ਜੰਗਲਾਂ ਨੂੰ ਸੰਭਾਲਣਾ ਸਮੇਂ ਦੀ ਲੋੜ ਹੈ। ਵੱਧ ਰਹੀ ਆਬਾਦੀ ਅਤੇ ਮਨੁੱਖੀ ਪਦਾਰਥਵਾਦੀ ਸੋਚ ਦੇ ਕਾਰਨ ਹੀ ਜੰਗਲਾਤ ਹੇਠ ਰਕਬਾ ਬੜੀ ਤੇਜ਼ੀ ਨਾਲ ਘਟਦਾ ਜਾ ਰਿਹਾ ਹੈ। ਜਾਂ ਇੰਜ ਕਹਿ ਲਈਏ ਕਿ ਸੀਮਿੰਟ ਦੇ ਜੰਗਲ ਉਸਾਰੇ ਜਾ ਰਹੇ ਹਨ। ਇਸ ਕਰਕੇ ਹੀ ਜੀਵ-ਪ੍ਰਾਣੀਆਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੰਗਲੀ ਜਾਨਵਰਾਂ ਦੀ ਗਿਣਤੀ ਦਿਨ-ਬ-ਦਿਨ ਘਟਦੀ ਜਾ ਰਹੀ ਹੈ। ...ਤੇ ਪੰੰਛੀ ਆਪਣੇ ਆਲ੍ਹਣਿਆਂ ਤੋਂ ਵਿਹੂਣੇ ਹੋ ਰਹੇ ਹਨ। ਗਲੋਬਲ ਤਾਪਮਾਨ ਵਧ ਰਿਹਾ ਹੈ ਤੇ ਮੌਸਮ ਵਿਚ ਵੱਡੀ ਤਬਦੀਲੀ ਆਈ ਹੈ। ਇਹ ਸਾਰਾ ਕੁਝ ਜੰਗਲਾਂ ਦੀ ਘਾਟ ਕਾਰਨ ਹੀ ਹੋ ਰਿਹਾ ਹੈ।
ਯੂ.ਐਨ.ਓ. ਦੀ 2010 ਦੀ ਰਿਪੋਰਟ ਮੁਤਾਬਿਕ ਭਾਰਤ ਉਨ੍ਹਾਂ 10 ਦੇਸ਼ਾਂ ਵਿਚ ਗਿਣਿਆ ਜਾਂਦਾ ਹੈ, ਜੋ ਜੰਗਲਾਂ ਨਾਲ ਮਾਲਾਮਾਲ ਹਨ। ਸੰਸਾਰ ਭਰ ਦੇ ਜੰਗਲਾਤ ਦਾ 67 ਫ਼ੀਸਦੀ ਰਕਬਾ ਇਨ੍ਹਾਂ ਦੇਸ਼ਾਂ ਹੇਠ ਆਉਂਦਾ ਹੈ। ਇਨ੍ਹਾਂ ਦੇ ਨਾਂਅ ਰੂਸ, ਬਰਾਜ਼ੀਲ, ਕੈਨੇਡਾ, ਅਮਰੀਕਾ, ਚੀਨ, ਡੈਮੋਕ੍ਰੇਟਿਕ ਰੀਪਬਲਿਕ ਆਫ ਕੋਂਗੋ, ਆਸਟ੍ਰੇਲੀਆ, ਇੰਡੋਨੇਸ਼ੀਆ ਅਤੇ ਸੂਡਾਨ ਹਨ। ਜਿੱਥੋਂ ਤੀਕਰ ਭਾਰਤ ਦਾ ਸਬੰਧ ਹੈ, 22 ਫ਼ੀਸਦੀ ਰਕਬਾ ਜੰਗਲਾਂ ਹੇਠ ਆਉਂਦਾ ਹੈ ਅਤੇ 2002 ਦੀ ਰਿਪੋਰਟ ਮੁਤਾਬਿਕ ਭਾਰਤ ਦੀ ਜੀ. ਡੀ.ਪੀ. ਵਿਚ 17 ਫ਼ੀਸਦੀ ਹਿੱਸਾ ਸੀ। ਭਾਰਤ ਸਰਕਾਰ ਨੇ 1953 ਵਿਚ ਜੰਗਲਾਤ ਮਹਿਕਮੇ ਨੂੰ ਆਪਣੇ ਕੰਟਰੋਲ ਵਿਚ ਲੈ ਲਿਆ ਅਤੇ 1988 ਵਿਚ 'ਰਾਸ਼ਟਰੀ ਜੰਗਲਾਤ ਨੀਤੀ' ਬਣਾਈ, ਜਿਸ ਤਹਿਤ 33 ਫੀਸਦੀ ਰਕਬਾ ਜੰਗਲਾਤ ਹੇਠ ਹੋਣਾ ਚਾਹੀਦਾ ਹੈ। 1992 ਵਿਚ 17 ਰਾਜਾਂ ਨੇ 'ਸਾਂਝੇ ਜੰਗਲਾਤ ਪ੍ਰਬੰਧ' ਵਿਚ ਹਿੱਸਾ ਲੈਂਦਿਆਂ ਜੰਗਲਾਂ ਹੇਠ 2 ਮਿਲੀਅਨ ਹੈਕਟੇਅਰ ਰਕਬੇ ਦੀ ਸੁਰੱਖਿਆ ਨਿਸਚਿਤ ਕੀਤੀ ਸੀ। ਜੰਗਲਾਂ ਦੇ ਸੰਦਰਭ ਵਿਚ ਪੰਜਾਬ ਦੀ ਹਾਲਤ ਬਹੁਤ ਹੀ ਮਾੜੀ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾ: ਜੀ. ਐਸ. ਭੱਲਾ ਅਤੇ ਹੇਮਾ ਖੰਨਾ ਦੀ ਤਾਜ਼ਾ ਰਿਪੋਰਟ ਮੁਤਾਬਕ ਪੰਜਾਬ ਵਿਚ 3.14 ਫ਼ੀਸਦੀ ਰਕਬਾ ਜੰਗਲਾਂ ਹੇਠ ਰਹਿ ਗਿਆ ਹੈ, ਜੋ ਰਾਜਸਥਾਨ (4.62 ਫ਼ੀਸਦੀ) ਤੋੋ ਵੀ ਘੱਟ ਹੈ। ਜੇ ਇਸ ਵਿਚ ਸੜਕਾਂ, ਪਟੜੀਆਂ ਤੇ ਨਹਿਰਾਂ ਦੁਆਲੇ ਲੱਗੇ ਦਰੱਖਤਾਂ ਦੇ ਖੇਤਰਫਲ ਨੂੰ ਸ਼ਾਮਿਲ ਕਰ ਲਿਆ ਜਾਵੇ ਤਾਂ 6-7 ਫ਼ੀਸਦੀ ਬਣਦਾ ਹੈ। ਇਹ ਜਾਗਰੂਕਤਾ ਦਾ ਨਤੀਜਾ ਹੈ।
ਕੁਦਰਤੀ ਵਰਤਾਰੇ ਵਿਚ ਰੁੱਖਾਂ ਦੀ ਨਿਵੇਕਲੀ ਥਾਂ ਹੈ। ਇਨ੍ਹਾਂ ਕਰ ਕੇ ਹੀ ਚੌਗਿਰਦਾ ਹਰਿਆ-ਭਰਿਆ ਰਹਿੰਦਾ ਹੈ, ਅੱਖਾਂ ਨੂੰ ਸਕੂਨ ਮਿਲਦਾ ਹੈ, ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਦਿਲ ਉਮੰਗਾਂ ਨਾਲ ਭਰਿਆ-ਭਰਿਆ ਰਹਿੰਦਾ ਹੈ। ਸਭ ਜੀਵ-ਜੰਤੂ ਇਨ੍ਹਾਂ ਦੀ ਬਦੌਲਤ ਹੀ ਜਿਊਂਦੇ ਹਨ। ਦੇਖੋ! ਕੁਦਰਤ ਦੀ ਲੀਲ੍ਹਾ। ਮਨੁੱਖ ਸਾਹ ਰਾਹੀਂ ਆਕਸੀਜਨ ਲੈਂਦਾ ਹੈ ਤੇ ਕਾਰਬਨ ਡਾਈਆਕਸਾਈਡ ਬਾਹਰ ਕੱਢਦਾ ਹੈ, ਜਦਕਿ ਰੁੱਖ ਇਸ ਨਿਯਮ ਦੇ ਬਿਲਕੁਲ ਉਲਟ ਹਨ। ਕਾਰਬਨ ਡਾਈਆਕਸਾਈਡ ਲੈਂਦੇ ਤੇ ਆਕਸੀਜਨ ਬਾਹਰ ਕੱਢਦੇ ਹਨ। ਤਾਹੀਓਂ ਰੁੱਖਾਂ ਨੂੰ ਪਰਉਪਕਾਰੀ ਕਿਹਾ ਜਾਂਦਾ ਹੈ।
1950 ਵਿਚ ਕੇਂਦਰੀ ਖੇਤੀਬਾੜੀ ਮੰਤਰੀ ਸ੍ਰੀ ਕਨ੍ਹੱਈਆ ਲਾਲ ਮੁਨਸ਼ੀ ਨੇ 'ਵਣ ਮਹਾਉਤਸਵ' ਮਨਾਉਣਾ ਸ਼ੁਰੂ ਕੀਤਾ ਤਾਂ ਜੋ ਰੁੱਖਾਂ ਦੀ ਮਹੱਤਤਾ, ਉਨ੍ਹਾਂ ਨੂੰ ਸੰਭਾਲਣ ਅਤੇ ਨਵੇਂ ਰੁੱਖ ਲਗਾਉਣ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ। ਰੁੱਖ ਸਾਨੂੰ ਫਲ, ਫੁੱਲ, ਛਾਂ ਅਤੇ ਭੂਮੀ ਨੂੰ ਖੁਰਨ ਤੋਂ ਬਚਾਉਣ ਵਰਗੀਆਂ ਨਿਆਮਤਾਂ ਦਿੰਦੇ ਹਨ। ਸ਼ਾਇਰ ਜਗਤਾਰ ਨੇ ਲਿਖਿਆ ਹੈ: ਹਿਯਾਤੀ, ਪੌਣ, ਪਾਣੀ, ਰੰਗ, ਬਖ਼ਸ਼ਸ਼ ਨੇ ਸਦਾ ਕਰਦੇ, ਮੈਂ ਸਜਦੇ ਇਸ ਲਈ ਕਰਦਾਂ ਸਖ਼ੀ ਸਰਵਰ ਦਰਖ਼ਤਾਂ ਨੂੰ। ਗੁਰਬਾਣੀ ਦੇ ਸੁਨਹਿਰੇ ਬਚਨ ਹਨ :
ਦਰਵੇਸਾਂ ਨੋ ਲੋੜੀਐ ਰੁਖਾਂ ਦੀ ਜੀਰਾਂਦਿ 60
(ਅੰਗ : 1381)
1974 ਵਿਚ ਦੇਸ਼ ਦੇ ਉੱਤਰਾਖੰਡ ਵਿਚ ਸੁੰਦਰ ਲਾਲ ਬਹੁਗੁਣਾ ਦੀ ਅਗਵਾਈ ਵਿਚ 'ਚਿਪਕੋ ਅੰਦੋਲਨ' ਬਹੁਤ ਲੋਕਪ੍ਰਿਆ ਹੋਇਆ ਸੀ। ਇਹ ਪਹਿਲਾ ਮੌਕਾ ਸੀ ਜਦੋਂ ਜੰਗਲਾਂ ਦੇ ਲਾਭ ਨੂੰ ਸਮਝਦਿਆਂ ਹੋਇਆਂ ਆਮ ਲੋਕਾਂ ਨੇ ਪਹਿਲ ਕੀਤੀ ਤੇ ਪਹਿਲ ਵੀ ਐਸੀ ਕੀਤੀ ਕਿ ਸਰਕਾਰ ਨੂੰ ਉਨ੍ਹਾਂ ਸਾਹਮਣੇ ਝੁਕਣਾ ਪਿਆ। 'ਚਿਪਕੋ' ਅੱਜ ਵੀ ਓਨਾ ਹੀ ਪ੍ਰਸੰਗਿਕ ਹੈ। ਦੇਸ਼ ਦੀ ਜਨਸੰਖਿਆ ਦਾ ਵੱਡਾ ਹਿੱਸਾ ਜੰਗਲਾਂ 'ਤੇ ਨਿਰਭਰ ਕਰਦਾ ਹੈ। ਸੰਸਕ੍ਰਿਤਕ ਪਹਿਲੂ ਅਨੁਸਾਰ ਅਸੀਂ ਸਾਲਾਂ ਤੋਂ ਇਨ੍ਹਾਂ ਨੂੰ ਪੂਜਦੇ ਆਏ ਹਾਂ, ਪਰ ਵਿਗਿਆਨਕ ਨਜ਼ਰੀਏ ਤੋਂ ਜੀਵ-ਜੰਤੂਆਂ ਦੇ ਪ੍ਰਾਣ ਰੁਖਾਂ ਨਾਲ ਇਸ ਕਦਰ ਜੁੜੇ ਹਨ, ਦਾ ਪਤਾ ਬਹੁਤ ਸਾਲਾਂ ਬਾਅਦ ਲੱਗਾ ਹੈ।
ਪਿੱਪਲ, ਬੋਹੜ, ਨਿੰਮ, ਤੁਲਸੀ ਆਦਿ ਦਿਨ-ਰਾਤ ਹੀ ਆਕਸੀਜਨ ਛੱਡਦੇ ਹਨ। ਇਸ ਲਈ ਸਾਰੀ ਲੋਕਾਈ ਇਨ੍ਹਾਂ ਦੀ ਪੂਜਾ ਕਰਦੀ ਹੈ। ਇੱਥੋਂ ਤੀਕਰ ਕਿ 'ਕੱਲਾ ਪਿੱਪਲ ਜਾਂ ਬੋਹੜ 200 ਪ੍ਰਾਣੀਆਂ ਲਈ ਆਕਸੀਜਨ ਪੈਦਾ ਕਰਦਾ ਹੈ। ਜਿੱਥੇ ਇਹ ਵਾਤਾਵਰਨ ਨੂੰ ਸ਼ੁੱਧੀ ਪ੍ਰਦਾਨ ਕਰਦੇ, ਉਥੇ ਸਾਡੀਆਂ ਮੁਢਲੀਆਂ ਜ਼ਰੂਰਤਾਂ ਵੀ ਪੂਰੀਆਂ ਕਰਦੇ ਹਨ। ਇਹ ਜੰਗਲ ਹੀ ਹਨ ਜੋ ਜਿਊਣ ਲਾਇਕ ਵਾਤਾਵਰਨ ਦਿੰਦੇ ਹਨ ਤੇ ਜੀਵਨ ਦੀ ਗੁਣਵੱਤਾ ਨੂੰ ਬਿਹਤਰ ਬਣਾਉਂਦੇ ਹਨ।
ਪੰਛੀਆਂ ਦੇ ਘਰ (ਆਲ੍ਹਣੇ) ਦਰੱਖਤਾਂ ਉੱਪਰ ਹੀ ਸ਼ੋਭਦੇੇ ਹਨ। ਆਪਣਾ ਘਰ ਹਰ ਇਕ ਨੂੰ ਪਿਆਰਾ ਹੁੰਦਾ ਹੈ। ਜਦੋਂ ਕਿਸੇ ਮਨੁੱਖ ਦਾ ਘਰ ਉਜਾੜਿਆਂ ਜਾਂਦਾ ਹੈ ਤਾਂ ਉਸ ਨੂੰ ਕਿੰਨਾ ਦੁੱਖ ਪਹੁੰਚਦਾ ਹੈ, ਬਿਲਕੁੱਲ ਉਸੇ ਤਰ੍ਹਾਂ ਹੀ ਜੀਵ-ਜੰਤੂਆਂ ਨੂੰ ਦੁੱਖ ਪਹੁੰਚਦਾ ਹੈ। ਜਦੋਂ ਉਹ ਚੋਗਾ ਲੈ ਕੇ ਆਪਣੇ ਘਰ ਪਰਤਦੇ ਹਨ ਤਾਂ ਦੇਖ ਕੇ ਹੈਰਾਨ ਹੋ ਜਾਂਦੇ ਹਨ ਕਿ ਉਸ ਥਾਂ 'ਤੇ ਉਹ ਦਰੱਖਤ ਨਹੀਂ ਹੈ, ਜਿਸ ਉਤੇ ਉਨ੍ਹਾਂ ਆਪਣਾ ਘਰ ਬਣਾਇਆ ਸੀ। ਹੁਣ ਤਾਂ ਹੋਰ ਵੀ ਮੁਸ਼ਕਿਲ ਆਉਂਦੀ ਹੋਵੇਗੀ ਕਿ ਉਸ ਥਾਂ 'ਤੇ ਦਰੱਖਤ ਦਾ ਨਾਮੋ-ਨਿਸ਼ਾਨ ਮਿਟਾ ਕੇ ਮਹਿਲ-ਮੁਨਾਰੇ ਬਣ ਜਾਂਦੇ ਹਨ। ਕਿੱਥੇ ਗਏ ਪੰਛੀਆਂ ਦੇ ਉਹ ਮਿੱਠੇ-ਮਿੱਠੇ ਗੀਤ ਜੋ ਸੁਣ ਕੇ ਮਨੁੱਖ ਵੀ ਉਨ੍ਹਾਂ ਦੀ ਲੋਰ ਵਿਚ ਝੂਮਣ ਲੱਗ ਪੈਂਦਾ ਸੀ ।
ਭਾਵੇਂ ਮਸ਼ੀਨੀ ਯੁੱਗ ਆਉਣ ਕਰਕੇ ਪੱਖੇ, ਕੂਲਰ, ਏ. ਸੀ., ਆਦਿ ਆ ਗਏ ਹਨ, ਪਰ ਗਰਮੀਆਂ ਵਿਚ ਅਸਲੀ ਮਜ਼ਾ ਦਰੱਖਤਾਂ ਹੇਠ ਹੀ ਮਿਲਦਾ ਹੈ। 'ਕੱਲਾ ਮਨੁੱਖ ਹੀ ਨਹੀਂ, ਸਗੋਂ ਜੀਵ-ਜੰਤੂ ਵੀ ਠੰਢੀ ਛਾਂ ਦਾ ਅਨੰਦ ਮਾਣਦੇ ਅਤੇ ਕੁਦਰਤ ਦੇ ਗੁਣ-ਗਣਾਉਂਦੇ ਨੇ। ਇਸੇ ਤਰ੍ਹਾਂ ਹੀ ਸਰਦੀਆਂ ਵਿਚ ਜੋ ਮਜ਼ਾ ਅੱਗ ਜਾਂ ਧੁੱਪ ਸੇਕ ਕੇ ਮਿਲਦਾ ਹੈ, ਉਹ ਕਿਸੇ ਹੋਰ ਤਰੀਕੇ ਨਾਲ ਨਹੀਂ। ਗੱਲ ਕੀ ਗਰਮੀ-ਸਰਦੀ, ਮੀਂਹ-ਹਨੇਰੀ, ਔੜ-ਹੜ੍ਹ, ਆਦਿ ਹਰੇਕ ਸਮੇਂ ਰੁੱਖ ਹੀ ਮਨੁੱਖ ਦੇ ਸੱਚੇ ਸਾਥੀ ਬਣਦੇ ਹਨ। ਸ਼ਿਵ ਕੁਮਾਰ ਬਟਾਲਵੀ ਲਿਖਦਾ ਹੈ:
ਕੁਝ ਰੁੱਖ ਮੈਨੂੰ ਪੁੱਤ ਲਗਦੇ ਨੇ,
ਕੁੁਝ ਰੁੱਖ ਲਗਦੇ ਮਾਵਾਂ।
ਕੁਝ ਰੁੱਖ ਨੂੰਹਾਂ ਧੀਆਂ ਲਗਦੇ,
ਕੁਝ ਰੁੱਖ ਵਾਂਗ ਭਰਾਵਾਂ।
ਕੁਝ ਰੁੱਖ ਮੇਰੇ ਬਾਬੇੇ ਵਾਕਣ
ਪੱਤਰ ਟਾਵਾਂ ਟਾਵਾਂ।
ਕੁਝ ਰੁੱਖ ਮੇਰੀ ਦਾਦੀ ਵਰਗੇ
ਚੂਰੀ ਪਾਵਣ ਕਾਂਵਾਂ।
ਰੁੱਖਾਂ ਤੋਂ ਭਾਂਤ-ਭਾਂਤ ਦੀ ਲੱਕੜੀ ਪ੍ਰਾਪਤ ਹੁੰਦੀ ਹੈ, ਜੋ ਮਨੁੱਖੀ ਜੀਵਨ ਵਿਚ ਬਹੁਤ ਉਪਯੋਗੀ ਹੈ। ਇਸ ਤੋਂ ਮਹਿਲ-ਮਾੜੀਆਂ ਦੇ ਦਰਵਾਜ਼ੇ, ਖਿੜਕੀਆਂ, ਬਾਲੇ, ਸ਼ਤੀਰ, ਆਦਿ ਬਣਦੇ ਹਨ। ਇਸ ਤੋਂ ਇਲਾਵਾ ਲੱਕੜੀ ਬਾਲਣ ਦੇ ਕੰਮ ਆਉਂਦੀ ਹੈ, ਜੋ ਖ਼ਾਸ ਕਰਕੇ ਗ਼ਰੀਬ ਜਨਤਾ ਦਾ ਇਕ-ਮਾਤਰ ਸਹਾਰਾ ਹੈ। ਮਨੁੱਖੀ ਜ਼ਿੰਦਗੀ ਵਿਚ ਹਰ ਪੈਰ 'ਤੇ ਲੱਕੜ ਦੀ ਲੋੜ ਪੈਂਦੀ ਹੈ। ਇੱਥੋਂ ਤੱਕ ਕਿ ਬਚਪਨ ਵਿਚ ਖਿਡੌਣੇ, ਬੁਢਾਪੇ ਵਿਚ ਡੰਗੋਰੀ ਤੇ ਅੰਤਿਮ ਸੰਸਕਾਰ ਵੇਲੇ ਵੀ ਲੱਕੜ ਹੀ ਵਰਤੀ ਜਾਂਦੀ ਹੈ।
ਇਹ ਰੁੱਖ ਹੀ ਹਨ, ਜੋ ਹੜ੍ਹਾਂ ਦਾ ਰੁਖ਼ ਬਦਲ ਦਿੰਦੇ ਹਨ। ਧਰਤੀ-ਮਾਂ ਨੂੰ ਖੁਰਨ ਤੋਂ ਬਚਾਉਂਦੇ ਹਨ, ਉਪਜਾਊ ਬਣਾਉਂਦੇ ਹਨ। ਹਨੇਰੀਆਂ ਤੇ ਝੱਖੜਾਂ ਵਿਚ ਵੀ ਧਰਤੀ-ਮਾਂ ਅਤੇ ਮਨੁੱਖ ਦੀ ਰੱਖਿਆ ਕਰਦੇ ਨੇ। ਅੰਕੜੇ ਦੱਸਦੇ ਹਨ ਕਿ ਪਿਛਲੇ 10 ਸਾਲਾਂ ਵਿਚ ਹੜ੍ਹਾਂ ਤੋਂ ਪ੍ਰਭਾਵਿਤ ਜ਼ਮੀਨ ਦਾ ਰਕਬਾ 2 ਕਰੋੜ ਤੋਂ ਵਧ ਕੇ 4 ਕਰੋੜ ਏਕੜ ਹੋ ਗਿਆ ਹੈ। ਦੋ ਕਰੋੜ ਏਕੜ ਜ਼ਮੀਨ ਖਾਰੇਪਣ ਅਤੇ 8 ਕਰੋੜ 90 ਲੱਖ ਹੈਕਟੇਅਰ ਜ਼ਮੀਨ ਸਲ੍ਹਾਬ ਦੇ ਅਸਰ ਹੇਠ ਆ ਚੁੱਕੀ ਹੈ। ਇਸ ਤਰ੍ਹਾਂ ਹੀ ਰੁੱਖਾਂ ਦੇ ਕੱਟਣ ਨਾਲ 66,000 ਜੀਵ-ਜੰਤੂਆਂ ਤੇ ਪੌਦਿਆਂ ਦੀਆਂ ਜਾਤੀਆਂ ਨੂੰ ਖ਼ਤਰਾ ਪੈਦਾ ਹੋ ਗਿਆ ਹੈ।
ਇਕ ਵਰਗ ਕਿਲੋਮੀਟਰ ਜੰਗਲ ਆਪਣੀਆਂ ਜੜ੍ਹਾਂ ਵਿਚ 20,000 ਤੋਂ 30,000 ਕਿਊਬਿਕ ਮੀਟਰ ਪਾਣੀ ਰੱਖਦਾ ਹੈ ਅਤੇ ਇਹ ਹਰ ਰੋਜ਼ 37 ਮੀ: ਟਨ ਕਾਰਬਨ ਡਾਈਆਕਸਾਈਡ ਵਾਤਾਵਰਨ ਵਿਚੋਂ ਲੈ ਕੇ ਆਕਸੀਜਨ ਛੱਡਦਾ ਹੈ। ਪਦਮ ਪੁਰਾਣ ਅਨੁਸਾਰ, ਵੱਡੇ ਵੱਡੇ ਰੁੱਖ ਈਸ਼ਵਰ ਦੇ ਹੀ ਭਿੰਨ ਭਿੰਨ ਰੂਪ ਹਨ। ਮਹਾਤਮਾ ਬੁੱਧ ਦਾ ਉਪਦੇਸ਼ ਹੈ, ਹਰ ਬੰਦਾ ਆਪਣੇ ਜੀਵਨ ਵਿਚ ਘੱਟੋ-ਘੱਟ ਪੰਜ ਰੁੱਖ ਲਾਵੇ ਤੇ ਲੱਕੜ ਦਾ ਘੱਟ ਤੋਂ ਘੱਟ ਖ਼ਰਚ ਕਰੇ। ਕੋਈ ਵੀ ਦੇਸ਼-ਵਾਸੀ ਗੋਬਰ ਤੇ ਗ਼ੰਦਗੀ ਨੂੰ ਬਰਬਾਦ ਨਾ ਹੋਣ ਦੇਵੇ ਤੇ ਡੀਜ਼ਲ ਤੇਲ ਦੀ ਵਰਤੋਂ ਵੀ ਘੱਟ ਤੋਂ ਘੱਟ ਕਰੇ।
ਕਈ ਜੀਵ-ਜੰਤੂ ਤਾਂ ਰੁੱਖਾਂ ਦੇ ਪੱਤਿਆਂ ਅਤੇ ਫਲਾਂ ਦੇ ਸਹਾਰੇ ਹੀ ਜਿਊਂਦੇ ਹਨ। ਇਨ੍ਹਾਂ ਤੋਂ ਕਈ ਕਿਸਮ ਦੇ ਫੁੱਲ ਪ੍ਰਾਪਤ ਹੁੰਦੇ, ਜੋ ਇਸ ਸ੍ਰਿਸ਼ਟੀ ਨੂੰ ਖੁਸ਼ਬੂ ਨਾਲ ਭਰ ਦਿੰਦੇ ਹਨ। ਇਨ੍ਹਾਂ ਦੀਆਂ ਟਹਿਣੀਆਂ, ਪੱਤੇ, ਫੁੱਲ, ਫਲ, ਤਣਾ, ਜੜ੍ਹਾਂ, ਆਦਿ ਤੋਂ ਕਈ ਤਰ੍ਹਾਂ ਦੀਆਂ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਹਨ। ਸਰਦਾਰ ਜੇ. ਐਸ. ਸੈਣੀ ਦਾ ਕਹਿਣਾ ਹੈ, ਬੱਚੇ ਤੇ ਰੁੱਖ ਦੇਸ਼ ਦਾ ਧਨ ਹਨ। ਅਧਿਕ ਬੱਚੇ ਆਰਥਿਕ ਸੰਕਟ ਦਾ ਕਾਰਨ ਬਣਦੇ ਹਨ ਤੇ ਅਧਿਕ ਰੁੱਖ ਆਰਥਿਕ ਸੰਕਟ ਟਾਲਦੇ ਹਨ।
ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋਂ 2017 ਲਈ ਨੀਤੀ ਬਣਾਈ ਗਈ ਹੈ, ਜਿਸ ਤਹਿਤ ਪੇਂਡੂ ਧਰਤੀ 'ਤੇ ਨਵੇਂ ਰੁੱਖ ਲਗਾਉਣ ਅਤੇ ਪੁਰਾਣਿਆਂ ਦੀ ਸਾਂਭ-ਸੰਭਾਲ ਕਰਨ ਦਾ ਪੂਰਾ ਜ਼ਿੰਮਾ ਪੇਂਡੂ ਪੰਚਾਇਤਾਂ 'ਤੇ ਪਾਇਆ ਗਿਆ ਹੈ, ਪਰ ਅਜੇ ਤੀਕਰ ਪੰਚਾਇਤਾਂ ਇਸ ਪਾਸੇ ਵੱਲ ਕੋਈ ਧਿਆਨ ਦੇ ਰਹੀਆਂ ਨਜ਼ਰ ਨਹੀਂ ਆਉਂਦੀਆਂ। ਜੰਗਲਾਤ ਮਹਿਕਮਾ ਵੀ ਇਹੀ ਦੁਹਾਈ ਪਾ ਰਿਹਾ ਕਿ ਜੰਗਲਾਂ ਹੇਠ ਰਕਬਾ ਵਧਾਇਆ ਜਾਵੇ। ਇਹ ਧਰਤੀ ਮਾਂ ਲਈ ਗਹਿਣਿਆਂ ਦਾ ਕੰਮ ਕਰਦੇ ਹਨ ਅਤੇ ਵਾਤਾਵਰਨ ਨੂੰ ਸਵੱਛ ਬਣਾਉਣ ਵਿਚ ਸਹਾਈ ਹੁੰਦੇ ਹਨ। ਹੋਰ ਤਾਂ ਹੋਰ, ਇਹ ਧਰਤੀ-ਮਾਂ ਦੇ ਪਹਿਰੇਦਾਰ ਹਨ।
ਸੋ, ਸਾਨੂੰ ਸਾਰਿਆਂ ਨੂੰ ਭਾਂਤ-ਭਾਂਤ ਦੇ ਫੁੱਲ-ਬੂਟੇ ਲਗਾ ਕੇ ਧਰਤੀ-ਮਾਂ ਨੂੰ ਸਵਰਗ ਦੀ ਤਰ੍ਹਾਂ ਸਜਾਉਣਾ ਚਾਹੀਦਾ ਹੈ। ਵਣ-ਖੇਤੀ, ਜੋ ਦਰੱਖਤਾਂ ਦੇ ਨਾਲ-ਨਾਲ ਫ਼ਸਲਾਂ ਦੀ ਖੇਤੀ ਕਰਨ, ਨੂੰ ਪ੍ਰਫੁੱਲਿਤ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇਹ ਵਾਤਾਵਰਨ ਨੂੰ ਸਵੱਛ ਬਣਾਉਣ ਵਿਚ ਸਹਾਇਕ ਸਿੱਧ ਹੁੰਦੀ ਹੈ। ਜੇ ਵਾਤਾਵਰਨ ਸਵੱਛ ਹੋਵੇਗਾ, ਫਿਰ ਹੀ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਸਿਆਣੇ ਕਹਿੰਦੇ ਹਨ ਕਿ 'ਸਵੱਛ ਵਾਤਾਵਰਨ ਵਿਚ ਹੀ ਚੰਗੀ ਆਤਮਾ ਨਿਵਾਸ ਕਰਦੀ ਹੈ'। ਇਹ ਤਦ ਹੀ ਸੰਭਵ ਹੋ ਸਕਦਾ ਹੈ ਜੇ ਅਸੀਂ ਜੰਗਲਾਤ ਨੂੰ ਪ੍ਰਫੁੱਲਿਤ ਕਰੀਏ।
-# ਲੁਧਿਆਣਾ-141013.
ਮੋਬਾਈਲ : 94170 01983