ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2019

ਮੁਸਲਿਮ ਇਤਿਹਾਸਕਾਰਾਂ ਦੀਆਂ ਲਿਖਤਾਂ ਵਿਚ ਗੁਰੂ ਨਾਨਕ

Ad Position 21
No active advertisement
ਅਜੀਤ ਡੈਸਕ 12-11-2019

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਸੱਯਦ ਮੁਹੰਮਦ ਲਤੀਫ਼ ਅਨੁਸਾਰ ਗੁਰੂ ਨਾਨਕ ਦੁਆਰਾ ਪੂਰੇ ਭਾਰਤ ਦੀ ਯਾਤਰਾ ਕੀਤੀ ਗਈ। ਈਰਾਨ, ਕਾਬੁਲ ਅਤੇ ਏਸ਼ੀਆ ਦੇ ਹੋਰ ਭਾਗਾਂ ਦੀਆਂ ਵੀ ਯਾਤਰਾਵਾਂ ਕੀਤੀਆਂ ਗਈਆਂ। ਹਿੰਦੂਆਂ ਅਤੇ ਮੁਸਲਮਾਨਾਂ ਵਿਚ ਬਾਬਾ ਨਾਨਕ ਦੀ ਮੱਕਾ ਯਾਤਰਾ ਸਬੰਧੀ ਵੀ ਕਹਾਣੀ ਪ੍ਰਚੱਲਿਤ ਹੈ। ਕਿਹਾ ਜਾਂਦਾ ਹੈ ਕਿ ਨਾਨਕ ਕਾਅਬਾ ਵੱਲ ਪੈਰ ਕਰਕੇ ਸੌਂ ਗਿਆ। ਕਾਜ਼ੀ ਰੁਕਨਊਦਦੀਨ ਨੇ ਬਾਬਾ ਨਾਨਕ ਨੂੰ ਰੱਬ ਦੇ ਘਰ ਵੱਲ ਪੈਰ ਕਰਨ ਤੋਂ ਰੋਕਿਆ, ਪਰੰਤੂ ਬਾਬਾ ਨਾਨਕ ਨੇ ਕਿਹਾ ਜਿਸ ਤਰਫ਼ ਰੱਬ ਨਹੀਂ ਮੇਰੇ ਪੈਰ ਉਸ ਤਰਫ਼ ਘੁਮਾ ਦਿਉ। ਬਾਬਾ ਨਾਨਕ ਨੇ ਆਪਣਾ ਪੂਰਾ ਜੀਵਨ ਸਦਾਚਾਰਕ, ਨਿਆਇਕ ਅਤੇ ਤਰਕ ਸੰਗਤ ਦੇ ਆਧਾਰ 'ਤੇ ਬਤੀਤ ਕੀਤਾ। ਉਸ ਦਾ ਮੰਤਵ ਜਿਹੜੇ ਲੋਕਾਂ ਵਿਚ ਉਹ ਰਹਿੰਦੇ ਸੀ, ਉਨ੍ਹਾਂ ਦੀ ਖੁਸ਼ਹਾਲੀ 'ਤੇ ਉਨ੍ਹਾਂ ਦੇ ਰਾਸ਼ਟਰ ਦੀ ਬਿਨਾਂ ਕਿਸੇ ਲੋਭ, ਮੋਹ ਤੋਂ ਖੁਸ਼ਹਾਲੀ ਤੇ ਸਥਿਰਤਾ ਸਥਾਪਤ ਕਰਨਾ ਸੀ। ਬਾਬਾ ਨਾਨਕ ਦੁਆਰਾ ਲੰਮੀ ਅਤੇ ਪਰਜਾ ਹਿੱਤਕਾਰੀ ਜ਼ਿੰਦਗੀ ਬਤੀਤ ਕਰਨ ਉਪਰੰਤ 70 ਸਾਲ ਦੀ ਉਮਰ ਬਤੀਤ ਕੀਤੀ। 1539 ਈਸਵੀ ਵਿਚ ਬਾਬਾ ਨਾਨਕ ਕਰਤਾਰਪੁਰ ਵਿਖੇ ਜੋਤੀ-ਜੋਤਿ ਸਮਾ ਗਏ।
ਮੁਹੰਮਦ ਇਕਬਾਲ (1876-1938) ਪ੍ਰਸਿੱਧ ਭਾਰਤੀ ਉਰਦੂ ਸ਼ਾਇਰ, ਦਾਰਸ਼ਨਿਕ, ਇਸਲਾਮੀ ਕਾਨੂੰਨ, ਸ਼ਰੀਅਤ, ਫ਼ਿਕ੍ਹਾ, ਰਾਜਨੀਤੀ, ਇਤਿਹਾਸ, ਸਾਹਿਤ ਅਤੇ ਧਰਮ ਦਾ ਅੰਤਰ-ਰਾਸ਼ਟਰੀ ਵਿਦਵਾਨ ਹੋਇਆ ਹੈ। ਉਸ ਦੀਆਂ ਲਿਖਤਾਂ ਨੇ ਮੁਸਲਿਮ ਜਗਤ ਨੂੰ ਨਾ ਕੇਵਲ ਨਵੀਂ ਸੇਧ ਦਿੱਤੀ ਹੈ, ਸਗੋਂ ਪਾਕਿਸਤਾਨ ਦੀ ਸਥਾਪਨਾ ਵਿਚ ਵੀ ਉਸ ਦਾ ਮਹੱਤਵਪੂਰਨ ਯੋਗਦਾਨ ਹੈ। ਸਾਹਿਤ ਦੇ ਖੇਤਰ ਵਿਚ ਯੋਗਦਾਨ ਬਦਲੇ ਉਸ ਨੂੰ ਬਰਤਾਨਵੀ ਸਰਕਾਰ ਵੱਲੋਂ 'ਸਰ' ਦਾ ਖ਼ਿਤਾਬ ਪ੍ਰਾਪਤ ਹੋਇਆ। 1934 ਈਸਵੀ ਵਿਚ ਲੰਡਨ, ਇੰਗਲੈਂਡ ਤੋਂ ਪ੍ਰਕਾਸ਼ਿਤ 'ਇਨਸਾਈਕਲੋਪੀਡੀਆ ਆਫ਼ ਦੀ ਇਸਲਾਮ' ਭਾਗ ਚੌਥਾ ਵਿਚ ਉਸ ਦੁਆਰਾ ਲਿਖਤ 'ਸਿੱਖ ਧਰਮ ਦੇ ਬਾਨੀ ਗੁਰੂ ਨਾਨਕ' ਦਾ ਸੰਖੇਪ ਵਰਨਣ ਹੇਠ ਲਿਖੇ ਅਨੁਸਾਰ ਹੈ।
ਸਿੱਖ ਸ਼ਬਦ ਦਾ ਮਤਲਬ ਹੈ ਸਿੱਖਿਅਕ, ਇਕ ਸ਼ਰਧਾਲੂ। ਗੁਰੂ ਨਾਨਕ ਦੇ ਸ਼ਰਧਾਲੂਆਂ ਨੂੰ ਇਹ ਨਾਮ ਪਹਿਲੀ ਵਾਰ ਦਿੱਤਾ ਗਿਆ ਸੀ। ਗੁਰੂ ਨਾਨਕ ਨੇ ਪੰਦ੍ਹਰਵੀਂ ਸਦੀ ਵਿਚ ਸਿੱਖ ਧਰਮ ਦੀ ਪੰਜਾਬ ਵਿਚ ਨੀਂਹ ਰੱਖੀ ਸੀ। ਸਿੱਖ ਧਰਮ ਦੀ ਸ਼ੁਰੂਆਤ ਵੀ ਬੁੱਧ ਧਰਮ ਵਾਂਗ ਭਾਰਤੀ ਜਾਤੀ ਪ੍ਰਥਾ ਅਤੇ ਬ੍ਰਹਮਣਾਂ ਦੀ ਅਧਿਆਤਮਿਕ ਤਾਨਾਸ਼ਾਹੀ ਵਿਰੁੱਧ ਹੋਈ ਸੀ। ਇਸ ਧਰਮ ਦਾ ਮੰਤਵ ਸਮਾਜਿਕ ਏਕਤਾ, ਸੰਸਾਰਕ ਭਾਈਚਾਰੇ ਦੀ ਸਥਾਪਨਾ, ਵਰਣ ਪ੍ਰਣਾਲੀ ਅਤੇ ਜਾਤੀ ਵੰਡ ਦਾ ਖਾਤਮਾ, ਵਹਿਮਾਂ-ਭਰਮਾਂ ਅਤੇ ਅਵਤਾਰਵਾਦ ਦੇ ਵਿਰੁੱਧ ਸਿੱਖਿਆਵਾਂ ਦੇਣਾ ਹੈ। ਇਸ ਪੰਥ ਦੇ ਬਾਨੀ ਬਾਬਾ ਨਾਨਕ ਦਾ ਜਨਮ 1469 ਈਸਵੀ ਵਿਚ ਤਲਵੰਡੀ ਜੋ ਕਿ ਲਾਹੌਰ ਤੋਂ ਵਧੇਰੇ ਦੂਰ ਨਹੀਂ, ਵਿਖੇ ਖ਼ੱਤਰੀ ਘਰਾਣੇ ਵਿਚ ਹੋਇਆ ਸੀ। ਉਸ ਦੁਆਰਾ ਸਕੂਲ ਪੱਧਰ ਦੀ ਵਧੇਰੇ ਸਿੱਖਿਆ ਨਹੀਂ ਪ੍ਰਾਪਤ ਕੀਤੀ ਗਈ ਸੀ। ਬਚਪਨ ਤੋਂ ਹੀ ਬਾਬਾ ਨਾਨਕ ਦਾ ਧਿਆਨ ਸਮਾਧੀ ਅਤੇ ਸੱਚ ਦੀ ਤਲਾਸ਼ ਵਿਚ ਅਰਬੀ ਨਬੀ ਵਾਂਗ ਲੀਨ ਰਹਿੰਦਾ ਸੀ। ਉਸ ਨੂੰ ਕੁਦਰਤ ਵੱਲੋਂ ਗਿਆਨ ਤੋਹਫੇ ਵਿਚ ਪ੍ਰਾਪਤ ਹੋਇਆ ਸੀ।
ਸੁਲਤਾਨਪੁਰ ਵਿਖੇ ਬਾਬਾ ਨਾਨਕ ਨੂੰ ਜਦੋਂ ਵੀ ਸਮਾਂ ਮਿਲਦਾ ਉਹ ਸਮਾਧੀ ਲਈ ਜੰਗਲਾਂ ਵਿਚ ਚਲੇ ਜਾਂਦੇ। ਰਵਾਇਤਾਂ ਅਨੁਸਾਰ ਇਲਾਹੀ ਬਖ਼ਸ਼ਿਸ਼ ਦੀ ਪ੍ਰਾਪਤੀ ਉਪਰੰਤ ਅਤੇ ਦ੍ਰਿਸ਼ਟੀ ਪ੍ਰਾਪਤੀ ਅਨੁਸਾਰ ਬਾਬਾ ਨਾਨਕ ਦੇ ਜੀਵਨ ਦਾ ਉਦੇਸ਼ ਇਕ ਰੱਬ, ਉਸ ਦਾ ਸੱਚਾ ਨਾਮ, ਸਥਾਈ, ਮਹਾਨ, ਪਾਕ, ਖੂਬਸੂਰਤ, ਜੋ ਪੈਦਾਇਸ਼ ਅਤੇ ਮਰਨ ਦੇ ਚੱਕਰ ਤੋਂ ਮੁਕਤ ਹੈ, ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨਾ ਹੈ। 30 ਸਾਲ ਦੀ ਉਮਰ ਵਿਚ ਬਾਬਾ ਨਾਨਕ ਦੁਆਰਾ ਨਵਾਬ ਦੇ ਮੋਦੀ ਖ਼ਾਨੇ ਨੂੰ ਛੱਡ ਕੇ ਪ੍ਰਚਾਰ ਸ਼ੁਰੂ ਕੀਤਾ ਗਿਆ।
ਬਾਬਾ ਨਾਨਕ ਦੁਆਰਾ ਸਾਰੇ ਭਾਰਤ ਵਿਸ਼ੇਸ਼ ਕਰਕੇ ਹਿੰਦੂਆਂ ਦੇ ਪਵਿੱਤਰ ਅਸਥਾਨਾਂ ਅਤੇ ਮੁਸਲਿਮ ਸੂਫ਼ੀਆਂ ਦੀਆਂ ਦਰਗ਼ਾਹਾਂ ਦੀਆਂ ਯਾਤਰਾਵਾਂ ਕੀਤੀਆਂ ਗਈਆਂ। ਬਾਬਾ ਨਾਨਕ ਵਲੋਂ ਜੀਵਨ ਦੇ ਅੰਤਲੇ ਦਸ ਸਾਲ ਕਰਤਾਰਪੁਰ ਵਿਖੇ ਰਾਵੀ ਨਦੀ ਦੇ ਕੰਢੇ 'ਤੇ ਬਤੀਤ ਕੀਤੇ ਸਨ। ਇਥੇ ਹੀ ਬਾਬਾ ਨਾਨਕ ਨੇ ਨਵੇਂ ਧਰਮ ਦਾ ਪ੍ਰਚਾਰ ਜਾਰੀ ਰੱਖਿਆ। 70 ਸਾਲ ਦੀ ਉਮਰ ਦੌਰਾਨ 1539 ਈਸਵੀ ਵਿਚ ਬਾਬਾ ਨਾਨਕ ਜੋਤੀ-ਜੋਤਿ ਸਮਾ ਗਏ। ਉਹ ਆਪਣੇ ਪਿੱਛੇ ਸ਼ਰਧਾਲੂਆਂ ਦੀ ਇਕ ਵੱਡੀ ਗਿਣਤੀ ਅਤੇ ਦੋ ਪੁੱਤਰ ਜਿਨ੍ਹਾਂ ਦੇ ਨਾਂਅ ਸ੍ਰੀ ਚੰਦ ਜਿਸ ਨੇ ਉਦਾਸੀ ਸੰਪਰਦਾ ਦੀ ਨੀਂਹ ਰੱਖੀ ਅਤੇ ਦੂਸਰਾ ਲਖਮੀ ਦਾਸ ਛੱਡ ਗਏ ਸਨ। ਗੁਰੂ ਨਾਨਕ ਦੇ ਧਰਮ ਸ਼ਾਸਤਰ ਦਾ ਮੰਤਵ ਸਮਾਜਿਕ ਅਤੇ ਨੈਤਿਕ ਸੁਧਾਰ ਕਰਨਾ ਸੀ। ਜਿਨ੍ਹਾਂ ਹੋਰ ਮੁਸਲਿਮ ਇਤਿਹਾਸਕਾਰਾਂ ਵਲੋਂ ਗੁਰੂ ਨਾਨਕ ਦੇਵ ਜੀ ਦੇ ਜੀਵਨ, ਸਿੱਖਿਆਵਾਂ ਅਤੇ ਯਾਤਰਾਵਾਂ ਬਾਰੇ ਲਿਖਿਆ ਗਿਆ, ਉਨ੍ਹਾਂ ਵਿੱਚੋਂ ਪ੍ਰਮੁੱਖ ਹਨ ਸੱਯਦ ਗੁਲਾਮ ਅਲੀ ਖ਼ਾਨ ਦੀ ਲਿਖਤ ਇਮਾਦ-ਉਸ ਸਾਅਦਤ; ਮੌਲਾਣਾ ਜ਼ਫ਼ਰ ਅਲੀ ਖ਼ਾਨ ਦੀ ਮਕਤਲ-ਏ-ਨਾਨਕਾਣਾ ਅਤੇ ਤਾਰੀਖ਼-ਏ-ਹਿੰਦ ਪਰ ਏਕ ਨਜ਼ਰ; ਸੱਯਦ ਭੀਖ਼ਾ ਸ਼ਾਹ ਮੁਸਾਫਿਰ ਦੀ ਬਿਆਨ-ਏ-ਹਾਲਾਤ-ਏ-ਗੁਰੂ ਬਾਬਾ ਨਾਨਕ ਸਾਹਿਬ ਅਤੇ ਮਹਿਦੀ ਨਜ਼ਮੀ ਦੀ ਵਲੀਮਾਤ-ਏ-ਨਾਨਕ ਆਦਿ ਪ੍ਰਮੁੱਖ ਹਨ। ਇਨ੍ਹਾਂ ਤੋਂ ਇਲਾਵਾ ਪਹਿਲੇ ਮੁਗ਼ਲ ਬਾਦਸ਼ਾਹ ਬਾਬਰ ਦੀ ਸਵੈ-ਜੀਵਨੀ ਤੁਜ਼ਕ-ਏ-ਬਾਬਰੀ, ਬਾਦਸ਼ਾਹ ਜਹਾਂਗੀਰ ਦੀ ਸਵੈ-ਜੀਵਨੀ ਤੁਜ਼ਕ-ਏ-ਜਹਾਂਗੀਰੀ; ਅਬੁੱਲ ਫ਼ਜ਼ਲ ਦੀ ਲਿਖਤ ਆਈਨ-ਏ-ਅਕਬਰੀ; ਖ਼ਾਫ਼ੀ ਖ਼ਾਨ ਦੀ ਮੁੰਤਖਾਬ-ਉਲ-ਲੁਬਾਬ; ਕਾਜ਼ੀ ਨੂਰ ਮੁਹੰਮਦ ਦੀ ਜੰਗਨਾਮਾ; ਮੁਹੰਮਦ ਕਾਸਿਮ ਲਾਹੌਰੀ ਦੀ ਇਬਰਤਨਾਮਾ; ਆਦਿ ਗੁਰੂ ਨਾਨਕ ਦੇਵ ਜੀ ਦੇ ਜੀਵਨ, ਕਾਲ, ਯਾਤਰਾਵਾਂ, ਤੱਤਕਾਲੀਨ ਸਮਾਜਿਕ, ਆਰਥਿਕ, ਸਭਿਆਚਾਰਕ, ਰਾਜਨੀਤਕ, ਮਨੋਵਿਗਿਆਨਕ, ਧਾਰਮਿਕ ਅਤੇ ਬੌਧਿਕ ਹਾਲਾਤ ਨੂੰ ਸਮਝਣ ਲਈ ਅਤਿ ਮਹੱਤਵਪੂਰਨ ਇਤਿਹਾਸਕ ਲਿਖਤਾਂ ਹਨ। (ਸਮਾਪਤ)


-ਪੰਜਾਬੀ ਯੂਨੀਵਰਸਿਟੀ, ਪਟਿਆਲਾ-147002 ਪੰਜਾਬ (ਭਾਰਤ)।
ਮੋਬਾਈਲ : +9198141-71786.
ਈਮੇਲ : idris_history@yahoo.com

Ad Position 22
No active advertisement
ਪਿਛਲੀ ਖ਼ਬਰ ਬਾਬੇ ਨਾਨਕ ਜੇਡ ਭਗਤ ਨਾ ਕੋਈ... ਅਗਲੀ ਖ਼ਬਰ ਗੋਸ਼ਟਿ ਪਰੰਪਰਾ ਤੇ ਜਗਤ ਬਾਬਾ ਨਾਨਕ
Ad Position 24
No active advertisement