ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2019

ਗੁਰੂ ਨਾਨਕ ਸਾਹਿਬ ਦੇ ਮਾਨਵੀ ਸਰੋਕਾਰ

Ad Position 21
No active advertisement
ਅਜੀਤ ਡੈਸਕ 12-11-2019

ਗੁਰੂ ਨਾਨਕ ਸਾਹਿਬ ਦੀਆਂ ਚਾਰ ਉਦਾਸੀਆਂ ਮੰਨੀਆਂ ਜਾਂਦੀਆਂ ਹਨ; ਪਰ ਨਹੀਂ, ਜ਼ਰਾ ਗਹਿਰਾਈ ਨਾਲ ਸੋਚੀਏ ਤਾਂ ਗੁਰੂ ਸਾਹਿਬ ਨੇ ਪੰਜ ਉਦਾਸੀਆਂ ਕੀਤੀਆਂ ਅਤੇ ਪਹਿਲੀ ਉਦਾਸੀ ਉਨ੍ਹਾਂ ਨੇ ਆਪਣੇ ਅੰਦਰ ਦੀ ਕੀਤੀ। ਅੰਤਰ-ਮਨ ਦੀ ਇਹ ਉਦਾਸੀ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਅਸਲ ਉਦਾਸੀ ਸੀ, ਜੋ ਉਨ੍ਹਾਂ ਨੇ ਦਿਸਦੇ ਸੰਸਾਰ ਤੋਂ ਉਦਾਸ ਹੋ ਕੇ ਕੀਤੀ। ਗੁਰੂ ਨਾਨਕ ਸਾਹਿਬ ਜੀ ਜਨਮ ਤੋਂ ਹੀ ਅਤਿ-ਸੰਵੇਦਨਸ਼ੀਲ ਤੇ ਚਿੰਤਨਸ਼ੀਲ ਵਿਅਕਤੀ ਸਨ। ਆਪਣੇ ਆਲੇ-ਦੁਆਲੇ ਜੋ ਕੁਝ ਉਹ ਦੇਖਦੇ ਸਨ, ਉਹ ਬੇਹੱਦ ਨਿਰਾਸ਼ਾਜਨਕ ਸੀ। ਭਾਰਤ ਦੇਸ਼ ਧਾਰਮਿਕ, ਸਮਾਜਕ ਅਤੇ ਰਾਜਨੀਤਕ ਤੌਰ 'ਤੇ ਅਧੋਗਤੀ ਦੀ ਹਾਲਤ ਵਿਚ ਸੀ। ਗੁਰੂ ਨਾਨਕ ਦੇਵ ਜੀ ਸੋਚਦੇ ਸਨ ਕਿ ਇਹ ਸਭ ਕੁਝ ਕਿਉਂ ਹੈ? ਇਸ ਹਾਲਤ ਵਿਚੋਂ ਮਨੁੱਖ ਨੂੰ ਕਿਵੇਂ ਉਭਾਰਿਆ ਜਾ ਸਕਦਾ ਹੈ? ਗੁਰੂ ਨਾਨਕ ਸਾਹਿਬ ਚੁੱਪ ਰਹਿਣ ਲਗ ਪਏ। ਕਿਸੇ ਨਾਲ ਬਹੁਤਾ ਬੋਲਦੇ-ਚਲਦੇ ਨਹੀਂ ਸਨ। 'ਸਾਖੀ ਮਹਲੁ ਪਹਿਲੇ ਕੀ' ਅਤੇ ਵਲਾਇਤ ਵਾਲੀ ਤੇ ਮਿਹਰਬਾਨ ਵਾਲੀ ਜਨਮਸਾਖੀ ਵਿਚ ਤਕਰੀਬਨ ਇਕੋ ਜਿਹੀ ਇਬਾਰਤ ਵਿਚ ਲਿਖਿਆ ਹੈ- ''(ਬਾਬਾ) ਵੱਡਾ ਹੋਇਆ, ਲਗਾ ਬਾਲਕਾ ਨਾਲਿ ਖੇਡਣ॥ ਪਰੁ ਬਾਲਕਾ ਤੇ ਇਸ ਦੀ ਦਿਸਟਿ ਅਉਰੁ ਆਵੈ॥ ਆਤਮੇ ਅਭਿਆਸਿ ਨਿਰਂਕਾਰ ਕਾ ਕਰੈ॥''
ਪੰਡਤ ਤੇ ਮੌਲਵੀ ਪਾਸ ਪੜ੍ਹਨ ਪਿੱਛੋਂ ਵੀ ਗੁਰੂ ਨਾਨਕ ਦੇਵ ਜੀ ਨੂੰ ਆਤਮਕ ਸੰਤੁਸ਼ਟੀ ਤੇ ਤ੍ਰਿਪਤੀ ਪ੍ਰਾਪਤ ਨਹੀਂ ਹੋਈ। ਬਾਬਾ ਨਾਨਕ ਸਾਹਿਬ ਦੀ ਇਸ ਉਪਰਾਮਤਾ ਬਾਰੇ ਜਨਮ-ਸਾਖੀਆਂ ਕੁਝ ਇਸ ਤਰ੍ਹਾਂ ਦੀ ਸੂਚਨਾ ਦਿੰਦੀਆਂ ਹਨ: ''ਤਬ ਬਾਬਾ ਜੀ ਘਰਿ ਆਇ ਕੈ ਬੈਠ ਰਹਿਆ॥ ਕਿਰਤਿ ਕੁਛੁ ਕਰੈ ਨਾਹੀ॥ ਜੇ ਬਹੈ ਤਾ ਬੈਠਾ ਰਹੈ॥ ਜੇ ਸਵੇ ਤਾ ਸੁਤਾ ਰਹੈ॥ ਆਤਮੇ ਵਿਚਿ ਉਦਾਸ ਰਹੈ॥ ਫਕੀਰਾਂ ਨਾਲਿ ਮਜਲਸਿ ਕਰੈ॥ ਤਾ ਪਿਤਾ ਕਾਲੂ ਹੈਰਾਨੁ ਹੋਇ ਰਹਿਆ ॥ ਇਵੈ ਕਿਵੈ ਬਾਬਾ ਰਹੈ॥'' (ਸਾਖੀ ਮਹਲੁ ਪਹਿਲੇ ਕੀ)
ਇਹ 'ਕਰਕ ਕਲੇਜੇ ਮਾਹਿ' (ਮੇਰੇ ਮਨ ਅੰਤਰ ਕੀ ਪੀਰ) ਹੀ ਗੁਰੂ ਨਾਨਕ ਸਾਹਿਬ ਦੀ ਆਪਣੇ ਅੰਦਰ ਦੀ ਉਦਾਸੀ ਦਾ ਕਾਰਨ ਸੀ। ਉਹ ਬ੍ਰਹਿਮੰਡ ਬਾਰੇ ਵੀ ਸੋਚਦੇ ਸਨ ਅਤੇ ਇਸ ਵਿਸ਼ਾਲ ਅਮਿਣਤ ਬ੍ਰਹਿਮੰਡ ਦੇ ਇਕ ਨਿਗੂਣੇ ਜਿਹੇ ਹਿੱਸੇ ਧਰਤੀ ਉਤੇ ਵਸਦੀ ਮਨੁੱਖ ਜਾਤੀ ਬਾਰੇ ਵੀ ਸੋਚਦੇ ਸਨ। ਇਕ ਪੱਛਮੀ ਵਿਦਵਾਨ ਦਾ ਕਥਨ ਹੈ ਕਿ ਮਨੁੱਖ ਜਾਤੀ ਲਈ ਅਧਿਐਨ ਦਾ ਸਭ ਤੋਂ ਵੱਡਾ ਮਸਲਾ ਮਨੁੱਖ ਆਪ ਹੈ; ਇਤਿਹਾਸ ਵਿਚ ਮਨੁੱਖ, ਸਮਾਜ ਵਿਚ ਮਨੁੱਖ ਅਤੇ ਇਕਾਂਤ ਵਿਚ ਆਪਣੀ ਆਤਮਾ ਦੇ ਸਨਮੁੱਖ ਮਨੁੱਖ; ਇਹ ਸੋਚਣ ਵਾਲੇ ਵਿਸ਼ੇ ਹਨ। ਗੁਰਬਾਣੀ ਵੀ ਮਨੁੱਖ ਦੀ ਮਹੱਤਤਾ ਨੂੰ ਸਵੀਕਾਰ ਕਰਦੀ ਹੈ-
ਅਵਰ ਜੋਨਿ ਤੇਰੀ ਪਨਿਹਾਰੀ।
ਇਸੁ ਧਰਤੀ ਮਹਿ ਤੇਰੀ ਸਿਕਦਾਰੀ॥
-ਆਸਾ ਮ: 5, ਅੰਗ-374
ਗੁਰੂ ਨਾਨਕ ਸਾਹਿਬ ਦੇ ਵੇਈਂ-ਪ੍ਰਵੇਸ਼ ਤੋਂ ਵੀ ਇਹੀ ਨਤੀਜਾ ਨਿਕਲਦਾ ਹੈ। ਤਿੰਨ ਦਿਨ ਤੇ ਤਿੰਨ ਰਾਤਾਂ ਦੇ ਲੰਮੇ ਤੇ ਗਹਿਰੇ ਅਭਿਆਸ ਤੋਂ ਬਾਹਰ ਆ ਕੇ ਗੁਰੂ ਜੀ ਨੇ ਸਿੱਧਾ ਸੰਸਾਰਕ ਬਚਨ ਕੀਤਾ: ਨਾ ਕੋ ਹਿੰਦੂ ਨਾ ਮੁਸਲਮਾਨ। ਭਾਵ ਕੋਈ ਹਿੰਦੂ ਜਾਂ ਮੁਸਲਮਾਨ ਨਹੀਂ, ਸਭ ਇਕ ਅੱਲਾ-ਈਸ਼ਵਰ ਦੀ ਸੰਤਾਨ ਹਨ। ਬਾਅਦ ਵਿਚ ਗੁਰੂ ਅਰਜਨ ਦੇਵ ਜੀ ਨੇ ਵੀ ਭੈਰਉ ਰਾਗ ਵਿਚ ਗੁਰੂ ਨਾਨਕ ਸਾਹਿਬ ਦੇ ਇਸ ਕਥਨ ਉਤੇ ਮੋਹਰ ਲਾ ਦਿੱਤੀ-
ਨਾ ਹਮ ਹਿੰਦੂ ਨ ਮੁਸਲਮਾਨ॥
ਅਲਹ ਰਾਮ ਕੇ ਪਿੰਡੁ ਪਰਾਨ। -ਅੰਗ: 1136
ਗੁਰੂ ਨਾਨਕ ਸਾਹਿਬ ਦੇ ਇਸ ਇਤਿਹਾਸਕ ਐਲਾਨ ਤੋਂ ਪਤਾ ਲਗਦਾ ਹੈ ਕਿ ਉਹ ਆਪਣੇ ਮਨ-ਅੰਤਰ ਦੀ ਲੰਮੀ ਉਦਾਸੀ ਸਮੇਂ ਪਰਮਾਤਮਾ ਦੇ ਨਾਲ-ਨਾਲ ਮਨੁੱਖੀ-ਆਤਮਾ ਬਾਰੇ ਕਿੰਨਾ ਸੋਚਦੇ ਸਨ। ਜਿਵੇਂ ਗੁਰੂ ਨਾਨਕ ਸਾਹਿਬ ਨੇ ਈਸ਼ਵਰ ਨੂੰ ਨਹੀਂ ਵਿਸਾਰਿਆ, ਉਸੇ ਤਰ੍ਹਾਂ ਉਹ ਮਨੁੱਖ ਤੇ ਮਨੁੱਖ ਦੀਆਂ ਸਮੱਸਿਆਵਾਂ ਨੂੰ ਵੀ ਨਹੀਂ ਭੁੱਲੇ।
ਗੁਰੂ ਨਾਨਕ ਸਾਹਿਬ ਦੀ ਮਨ-ਅੰਤਰ ਦੀ ਉਦਾਸੀ ਉਨ੍ਹਾਂ ਦੇ ਜਨਮ ਤੋਂ ਵੇਈਂ ਨਦੀ ਦੀ ਘਟਨਾ ਤੱਕ ਚਲਦੀ ਹੈ; ਤਕਰੀਬਨ ਤੀਹ ਸਾਲ। ਇਸ ਤਰ੍ਹਾਂ ਮਨ-ਅੰਤਰ ਦੀ ਉਦਾਸੀ ਸਭ ਤੋਂ ਲੰਮੀ ਉਦਾਸੀ ਹੈ। ਬਾਕੀ ਚਾਰ ਉਦਾਸੀਆਂ ਗੁਰੂ ਜੀ ਨੇ ਤਕਰੀਬਨ 22 ਸਾਲਾਂ ਵਿਚ ਕੀਤੀਆਂ। ਅਗਲੀਆਂ ਚਾਰ ਉਦਾਸੀਆਂ ਗੁਰੂ ਨਾਨਕ ਦੇਵ ਜੀ ਨੇ, ਆਪਣੇ ਅੰਦਰ ਦੀ ਉਦਾਸੀ ਸਮੇਂ ਜੋ ਸੋਚਿਆ, ਵਿਚਾਰਿਆ ਤੇ ਅਨੁਭਵ ਕੀਤਾ ਸੀ, ਉਸ ਦੀ ਪਰਖ ਤੇ ਪ੍ਰਚਾਰ ਵਾਸਤੇ ਕੀਤੀਆਂ ਸਨ।
ਸਾਰੀ ਮਨੁੱਖ ਜਾਤੀ ਜਦ ਇਕ ਈਸ਼ਵਰ ਦੀ ਸੰਤਾਨ ਹੈ ਤਾਂ ਕੌਣ ਦੁਸ਼ਮਣ ਤੇ ਕੌਣ ਮਿੱਤਰ। ਇਸ ਲਈ ਗੁਰੂ ਨਾਨਕ ਸਾਹਿਬ ਦੀਆਂ ਪ੍ਰੇਮ-ਪਿਆਰ, ਅਮਨ-ਸ਼ਾਂਤੀ, ਦਇਆ ਖਿਮਾ ਤੇ ਹਮਦਰਦੀ ਦੀਆਂ ਸਿੱਖਿਆਵਾਂ ਵੀ ਕਿਸੇ ਇਕ ਜਾਤੀ ਜਾਂ ਵਰਗ ਲਈ ਨਹੀਂ ਹਨ, ਸਰਬ ਮਾਨਵ ਜਾਤੀ ਲਈ ਹਨ। ਗੁਰੂ ਜੀ ਨੇ ਭਾਈ ਮਰਦਾਨੇ ਨੂੰ ਆਪਣਾ ਤਾ-ਉਮਰ ਸੰਗੀਤ-ਸਾਥੀ ਬਣਾ ਕੇ ਮਾਨਵ-ਏਕਤਾ ਦਾ ਸੰਦੇਸ਼ ਦਿੱਤਾ। ਮੱਕਾ ਸ਼ਰੀਫ਼ ਦੇ ਕਾਜ਼ੀਆਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਅਹਿਸਾਸ ਕਰਾਇਆ ਕਿ ਖ਼ੁਦਾ ਕਿਸੇ ਇਕ ਦਿਸ਼ਾ ਵਿਚ ਅਸਥਿਤ ਨਹੀਂ ਹੈ, ਸਗੋਂ ਉਹ ਬ੍ਰਹਿਮੰਡ ਦੀਆਂ ਚਹੁੰਆਂ ਦਿਸ਼ਾਵਾਂ ਵਿਚ ਵਿਦਮਾਨ ਹੈ। ਸੁਮੇਰ ਪਰਬਤ 'ਤੇ ਚੜ੍ਹ ਬੈਠੇ ਸਿੱਧਾਂ ਨੂੰ ਗੁਰੂ ਜੀ ਨੇ ਸਮਝਾਇਆ ਕਿ ਘਰ ਤੇ ਸਮਾਜ ਦੀਆਂ ਜ਼ਿੰਮੇਵਾਰੀਆਂ ਨੂੰ ਤਿਆਗ ਕੇ ਨਿੱਜੀ-ਮੁਕਤੀ ਲਈ ਤਪ ਕਰਨੇ ਕੋਈ ਧਾਰਮਿਕ ਕਾਰਜ ਨਹੀਂ ਹੈ। ਘਰ ਤੇ ਸਮਾਜ ਵਿਚ ਰਹਿ ਕੇ ਸਮੂਹ ਮਾਨਵ ਦੀ ਮੁਕਤੀ ਲਈ ਸਮਾਜ ਨੂੰ ਬਦਲ ਕੇ ਬਿਹਤਰ ਸੰਸਾਰ ਦੀ ਸਿਰਜਨਾ ਕਰਨਾ, ਮਨੁੱਖ ਦਾ ਸਹੀ ਤੇ ਅਸਲ ਧਰਮ ਹੈ। ਉਨ੍ਹਾਂ ਨੇ ਪਾਖੰਡ, ਵਹਿਮ-ਭਰਮ ਅਤੇ ਕਰਮਕਾਂਡ ਨੂੰ ਤਿਆਗ ਕੇ ਸੱਚ 'ਤੇ ਆਧਾਰਿਤ ਅਮਲੀ ਯਥਾਰਥਕ ਜੀਵਨ ਬਤੀਤ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ।
ਗੁਰੂ ਨਾਨਕ ਦੇਵ ਜੀ ਦਾ ਹਰ ਵਿਚਾਰ ਅਤੇ ਹਰ ਕਦਮ ਇਨਕਲਾਬੀ ਸੀ। ਕੁਝ ਵਿਚਾਰਵਾਨ ਗੁਰੂ ਜੀ ਨੂੰ ਕੇਵਲ ਰੂਹਾਨੀ ਸਮਾਜ-ਸੁਧਾਰਕ ਕਹਿਣ ਤੱਕ ਹੀ ਸੀਮਤ ਰਹਿੰਦੇ ਹਨ ਜਦ ਕਿ ਗੁਰੂ ਜੀ ਨੇ ਸਦੀਆਂ ਪੁਰਾਣੀ ਹਰ ਅਰਥਹੀਣ ਪਰੰਪਰਾ ਦਾ ਖੰਡਨ ਕਰਨ ਤੋਂ ਸੰਕੋਚ ਨਹੀਂ ਕੀਤਾ। ਸਮਾਜ ਦੇ ਦੋ ਵਰਗਾਂ ਉਤੇ ਤਾਂ ਗੁਰੂ ਜੀ ਨੇ ਬਹੁਤ ਹੀ ਮਹਾਨ ਪਰਉਪਕਾਰ ਕੀਤਾ। ਜਿਹੜੇ ਨੀਚ ਹਨ, ਜਿਹੜੇ ਉਨ੍ਹਾਂ ਨੀਚਾਂ ਵਿਚੋਂ ਵੀ ਨੀਚ ਹਨ, ਜਿਹੜੇ ਉਨ੍ਹਾਂ ਨੀਚਾਂ ਵਿਚੋਂ ਵੀ ਤੀਜੇ ਚੌਥੇ ਦਰਜੇ ਦੇ ਨੀਚ ਹਨ, ਮੈਂ ਉਨ੍ਹਾਂ ਦੇ ਨਾਲ ਖੜ੍ਹਾ ਹਾਂ। ਗੁਰੂ ਨਾਨਕ ਸਾਹਿਬ ਜੀ ਦੀਆਂ ਸਬੰਧਿਤ ਤੁਕਾਂ ਨੂੰ ਜ਼ਰਾ ਗਹੁ ਨਾਲ ਪੜ੍ਹੀਏ ਤਾਂ ਇਹੀ ਅਰਥ ਨਿਕਲਦਾ ਹੈ।
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੇ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥
ਗੁਰੂ ਨਾਨਕ ਦਾ ਮਹਾਨ ਬਚਨ ਹੈ-
ਸਭੁ ਕੋ ਊਚਾ ਆਖੀਐ ਨੀਚੁ ਨ ਦੀਸੈ ਕੋਇ॥
ਭਾਈ ਲਾਲੋ ਦੀ ਕੋਧਰੇ ਦੀ ਰੋਟੀ ਅਨੰਦ ਨਾਲ ਛਕ ਕੇ ਗੁਰੂ ਜੀ ਨੇ ਦਸਾਂ ਨਹੁੰਆਂ ਦੀ ਸੁੱਚੀ ਕਿਰਤ ਨੂੰ ਵਡਿਆਈ ਬਖਸ਼ੀ।
ਭਾਰਤੀ ਸਮਾਜ ਨੇ ਇਸਤਰੀ ਜਾਤੀ ਨੂੰ ਬੇਹੱਦ ਨਕਾਰਿਆ ਹੋਇਆ ਸੀ। ਧਰਮ ਦੇ ਕੁਝ ਦੰਭੀ ਅਚਾਰੀਆ-ਜਨ ਤਾਂ ਇਸਤਰੀ ਦੇ ਦਰਸ਼ਨ ਨੂੰ ਨਰਕ ਦਾ ਦੁਆਰ ਖੁੱਲ੍ਹ ਜਾਣ ਦੇ ਸਮਾਨ ਸਮਝਦੇ ਸਨ। ਕੀ ਇਸਤਰੀ ਦੇ ਹੱਕ ਵਿਚ ਆਵਾਜ਼ ਉਠਾਉਣਾ ਗੁਰੂ ਨਾਨਕ ਸਾਹਿਬ ਜੀ ਦਾ ਇਨਕਲਾਬੀ ਕਦਮ ਨਹੀਂ ਸੀ? ਉਹ ਕਹਿੰਦੇ ਹਨ ਕਿ ਅਸੀਂ ਸਭ ਇਸਤਰੀ ਤੋਂ ਹੀ ਜਨਮ ਲੈਂਦੇ ਹਾਂ। ਇਸਤਰੀ ਬਿਨਾਂ ਮਨੁੱਖ ਜਾਂ ਸੰਸਾਰ ਦੀ ਹੋਂਦ ਅਸੰਭਵ ਹੈ। ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ॥ ਗੁਰੂ ਜੀ ਨੇ ਇਸਤਰੀ ਜਾਤੀ ਦੀ ਮਹਾਨਤਾ ਨੂੰ ਉਜਾਗਰ ਕੀਤਾ।
ਗੁਰੂ ਨਾਨਕ ਸਾਹਿਬ ਜੀ ਦੀ ਬਾਣੀ 'ਤੇ ਵਿਚਾਰਾਂ ਨੇ ਇਕ ਢੱਠੀ-ਹਾਰੀ ਕੌਮ ਨੂੰ ਪੈਰਾਂ 'ਤੇ ਖੜ੍ਹੇ ਹੋਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ-ਜਿਸ ਕੌਮ ਦੀ ਅਣਖ਼-ਆਨ ਨਹੀਂ ਹੈ, ਉਸ ਦਾ ਜੀਣਾ ਵਿਅਰਥ ਹੈ। ਉਨ੍ਹਾਂ ਨੇ ਭਾਰਤ ਵਿਚ ਸੁਲਤਾਨਾਂ ਦੇ ਜ਼ੁਲਮੀ ਰਾਜ ਨੂੰ 'ਕਲਿ ਕਾਤੀ ਰਾਜੇ ਕਾਸਾਈ' ਕਹਿ ਕੇ ਨਿਖੇਧੀ ਕੀਤੀ ਅਤੇ ਬਾਬਰ ਵੱਲੋਂ ਮਚਾਈ ਗਈ ਕਤਲੋਗਾਰਤ ਅਤੇ ਇਸਤਰੀਆਂ ਦੀ ਕੀਤੀ ਬਪਤੀ ਵਿਰੁੱਧ ਰੱਬ ਨੂੰ ਸਖ਼ਤ ਉਲਾਂਭਾ ਦਿੱਤਾ। ਇਨਕਲਾਬੀ ਰਹਿਬਰ ਗੁਰੂ ਨਾਨਕ ਸਾਹਿਬ ਜੀ ਨੇ ਦੇਸ਼ਵਾਸੀਆਂ ਨੂੰ ਵੰਗਾਰਿਆ ਕਿ ਮੇਰੇ ਹੱਕ, ਸੱਚ, ਨਿਆਂ ਤੇ ਆਜ਼ਾਦੀ ਦੇ ਰਾਹ ਉਤੇ ਤੁਰਨਾ ਇਤਨਾ ਸੌਖਾ ਨਹੀਂ, ਇਸ ਲਈ ਕਿਸੇ ਦਿਨ ਸਿਰਾਂ ਦੀ ਕੁਰਬਾਨੀ ਦੇਣ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ-
ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥


ਮੋਬਾਈਲ: 98155-40968

Ad Position 22
No active advertisement
ਪਿਛਲੀ ਖ਼ਬਰ ਬਾਬਾ ਗੁਰੂ ਨਾਨਕ ਦੇਵ-ਤੁਹਾਡਾ ਗੁਰੂ ਸਾਡਾ ਪੀਰ ਅਗਲੀ ਖ਼ਬਰ ਬਾਬੇ ਨਾਨਕ ਜੇਡ ਭਗਤ ਨਾ ਕੋਈ...
Ad Position 24
No active advertisement