ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2019

ਬਾਬਾ ਗੁਰੂ ਨਾਨਕ ਦੇਵ-ਤੁਹਾਡਾ ਗੁਰੂ ਸਾਡਾ ਪੀਰ

Ad Position 21
No active advertisement
ਅਜੀਤ ਡੈਸਕ 12-11-2019


ਪੰਜ-ਆਬ (ਪੰਜ ਪਾਣੀ) ਪੰਜ ਦਰਿਆਵਾਂ ਦੀ ਧਰਤੀ ਹੈ ਪੰਜਾਬ। ਪੂਰੇ ਏਸ਼ੀਆ ਦਾ ਸਭ ਤੋਂ ਖੂਬਸੂਰਤ ਮੈਦਾਨੀ ਇਲਾਕਾ ਹੈ ਇਹ ਪੰਜਾਬ। ਦੁਨਿਆਵੀ ਤੇ ਰੂਹਾਨੀ ਇਸ਼ਕ ਨਾਲ ਮਾਲਾ-ਮਾਲ ਹੈ ਸਾਡਾ ਪੰਜਾਬ। ਵਫ਼ਾਵਾਂ-ਮੁਹੱਬਤਾਂ, ਇਸ਼ਕ-ਏ-ਹਕੀਕੀ (ਰੱਬ ਨਾਲ ਇਸ਼ਕ) ਤੇ ਇਸ਼ਕ-ਏ-ਮਜ਼ਾਜੀ (ਇਨਸਾਨ ਨਾਲ ਇਨਸਾਨ ਦਾ ਇਸ਼ਕ) ਆਪਣੀਆਂ ਜਾਨਾਂ ਤੋਂ ਪਿਆਰਾ ਹੈ ਪੰਜਾਬ ਪੰਜਾਬੀਆਂ ਨੂੰ।
ਇਸੇ ਹੀ ਪੰਜਾਬ ਦਾ ਇਕ ਸ਼ਹਿਰ ਹੈ ਨਨਕਾਣਾ ਸਾਹਿਬ। ਸਦੀਆਂ ਪਹਿਲਾਂ ਇਸ ਇਲਾਕੇ ਦੀ ਇਕ ਛੋਟੀ ਜਿਹੀ ਬਸਤੀ ਦੇ ਇਕ ਛੋਟੇ ਜਿਹੇ ਕੋਨੇ 'ਚ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ 1469 ਈ: ਨੂੰ ਇਕ ਨੁਰਾਨੀ ਮੁਖੜਾ ਤੇ ਰੱਬ ਦਾ ਰੂਪ ਧਾਰੀ ਇਕ ਬੱਚੇ ਨੇ ਜਨਮ ਲਿਆ।
ਹੀਰੇ ਤੋਂ ਵੀ ਵੱਧ ਰੂਹਾਨੀ ਚਮਕ ਰੱਖਣ ਵਾਲੇ ਇਕ ਬੱਚੇ ਦਾ ਨਾਂਅ ਨਾਨਕ ਰੱਖਿਆ ਗਿਆ। ਮਾਂ-ਪਿਓ ਦਾ ਮੁਕੱਦਰ ਨਾਨਕ ਦੇ ਰੂਪ 'ਚ 14ਵੀਂ ਰਾਤ ਦਾ ਚੰਨ ਬਣ ਗਿਆ।
ਮਾਤਾ ਤ੍ਰਿਪਤਾ ਜੀ ਤੇ ਮਹਿਤਾ ਕਾਲੂ ਨੂੰ ਸਦਾ ਦੀ ਜ਼ਿੰਦਗੀ ਮਿਲ ਗਈ। ਇਸ ਚੰਨ ਵਰਗੇ ਬੱਚੇ ਦੇ ਜਨਮ ਕਾਰਨ ਨਨਕਾਣਾ ਸਾਹਿਬ ਵੀ ਅਮਰ ਹੋ ਗਿਆ। ਬਾਬਾ ਜੀ ਦੀਆਂ ਬਰਕਤਾਂ ਨਾਲ ਨਨਕਾਣਾ ਸਾਹਿਬ ਰੂਹਾਨੀਅਤ ਦਾ ਕੇਂਦਰ ਤੇ ਪਵਿੱਤਰ ਸ਼ਹਿਰ ਹੈ। ਨਿੱਕੇ ਜਿਹੇ ਕੋਨੇ 'ਚ ਮਾਸੂਮ ਬੱਚੇ ਦਾ ਰੂਪ ਧਾਰੀ ਜੋ ਇਕ ਚੰਨ ਚੜ੍ਹਿਆ ਸੀ, ਉਸ ਚੰਨ ਦੀ ਠੰਢੀ ਤੇ ਰੂਹਾਨੀ ਚਾਨਣੀ ਨੇ ਪੂਰੀ ਦੁਨੀਆ 'ਚ ਫੈਲੇ ਹੋਏ ਕੁਫ਼ਰ ਦੇ ਹਨੇਰਿਆਂ 'ਚ ਹੱਕ-ਸੱਚ ਦੀ ਰੌਸ਼ਨੀ ਫੈਲਾਅ ਦਿੱਤੀ।
ਬਾਬਾ ਗੁਰੂ ਨਾਨਕ ਜੀ ਦੀਆਂ ਸਿੱਖਿਆਵਾਂ ਪੂਰੀ ਇਨਸਾਨੀਅਤ ਤੇ ਸਭ ਧਰਮਾਂ ਦਾ ਪ੍ਰਚਾਰ ਕਰਨ ਵਾਲਿਆਂ ਲਈ ਹਨ। ਸੱਚੇ-ਸੁੱਚੇ ਬਣੋ, ਜਿਸ ਧਰਮ 'ਚ ਹੋ, ਉਸ ਨੂੰ ਸੱਚੇ ਦਿਲ ਨਾਲ ਮੰਨੋ। ਸਭ ਦਾ ਭਲਾ ਤੇ ਨੇਕ ਅਮਲ ਕਰੋ, ਸਭ ਦੀ ਖੈਰ ਮੰਗੋ।
ਬਾਬਾ ਜੀ ਨੇ ਹਰ ਖਿੱਤੇ ਦੇ ਇਨਸਾਨਾਂ ਨੂੰ ਇਹ ਪੈਗ਼ਾਮ ਦਿੱਤਾ। ਇਹੋ ਹੀ ਸਮਝਾਇਆ ਤੇ ਇਹੋ ਹੀ ਸਿਖਾਇਆ। ਇਸ ਪੈਗ਼ਾਮ ਨੂੰ ਫੈਲਾਉਣ ਲਈ ਬਾਬਾ ਗੁਰੂ ਨਾਨਕ ਦੇਵ ਜੀ ਨੇ ਬਹੁਤ ਸਾਰੇ ਮੁਲਕਾਂ, ਦਰਜਨਾਂ ਸ਼ਹਿਰਾਂ, ਬਸਤੀਆਂ ਤੇ ਪਿੰਡਾਂ ਦੀ ਯਾਤਰਾ ਕੀਤੀ। ਇਹ ਹੈਰਾਨਗੀ ਦੀ ਗੱਲ ਨਹੀਂ, ਬਲਕਿ ਇਹ ਬਹੁਤ ਵੱਡਾ ਚਮਤਕਾਰ ਹੈ ਕਿ ਬਾਬਾ ਜੀ ਦੇ ਸਮੇਂ ਨਾ ਬੱਸਾਂ-ਕਾਰਾਂ, ਨਾ ਰੇਲ ਗੱਡੀਆਂ, ਨਾ ਹਵਾਈ ਜਹਾਜ਼ ਸਨ। ਇਨਸਾਨੀ ਰੂਪ 'ਚ ਖੁਦਾ ਦੇ ਇਸ ਨੂਰ ਨੇ ਬਹੁਤ ਸਾਰੇ ਮੁਲਕਾਂ, ਸ਼ਹਿਰਾਂ ਤੇ ਆਬਾਦੀਆਂ ਤੱਕ ਆਪਣੀ ਪਹੁੰਚ ਬਣਾਈ। ਜੰਗਲ, ਪਹਾੜ, ਨਦੀਆਂ, ਦਰਿਆ, ਜੰਗਲੀ ਜਾਨਵਰ ਤੇ ਇਨਸਾਨੀ ਰੂਪ 'ਚ ਸ਼ੈਤਾਨ। ਨਾ ਕੋਈ ਬਾਬਾ ਗੁਰੂ ਨਾਨਕ ਦੇਵ ਜੀ ਨੂੰ ਡਰਾ ਸਕਿਆ, ਨਾ ਇਨ੍ਹਾਂ ਦਾ ਰਾਹ ਰੋਕ ਸਕਿਆ, ਨਾ ਇਨ੍ਹਾਂ ਦੀ ਹਿੰਮਤ ਤੋੜ ਸਕਿਆ। ਬਾਬਾ ਜੀ ਇਕ ਪਹਾੜ ਵਾਂਗ ਡਟੇ ਰਹੇ। ਖੁਸ਼ਬੋਆਂ ਭਰੀ ਪੁਰੇ ਦੀ ਹਵਾ ਵਾਂਗ ਲੱਖਾਂ ਇਨਸਾਨਾਂ ਦੇ ਦਿਲਾਂ ਨੂੰ ਮੋਂਹਦੇ ਰਹੇ ਤੇ ਉਨ੍ਹਾਂ ਨੂੰ ਪੈਗਾਮ-ਏ-ਖੁਦਾ (ਵਾਹਿਗੁਰੂ) ਪਹੁੰਚਾਉਂਦੇ ਰਹੇ।
ਬਾਬਾ ਗੁਰੂ ਨਾਨਕ ਜੀ ਦਾ ਇਹੋ ਪੈਗ਼ਾਮ ਤੇ ਇਹੋ ਹੀ ਸਿੱਖਿਆ ਸੀ, ਜੋ ਚੌਧਵੀਂ ਰਾਤ ਦੀ ਚਾਨਣੀ ਬਣ ਕੇ ਪੂਰੀ ਦੁਨੀਆ ਵਿਚ ਫੈਲੀ ਤੇ ਇਨਸਾਨੀ ਮਨਾਂ ਦੇ ਹਨੇਰਿਆਂ ਵਿਚ ਰੱਬੀ ਰੂਹਾਨੀਅਤ ਦੀ ਰੌਸ਼ਨੀ ਫੈਲਾਈ।
ਕੇਵਲ ਮੁਸਲਿਮ ਭੱਟੀ ਕੌਮ ਹੀ ਨਹੀਂ, ਬਲਕਿ ਇਸ ਇਲਾਕੇ 'ਚ ਰਹਿਣ ਵਾਲੇ ਆਮ ਮੁਸਲਿਮ ਤੇ ਗ਼ੈਰ-ਮੁਸਲਿਮ ਵੀ ਬਾਬਾ ਜੀ ਦੇ ਰੂਹਾਨੀ ਚਮਤਕਾਰਾਂ ਨੂੰ ਮਨੋਂ ਮੰਨ ਕੇ ਬਾਬਾ ਜੀ ਦੇ ਚਰਨਾਂ 'ਚ ਆਣ ਬਹਿੰਦੇ ਸਨ। ਮੁਸਲਮਾਨਾਂ ਨੇ ਤਾਂ ਇਸ ਪਵਿੱਤਰ ਰੂਹਾਨੀ ਹਸਤੀ ਨੂੰ ਆਪਣਾ ਪੀਰ ਮੰਨ ਲਿਆ ਸੀ। ਬਾਬਾ ਲਾਜਪਤ ਨੇ 1688 ਈ: ਵਿਚ ਸਾਧੂ ਹਨੂੰਮਾਨ ਨੂੰ ਤਲਵੰਡੀ ਕੋਠਾ ਸਾਹਿਬ ਦੀ ਸੇਵਾ-ਸੰਭਾਲ ਦੀ ਜ਼ਿੰਮੇਵਾਰੀ ਸੌਂਪ ਦਿੱਤੀ, ਦੁਨੀਚੰਦ ਉਦਾਸੀ ਤੇ ਭਾਈ ਨੱਥਾ ਜੀ ਨਿਰਮਲਾ ਨੂੰ ਉਨ੍ਹਾਂ ਦੀ ਬੇਨਤੀ 'ਤੇ ਬਾਬਾ ਲਾਜਪਤ ਜੀ ਨੇ ਸਾਧੂ ਹਨੂੰਮਾਨ ਕੋਲ ਤਲਵੰਡੀ ਕੋਠਾ ਸਾਹਿਬ ਅਸਥਾਨ 'ਤੇ ਭੇਜ ਦਿੱਤਾ।
ਤਲਵੰਡੀ ਕੋਠਾ ਸਾਹਿਬ ਇਸ ਪਵਿੱਤਰ ਅਸਥਾਨ ਦਾ ਨਾਂਅ ਨਨਕਾਣਾ ਸਾਹਿਬ ਰੱਖ ਦਿੱਤਾ ਗਿਆ। ਇਸ ਪਵਿੱਤਰ ਅਸਥਾਨ 'ਤੇ ਬਲਣ ਵਾਲੇ ਚਰਾਗਾਂ-ਦੀਵਿਆਂ, ਬੱਤੀਆਂ ਦੀ ਰੌਸ਼ਨੀ ਨੇ ਨਾ ਸਿਰਫ ਇਸ ਇਲਾਕੇ ਨੂੰ ਨੂਰੋ-ਨੂਰ ਕਰ ਦਿੱਤਾ, ਬਲਕਿ ਇਹ ਦਿਲਾਂ ਵਿਚੋਂ ਕੁਫ਼ਰ ਦੇ ਹਨੇਰੇ ਦੂਰ ਕਰਨ ਵਾਲੀ ਰੂਹਾਨੀ ਚਮਕ ਕੇਵਲ ਹਿੰਦੁਸਤਾਨ ਹੀ ਨਹੀਂ, ਬਲਕਿ ਪੂਰੀ ਦੁਨੀਆ ਵਿਚ ਫੈਲ ਗਈ।


-ਖਾਲਸਾ ਹਾਊਸ, ਚਕ ਨੰ: 97/ਆਰ. ਬੀ. ਜੌਹਲ
ਫੋਨ : 0092-300-7607983, 0092-041-4689283.

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਵਿਚ 'ਮਨੁੱਖ' ਅਗਲੀ ਖ਼ਬਰ ਗੁਰੂ ਨਾਨਕ ਸਾਹਿਬ ਦੇ ਮਾਨਵੀ ਸਰੋਕਾਰ
Ad Position 24
No active advertisement