ਬਾਬੇ ਨਾਨਕ ਦਾ ਵਿਚਾਰਧਾਰਕ ਫ਼ਲਸਫਾ ਕੇਵਲ ਮਨੁੱਖ ਜਾਤੀ ਲਈ ਹੀ ਨਹੀਂ, ਸਗੋਂ ਧਰਤੀ 'ਤੇ ਰਹਿਣ ਵਾਲੇ ਹਰੇਕ ਪ੍ਰਾਣੀ ਦਾ ਭਲਾ ਮੰਗਣ ਵਾਲਾ ਹੈ। ਸਰਬ ਮਨੁੱਖ ਜਾਤੀ ਲਈ ਕਲਿਆਣਕਾਰੀ ਆਪਣੇ ਇਸ ਮਹਾਨ ਵਿਚਾਰਧਾਰਕ ਫਲਸਫੇ ਕਾਰਨ ਇਸ ਲਈ ਉਹ ਕਿਸੇ ਖਾਸ ਧਰਮ, ਫਿਰਕੇ ਜਾਂ ਕੌਮ ਦੇ ਗੁਰੂ ਨਾ ਹੋ ਕੇ ਸਰਬ ਮਨੁੱਖ ਜਾਤੀ ਦੇ ਗੁਰੂ ਅਤੇ ਰਾਹ ਦਸੇਰੇ ਹਨ, ਇਸੇ ਲਈ ਤਾਂ ਉਨ੍ਹਾਂ ਨੂੰ 'ਜਗਤ ਬਾਬੇ' ਦੇ ਨਾਂਅ ਨਾਲ ਯਾਦ ਕੀਤਾ ਜਾਂਦਾ ਹੈ। ਨਾਨਕ ਬਾਣੀ ਮਨੁੱਖੀ ਸਮਾਜ ਦੀ ਹਰ ਸਮੱਸਿਆ ਦੇ ਕਾਰਨ ਵੀ ਦੱਸਦੀ ਹੈ ਤੇ ਇਸ ਦਾ ਹੱਲ ਵੀ। ਇਹ ਬਾਣੀ ਸਾਨੂੰ ਆਪਣੇ-ਆਪ ਨਾਲ ਜੁੜ ਕੇ ਆਪਣੀਆਂ ਸਮੱਸਿਆਵਾਂ ਦਾ ਹੱਲ ਆਪਣੇ ਅੰਦਰੋਂ ਹੀ ਤਲਾਸ਼ ਕਰਨ ਦੇ ਰਾਹ ਤੋਰਦੀ ਹੈ, ਕਿਉਂਕਿ ਸਾਨੂੰ ਕੁਰਾਹੇ ਪਾਉਣ ਵਾਲੇ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਵਰਗੇ ਵਿਕਾਰ ਵੀ ਸਾਡੇ ਅੰਦਰ ਹੀ ਬੈਠੇ ਹੋਏ ਹਨ। ਜੇ ਇਸ ਬਾਣੀ ਦਾ ਗਹਿਰ ਗੰਭੀਰ ਅਧਿਐਨ ਕੀਤਾ ਜਾਵੇ ਤਾਂ ਬਾਬੇ ਨਾਨਕ ਦਾ ਸਰਬ ਪ੍ਰਵਾਨਿਤ ਬਿੰਬ ਸੰਸਾਰ ਦੇ ਮਹਾਨ ਵਿਚਾਰਵਾਨ, ਸਮਾਜਿਕ ਚਿੰਤਕ ਤੇ ਕ੍ਰਾਂਤੀਕਾਰੀ ਸਮਾਜ ਸੁਧਾਰਕ ਵਜੋਂ ਬਣਦਾ ਹੈ। ਉਨ੍ਹਾਂ ਦੀ ਬਾਣੀ ਦੀ ਕੇਵਲ ਧਾਰਮਿਕ ਦ੍ਰਿਸ਼ਟੀਕੋਣ ਤੋਂ ਹੀ ਨਹੀਂ, ਸਗੋਂ ਸਮਾਜਿਕ ਸਾਇੰਸ ਵਜੋਂ ਵੀ ਸਾਡੇ ਜੀਵਨ ਦੀ ਅਗਵਾਈ ਕਰਦੀ ਹੈ।
ਬਾਬੇ ਨਾਨਕ ਜਿਹਾ ਸੈਲਾਨੀ ਦੁਨੀਆ ਵਿਚ ਹੋਰ ਕੋਈ ਨਹੀਂ ਹੈ, ਜਿਸ ਨੇ ਕੁਰਾਹੇ ਪਏ ਲੋਕਾਂ ਨੂੰ ਰਾਹ 'ਤੇ ਪਾਉਣ ਲਈ ਹਜ਼ਾਰਾਂ ਕਿੱਲੋਮੀਟਰ ਪੈਂਡਾ ਪੈਦਲ ਤੁਰ ਕੇ ਤੈਅ ਕੀਤਾ ਹੋਵੇ। 'ਚਾਰ ਉਦਾਸੀਆਂ' ਦੇ ਨਾਂਅ ਨਾਲ ਜਾਣੀ ਜਾਂਦੀ ਇਸ ਯਾਤਰਾ ਦੌਰਾਨ ਪਤਾ ਨਹੀਂ ਉਨ੍ਹਾਂ ਕਿੰਨੇ ਸਿੱਧਾਂ, ਮਲਕ ਭਾਗੋਆਂ, ਵਲੀ ਕੰਧਾਰੀਆਂ, ਕੌਡੇ ਰਾਖਸ਼ਾਂ ਤੇ ਵੱਖ-ਵੱਖ ਧਰਮਾਂ ਦੇ ਠੇਕੇਦਾਰਾਂ ਨਾਲ ਗੋਸ਼ਟਿ ਕਰ ਕੇ ਆਪਣੀ ਵਿਚਾਰਧਾਰਾ ਵਿਚਲੇ ਤਰਕ ਤੇ ਦਲੀਲ ਦੀ ਸ਼ਕਤੀ ਰਾਹੀਂ ਉਨ੍ਹਾਂ ਨੂੰ ਆਪਣਾ ਮੁਰੀਦ ਬਣਾਇਆ। ਵਿਚਾਰਧਾਰਕ ਵਖਰੇਵਾਂ ਭਾਵੇਂ ਧਾਰਮਿਕ ਖੇਤਰ ਦਾ ਹੋਵੇ ਜਾਂ ਸਮਾਜਿਕ ਤੇ ਰਾਜਸੀ ਪੱਧਰ ਦਾ, ਬਾਬੇ ਨਾਨਕ ਦੀਆਂ ਦਲੀਲਾਂ ਦੀ ਕਿਸੇ ਕੋਲ ਕਾਟ ਨਾ ਹੋਣ ਕਾਰਨ ਹਰ ਵਾਰ ਕੂੜ ਨਿਖੁੱਟਦਾ ਰਿਹਾ ਤੇ ਓੜਕਿ ਸੱਚ ਦੀ ਜਿੱਤ ਹੁੰਦੀ ਰਹੀ। ਇਸ ਤਰ੍ਹਾਂ ਬਾਬੇ ਨਾਨਕ ਵਲੋਂ ਤੋਰੀ ਗੋਸ਼ਟਿ ਪਰੰਪਰਾ ਉਨ੍ਹਾਂ ਦੀ ਸੰਸਾਰ ਨੂੰ ਮਹਾਨ ਦੇਣ ਹੈ।
ਬਾਬੇ ਨਾਨਕ ਵਲੋਂ ਸਮਾਜਿਕ ਸਮੱਸਿਆਵਾਂ ਤੇ ਝਗੜੇ-ਝੇੜਿਆਂ ਦੇ ਹੱਲ ਲਈ ਕੁਝ ਕਹਿਣ ਤੋਂ ਪਹਿਲਾਂ ਕੁਝ ਸੁਣਨ ਦਾ ਉਪਦੇਸ਼ ਸਾਨੂੰ ਦਿੱਤਾ ਹੈ ਪਰ ਸਾਡੀ ਸਮੱਸਿਆ ਇਹ ਹੈ ਕਿ ਸਾਡੇ ਵਿਚੋਂ ਹਰ ਕੋਈ ਕੁਝ ਸੁਣਨ ਨਾਲੋਂ ਕੁਝ ਕਹਿਣ ਲਈ ਕਾਹਲਾ ਹੈ। ਕੁਝ ਸੁਣਨ ਤੇ ਸਹਿਣ ਕਰਨ ਦਾ ਮਾਦਾ ਤਾਂ ਹੁਣ ਸਾਡੇ ਵਿਚ ਰਿਹਾ ਹੀ ਨਹੀ, ਸਗੋਂ ਅਸੀਂ ਤਾਂ ਆਪਣੀ ਮਰਜ਼ੀ ਪੁਗਾਉਣ ਤੇ ਕੇਵਲ ਆਪਣੇ-ਆਪ ਨੂੰ ਹੀ ਸਹੀ ਸਿੱਧ ਕਰਨ ਦੀ ਜ਼ਿੱਦ ਪੁਗਾਉਣ 'ਤੇ ਅੜੇ ਹੋਏ ਹਾਂ। ਅਸੀਂ ਬਾਬੇ ਨਾਨਕ ਦੀ ਗੋਸ਼ਟਿ ਪਰੰਪਰਾ ਦਾ ਕੇਵਲ ਧਾਰਮਿਕ ਜ਼ਾਬਤੇ ਦੇ ਤੌਰ 'ਤੇ ਹੀ ਸਤਿਕਾਰ ਕਰਦੇ ਹਾਂ ਪਰ ਸਮਾਜਿਕ ਜੀਵਨ ਵਿਚ ਇਸ ਅਸੂਲ ਨੂੰ ਅਪਨਾਉਣ ਦੇ ਮਾਮਲੇ ਵਿਚ ਸਾਡੀ ਸੂਈ ਜ਼ੀਰੋ 'ਤੇ ਹੀ ਅਟਕੀ ਹੋਈ ਹੈ। ਨਾਨਕ ਕਾਲ ਵੱਲ ਪਿਛਲ ਝਾਤ ਮਾਰੀਏ ਤਾਂ ਬਾਬੇ ਨਾਲ ਗੋਸ਼ਟਿ ਕਰਨ ਵਾਲੇ ਸਿੱਧ ਸਾਡੇ ਨਾਲੋਂ ਸੌ ਗੁਣਾ ਚੰਗੇ ਹਨ। ਮਹਾਨ ਵਿਅਕਤੀ ਨਾਲ ਸੰਵਾਦ ਕਰਨ ਵਾਲਾ ਵੀ ਮਹਾਨ ਹੀ ਬਣ ਜਾਂਦਾ ਹੈ। ਬਾਬੇ ਨਾਨਕ ਨੇ ਆਪਣੀਆਂ ਸਦੀਵੀ ਸਚਾਈ ਵਰਗੀਆਂ ਦਲੀਲਾਂ ਨਾਲ ਉਨ੍ਹਾਂ ਦੇ ਮੂਲ ਵਿਸ਼ਵਾਸ ਦਾ ਵੀ ਖੰਡਨ ਕੀਤਾ ਪਰ ਉਨ੍ਹਾਂ ਵਿਚਲੇ ਸੁਣਨ ਦੇ ਮਾਦੇ ਨੇ ਸੰਵਾਦ ਵਿਚਲੀ ਸੁਹਿਰਦਤਾ ਨੂੰ ਠੇਸ ਨਹੀਂ ਪੁੱਜਣ ਦਿੱਤੀ। ਸਿੱਧ ਜੋਗੀਆਂ ਨਾਲ ਹੋਏ ਗੋਸ਼ਟਿ ਨਾਲ ਸਬੰਧਤ ਕੋਈ ਹਵਾਲਾ ਅਜਿਹਾ ਨਹੀਂ ਮਿਲਦਾ ਹੈ ਕਿ ਬਾਬੇ ਤੇ ਸਿੱਧਾਂ ਵਿਚਕਾਰ ਤਿੱਖਾ ਤਕਰਾਰ ਹੋਇਆ ਹੋਵੇ ਜਾਂ ਨੌਬਤ ਲੜਾਈ-ਝਗੜੇ ਤੱਕ ਪਹੁੰਚ ਗਈ ਹੋਵੇ। ਦੋਵੇਂ ਪਾਸੇ ਅਸੀਂ ਕੁਝ ਸੁਣਨ ਤੇ ਦਲੀਲ ਨਾਲ ਉਸ ਦਾ ਜਵਾਬ ਦੇਣ ਦਾ ਧੀਰਜ ਇਸ ਹੱਦ ਤੱਕ ਗੁਆ ਚੁੱਕੇ ਹਾਂ ਕਿ ਸਾਡੀਆਂ ਭਾਵਨਾਵਾਂ ਹਰ ਵੇਲੇ ਭੜਕਣ ਨੂੰ ਤਿਆਰ ਰਹਿੰਦੀਆਂ ਹਨ। ਜਿਸ ਬਾਬੇ ਨੇ ਸਾਨੂੰ ਸੰਵਾਦ ਤੇ ਦਲੀਲ ਦੀ ਵਰਤੋਂ ਰਾਹੀਂ ਆਪਣੀਆਂ ਸਮੱਸਿਆਵਾਂ ਦਾ ਹੱਲ ਤਲਾਸ਼ ਕਰਨ ਦਾ ਰਾਹ ਵਿਖਾਇਆ ਹੈ, ਅਸੀਂ ਉਸ ਨੂੰ ਆਪਣਾ ਗੁਰੂ ਤਾਂ ਮੰਨਦੇ ਹਾਂ ਪਰ ਉਸ ਦੀ ਸਿੱਖਿਆ ਦੀ ਬਜਾਇ ਚਲਦੇ ਅਸੀਂ ਆਪਣੀ ਮਰਜ਼ੀ ਅਨੁਸਾਰ ਹੀ ਹਾਂ।
ਉਸ ਯੁਗ ਪੁਰਸ਼ ਤੇ ਜਗਤ ਬਾਬੇ ਦਾ ਰੁਤਬਾ ਕਰਾਮਾਤਾਂ ਵਿਖਾ ਕੇ ਹਾਸਲ ਨਹੀਂ ਕੀਤਾ, ਸਗੋਂ ਆਪਣੀਆਂ ਗਿਆਨ ਗੋਸ਼ਟੀਆਂ ਤੇ ਸੰਵਾਦ ਸਿਰਜਕ ਯੋਗਤਾ ਰਾਹੀਂ ਪ੍ਰਾਪਤ ਕੀਤਾ ਹੈ। ਜਿਹੜੇ ਬਾਬੇ ਅੰਦਰਲੀ ਸੱਚ ਦੀ ਤਾਕਤ ਬਾਬਰ ਵਰਗੇ ਸ਼ਕਤੀਸ਼ਾਲੀ ਬਾਦਸ਼ਾਹ ਨੂੰ 'ਸੀਂਹ' ਤੇ ਉਸ ਦੇ ਮੁਕੱਦਮਾਂ ਨੂੰ 'ਕੁੱਤੇ' ਕਹਿਣ ਦੀ ਜ਼ੁਰਅਤ ਰੱਖਦੀ ਹੈ ਤੇ ਉਸ ਦੇ ਹਮਲੇ ਨੂੰ ਬੇਖੌਫ ਹੋ ਕੇ 'ਪਾਪ ਕੀ ਜੰਨ' ਆਖਦੀ ਹੈ, ਉਸ ਸੱਚ ਦੇ ਮਾਲਕ ਬਾਬੇ ਨੂੰ ਭਲਾਂ ਕੀ ਲੋੜ ਹੈ ਕਰਾਮਤਾਂ ਵਿਖਾਉਣ ਦੀ! ਬਾਬੇ ਦੀ ਦਲੀਲ ਹੀ ਕਰਾਮਾਤ ਸੀ, ਜਿਸ ਨਾਲ ਉਸ ਨੇ ਬਾਬਰ ਵਰਗੇ ਬਾਦਸ਼ਾਹਾਂ ਤੇ ਮਲਕ ਭਾਗੋ ਵਰਗੇ ਧਨਾਢਾਂ ਨੂੰ ਪਸਤ ਕੀਤਾ। ਹਰਿਦਵਾਰ ਜਾ ਕੇ ਆਪਣੇ ਕਰਤਾਰਪੁਰ ਵਿਚਲੇ ਖੇਤਾਂ ਨੂੰ ਪਾਣੀ ਦੇਣ, ਤਰਕ ਆਧਾਰਿਤ ਦਲੀਲਾਂ ਨਾਲ ਜਨੇਊ ਪਾਉਣ ਤੋਂ ਇਨਕਾਰੀ ਹੋਣ ਤੇ ਨਕਲੀ ਆਰਤੀ ਦੀ ਥਾਂ ਅਸਲ ਤੇ ਕੁਦਰਤੀ ਆਰਤੀ ਦਾ ਸੰਕਲਪ ਉਸਾਰਣ ਵਰਗੀਆਂ ਅਨੇਕਾਂ ਉਦਾਹਰਨਾਂ ਹਨ, ਜਿਹੜੀਆਂ ਬਾਬੇ ਦੀ ਸੰਵਾਦ ਸਿਰਜਕ ਸ਼ਕਤੀ ਨੂੰ ਉਭਾਰ ਕੇ ਉਨ੍ਹਾਂ ਦੀ ਮਹਾਨ ਵਿਦਵਤਾ ਨੂੰ ਦਰਸਾਉਂਦੀਆਂ ਹਨ। ਸੂਰਜੀ ਪਰਿਵਾਰ ਦੀਆਂ ਜਿਨ੍ਹਾਂ ਬ੍ਰਹਿਮੰਡੀ ਧਰਤੀਆਂ ਦੀ ਖੋਜ ਅੱਜ ਵਿਗਿਆਨੀ ਕਰ ਰਹੇ ਹਨ, ਬਾਬੇ ਨਾਨਕ ਨੇ ਤਾਂ ਉਨ੍ਹਾਂ ਬਾਰੇ ਆਪਣੀ ਵਿਗਿਆਨਕ ਜਾਣਕਾਰੀ ਦਾ ਖੁਲਾਸਾ ਪੰਜ ਸੌ ਸਾਲ ਪਹਿਲਾਂ ਹੀ 'ਧਰਤੀ ਹੋਰ ਪਰੇ ਹੋਰ ਹੋਰ' ਕਹਿ ਕੇ ਕਰ ਦਿੱਤਾ ਸੀ। ਆਪਣੇ ਵਿਚਾਰਧਾਰਕ ਵਿਰੋਧੀਆਂ ਵਲੋਂ 'ਭੂਤਨਾ' ਤੇ 'ਬੋਤਾਲਾ' ਕਹਾ ਕੇ ਵੀ ਆਪਣੀ ਲੋਕ ਕਲਿਆਣਕਾਰੀ ਪੈਦਲ ਯਾਤਰਾ ਨੂੰ ਅਧੂਰਾ ਨਹੀਂ ਛੱਡਿਆ। ਜੇ ਅੱਜ ਵੀ ਬਾਬੇ ਦੀ ਗੋਸ਼ਟਿ ਪਰੰਪਰਾ ਨੂੰ ਸੱਚੇ ਦਿਲੋਂ ਸਤਿਕਾਰ ਦੇਈਏ ਤੇ ਉਸ ਦੀ ਬਾਣੀ ਦੇ ਅਸਲ ਅਰਥਾਂ ਤੱਕ ਪਹੁੰਚੀਏ ਤਾਂ ਸਾਨੂੰ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਤੇ ਨਾ ਕੋ ਸਿੱਖ ਵਿਖਾਈ ਦੇਵੇਗਾ, ਸਗੋਂ ਹਰ ਪਾਸੇ ਮਨੁੱਖ ਤੇ ਮਨੁੱਖਤਾ ਦਾ ਹੀ ਪਸਾਰਾ ਹੋ ਜਾਵੇਗਾ।
-ਕੱਕੜ ਕਾਟੇਜ਼, ਮਾਡਲ ਟਾਊਨ, ਬੋਹਾ।