ਸਦੀਆਂ ਤੋਂ ਲੋਕ-ਸਾਹਿਤ ਦੇ ਇਹ ਬੋਲ ਪੰਜਾਬੀ ਲੋਕ-ਮਾਨਸ ਵਿਚ ਗਹਿਰੇ ਵਸੇ ਹੋਏ ਹਨ, 'ਬਾਬੇ ਨਾਨਕ ਜੇਡ ਭਗਤ ਨਾ ਕੋਈ, ਜਿਨ ਹਰਿ ਕਾ ਨਾਮ ਪਛਾਤਾ'। ਉਹ ਅੱਲ੍ਹਾ, ਵਾਹਿਗੁਰੂ, ਰਾਮ ਦੇ ਮਹਾਨ ਭਗਤ ਸਨ। ਉਸ ਦੇ ਅਮਿੱਟ ਨਾਂਅ ਦੇ ਮਹਾਨ ਪ੍ਰਚਾਰਕ। ਮਹਾਨ ਯਾਤਰੀ! ਜਿਸ ਨੇ ਕੁੱਲ ਜਹਾਨ ਦੀਆਂ ਚਾਰੇ ਦਿਸ਼ਾਵਾਂ ਗਾਹ ਕੇ ਪਰਮਾਤਮਾ ਦੇ ਨਾਂਅ ਦਾ ਪ੍ਰਚਾਰ ਕੀਤਾ। ਉਸ ਦੇ ਰੂਹਾਨੀ ਉਪਦੇਸ਼ ਨੂੰ ਘਰ-ਘਰ ਪੁੱਜਦਾ ਕੀਤਾ। ਜਿਸ ਦੀ ਮਹਾਨ ਦ੍ਰਿਸ਼ਟੀ ਨੇ ਤੱਕਿਆ ਸੀ ਕੁਲ ਸ੍ਰਿਸ਼ਟੀ ਦੀ ਘਾੜਤ ਕਰਨ ਵਾਲਾ ਪਰਮਾਤਮਾ ਪਹਿਲੋਂ ਹੀ ਖੰਡਾ, ਬ੍ਰਹਿਮੰਡਾਂ 'ਚ ਵਸਿਆ ਹੋਇਆ ਸੀ, ਜਿਸ ਨੇ ਖੁਦ ਹੀ ਖੁਦ ਨੂੰ ਘੜਿਆ ਹੈ। ਬਾਬੇ ਦਾ ਸ੍ਰੀ ਮੁਖਵਾਕ 'ਜਪੁਜੀ' ਸਾਹਿਬ ਇਸੇ ਮਹਾਨ ਫਲਸਫੇ ਵਾਲੇ 'ਮੂਲ ਮੰਤਰ' ਨਾਲ ਆਰੰਭ ਹੁੰਦਾ ਹੈ। 'ਮਹਾਨ' ਸ਼ਬਦ ਬਾਬੇ ਨਾਨਕ ਦੇ ਪੂਰੇ ਜੀਵਨ, ਫਲਸਫੇ, ਕਹਿਣੀ-ਕਰਨੀ ਦੇ ਆਰ-ਪਾਰ ਵਸਿਆ ਹੋਇਆ ਹੈ। ਉਹ ਰੱਬ ਦੇ ਨਾਂਅ ਦੇ ਮਹਾਨ ਪ੍ਰਚਾਰਕ, ਵਿਆਖਿਆਕਾਰ ਤੇ ਮਹਾਨ ਉਪਦੇਸ਼ਕ ਸਨ। ਪਰਮਾਤਮਾ ਦੇ ਨਾਂਅ ਦੇ ਵਿਗਿਆਨ ਦੇ ਮਹਾਨ ਵਿਗਿਆਨਕ। ਪੂਰੀ ਜ਼ਿੰਦਗੀ ਨਾਮ ਦੇ ਲੇਖੇ ਲਾਉਣ ਵਾਲੇ ਮਹਾਨ ਵਸੀਅਤ ਕਰਤਾ! ਮਹਾਨ ਸਮਾਜ ਸੁਧਾਰਕ! ਜਾਤ-ਪਾਤ, ਨਸਲਾਂ ਦਾ ਅੰਤਰ ਮਿਟਾ ਕੇ 'ਕੁਦਰਤ ਕੇ ਸਭ ਬੰਦੇ' ਦਾ ਮਹਾਨ ਸੰਦੇਸ਼ ਦੇਣ ਵਾਲੇ। ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਉਨ੍ਹਾਂ ਦੁਆਰਾ ਰਚਿਤ ਕੁੱਲ ਗੁਰਬਾਣੀ ਰਚਨਾ ਦਾ ਅਧਿਐਨ ਸਿੱਧ ਕਰਦਾ ਹੈ ਕਿ ਉਹ ਪਰਮਾਤਮਾ ਦੇ ਵਿਚ ਇੰਜ ਅਭੇਦ ਹੋ ਗਏ ਕਿ ਇਕ 'ਨਿਮਖ' ਮਾਤਰ ਵੀ ਉਹ ਪਰਮਾਤਮਾ ਦੀ ਹਸਤੀ ਤੋਂ ਵੱਖ ਨਾ ਹੁੰਦੇ। ਸੰਸਾਰਕ ਮੋਹ-ਮਾਇਆ, ਪਦਾਰਥ ਉਨ੍ਹਾਂ 'ਤੇ ਗਲਬਾ ਨਾ ਪਾ ਸਕੇ। ਰਿੱਧੀਆਂ, ਸਿੱਧੀਆਂ, ਕਰਾਮਾਤਾਂ, ਰੂਹਾਨੀ ਸ਼ਕਤੀਆਂ ਵੱਲ ਉਨ੍ਹਾਂ ਵੇਖਿਆ ਵੀ ਨਾ। ਕੋਹਾਂ ਦੂਰ ਰਹੇ। ਪਰਮਾਤਮਾ ਨੂੰ ਮੁਖਾਤਿਬ ਹੋ ਕੇ ਇਹੋ ਕਹਿੰਦੇ ਰਹੇ, 'ਹੇ ਪਰਮਾਤਮਾ! ਇਨ੍ਹਾਂ ਪਦਾਰਥਾਂ ਦੇ ਮੋਹ 'ਚ ਫਸ ਕੇ ਮੈਂ ਤੈਨੂੰ ਭੁੱਲ ਨਾ ਜਾਵਾਂ। ਹੇ ਵਾਹਿਗੁਰੂ! ਪਦਾਰਥਾਂ ਦੀ ਖਿੱਚ ਤੋਂ ਬਚਾ ਕੇ ਰੱਖੀਂ! ਕਿਤੇ ਅਜਿਹਾ ਨਾ ਹੋਵੇ ਕਿ ਤੈਨੂੰ ਪ੍ਰਾਪਤ ਕਰਨ ਲਈ ਜੋ ਗੁਣ ਲੋੜੀਂਦੇ ਹਨ, ਉਹ ਗੁਣ ਕਿਧਰੇ ਇਹ ਪਦਾਰਥ ਨਸ਼ਟ ਹੀ ਨਾ ਕਰ ਦੇਣ। ਮੈਨੂੰ ਬਸ ਕੇਵਲ ਤੇਰਾ ਨਾਮ ਲੋੜੀਂਦਾ ਹੈ।' ਬਾਬਾ ਨਾਨਕ ਪਰਮਾਤਮਾ 'ਚ ਇੰਜ ਲੀਨ ਹੋਏ ਕਿ ਉਸੇ ਦਾ ਰੂਪ ਹੋ ਨਿਬੜੇ।
ਫਿਰ ਉਨ੍ਹਾਂ ਆਪਣਾ ਤਮਾਮ ਜੀਵਨ ਉਸ ਦੀ ਬਣਾਈ ਲੁਕਾਈ ਦੀ ਸੇਵਾ ਵਿਚ ਲਗਾ ਦਿੱਤਾ। ਉਨ੍ਹਾਂ ਲੋਕਾਂ ਨੂੰ ਸਮਝਾਇਆ ਕਿ ਅਗਰ ਸੰਸਾਰਕ ਦੁੱਖ ਤੋਂ ਬਚਣਾ ਹੈ ਤਾਂ ਕੇਵਲ ਪਰਮਾਤਮਾ ਦਾ ਨਾਮ ਹੀ ਉਨ੍ਹਾਂ ਨੂੰ ਬਚਾ ਸਕਦਾ ਹੈ। ਆਪਣੀਆਂ ਚਾਰੇ ਉਦਾਸੀਆਂ (ਯਾਤਰਾਵਾਂ) 'ਚ ਉਨ੍ਹਾਂ ਸੱਜਣ ਠੱਗ, ਵਲੀ ਕੰਧਾਰੀ, ਭੂਮੀਏ ਚੋਰ ਵਰਗੇ ਭੁੱਲੇ-ਭਟਕਿਆਂ ਨੂੰ ਵਿਕਾਰਾਂ ਤੋਂ ਹਟਾ ਕੇ ਨਾ ਕੇਵਲ ਉਸ ਦੇ ਨਾਮ ਨਾਲ ਜੋੜਿਆ, ਸਗੋਂ ਉਨ੍ਹਾਂ ਨੂੰ ਉਸ ਦੇ 'ਨਾਮ' ਦੇ ਸਮਰਪਿਤ ਤੇ ਸ਼੍ਰੋਮਣੀ ਪ੍ਰਚਾਰਕ ਵੀ ਥਾਪਿਆ। ਉਨ੍ਹਾਂ ਰੱਬ ਦੇ ਰਾਹ ਤੋਂ ਭਟਕਿਆਂ ਨੂੰ ਇਹੋ ਦੱਸਿਆ ਕਿ ਉਸ ਪਰਮਾਤਮਾ ਦਾ ਨਾਮ ਜਪਣਾ ਹੀ ਉਸ ਦੀ ਪ੍ਰਾਪਤੀ ਦਾ ਸਹੀ ਮਾਰਗ ਹੈ। ਉਨ੍ਹਾਂ ਲੋਕਾਂ ਨੂੰ ਰੂਹਾਨੀ ਆਤਮਿਕ ਅਨੰਦ ਦਾ ਮਾਰਗ ਪਰਮਾਤਮਾ ਦੇ ਨਾਮ ਦੀ ਅਰਾਧਨਾ ਨੂੰ ਦੱਸਿਆ। ਉਹ ਖੁਦ ਪਰਮਾਤਮਾ ਦੇ ਨਾਮ ਦੇ ਵੱਡੇ ਜਾਪ ਕਰਤਾ ਸਿੱਧ ਹੋਏ। ਜੋ ਉਨ੍ਹਾਂ ਲੋਕਾਂ ਨੂੰ ਕਿਹਾ, ਸਮਝਾਇਆ ਜਾਂ ਉਪਦੇਸ਼ ਦਿੱਤਾ, ਉਹ ਪਹਿਲੋਂ ਖੁਦ ਉਸ ਮਾਰਗ 'ਤੇ ਚੱਲੇ। ਉਨ੍ਹਾਂ ਆਪਣੇ ਮੁੱਢਲੇ ਉਪਦੇਸ਼ 'ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ' ਨੂੰ ਪਹਿਲੋਂ ਖੁਦ ਲੁਕਾਈ ਦੇ ਸਨਮੁੱਖ ਅਮਲੀ ਤੌਰ 'ਤੇ ਜੀਵਿਆ। ਨਾਮ ਦੀ ਪ੍ਰਾਪਤੀ ਲਈ ਜੋ ਕੁਝ ਲੋੜੀਂਦਾ ਸੀ, ਉਹ ਪਹਿਲੋਂ ਖੁਦ ਪੈਦਾ ਕੀਤਾ। ਫਿਰ ਲੋਕਾਈ ਨੂੰ ਇਸ ਰਾਹ 'ਤੇ ਤੁਰਨ ਦਾ ਉਪਦੇਸ਼ ਦਿੱਤਾ। ਅੱਜ ਜ਼ਰੂਰਤ ਹੈ ਬਾਬੇ ਦੀ ਬਾਣੀ ਦੇ ਉਪਦੇਸ਼ਾਂ 'ਤੇ ਅਮਲ ਕਰਨ ਦੀ। ਅਗਰ ਅਜਿਹਾ ਹੋ ਜਾਂਦਾ ਹੈ ਤਾਂ ਜੋ ਸੰਸਾਰ ਈਰਖਾ, ਸਾੜੇ ਦੀ ਅੱਗ 'ਚ ਸੜਦਾ ਹੋਇਆ ਬਾਰੂਦ ਦੇ ਢੇਰ 'ਤੇ ਬੈਠਾ ਹੈ, ਉਸ ਦਾ ਬਚਾ ਹੋ ਸਕਦਾ ਹੈ।
-ਮੋਬਾ: 98146-81444