ਇਹ ਰਾਜਨੀਤੀ ਸ਼ਾਸਤਰ ਦਾ ਇਕ ਸਿਧਾਂਤ ਹੀ ਬਣ ਗਿਆ ਹੈ ਕਿ ਗੱਦੀਓਂ ਲੱਥੇ ਆਗੂ ਜਾਂ ਪਾਰਟੀਆਂ ਅਗਲੀਆਂ ਚੋਣਾਂ ਤੱਕ ਕਿਸੇ ਨਾ ਕਿਸੇ ਗੱਲ ਨੂੰ ਮੁੱਦਾ ਬਣਾ ਕੇ ਰੌਲਾ ਪਾਉਂਦੇ ਹੀ ਰਹਿੰਦੇ ਹਨ। ਸ਼ਾਇਦ ਜੋ ਬਾਈਡਨ ਦੇ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਇਹ ਸਿਧਾਂਤ ਰਾਸ਼ਟਰਪਤੀ ਡੋਨਾਲਡ ਟਰੰਪ ਹੋਰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰ ਜਾਣ। ਵਿਸ਼ਵ ਦੀ ਮਹਾਂਸ਼ਕਤੀ ਅਮਰੀਕਾ ਦੇ ਇਤਿਹਾਸ ਵਿਚ ਪਿਛਲੇ ਚਾਰ ਸਾਲ ਦਾ ਸ਼ਾਸਨ ਕਾਲ ਸਭ ਤੋਂ ਨਿਵੇਕਲੀ ਕਿਸਮ ਦਾ ਮੰਨਿਆ ਜਾਂਦਾ ਰਹੇਗਾ ਕਿਉਂਕਿ ਚਾਰ ਵਰ੍ਹੇ ਰਾਜਭਾਗ ਚਲਾਉਣ ਵਾਲੇ ਰਾਸ਼ਟਰਪਤੀ ਆਪਣੀ ਕਾਰਜਸ਼ਾਲੀ ਤੇ ਸੁਭਾਅ ਕਰਕੇ ਬੇਹੱਦ ਚਰਚਿਤ ਰਹੇ ਤੇ ਕਈ ਤਰ੍ਹਾਂ ਦੀਆਂ ਫਿਕਰਮੰਦੀਆਂ ਵਿਸ਼ਵ ਦੇ ਰਾਜਨੀਤਕ ਮੰਚ 'ਤੇ ਉੱਭਰਦੀਆਂ ਰਹੀਆਂ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਉਪ ਰਾਸ਼ਟਰਪਤੀ ਰਹੇ ਤੇ ਚੋਖਾ ਸਮਾਂ ਰਾਜਭਾਗ ਚਲਾਉਣ ਦਾ ਤਜਰਬਾ ਰੱਖਣ ਵਾਲੇ ਜੋ ਬਾਈਡਨ ਦੀ ਜਿੱਤ ਨੂੰ ਭਾਵੇਂ ਅਮਰੀਕਾ ਲਈ ਚੁਣੌਤੀਆ ਭਰਪੂਰ ਮੰਨਿਆ ਜਾਵੇਗਾ ਪਰ ਇਸ ਜਿੱਤ ਨੂੰ ਦੁਨੀਆਂ ਦੇ ਮਹੱਤਵਪੂਰਨ ਦੇਸ਼ ਕਿਵੇਂ ਵੇਖਦੇ ਹਨ, ਸਰਸਰੀ ਜਿਹੀ ਨਜ਼ਰ ਮਾਰਦੇ ਹਾਂ।
ਈਰਾਨ ਦੇ ਪ੍ਰਮੁੱਖ ਨੇਤਾ ਸਯਦ ਅਲੀ ਖੁਮੈਨੀ ਨੇ ਸਿੱਧੇ ਰੂਪ ਵਿਚ ਬਾਈਡਨ ਜਾਂ ਟਰੰਪ ਦਾ ਜ਼ਿਕਰ ਨਹੀਂ ਕੀਤਾ ਪਰ ਈਰਾਨ ਦੇ ਉਪ ਰਾਸ਼ਟਰਪਤੀ ਇਸ਼ਾਕ ਜਹਾਂਗੀਰੀ ਨੇ ਕਿਹਾ ਹੈ ਕਿ ਸਾਨੂੰ ਆਸ ਹੈ ਕਿ ਅਮਰੀਕਾ ਆਪਣੀਆਂ ਨੀਤੀਆਂ ਵਿਚ ਵੱਡੀਆਂ ਤਬਦੀਲੀਆਂ ਕਰੇਗਾ। ਸਿਡਨੀ ਵਿਚ ਲੋਵੀ ਇੰਸਟੀਚਿਊਟ ਵਿਚ ਰਾਜਨੀਤਕ ਥਿੰਕ ਟੈਂਕ ਵਜੋਂ ਜਾਣੇ ਜਾਂਦੇ ਨਤਾਸਾ ਕਾਸਮ ਨੇ ਬਾਈਡਨ ਬਾਰੇ ਦਿਲਚਸਪ ਟਿੱਪਣੀ ਕੀਤੀ ਹੈ ਕਿ ਉਹ ਵੱਡੇ ਦਿਲ ਵਾਲਾ ਗਲੋਬਲਿਸਟ ਨੇਤਾ ਹੈ ਤੇ ਸਭ ਚੰਗਾ ਹੋਵੇਗਾ। ਜਰਮਨ ਦੇ ਇਕ ਪ੍ਰਮੁੱਖ ਮੈਗਜ਼ੀਨ ਨੇ ਪਹਿਲੇ ਪੰਨੇ 'ਤੇ ਥੱਕੇ ਹੋਏ ਟਰੰਪ ਨੂੰ ਓਵਲ ਦਫਤਰ ਵਿਚ ਰਾਈਫਲ ਤੇ ਬੈਰੀਕੇਡ ਫੜੀ ਦਿਖਾਇਆ ਜਿਸ ਦੇ ਪਿਛੋਕੜ ਵਿਚ ਬਾਈਡਨ ਦੇ ਮੁਸਕਰਾਉਂਦੇ ਦੀ ਤਸਵੀਰ ਹੈ। ਮੈਗਜ਼ੀਨ ਅਨੁਸਾਰ ਟਰੰਪ ਹਾਰ ਕੇ ਵੀ ਹਾਰ ਨਹੀਂ ਮੰਨ ਰਿਹਾ। ਬਰਤਾਨਵੀ ਅਖਬਾਰ ਗਾਰਡੀਅਨ ਨੇ ਕਿਹਾ ਹੈ ਕਿ ਟਰੰਪ ਹਕੀਕਤ ਵਿਰੁੱਧ ਲੜਦਾ ਰਿਹਾ ਹੈ ਅਤੇ ਉਸ ਦੀਆਂ ਜ਼ਿਆਦਤੀਆਂ ਨਾਲ ਖੋਖਲੇ ਹੋਏ ਅਮਰੀਕਾ ਦੀ ਭਰੋਸੇਯੋਗਤਾ ਹਾਸਲ ਕਰਨ 'ਚ ਬਾਈਡਨ ਸਫਲ ਹੋਣਗੇ। ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਆਪਣੇ ਟਵੀਟ 'ਚ ਅਮਰੀਕਾ ਦੀ ਤਾਜ਼ਾ ਰਾਜਨੀਤਕ ਸਥਿਤੀ 'ਤੇ ਟਿੱਪਣੀ ਕੀਤੀ ਹੈ ਕਿ ਅਮਰੀਕਾ ਸਭ ਤੋਂ ਵੱਡਾ ਸਾਡਾ ਸਹਿਯੋਗੀ ਹੈ ਤੇ ਜਲਵਾਯੂ ਤਬਦੀਲੀ ਨੂੰ ਲੈ ਕੇ ਵਪਾਰ ਤੱਕ ਸਾਰੀਆਂ ਸਾਂਝੀਆਂ ਤਰਜੀਹਾਂ 'ਤੇ ਚੰਗਾ ਕੰਮ ਹੋਣ ਦੀ ਆਸ ਰੱਖਦਾ ਹਾਂ। ਟਰੰਪ ਮਿਸਰ ਦੇ ਜਿਸ ਰਾਸ਼ਟਰਪਤੀ ਨੂੰ ਮਨਪਸੰਦ ਤਾਨਾਸ਼ਾਹ ਆਖਦਾ ਸੀ, ਨੇ ਵੀ ਬਾਈਡਨ ਨੂੰ ਵਧਾਈ ਦਿੰਦਿਆਂ ਚੰਗੀ ਸ਼ੁਰੂਆਤ ਦੀ ਕਾਮਨਾ ਕੀਤੀ ਹੈ। ਫਿਜ਼ੀ ਦੇ ਪ੍ਰਧਾਨ ਮੰਤਰੀ ਫਰੈਂਕ ਬੈਨੀਮਾਰਾਮਾ ਨੇ ਟਵੀਟ ਕੀਤਾ ਹੈ ਕਿ ਲੜਖੜਾ ਰਹੀ ਵਿਸ਼ਵ ਆਰਥਿਕ ਵਿਵਸਥਾ ਤੇ ਤਪਸ਼ ਦਾ ਟਾਕਰਾ ਕਰਨ ਲਈ ਬਾਈਡਨ ਚੰਗਾ ਕੰਮ ਕਰ ਸਕਦੇ ਹਨ। ਉਧਰ ਜਿਉਂ ਹੀ ਅਮਰੀਕੀ ਮੀਡੀਏ ਨੇ ਜੋ ਬਾਈਡਨ ਨੂੰ ਜੇਤੂ ਐਲਾਨਿਆ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਫਰਾਂਸ ਦੇ ਰਾਸ਼ਟਰਪਤੀ ਤੋਂ ਲੈ ਕੇ ਜ਼ਿੰਮਬਾਵੇ, ਯੂਕਰੇਨ, ਨਾਈਜੀਰੀਆ ਨੇ ਬਾਈਡਨ ਨਾਲ ਕੰਮ ਕਰਨ ਲਈ ਉਤਸ਼ਾਹ ਵਿਖਾਉਂਦਿਆਂ ਨਵਾਂ ਇਤਿਹਾਸ ਸਿਰਜਣ ਲਈ ਅਮਰੀਕਾ ਦੀਆਂ ਬਦਲਦੀਆਂ ਨੀਤੀਆਂ 'ਤੇ ਸੁਧਾਰਾਂ ਦੀ ਵੱਡੀ ਇੱਛਾ ਜ਼ਾਹਰ ਕੀਤੀ ਹੈ। ਪੈਰਿਸ ਦੇ ਮੇਅਰ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ 'ਵੈੱਲਕਮ ਬੈਕ ਅਮਰੀਕਾ'। ਅਸਲ ਵਿਚ ਲੋਕਾਂ ਨੂੰ ਉਮੀਦ ਹੈ ਕਿ ਅਮਰੀਕਾ ਦੀ ਪਹਿਲੀ ਹਰਮਨ-ਪਿਆਰਤਾ ਬਹਾਲ ਹੋਵੇਗੀ ਤੇ ਗਲੋਬਲ ਲੀਡਰਸ਼ਿਪ ਦੇ ਯੁੱਗ ਅਤੇ ਸਾਰੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਨਵੇਂ ਰਾਹ ਪੈਦਾ ਹੋਣਗੇ। ਜਰਮਨ ਦੇ ਵਿਦੇਸ਼ ਮੰਤਰੀ ਹੋਕੇ ਮਾਸ ਨੇ ਬਾਈਡਨ ਦੀ ਜਿੱਤ ਨੂੰ ਨਵੀਂ ਸ਼ੁਰੂਆਤ ਅਤੇ ਨਵਾਂ ਸਹਿਯੋਗ ਦੱਸਿਆ ਹੈ। ਅਸਲ ਵਿਚ ਜੋ ਬਾਈਡਨ ਦੇ ਰਾਸ਼ਟਰਪਤੀ ਚੁਣੇ ਜਾਣ ਨੂੰ ਵਿਸ਼ਵ ਇਕ ਨਵੇਂ ਅਧਿਆਇ ਵਜੋਂ ਵੇਖ ਰਿਹਾ ਹੈ ਅਤੇ ਭਾਰਤੀ ਮੂਲ ਦੀ ਚੁਣੀ ਗਈ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਦੱਖਣੀ ਭਾਰਤ ਵਿਚ ਨਾਨਕਿਆਂ ਦੀ ਧਰਤੀ 'ਤੇ ਦੀਵਾਲੀ ਤੋਂ ਪਹਿਲਾਂ ਦੀਵਾਲੀ ਵਰਗਾ ਜਸ਼ਨ ਵੇਖਣ ਨੂੰ ਮਿਲ ਰਿਹਾ ਹੈ। ਮਹੱਤਵਪੂਰਨ ਪਹਿਲੂ ਇਹ ਵੀ ਕਿ ਜਿਨ੍ਹਾਂ ਹਾਲਾਤ ਵਿਚ ਜੋ ਬਾਈਡਨ ਅਮਰੀਕਾ ਦੇ ਰਾਸ਼ਟਰਪਤੀ ਬਣੇ ਹਨ, ਉਹ ਹਾਲਾਤ ਉਸ ਦੀ ਰਾਜਨੀਤਕ ਕੁਸ਼ਲਤਾ, ਰਾਜਭਾਗ ਦੇ ਤਜਰਬੇ ਦੀ ਪ੍ਰੀਖਿਆ ਤਾਂ ਲੈਣਗੇ ਹੀ ਸਗੋਂ ਇਹ ਸਭ ਤੋਂ ਵੱਧ 78 ਸਾਲਾ ਰਾਸ਼ਟਰਪਤੀ ਲਈ ਚੁਣੌਤੀਆਂ ਦਾ ਸਮਾਂ ਵੀ ਹੋਵੇਗਾ। ਡੋਨਾਲਡ ਟਰੰਪ ਦੀ ਹਾਰ 'ਚ ਇਕ ਪ੍ਰਮੁੱਖ ਕਾਰਨ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ 'ਚ ਅਸਫਲ ਰਹਿਣਾ ਮੰਨਿਆ ਜਾ ਰਿਹਾ ਹੈ ਤੇ ਇਹ ਚੁਣੌਤੀ ਬਾਈਡਨ ਲਈ ਵੀ ਜਿਉਂ ਦੀ ਤਿਉਂ ਬਰਕਰਾਰ ਹੈ। ਇੰਡੀਅਨ ਐਪਲਸ ਯੂਨੀਵਰਸਿਟੀ ਵਿਚ ਰਾਜਨੀਤੀ ਸ਼ਾਸਤਰ ਦੀ ਸਹਾਇਕ ਪ੍ਰੋਫੈਸਰ ਲੋਰਾ ਮੈਰੀਫੀਲਡ ਵਿਲਸਨ ਨੇ ਇਸੇ ਮਹਾਂਮਾਰੀ ਨੂੰ ਇਨ੍ਹਾਂ ਚੋਣਾਂ ਦਾ ਸਭ ਤੋਂ ਵੱਡਾ ਮੁੱਦਾ ਕਿਹਾ ਸੀ। ਨਵੰਬਰ ਦੇ ਪਹਿਲੇ ਹਫ਼ਤੇ ਤੱਕ ਅਮਰੀਕਾ 'ਚ 230,000 ਲੋਕ ਇਸ ਵਾਇਰਸ ਕਾਰਨ ਮੌਤ ਦੇ ਮੂੰਹ 'ਚ ਜਾ ਪਏ ਹਨ ਤੇ ਮਰੀਜ਼ਾਂ ਦੀ ਗਿਣਤੀ 90 ਲੱਖ ਤੋਂ ਵੀ ਵੱਧ ਸੀ। ਆਪ ਇਸ ਵਾਇਰਸ ਨਾਲ ਪੀੜਤ ਹੋਣ ਵਾਲੇ ਟਰੰਪ ਪਰਿਵਾਰ ਨੇ ਮਾਸਕ ਉਦੋਂ ਹੀ ਪਹਿਨਿਆ ਸੀ ਜਦੋਂ ਬੇਵਸੀ ਹੋ ਗਈ ਸੀ। ਇਹ ਮਹਾਂਮਾਰੀ ਨਾ ਸਿਰਫ਼ ਅਮਰੀਕਾ ਦੇ ਗਲ ਨੂੰ ਹੋਰ ਚੜ੍ਹਦੀ ਜਾ ਰਹੀ ਹੈ ਸਗੋਂ ਦਰਜਨਾਂ ਵਾਰ ਕੋਵਿਡ-19 ਟੀਕੇ ਦਾ ਚੋਣਾਂ ਤੋਂ ਪਹਿਲਾਂ ਆਉਣ ਦਾ ਐਲਾਨ ਕਰਨ ਵਾਲਾ ਟਰੰਪ ਆਪ ਤਾਂ ਰਾਜਭਾਗ ਤੋਂ ਚਲਾ ਗਿਆ ਪਰ ਟੀਕਾ ਨਾ ਆ ਸਕਿਆ। ਇਸ ਵਾਇਰਸ ਨੂੰ 'ਐਵੇਂ ਕੁਝ ਨਹੀਂ' ਕਹਿਣ ਵਾਲੇ ਟਰੰਪ ਨੇ ਇਸ ਮਹਾਂਮਾਰੀ ਦੇ ਪਸਾਰ 'ਤੇ ਕਈ ਪਹਿਲੂਆਂ 'ਚ ਲਾਪ੍ਰਵਾਹੀ ਵਰਤੀ ਬਾਈਡਨ ਲਈ ਡਰਾਉਣੇ ਹਾਲਾਤ ਛੱਡੇ ਹਨ। ਬਾਈਡਨ ਇਹ ਸਥਿਤੀ ਵੈਕਸੀਨ ਨਾਲ ਕਾਬੂ ਕਰਦੇ ਹਨ ਜਾਂ ਕੋਈ ਹੋਰ ਰਣਨੀਤੀ ਅਪਣਾਉਂਦੇ ਹਨ, ਚੜ੍ਹਦੇ ਵਰ੍ਹੇ ਉਨ੍ਹਾਂ ਦਾ ਰਾਜਭਾਗ ਸਾਂਭਣ ਤੋਂ ਬਾਅਦ ਜਵਾਬ ਮਿਲੇਗਾ। ਨਿਊਯਾਰਕ ਦੀ ਕੋਲੰਬੀਆ ਯੂਨੀਵਰਸਿਟੀ ਦੇ ਮੈਡੀਕਲ ਸੈਂਟਰ ਦੇ ਸਹਾਇਕ ਪ੍ਰੋਫੈਸਰ ਡਾ. ਅਸ਼ਵਿਨ ਵਾਸਨ ਨੇ ਕਿਹਾ ਹੈ ਕਿ ਇਹ ਚੋਣਾਂ ਅਮਰੀਕੀਆਂ ਦੀਆਂ ਚਿੰਤਾਵਾਂ ਦਾ ਫਤਵਾ ਹਨ। ਬਾਈਡਨ ਦਾ ਇਹ ਪ੍ਰੋਬੇਸ਼ਨ ਪੀਰੀਅਡ ਹੋਵੇਗਾ। ਜੋ ਬਾਈਡਨ ਲਈ ਸਿਹਤ ਸੰਭਾਲ ਦਾ ਮੁੱਦਾ ਵੀ ਅਹਿਮ ਹੋਵੇਗਾ।
ਅਮਰੀਕਾ ਆਪਣੀ ਜਿਸ ਆਰਥਿਕਤਾ ਕਰਕੇ ਵਿਸ਼ਵ ਦੀ ਵੱਡੀ ਤਾਕਤ ਕਹਾਉਂਦਾ ਹੈ, ਇਸ ਤਾਕਤ ਨੂੰ ਸਥਿਰ ਰੱਖਣਾ ਜੋ ਬਾਈਡਨ ਲਈ ਬਹੁਤ ਔਖਾ ਅਤੇ ਵੱਕਾਰੀ ਵੀ ਹੋਵੇਗਾ। ਮੰਨਣਾ ਪਵੇਗਾ ਕਿ ਡੋਨਾਲਡ ਟਰੰਪ ਨੇ ਆਪਣੇ ਸ਼ਾਸਨ ਦੇ ਪਹਿਲੇ ਤਿੰਨ ਸਾਲ ਮਜ਼ਬੂਤ ਤੇ ਸਿਹਤਮੰਦ ਆਰਥਿਕਤਾ ਦਾ ਰਿਕਾਰਡ ਪੈਦਾ ਕੀਤਾ ਪਰ ਕੋਰੋਨਾ ਵਾਇਰਸ ਕਰਕੇ ਜਦੋਂ ਮਾਰਚ ਮਹੀਨੇ ਵਿਚ ਤਾਲਾਬੰਦੀ ਹੋਈ ਤਾਂ ਛੋਟੇ ਕਾਰੋਬਾਰਾਂ ਨੂੰ ਪੂਰੇ ਦੇਸ਼ ਵਿਚ ਬੰਦ ਕਰਨਾ ਪਿਆ। ਅਪ੍ਰੈਲ ਦੇ ਪਹਿਲੇ ਅੱਧ ਤੱਕ ਹੀ ਕਰੀਬ ਸਵਾ ਦੋ ਕਰੋੜ ਲੋਕ ਨੌਕਰੀਆਂ ਤੋਂ ਵਾਂਝੇ ਹੋ ਗਏ ਸਨ। ਮਜ਼ਬੂਤ ਆਰਥਿਕ ਵਿਵਸਥਾ ਸਿਰਜਣ ਵਾਲੇ ਟਰੰਪ ਦੇ ਹੁੰਦਿਆਂ ਹੀ ਲੇਬਰ ਸਟੈਟਿਕਟਸ ਬਿਓਰੋ ਅਨੁਸਾਰ ਬੇਰੁਜ਼ਗਾਰੀ 3.5 ਤੋਂ ਵਧ ਕੇ 15 ਫੀਸਦੀ ਦੇ ਨੇੜੇ ਪੁੱਜ ਗਈ। ਕੋਰੋਨਾ ਵਾਇਰਸ ਨਾਲ ਟਰੈਕ ਤੋਂ ਲੱਥੀ ਆਰਥਿਕਤਾ ਨੂੰ ਲੀਹੇ ਪਾਉਣਾ ਬਾਈਡਨ ਲਈ ਸੌਖਾ ਨਹੀਂ ਹੋਵੇਗਾ। ਰੀਅਲ ਅਸਟੇਟ ਸਮੇਤ ਸਭ ਕੁਝ ਹੇਠਾਂ ਆ ਸਕਦਾ ਹੈ। ਜੋ ਬਾਈਡਨ ਇਨ੍ਹਾਂ ਹਾਲਾਤ ਲਈ ਟਰੰਪ ਤੇ ਉਸ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ ਤੇ ਉਹ 'ਬਿਲਡ ਬੈਕ ਬੈਟਰ ਅਮੈਰਿਕਾ' ਯੋਜਨਾ ਨਾਲ ਸਭ ਕੁਝ ਲੀਹੇ ਲੈ ਕੇ ਆਉਣ ਦੀ ਗੱਲ ਆਪਣੇ ਭਾਸ਼ਨਾਂ ਵਿਚ ਕਰਦਾ ਰਿਹਾ ਹੈ। ਫਿਲਹਾਲ ਇਹ ਸਭ ਕੁਝ ਬਾਈਡਨ ਲਈ ਸੁਖਾਲਾ ਨਹੀਂ ਸਗੋਂ ਅੱਤ ਚੁਣੌਤੀ ਭਰਪੂਰ ਵੀ ਹੈ।
ਟਰੰਪ ਦੀਆਂ ਨੀਤੀਆਂ, ਫ਼ੈਸਲਿਆਂ ਕਾਰਨ ਨਸਲੀ ਵਰਤਾਰੇ ਤੋਂ ਚਿੰਤਤ ਅਮਰੀਕੀ ਲੋਕ ਹੁਣ ਇਹ ਆਖਦੇ ਹਨ ਕਿ ਬਾਈਡਨ ਦੇ ਆਉਣ ਨਾਲ ਇਤਫਾਕ ਵਧੇਗਾ, ਨਸਲੀ ਭਿੰਨ-ਭੇਦ ਮਿਟੇਗਾ, ਘੱਟ ਗਿਣਤੀਆਂ ਅੰਦਰ ਸੁਰੱਖਿਅਤ ਭਾਵਨਾ ਪੈਦਾ ਹੋਵੇਗੀ ਅਤੇ ਅਮਰੀਕਾ ਜਿਨ੍ਹਾਂ ਗੁਣਾਂ ਕਰਕੇ ਅਮਰੀਕਾ ਹੈ, ਉਹ ਮੁੜ ਵਿਕਸਿਤ ਹੋਣਗੇ। ਅਸਲ ਵਿਚ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ 'ਬਲੈਕ ਲਾਈਵਜ਼ ਮੈਟਰ' ਲਹਿਰ ਨੇ ਵੀ ਟਰੰਪ ਵਿਰੋਧੀ ਵੋਟ ਨੂੰ ਹੁਲਾਰਾ ਦਿੱਤਾ ਸੀ, ਲੋਕ ਇਹ ਵੀ ਸਮਝਦੇ ਸਨ ਕਿ ਟਰੰਪ ਦੀ ਮਾਨਸਿਕਤਾ ਵੀ ਨਸਲੀ ਭਿੰਨ-ਭੇਦ ਨੂੰ ਹੋਰ ਵਧਾਉਣ ਵਾਲੀ ਹੈ। ਫਲਾਇਡ ਦੀ ਹੱਤਿਆ ਤੋਂ ਬਾਅਦ ਸਹਿਮੇ ਘੱਟ ਗਿਣਤੀ ਲੋਕਾਂ ਦੇ ਮਨੋਬਲ ਨੂੰ ਮੁੜ ਪਹਿਲੀ ਥਾਂ ਲਿਆਉਣ ਲਈ ਬਾਈਡਨ ਦੀ ਵੱਡੀ ਜ਼ਿੰਮੇਵਾਰੀ ਹੋਵੇਗੀ। ਅਜਿਹਾ ਭਾਵੇਂ ਵਾਪਰਿਆ ਕੁਝ ਨਾ ਹੋਵੇ ਪਰ ਅਮਰੀਕਾ ਦਾ ਖੁਫ਼ੀਆ ਤੰਤਰ ਇਹ ਚਿੰਤਾ ਜ਼ਾਹਰ ਕਰਦਾ ਆ ਰਿਹਾ ਹੈ ਕਿ ਭੰਨਤੋੜ ਤੇ ਹਿੰਸਾ ਦੇਸ਼ ਦੇ ਕਈ ਹਿੱਸਿਆਂ ਵਿਚ ਫੈਲ ਸਕਦੀ ਹੈ। ਅਜਿਹੀ ਮਾਨਸਿਕ ਦਸ਼ਾ ਨੂੰ 'ਗਰੇਟ ਅਮਰਿਕਾ' ਦੇ ਸਿਧਾਂਤ ਤੇ ਸੋਚ ਨੂੰ ਬਣਾਉਣ ਲਈ ਮਨਫ਼ੀ ਸਥਾਈ ਤੌਰ 'ਤੇ ਮਨਫੀ ਕਰਨਾ ਹੋਵੇਗਾ ਕਿਉਂਕਿ ਫਲਾਇਡ ਦੀ ਮੌਤ ਪਿੱਛੋਂ ਹੋਈ ਭੰਨ-ਤੋੜ, ਹਿੰਸਾ, ਨਫ਼ਤਰ ਤੇ ਸੜਕਾਂ 'ਤੇ ਖਿੱਲਰੀ ਅਮਨ ਕਾਨੂੰਨ ਦੀ ਵਿਵਸਥਾ ਲੋਕਾਂ ਨੂੰ ਭੁੱਲੀ ਨਹੀਂ।
ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਵਿਦੇਸ਼ੀ ਨੀਤੀਆਂ ਦੀ ਘੋਖ ਜੋ ਬਾਈਡਨ ਨੂੰ ਬਹੁਤ ਬਾਰੀਕੀ ਨਾਲ ਅਤੇ ਗੰਭੀਰਤਾ ਨਾਲ ਕਰਨੀ ਪਵੇਗੀ। ਟਰੰਪ ਦੀ ਜਿਨ੍ਹਾਂ ਗੱਲਾਂ ਕਰਕੇ ਪ੍ਰਸੰਸਾ ਤੇ ਵਡਿਆਈ ਹੁੰਦੀ ਰਹੀ ਹੈ, ਉਨ੍ਹਾਂ ਵਿਚ ਪ੍ਰਮੁੱਖ ਇਹ ਵੀ ਹੈ ਕਿ ਬਰਾਕ ਓਬਾਮਾ ਜਿਸ ਅਫਗਾਨਿਸਤਾਨ 'ਚ ਸ਼ਾਂਤੀ ਲਈ ਇਕ ਸਦੀ ਦਾ ਸਮਾਂ ਮੰਗਦੇ ਸਨ, ਉਸ ਨੂੰ ਟਰੰਪ ਨੇ ਤਾਲਿਬਾਨ ਅਤੇ ਅਫ਼ਗਾਨਿਸਤਾਨ ਸਰਕਾਰ ਵਿਚਾਲੇ ਦੋਹਾ ਸਮਝੌਤੇ ਨਾਲ ਲੀਹੇ ਪਾ ਦਿੱਤਾ ਹੈ। ਅਮਰੀਕਾ ਦੇ ਕੱਟੜ ਵਿਰੋਧੀ ਤਾਲਿਬਾਨ ਇਸੇ ਕਰਕੇ ਉਸ ਲਈ ਦੁਆਵਾਂ ਕਰ ਰਹੇ ਸਨ। ਸੀਰੀਆ, ਈਰਾਨ, ਅਫ਼ਗਾਨਿਸਤਾਨ ਅਤੇ ਇਰਾਕ 'ਚ ਅਮਰੀਕੀ ਫੌਜਾਂ ਦੀ ਨਫਰੀ ਨਾਮਾਤਰ ਰਹਿ ਗਈ ਹੈ। ਹਾਲਾਂਕਿ ਪਹਿਲੇ ਰਿਪਬਲਿਕਨ ਰਾਸ਼ਟਰਪਤੀਆਂ ਨੂੰ ਲੜਾਈਆਂ ਲੜਨ ਵਾਲੇ ਵੀ ਕਿਹਾ ਜਾ ਸਕਦਾ ਹੈ ਪਰ ਟਰੰਪ ਨੇ ਮਹੌਲ ਨੂੰ ਸੁਖਾਵਾਂ ਬਣਾਇਆ ਹੈ। ਉੱਤਰੀ ਕੋਰੀਆ ਤੇ ਅਮਰੀਕਾ, ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਵੇਲੇ ਆਹਮੋ ਸਾਹਮਣੇ ਸਨ, ਭਾਵੇਂ ਕਿਮ ਜੌਂਗ ਉੱਤਰੀ ਕੋਰੀਆ ਲਈ ਬੈਲਿਸਟਿਕ ਮਿਜ਼ਾਈਲਾਂ ਦਾ ਪ੍ਰੀਖਣ ਤਾਂ ਅਜੇ ਵੀ ਕਰ ਰਿਹਾ ਹੈ ਪਰ ਤਣਾਓ ਘੱਟ ਹੈ। ਹੁਣ ਬਾਈਡਨ ਅਫ਼ਗਾਨਿਸਤਾਨ ਤੇ ਉੱਤਰੀ ਕੋਰੀਆ ਦੀ ਸਥਿਤੀ ਨਾਲ ਕਿਵੇਂ ਨਿਪਟਦੇ ਹਨ, ਇਹ ਮਹੱਤਵਪੂਰਨ ਤੇ ਅਹਿਮ ਹੋਵੇਗਾ। ਉਧਰ ਟਰੰਪ ਦੇ ਸਮਰਥਕ ਇਹ ਆਖਦੇ ਹਨ ਕਿ ਪੂਰੀ ਦੁਨੀਆ ਦੀ ਆਰਥਿਕਤਾ ਨੂੰ ਵੁਹਾਨ ਤੋਂ ਵਾਇਰਸ ਛੱਡ ਕੇ ਤਬਾਹ ਕਰਨ ਵਾਲੇ ਚੀਨ ਨਾਲ ਬਾਈਡਨ ਟਰੰਪ ਵਾਂਗ ਸਖਤ ਰੁਖ ਨਹੀਂ ਅਪਣਾ ਸਕੇਗਾ। ਆਪਣੇ ਆਪ ਨੂੰ ਸੁਪਰ ਪਾਵਰ ਸਮਝਣ ਵਾਲਾ ਤੇ ਭਾਰਤ ਸਮੇਤ ਅਨੇਕਾਂ ਦੇਸ਼ਾਂ ਨੂੰ ਅੱਖਾਂ ਵਿਖਾਉਣ ਵਾਲੇ ਚੀਨ ਨੂੰ ਬਾਈਡਨ ਨੂੰ ਟਰੰਪ ਵਾਂਗ ਆੜੇ ਹੱਥੀਂ ਲੈਣਾ ਪਵੇਗਾ। 'ਮੇਡ ਇਨ ਅਮੈਰਿਕਾ' ਪ੍ਰੋਡਕਟ ਦਾ ਸਮਰਥਨ ਬਾਈਡਨ ਕਿੰਨਾ ਕੁ ਕਰੇਗਾ, ਇਹ ਵੀ ਵੇਖਣਾ ਹੋਵੇਗਾ। ਅਸਲ ਵਿਚ ਕੋਰੋਨਾ ਨੂੰ ਚੀਨੀ ਵਾਇਰਸ ਕਹਿ ਕੇ ਭੰਡਣ ਵਾਲੇ ਟਰੰਪ ਵਾਂਗ ਚੀਨ ਨਾਲ ਕਿਵੇਂ ਨਿਪਟਣਾ ਹੈ, ਬਾਈਡਨ ਲਈ ਇਹ ਵੀ ਸਭ ਤੋਂ ਮਹੱਤਵਪੂਰਨ ਹੈ।
ਵਿਸ਼ਵ ਸਿਹਤ ਸੰਗਠਨ ਨੂੰ ਆਰਥਿਕ ਮਦਦ ਰੋਕਣ ਪਿੱਛੋਂ ਹਰ ਤਰ੍ਹਾਂ ਦਾ ਨਾਤਾ ਤੋੜ ਚੁੱਕੇ ਅਮਰੀਕਾ ਦੇ ਸਬੰਧ ਮੁੜ ਤੋਂ ਬਹਾਲ ਹੋ ਸਕਦੇ ਹਨ? ਫੰਡ ਦਿੱਤੇ ਜਾ ਸਕਦੇ ਹਨ? ਬਾਈਡਨ ਨੇ ਆਉਂਦਿਆਂ ਹੀ ਜਿਸ ਤਰ੍ਹਾਂ ਦਾ ਪ੍ਰਤੀਕਰਮ ਦਿੱਤਾ ਹੈ, ਉਹ ਹਾਂ-ਪੱਖੀ ਹੈ ਅਤੇ ਟਰੰਪ ਵਲੋਂ ਡਬਲਯੂ.ਐੱਚ.ਓ. ਨੂੰ ਚੀਨ ਦੇ ਹੱਥਾਂ ਵਿਚ ਖੇਡਣ ਵਾਲਾ ਕਹਿ ਕੇ ਭੰਡਣ ਤੋਂ ਬਾਅਦ ਹੁਣ ਦੇ ਬਾਈਡਨ ਕੀ ਕਰਦੇ ਹਨ, ਵਿਸ਼ਵ ਦੀ ਨਜ਼ਰ ਇਸ 'ਤੇ ਰਹੇਗੀ। ਜਿਸ ਫਰਾਂਸ ਜਲਵਾਯੂ ਸਮਝੌਤੇ ਤੋਂ ਡੋਨਾਲਡ ਟਰੰਪ ਨੇ ਹੱਥ ਖਿੱਚੇ ਸਨ ਤੇ ਜਿਹੜਾ ਪੈਰਿਸ 'ਵੈਲਕਮ ਬੈਕ ਅਮਰੀਕਾ' ਕਹਿ ਰਿਹਾ ਹੈ, ਉਹ ਆਸਵੰਦ ਹੈ ਕਿ ਅਮਰੀਕਾ ਇਸ ਜਲਵਾਯੂ ਸਮਝੌਤੇ ਦਾ ਹਿੱਸਾ ਬਣੇਗਾ। ਬਾਈਡਨ ਦੀ ਇਹ ਨੀਤੀ ਵੀ ਇਕ ਪ੍ਰੀਖਿਆ ਤੋਂ ਘੱਟ ਨਹੀਂ ਹੋਵੇਗੀ।
ਜੋ ਬਾਈਡਨ - ਸੰਖੇਪ ਜੀਵਨ ਵੇਰਵਾ
ਅਮਰੀਕਾ ਦੇ 46ਵੇਂ ਰਾਸ਼ਟਰਪਤੀ ਜੋ ਬਾਈਡਨ ਪੈਨਸਿਲਵੇਨੀਆ ਦੇ ਸ਼ਹਿਰ ਸਕਰਾਂਟਨ ਵਿਚ 20 ਨਵੰਬਰ, 1942 ਨੂੰ ਪੈਦਾ ਹੋਇਆ ਤੇ ਉਸ ਦਾ ਬਾਪ ਭੱਠਿਆਂ ਦੀ ਸਫਾਈ ਅਤੇ ਵਰਤੀਆਂ ਹੋਈਆਂ ਕਾਰਾਂ ਦੀ ਮੁੜ ਵਿੱਕਰੀ ਕਰਨ ਵਾਲੀ ਕੰਪਨੀ ਦਾ ਸੇਲਜ਼ਮੈਨ ਸੀ। 1955 ਵਿਚ ਉਸ ਦਾ ਪਰਿਵਾਰ ਡੈਲਾਵੇਅਰ ਚਲਾ ਗਿਆ। ਇੱਥੇ ਉਸ ਯੂਨੀਵਰਸਿਟੀ ਵਿਚ ਰਾਜਨੀਤੀ ਅਤੇ ਇਤਿਹਾਸ ਦੀ ਪੜ੍ਹਾਈ ਕੀਤੀ। ਫੁੱਟਬਾਲ ਖੇਡਿਆ, 1965 'ਚ ਗਰੈਜੂਏਸ਼ਨ ਤੋਂ ਬਾਅਦ ਉਸ ਨੇ ਅਗਲੇ ਸਾਲ ਨੀਲਾ ਹੰਟਰ ਨਾਲ ਵਿਆਹ ਕਰਵਾ ਲਿਆ। 1970 ਵਿਚ ਡੈਮੋਕਰੇਟਿਕ ਪਾਰਟੀ ਦਾ ਮੈਂਬਰ ਬਣਨ ਵੇਲੇ ਉਸ ਨੇ ਲਾਅ ਦੀ ਪੜ੍ਹਾਈ ਮੁਕੰਮਲ ਕਰ ਲਈ ਸੀ। 1972 ਵਿਚ ਜਦੋਂ ਉਸ ਦੀ ਪਤਨੀ ਤੇ ਧੀ ਦੀ ਇਕ ਹਾਦਸੇ 'ਚ ਮੌਤ ਹੋ ਗਈ ਤਾਂ ਉਹ ਟੁੱਟ ਗਿਆ ਪਰ ਇਸੇ ਵਰ੍ਹੇ ਹੀ 29 ਸਾਲਾਂ ਦੀ ਉਮਰ ਵਿਚ ਉਹ ਅਮਰੀਕਾ ਦੇ ਰਾਜਨੀਤਕ ਇਤਿਹਾਸ ਵਿਚ ਸਭ ਤੋਂ ਛੋਟਾ ਅਤੇ ਡੈਲਾਵੇਅਰ ਦਾ ਸਭ ਤੋਂ ਲੰਬਾ ਸਮਾਂ ਸੇਵਾ ਨਿਭਾਉਣ ਵਾਲਾ ਸੈਨੇਟਰ ਬਣਿਆ। ਬਾਈਡਨ ਦੀ ਦੂਜੀ ਪਤਨੀ ਜਿਲ ਬਾਈਡਨ ਹੈ ਜਿਸ ਨਾਲ ਉਸ ਦੀ ਸ਼ਾਦੀ 1977 ਵਿਚ ਹੋਈ ਤੇ 1981 ਵਿਚ ਉਨ੍ਹਾਂ ਦੇ ਘਰ ਇਕ ਧੀ ਨੇ ਜਨਮ ਲਿਆ। 1915 ਵਿਚ ਉਹਦੇ 46 ਸਾਲਾ ਪੁੱਤਰ ਦੀ ਮੌਤ ਹੋਈ ਤਾਂ ਉਹ ਇਕ ਵਾਰ ਫਿਰ ਓਦਰ ਗਿਆ। 20 ਜਨਵਰੀ, 2009 ਨੂੰ ਉਸ ਨੇ ਬਰਾਕ ਓਬਾਮਾ ਨਾਲ 47ਵੇਂ ਉਪ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਅਤੇ 2012 'ਚ ਉਹ ਦੁਬਾਰਾ ਚੁਣਿਆ ਗਿਆ। ਬਾਈਡਨ ਨੇ ਕਿਹਾ ਸੀ ਕਿ 2016 'ਚ ਉਹ ਹੁੰਦਾ ਤਾਂ ਰਾਸ਼ਟਰਪਤੀ ਦੀ ਚੋਣ ਆਸਾਨੀ ਨਾਲ ਜਿੱਤ ਸਕਦਾ ਸੀ। 25 ਅਕਤੂਬਰ, 2019 ਨੂੰ ਉਸ ਨੇ ਰਾਸ਼ਟਰਪਤੀ ਦੀ ਚੋਣ ਲੜਨ ਦਾ ਐਲਾਨ ਕੀਤਾ ਅਤੇ 11 ਅਗਸਤ, 2020 ਨੂੰ ਉਪ ਰਾਸ਼ਟਰਪਤੀ ਐਲਾਨਿਆ ਤੇ 20 ਜਨਵਰੀ, 2021 ਨੂੰ ਉਹ ਅਮਰੀਕਾ ਦੇ 46ਵੇਂ ਰਾਸ਼ਟਪਤੀ ਵਜੋਂ ਹਲਫ ਲਵੇਗਾ।
ਦੁਨੀਆ ਦੀ ਮਹਾਂਸ਼ਕਤੀ ਵੱਲ ਵੇਖਦੇ ਵਿਸ਼ਵ ਨੂੰ ਜੋ ਬਾਈਡਨ ਤੋਂ ਬੜੀਆਂ ਉਮੀਦਾਂ ਨੇ ਕਿਉਂਕਿ ਵਿਸ਼ਵ ਸ਼ਾਂਤੀ ਚਾਹੁੰਦੈ ਤੇ ਕੋਰੋਨਾ ਵਾਇਰਸ ਨਾਲ ਓਦਰਿਆ ਪਿਆ ਤੇ ਅਜਿਹੇ ਮੌਕੇ ਜੋ ਬਾਈਡਨ ਦੀ ਭੂਮਿਕਾ ਨੂੰ ਬਹੁਤ ਨੇੜੇ ਤੋਂ ਵੇਖਿਆ ਜਾਵੇਗਾ।
ਜੋ ਬਾਈਡਨ ਤੇ ਕਮਲਾ ਹੈਰਿਸ ਦੀ ਭਾਵੁਕ ਤਕਰੀਰ
ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਨੇ ਜਿੱਤ ਤੋਂ ਬਾਅਦ ਆਪਣੀ ਪਹਿਲੀ ਤੇ ਪ੍ਰਭਾਵਸ਼ਾਲੀ ਤਕਰੀਰ ਨਾਲ ਉਦੋਂ ਨਾ ਸਿਰਫ ਅਮਰੀਕੀਆਂ ਦੇ ਸਗੋਂ ਵਿਸ਼ਵ ਦੇ ਉਨ੍ਹਾਂ ਲੋਕਾਂ ਦੇ ਦਿਲ ਜਿੱਤ ਲਏ ਜੋ ਇਨ੍ਹਾਂ ਚੋਣਾਂ ਦੇ ਨਤੀਜਿਆਂ ਵੱਲ ਇਕਾਗਰ-ਚਿਤ ਹੋ ਕੇ ਉਤਸੁਕਤਾ ਨਾਲ ਵੇਖ ਰਹੇ ਸਨ, ਜਦੋਂ ਉਨ੍ਹਾਂ ਕਿਹਾ ਕਿ ਆਉ ਬੀਤੇ ਕੱਲ੍ਹ ਦੇ ਯੁੱਗ ਨੂੰ ਭੁੱਲ ਕੇ ਨਵੇਂ ਅਮਰੀਕਾ ਦੀ ਸ਼ੁਰੂਆਤ ਕਰੀਏ। ਉਨ੍ਹਾਂ ਇਹ ਵੀ ਕਿਹਾ ਕਿ ਉਹ ਅਮਰੀਕਾ 'ਚ ਵੰਡੀਆਂ ਨਹੀਂ ਪਾਉਣਗੇ, ਸਗੋਂ ਇਕਜੁਟਤਾ ਪੈਦਾ ਕਰਨਗੇ। ਆਉ, ਉਨ੍ਹਾਂ ਕਾਰਨਾਂ ਦਾ ਫਾਹਾ ਵੱਢੀਏ ਜੋ ਨਾ ਸਿਰਫ ਅਮਰੀਕਾ ਨੂੰ ਸਗੋਂ ਵਿਸ਼ਵ ਨੂੰ ਅਸਥਿਰ ਕਰਨ ਵਾਲੇ ਸਨ। ਉਨ੍ਹਾਂ ਭਾਵੁਕਤਾ 'ਚ ਕਿਹਾ ਕਿ ਮੈਂ ਕਦੇ ਵੀ ਨੀਲੇ ਜਾਂ ਕਾਲੇ ਰੰਗ ਦੇ ਸੂਬਿਆਂ ਨੂੰ ਨਹੀਂ ਵੇਖਦਾ, ਮੈਂ ਅਮਰੀਕਾ ਦਾ ਰਾਸ਼ਟਰਪਤੀ ਹਾਂ ਤੇ ਸਾਰਾ ਅਮਰੀਕਾ ਮੇਰੇ ਲਈ ਇਕ ਹੈ। ਉਨ੍ਹਾਂ ਦੋਹਾਂ ਰਿਪਬਲਿਕਨਾਂ ਅਤੇ ਡੈਮੋਕਰੇਟਾਂ ਨੂੰ ਮਿਲ ਕੇ ਕੰਮ ਕਰਨ ਤੇ ਵੰਡੇ ਹੋਏ ਦੇਸ਼ ਨੂੰ ਇਕੱਠੇ ਹੋਣ ਦਾ ਸੱਦਾ ਦਿੱਤਾ। ਬਾਈਡਨ ਨੇ ਪਿਛਲੇ ਚਾਰ ਸਾਲਾਂ ਦੇ ਮਾੜੇ ਸਮੇਂ ਨੂੰ ਭੁੱਲ ਜਾਣ ਲਈ ਕਿਹਾ।
ਭਾਰਤੀ-ਅਫਰੀਕੀ ਮੂਲ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਇਹ ਕਹਿ ਕੇ ਕਿ ਮੈਂ ਉਪ ਰਾਸ਼ਟਰਪਤੀ ਵਜੋਂ ਪਹਿਲੀ ਔਰਤ ਤਾਂ ਹੋ ਸਕਦੀ ਹਾਂ, ਪਰ ਆਖਰੀ ਨਹੀਂ ਹੋਵਾਂਗੀ। ਵੋਟਰਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਏਕਤਾ ਤੇ ਸਚਾਈ ਦੀ ਜਿੱਤ ਹੋਈ ਹੈ। ਆਪਣੀ ਮਾਂ ਸ਼ਾਈਮਾਲਾ ਗੋਪਾਲਨ ਨੂੰ ਯਾਦ ਕਰਕੇ ਕਿਹਾ ਕਿ ਜਿੰਨੀਆਂ ਵੀ ਉਮੀਦਾਂ ਸਾਡੇ ਤੋਂ ਅਮਰੀਕਨ ਕਰ ਰਹੇ ਹਨ, ਅਸੀਂ ਉਸ ਤੋਂ ਵੀ ਵੱਧ ਆਸ 'ਤੇ ਖਰਾ ਉਤਰਾਂਗੇ ਤੇ ਸਾਰਿਆਂ ਨੂੰ ਹੁਣ ਅਮਰੀਕਾ ਪਿਛਲੇ ਸਾਲਾਂ ਵਰਗਾ ਨਹੀਂ, ਨਵਾਂ, ਵਿਕਾਸਸ਼ੀਲ ਤੇ ਸ਼ਕਤੀਸ਼ਾਲੀ ਦਿਸੇਗਾ।
ashokbhaura@gmail.com