ਹੋਏ ਹਨ। ਗੁਰਮਤਿ ਵਿਚ 'ਮਨੁੱਖ' ਪ੍ਰਤੀ ਮਿਲਦੇ ਉਪਦੇਸ਼ਾਂ ਤੋਂ ਤਿੰਨ ਪੱਖ ਸਾਹਮਣੇ ਆਉਂਦੇ ਹਨ :
1. ਸਰੀਰ, 2. ਅੰਤਹਕਰਣ, 3. ਆਤਮਾ
ਸਧਾਰਨ ਦ੍ਰਿਸ਼ਟੀ ਨਾਲ ਮਨੁੱਖ ਦਾ ਪਹਿਲਾ ਲੱਛਣ ਦਿਸ ਰਿਹਾ ਭੌਤਿਕ ਸਰੀਰ ਹੈ। ਅੰਤਹਕਰਣ ਤੇ ਆਤਮਾ ਇਸ ਦੇ ਸੰਜੋਗ ਨਾਲ ਹੀ ਜੀਵਨ ਪ੍ਰਦਾਨ ਕਰਦੇ ਹਨ। ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ ਸਾਰੇ ਸਰੀਰਕ ਅਨੁਭਵਾਂ ਦੀ ਪ੍ਰਾਪਤੀ ਦਾ ਮਾਧਿਅਮ ਹਨ। ਗੁਰਮਤਿ ਅਨੁਸਾਰ ਸਰੀਰ ਦੀ ਉਪਜ ਦੇ ਦੋ ਮੁੱਖ ਕਾਰਨ ਹਨ :
1. ਮਾਤਾ ਪਿਤਾ ਦਾ ਸੰਜੋਗ
2. ਪੰਜਾਂ ਤੱਤਾਂ ਦਾ ਸੰਜੋਗ
ਅਕਾਲ ਪੁਰਖ ਦੇ ਹੁਕਮ ਅਨੁਸਾਰ ਜੀਵ ਦੀ ਪੈਦਾਇਸ਼ ਹੁੰਦੀ ਹੈ। ਇਸੇ ਹੁਕਮ ਵਿਚ ਹੀ ਉਹ ਨਿਯਮ, ਢੰਗ ਜਾਂ ਪ੍ਰ੍ਰਬੰਧ ਹੈ, ਜਿਹੜਾ ਕਿਸੇ ਜੀਵ ਦੀ ਉਤਪਤੀ ਦਾ ਕਾਰਨ ਬਣਦਾ ਹੈ। ਇਸੇ ਹੁਕਮ ਅਨੁਸਾਰ ਮਨੁੱਖ ਦੇ ਸਰੀਰ ਦਾ ਨਿਰਮਾਣ ਪਿਤਾ ਦੇ ਵੀਰਜ ਤੇ ਮਾਤਾ ਦੇ ਰਕਤ ਤੋਂ ਹੁੰਦਾ ਹੈ।
ਬਿੰਦੁ ਰਕਤੁ ਮਿਲਿ ਪਿੰਡੁ ਸਰੀਆ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ-1026)
ਇਸੇ ਤਰ੍ਹਾਂ ਦੂਸਰਾ ਕਾਰਨ ਪੰਜ ਤੱਤਾਂ ਦਾ ਸੁਮੇਲ ਹੈ ਕਿ ਪੰਜਾਂ ਤੱਤਾਂ ਦਾ ਸੰਜੋਗ ਸਰੀਰਕ ਰਚਨਾ ਦਾ ਕਾਰਨ ਬਣਦਾ ਹੈ।
ਪੰਚ ਤਤੁ ਮਿਲਿ ਇਹੁ ਤਨੁ ਕੀਆ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ-1039)
ਮਹੱਤਵ
ਉਪਜਦਾ-ਬਿਨਸਦਾ ਸਰੀਰ ਹੈ, ਜੀਵ ਨਹੀਂ। ਸਮੇਂ-ਸਥਾਨ ਦਾ ਪ੍ਰਭਾਵ, ਦੁੱਖ-ਸੁੱਖ ਅਤੇ ਸਮੂਹਿਕ ਮਨੁੱਖੀ ਸੰਵੇਦਨਾਵਾਂ ਸਰੀਰ ਰਾਹੀਂ ਮਹਿਸੂਸ ਕੀਤੀਆਂ ਜਾਂਦੀਆਂ ਹਨ। ਮੌਤ ਤੇ ਜਨਮ ਵੀ ਸਰੀਰ ਦਾ ਹੀ ਹੁੰਦਾ ਹੈ। ਸਰੀਰ ਨੂੰ ਮਾਇਆ ਦਾ ਪੁਤਲਾ, ਬਿਨਸਨਹਾਰ ਅਤੇ ਕੂੜ ਆਦਿ ਕਿਹਾ ਗਿਆ ਹੈ। ਆਤਮਾ ਜਨਮ ਮਰਨ ਤੋਂ ਨਿਰਲੇਪ ਜੀਵ ਹੈ। ਪਰ ਗੁਰਮਤਿ ਅਨੁਸਾਰ ਇਸ ਦਾ ਭਾਵ ਇਹ ਨਹੀਂ ਕਿ ਇਸ ਸਰੀਰ ਤੋਂ ਬੇਪ੍ਰਵਾਹ ਹੋਇਆ ਜਾਵੇ। ਰੁਲਣਯੋਗ ਤਨ ਉਹ ਹੈ ਜਿਸ ਵਿਚੋਂ ਵਾਹਿਗੁਰੂ ਵਿਸਰ ਗਿਆ ਹੈ। ਇਸ ਦਾ ਯੋਗ ਪਾਲਣ-ਪੋਸ਼ਣ ਜ਼ਰੂਰੀ ਹੈ। ਕਿਉਂਕਿ ਇਹ ਸਰੀਰ ਹਰੀ ਦਾ ਮੰਦਰ ਹੈ ਅਤੇ ਇਸ ਵਿਚ ਸੱਚੇ ਦੀ ਜੋਤ ਹੈ :
ਇਹੁ ਸਰੀਰੁ ਸਭੁ ਧਰਮੁ ਹੈ
ਜਿਸੁ ਅੰਦਰਿ ਸਚੇ ਕੀ ਵਿਚਿ ਜੋਤਿ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ-309)
ਅੰਤਹਕਰਣ
ਸਰੀਰ ਦੇ ਅੰਦਰਲੇ ਜਗਤ ਨੂੰ ਅੰਤਹਕਰਣ ਕਿਹਾ ਹੈ। ਮਹਾਨਕੋਸ਼ ਵਿਚ ਅੰਤਹਕਰਣ ਦੇ ਚਾਰ ਭਾਗ ਦੱਸੇ ਹਨ :
1. ਮਨ, 2. ਬੁਧਿ, 3. ਚਿਤ ਅਤੇ 4. ਅਹੰਕਾਰ
ਮਨੁੱਖੀ ਮਨ ਅੰਤਹਕਰਣ ਦਾ ਪ੍ਰਮੁੱਖ ਭਾਗ ਹੈ। ਮਹਾਨ ਕੋਸ਼ ਅਨੁਸਾਰ 'ਜਿਸ ਕਰਕੇ ਸੰਕਲਪ ਵਿਕਲਪ ਫੁਰਦੇ ਹਨ ਉਹ ਮਨ ਹੈ।', 'ਬੁਧਿ ਅੰਤਹਕਰਣ ਦਾ ਉਹ ਭੇਦ ਹੈ ਜਿਸ ਤੋਂ ਵਿਚਾਰ ਅਤੇ ਨਿਸ਼ਚਾ ਹੁੰਦਾ ਹੈ।', 'ਜਿਸ ਕਰਕੇ ਸਮਰਣ (ਚੇਤਾ) ਹੁੰਦਾ ਹੈ ਚਿਤ ਹੈ।', 'ਅਹੰਕਾਰ' ਅੰਤਹਕਰਣ ਦਾ ਇਕ ਭੇਦ ਹੈ ਜਿਸ ਤੋਂ ਪਦਾਰਥਾਂ ਨਾਲ ਆਪਣਾ ਸੰਬੰਧ ਹੁੰਦਾ ਹੈ ਅਰਥਾਤ ਮਮਤਾ, ਮਮਤ੍ਵ।''
ਅੰਤਹਕਰਣ ਸਰੀਰ ਦਾ ਅਤਿਅੰਤ ਸੂਖਮ ਭਾਗ ਹੈ। ਜੀਵਨ ਦੀ ਗਤੀਸ਼ੀਲਤਾ ਅਤੇ ਵਿਕਾਸ ਲਈ ਇਹ ਕਾਰਗਰ ਮਾਧਿਅਮ ਹੈ। ਬੇਸ਼ੱਕ ਆਤਮਾ ਮਨੁੱਖ ਦੇ ਪ੍ਰਾਣਾਂ ਦਾ ਅਧਾਰ ਹੈ, ਪਰ ਮਨੁੱਖੀ ਜੀਵਨ ਬਣਾਈ ਰੱਖਣ ਲਈ ਅੰਤਹਕਰਣ ਦੀ ਭੂਮਿਕਾ ਅਹਿਮ ਹੈ। ਜੀਵਨ ਨੂੰ ਸਥਿਰਤਾ, ਸਿਆਣਪ, ਇਕਾਗਰਤਾ ਅਤੇ ਸਮਰਪਿਤਤਾ ਪ੍ਰਦਾਨ ਕਰਨ ਹਿਤ ਅੰਤਹਕਰਣ ਆਪਣਾ ਫ਼ਰਜ਼ ਅਦਾ ਕਰਦਾ ਹੈ।
ਆਤਮਾ
'ਆਤਮਾ' ਦਾ ਅਰਥ ਹੈ 'ਆਤਮ' 'ਆਪਾ' ਜਾਂ ਸ੍ਵੈ-ਤੱਤ (Se&f)। ਦਰਅਸਲ ਅਕਾਲ ਪੁਰਖ ਤੋਂ ਬਾਅਦ ਆਤਮਾ ਹੀ ਹੈ ਜੋ ਤਕਰੀਬਨ ਸਾਰੇ ਧਰਮਾਂ ਦਾ ਕੇਂਦਰੀ ਤੱਤ ਹੈ। ਆਤਮਾ ਨੂੰ ਇਕ ਵਿਚਾਰ ਵਜੋਂ ਨਹੀਂ ਲਿਆ ਗਿਆ ਸਗੋਂ ਇਕ ਵਿਸ਼ਵਾਸ ਵਜੋਂ ਲਿਆ ਗਿਆ ਹੈ, ਜਿਸ ਨੂੰ ਗੁਰੂ ਸਾਹਿਬਾਨ ਨੇ ਅਨੁਭਵ ਰਾਹੀਂ ਦੇਖਿਆ ਤੇ ਪਰਖਿਆ ਹੈ। ਗੁਰਮਤਿ ਅਨੁਸਾਰ 'ਆਤਮਾ' ਮਨੁੱਖੀ ਪਰਕ੍ਰਿਤੀ ਦਾ ਸਭ ਤੋਂ ਅਹਿਮ ਤੇ ਪ੍ਰਮੁੱਖ ਅੰਗ ਹੈ। ਮਨੁੱਖ ਦਾ ਬਾਹਰ ਦਿਖਾਈ ਦਿੰਦਾ ਸਰੀਰ ਅਸਲਾ ਨਹੀਂ। ਮਨੁੱਖ ਦਾ ਅਸਲਾ 'ਜੋਤਿ' ਸਰੂਪ ਹੈ, ਜਿਸ ਨੂੰ ਗੁਰਬਾਣੀ ਵਿਚ ਆਤਮ, ਜੋਤਿ, ਨੂਰ, ਜੀਵਨ, ਜੀਉ, ਤੱਤ, ਪਰਮਤੱਤ ਅਤੇ ਇਸ ਦੇ ਗੁਣ, ਸੁਭਾਅ ਅਤੇ ਕਰਮ ਕਰਕੇ ਕਈ ਕੁਦਰਤੀ ਤੇ ਸਮਾਜਿਕ ਪ੍ਰਤੀਕਾਂ ਜਿਵੇਂ ਪਿਰ, ਸਾਜਨ, ਹੰਸ, ਪੰਖੀ, ਆਦਿ ਵਿਸ਼ੇਸ਼ਣਾਂ ਦੁਆਰਾ ਦਰਸਾਇਆ ਗਿਆ ਹੈ।
ਆਤਮਾ ਪਰਾਭੌਤਿਕ ਤੱਤ ਹੈ। ਇਹ ਸਰੀਰ ਨਹੀਂ। ਸਰੀਰ ਦਾ ਜੀਵਨ ਹੈ। ਚੇਤਨਾ, ਆਤਮਾ ਦਾ ਗੁਣ ਹੈ, ਸਰੀਰ ਦਾ ਨਹੀਂ। ਸਰੀਰ ਦਾ ਜੀਵਨ ਆਧਾਰ ਸਤਹਿ ਚੇਤਨ ਹੋਣ ਕਾਰਨ ਹੀ ਸਰੀਰ ਕਿਰਿਆ ਵਿਚ ਹੈ। ਸਰੀਰ ਤੇ ਆਤਮਾ ਦਾ ਸੰਜੋਗ ਹੀ 'ਜੀਵਨ' ਹੈ ਅਤੇ ਕਾਇਆ ਤੇ ਹੰਸ ਦਾ ਵਿਜੋਗ ਹੀ 'ਮੌਤ' ਹੈ।
ਕਾਇਆ ਹੰਸਿ ਸੰਜੋਗੁ ਮੇਲਿ ਮਿਲਾਇਆ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ- 139)
ਆਤਮਾ ਦਾ ਨਿਵਾਸ ਸਥਾਨ ਸਰੀਰ ਵਿਚ ਵੀ ਹੈ ਅਤੇ ਇਹ ਤੱਤ ਬਾਹਰ ਜਗਤ ਵਿਚ ਵੀ ਵਿਆਪਕ ਹੈ। ਪਰਮ ਸਤਹਿ (ਵਾਹਿਗੁਰੂ) ਜਗਤ ਵਿਚ ਪਰਮ-ਆਤਮਾ ਹੋ ਕੇ ਅਤੇ ਸਰੀਰ ਵਿਚ ਆਤਮਾ ਹੋ ਕੇ ਵਿਚਰ ਰਿਹਾ ਹੈ।
ਜੀਵਨ ਉਦੇਸ਼
ਗੁਰਮਤਿ ਅਨੁਸਾਰ ਮਨੁੱਖੀ ਜੀਵਨ ਦਾ ਉਦੇਸ਼ ਦੋ ਪਰਤਾ ਹੈ। ਇਕ ਵਿਅਕਤੀਗਤ ਅਤੇ ਦੂਜਾ ਸਮਾਜਿਕ। ਵਿਅਕਤੀਗਤ ਉਦੇਸ਼ ਮਨੁੱਖ ਦਾ ਵਾਹਿਗੁਰੂ ਨਾਲ ਅਭੇਦ ਹੋਣਾ ਹੈ। ਮਨੁੱਖ ਜੂਨ ਹੀ ਅਕਾਲ ਪੁਰਖ ਨੂੰ ਮਿਲਣ ਦਾ ਉਤਮ ਵੇਲਾ ਹੈ। ਆਤਮਕ/ਸਮਾਜਿਕ ਉਦੇਸ਼ ਵਿਚ 'ਨਾਮ ਦਾਨ ਇਸਨਾਨ' ਦੇ ਸਹਿਜ ਵਰਤਾਰੇ ਵਿਚੋਂ ਕਿਰਤ ਕਰਨਾ, ਨਾਮ ਜਪਣਾ ਅਤੇ ਵੰਡ ਛਕਣ ਦਾ ਤਿੰਨ ਨੁਕਾਤੀ ਸਿਧਾਂਤ ਸਾਹਮਣੇ ਆਉਂਦਾ ਹੈ। ਮਨੁੱਖ ਨੇ ਆਪ ਵੀ ਭਵਸਾਗਰ ਤੋਂ ਤਰਨਾ ਹੈ ਅਤੇ ਹੋਰਾਂ ਨੂੰ ਵੀ ਇਸ ਕਾਰਜ ਲਈ ਸਹਾਇਤਾ ਕਰਨੀ ਹੈ। 'ਸੰਗਤ-ਪੰਗਤ' ਦਾ ਸਿੱਖ ਸਿਧਾਂਤ ਸਮਾਜ ਕਲਿਆਣ ਦੇ ਇਸੇ ਉਦੇਸ਼ ਦੀ ਪੂਰਤੀ ਵੱਲ ਅਭਿਆਸ ਹੈ। ਇਸੇ ਉਦੇਸ਼ ਹਿਤ ਇਕ ਕਲਿਆਣਕਾਰੀ ਰਾਜ ਵੀ ਚਿਤਰਿਆ ਗਿਆ ਹੈ। ਗੁਰਮਤਿ ਦਰਸ਼ਨ ਆਦਰਸ਼ਕ ਮਨੁੱਖਾਂ ਦੇ ਜਿਹੜੇ ਸਮਾਜ ਦੀ ਉਸਾਰੀ ਕਰਦਾ ਹੈ ਉਸ ਸਮੂਹ ਨੂੰ ਖ਼ਾਲਸਾ ਜਾਂ ਖ਼ਾਲਸਾ ਪੰਥ ਕਿਹਾ ਗਿਆ ਹੈ। ਗੁਰਮਤਿ ਵਿਚ ਜਿਥੇ ਖ਼ਾਲਸੇ ਦਾ ਮਨੋਰਥ 'ਜਾਗਤ ਜੋਤਿ' ਨੂੰ ਜਪ ਕੇ 'ਏਕ ਰੂਪ' ਹੋ ਜਾਣਾ ਮਿਥਿਆ ਹੈ, ਉਥੇ ਮਨੁੱਖੀ ਕਲਿਆਣ ਲਈ ਮਨੁੱਖੀ ਏਕਤਾ ਦੇ ਆਦਰਸ਼ ਨੂੰ ਅਪਣਾਉਣਾ ਵੀ ਜ਼ਰੂਰੀ ਹੈ।
ਸਾਧਨਾ ਮਾਰਗ
ਗੁਰਮਤਿ ਵਿਚ ਮਨੁੱਖੀ ਜੀਵਨ ਦੇ ਅੰਤਮ ਉਦੇਸ਼ ਦੀ ਪ੍ਰਾਪਤੀ ਲਈ ਜਿਹੜਾ ਮਾਰਗ ਜਾਂ ਸਾਧਨਾ ਨਿਸਚਿਤ ਕੀਤੀ ਗਈ ਹੈ, ਉਹ ਨਿਰੀਆਂ ਤਾਰਕਿਕ ਉਕਤੀਆਂ ਦਾ ਸਿਧਾਂਤਕ ਉਸਾਰ ਨਹੀਂ। ਇਸ ਮਾਰਗ ਦਾ ਧੁਰ-ਬਿੰਦੂ ਇਕ ਪਾਸੇ ਮਿਹਰ ਜਾਂ ਨਦਰਿ ਦਾ ਅਤਿ ਰਹੱਸਮਈ ਵਰਤਾਰਾ ਹੈ ਅਤੇ ਦੂਸਰੇ ਪਾਸੇ ਮਨ ਦੀ ਸੁੱਚਮਤਾ ਦੇ ਨੈਤਿਕ-ਮਾਨਸਿਕ ਅਮਲ। ਬੰਦਗੀ ਜਾਂ ਨਾਮ ਸਿਮਰਨ ਇਨ੍ਹਾਂ ਦੋਵਾਂ ਦੀ ਕੜੀ ਹੈ। ਵਾਹਿਗੁਰੂ ਦੀ ਮਿਹਰ ਨਾਲ ਹੀ ਉਸ ਦਾ ਨਾਮ ਜਪਿਆ ਜਾਂਦਾ ਹੈ ਅਤੇ ਨਾਮ ਵਾਲੀਆਂ ਰੂਹਾਂ ਹੀ ਸਮੂਹਿਕ ਪਵਿੱਤਰਤਾ ਦੇ ਅਮਲ ਨੂੰ ਨਿਭਾਉਂਦੀਆਂ ਹਨ। ਇਸ ਤੋਂ ਇਲਾਵਾ ਗੁਰਬਾਣੀ ਵਿਚ ਵਿਚ ਮਨੁੱਖੀ ਜੀਵਨ ਉਦੇਸ਼ ਦੀ ਪੂਰਤੀ ਲਈ ਦ੍ਰਿੜਾਏ ਗਏ ਸਾਧਨ ਬਹੁ-ਪਰਤੀ ਤੇ ਬਹੁ-ਦਿਸ਼ਾਵੀ ਹਨ ਜਿਨ੍ਹਾਂ ਵਿਚ ਉਕਤ ਤੋਂ ਇਲਾਵਾ ਭਾਵਾਤਮਕ, ਮਨੋ-ਵਿਗਿਆਨਕ, ਬੌਧਿਕ, ਸੁਹਜਾਤਮਕ, ਸਮਾਜਿਕ ਅਤੇ ਸੱਭਿਆਚਾਰਕ ਹਨ।
ਸਾਰ ਵਜੋਂ ਕਿਹਾ ਜਾ ਸਕਦਾ ਹੈ ਕਿ ਮਨੁੱਖ ਅਕਾਲ ਪੁਰਖ ਦੀ ਕਿਰਤ ਹੈ। ਸਰੀਰ ਤੇ ਅੰਤਹਕਰਣ ਦੇ ਸੁਮੇਲ ਰਾਹੀਂ ਜੀਵਨ ਗਤੀਸ਼ੀਲ ਹੈ। ਮਨੁੱਖ ਦਾ ਅੰਤਿਮ ਮਨੋਰਥ 'ਵਾਹਿਗੁਰੂ' ਦੀ ਪ੍ਰਾਪਤੀ ਕਰਨੀ ਹੈ। ਆਪ ਸੁਖ ਨਾਲ ਜੀਣਾ ਤੇ ਦੂਸਰਿਆਂ ਨੂੰ ਸੁਖੀ ਜੀਣ ਦੇਣਾ ਮਨੁੱਖ ਲਈ ਤਰਜੀਹੀ ਹੋਣਾ ਚਾਹੀਦਾ ਹੈ। ਜੀਵਨ ਵਿਚ 'ਸਹਿਜ' ਹਰ ਮਨੁੱਖੀ ਭੜਕਣਾ ਦਾ ਉੱਤਮ ਦਾਰੂ ਹੈ। ਇਹ ਕੇਵਲ ਨਾਮ ਦੁਆਰਾ ਹੀ ਆ ਸਕਦਾ ਹੈ। ਵਿਸ਼ੇ ਵਿਕਾਰ ਅਤੇ ਦੁੱਖ ਮਨੁੱਖ ਨੂੰ ਨਾਮ ਦੇ ਰਾਹ ਤੋਂ ਭੜਕਾਉਂਦੇ ਹਨ ਜਿਨ੍ਹਾਂ ਦੇ ਨਿਸਤਾਰੇ ਲਈ ਗੁਰੂ ਅੱਗੇ ਅਰਦਾਸ ਦਾ ਇਕੋ ਇਕ ਸਾਧਨ ਹੈ। ਸੋ ਲਿਵ ਦੇ ਰਾਹ ਉੱਪਰ ਚਲ ਕੇ ਹੀ ਮਨੁੱਖੀ ਸਰਦਾਰੀ ਕਾਇਮ ਰਹਿ ਸਕਦੀ ਹੈ ਤੇ ਇਹੀ ਰਾਹ ਹੀ ਮਨੁੱਖ ਨੂੰ ਅੰਤਿਮ ਮੰਜ਼ਿਲ ਤਕ ਪਹੁੰਚਾਉਂਦਾ ਹੈ।
-ਮੋਬਾਈਲ : 94638-61316