ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2021

ਦੀਵਾਲੀ ਮੌਕੇ ਜੀਵਨ ਨੂੰ ਵੀ ਸੁਰੱਖਿਅਤ ਰੱਖੋ

Ad Position 21
No active advertisement
ਅਜੀਤ ਡੈਸਕ 04-11-2021

ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਜਿੱਥੇ ਖੁਸ਼ੀਆਂ ਲੈ ਕੇ ਆਉਂਦਾ ਹੈ, ਉੱਥੇ ਕਈਆਂ ਲਈ ਇਹ ਇਕ ਮੁਸੀਬਤ ਬਣ ਸਾਰੀ ਉਮਰ ਲਈ ਦੁੱਖ ਤਕਲੀਫ਼ ਭੋਗਣ ਅਤੇ ਮਾਨਸਿਕ ਤਣਾਅ ਦਾ ਕਾਰਨ ਵੀ ਬਣ ਜਾਂਦਾ ਹੈ। ਹੇਠ ਲਿਖੀਆਂ ਕੁੱਝ ਗੱਲਾਂ ਨੂੰ ਜੇਕਰ ਅਸੀਂ ਧਿਆਨ ਵਿਚ ਰੱਖੀਏ ਤਾਂ ਅਸੀਂ ਆਪਣੇ ਜੀਵਨ ਨੂੰ ਸੁਰੱਖਿਅਤ ਰੱਖਣ ਦੇ ਨਾਲ-ਨਾਲ ਇਸ ਦਿਨ 'ਤੇ ਹੋਣ ਵਾਲੀਆਂ ਦੁਰਘਟਨਾਵਾਂ ਨੂੰ ਵੀ ਘਟਾ ਸਕਦੇ ਹਾਂ:-
ਅਜਿਹਾ ਨਾ ਕਰੋ
* ਕਦੇ ਵੀ ਪਟਾਕਿਆਂ ਨੂੰ ਤੰਗ ਗਲੀਆਂ, ਪੈਟਰੋਲ ਪੰਪਾਂ, ਤੇਲ ਡਿਪੂਆਂ, ਹਸਪਤਾਲਾਂ, ਪਬਲਿਕ ਸਥਾਨਾਂ, ਵਾਹਨਾਂ ਦੇ ਕੋਲ ਜਾਂ ਘਰ ਦੇ ਅੰਦਰ ਨਾ ਚਲਾਓ ਅਤੇ ਨਾ ਹੀ ਸ਼ਰਾਰਤ ਵਜੋਂ ਕਿਸੇ ਦੇ ਘਰ, ਬਿਲਡਿੰਗ ਜਾਂ ਕਾਰ 'ਤੇ ਸੁੱਟੋ।
* ਆਪਣੀਆਂ ਜੇਬਾਂ ਵਿਚ ਪਟਾਕੇ ਨਾ ਰੱਖੋ।
* ਛੋਟੇ ਬੱਚਿਆਂ ਨੂੰ ਇਕੱਲੇ ਪਟਾਕੇ ਨਾ ਚਲਾਉਣ ਦਿਓ। ਪਟਾਕੇ ਬਾਲਗਾਂ ਦੀ ਦੇਖ-ਰੇਖ ਹੇਠ ਚਲਾਓ।
* ਪਟਾਕੇ ਚਲਾਉਣ ਵੇਲੇ ਬਹੁਤੇ ਲੰਮੇ, ਪਤਲੇ, ਢਿੱਲੇ ਅਤੇ ਸਿੰਥੈਟਿਕ ਕੱਪੜੇ ਨਾ ਪਹਿਨੋ।
* ਮੋਮਬੱਤੀਆਂ ਜਾਂ ਪਟਾਕੇ ਚਲਾਉਣ ਵੇਲੇ ਲੜਕੀਆਂ ਆਪਣੇ ਖੁੱਲ੍ਹੇ ਵਾਲ ਬੰਨ੍ਹ ਲੈਣ।
* ਮੋਮਬੱਤੀਆਂ ਅਤੇ ਦੀਵੇ ਬਹੁਤੇ ਨੀਵੇਂ ਪੱਧਰ 'ਤੇ ਨਾ ਰੱਖੋ ਅਤੇ ਛੋਟੇ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ।
* ਦੀਵੇ-ਮੋਮਬੱਤੀਆਂ ਸੁੱਕੇ ਘਾਹ-ਫੂਸ ਅਤੇ ਪਰਦਿਆਂ ਤੋਂ ਦੂਰ ਰੱਖੋ।
* ਪਟਾਕਿਆਂ ਨੂੰ ਅੱਗ ਅਤੇ ਗਰਮੀ ਤੋਂ ਦੂਰ ਰੱਖੋ
* ਹੱਥ ਵਿਚ ਪਟਾਕੇ ਚਲਾਉਣ ਦੀ ਕੋਸ਼ਿਸ਼ ਨਾ ਕਰੋ, ਥੋੜ੍ਹੀ ਦੂਰੀ ਰੱਖੋ, ਇਕ ਸਮੇਂ ਵਿਚ ਇਕ ਹੀ ਪਟਾਕਾ ਚਲਾਓ।
* ਦੂਜਿਆਂ ਉਪਰ ਵੀ ਸ਼ਰਾਰਤ ਵਜੋਂ ਪਟਾਕੇ ਨਾ ਸੁੱਟੋ।
* ਪਟਾਕੇ ਨੂੰ ਅੱਗ ਲਗਾਉਣ ਵੇਲੇ ਉੱਪਰ ਨਾ ਝੁਕੋ, ਹੋ ਸਕੇ ਤਾਂ ਕਿਸੇ ਡੰਡੇ ਉਪਰ ਮੋਮਬੱਤੀ ਲਗਾ ਕੇ ਦੂਰ ਤੋਂ ਹੀ ਇਨ੍ਹਾਂ ਨੂੰ ਚਲਾਓ।
* ਬੁੱਝ ਚੁੱਕੇ ਪਟਾਕੇ ਨੂੰ ਮੁੜ ਚੁੱਕਣ ਦੀ ਕੋਸ਼ਿਸ਼ ਨਾ ਕਰੋ, ਇਹ ਕਿਸੇ ਵੀ ਸਮੇਂ ਫਟ ਕੇ ਮੂੰਹ ਅਤੇ ਅੱਖਾਂ ਨੂੰ ਜ਼ਖ਼ਮੀ ਕਰ ਸਕਦੇ ਹਨ।
* ਫੁੱਲਝੜੀਆਂ ਵਰਗੇ ਪਟਾਕੇ ਚਲਾਉਣ ਵੇਲੇ ਸਾਵਧਾਨੀ ਵਰਤੋ। ਬੇਧਿਆਨੀ ਨਾਲ ਇੱਧਰ-ਉਧਰ ਘੁੰਮਾਉਣ ਨਾਲ ਹੱਥ, ਬਾਂਹ ਜਾਂ ਪੈਰ ਸੜ ਸਕਦੇ ਹਨ।
* ਪਟਾਕੇ ਬਹੁਤੀ ਦੇਰ ਰਾਤ ਤੱਕ ਨਾ ਚਲਾਏ ਜਾਣ ਕਿਉਂਕਿ ਇਹ ਕਿਸੇ ਬਿਮਾਰ, ਬਜ਼ੁਰਗ, ਵਿਦਿਆਰਥੀ ਅਤੇ ਪਸ਼ੂ-ਪੰਛੀਆਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਦੇ ਹਨ।
* ਪਟਾਕਿਆਂ ਨੂੰ ਸ਼ੀਸ਼ੇ ਦੀ ਬੋਤਲ, ਟੀਨ ਦੇ ਡੱਬੇ ਵਿਚ ਬੰਦ ਕਰਕੇ ਚਲਾਉਣ ਦੀ ਕੋਸ਼ਿਸ਼ ਨਾ ਕਰੋ, ਇਹ ਖਤਰਨਾਕ ਹੋ ਸਕਦਾ ਹੈ।
ਅਜਿਹਾ ਕਰੋ
* ਅੱਗ ਵਰਗੀ ਦੁਰਘਟਨਾ ਤੋਂ ਬਚਾਅ ਲਈ ਘਰ ਵਿਚ ਪਾਣੀ ਅਤੇ ਰੇਤ ਦੀਆਂ ਭਰੀਆਂ ਬਾਲਟੀਆਂ ਰੱਖੋ। ਬਿਜਲੀ ਅਤੇ ਤੇਲ ਦੀ ਅੱਗ 'ਤੇ ਪਾਣੀ ਨਹੀਂ ਰੇਤ ਪਾਓ।
* ਆਪਣੇ ਸ਼ਹਿਰ ਦੀ ਫਾਇਰ ਬ੍ਰੀਗੇਡ ਦਾ ਐਮਰਜੈਂਸੀ ਨੰਬਰ-101 ਯਾਦ ਰੱਖੋ।
* ਪਟਾਕਿਆਂ 'ਤੇ ਲਿਖੀਆਂ ਹਦਾਇਤਾਂ ਨੂੰ ਧਿਆਨ ਨਾਲ ਪੜ੍ਹੋ ਅਤੇ ਪਟਾਕਿਆਂ ਦੇ ਭੰਡਾਰ ਨੂੰ ਕਿਸੇ ਸੁਰੱਖਿਅਤ ਜਗ੍ਹਾ 'ਤੇ ਢਕ ਕੇ ਰੱਖੋ।
* ਰਾਕੇਟ, ਮਿਜ਼ਾਇਲ ਕਿਸਮਾਂ ਦੇ ਪਟਾਕੇ ਚਲਾਉਣ ਵਕਤ ਉਨ੍ਹਾਂ ਦੀ ਦਿਸ਼ਾ ਉੱਪਰ ਆਕਾਸ਼ ਵੱਲ ਨੂੰ ਰੱਖੋ।
* ਚਮੜੀ ਸੜ ਜਾਣ 'ਤੇ ਉਸ ਹਿੱਸੇ ਉੱਪਰ ਠੰਢਾ ਪਾਣੀ 10 ਤੋਂ 15 ਮਿੰਟ ਤੀਕ ਪਾਓ।
* ਸੜੇ ਭਾਗ ਉੱਪਰ ਕਿਸੇ ਕਿਸਮ ਦੀ ਟੁੱਥਪੇਸਟ, ਹਲਦੀ, ਤੇਲ, ਘਿਓ, ਗੋਬਰ, ਸਿਆਹੀ ਜਾਂ ਸਿੰਧੂਰ ਵਗੈਰਾ ਨਾ ਲਗਾਓ।
* ਅੰਗ ਸੜ ਜਾਣ 'ਤੇ ਹੱਥਾਂ ਵਿਚ ਪਾਈਆਂ ਛਾਪਾਂ-ਛੱਲੇ, ਕੜਾ, ਘੜੀ, ਚੇਨ ਵਗੈਰਾ ਉਤਾਰ ਦਿਓ। ਸੋਜ਼ਸ਼ ਆਉਣ ਨਾਲ ਕੱਸ ਵਧੇਗਾ।
* ਚਮੜੀ ਉੱਪਰ ਸਾੜ ਨਾਲ ਹੋਏ ਛਾਲਿਆਂ ਨੂੰ ਨਾ ਫੇਹੋ। ਚਮੜੀ ਨੰਗੀ ਹੋ ਕੇ ਇੰਫੈੱਕਸ਼ਨ ਹੋ ਸਕਦੀ ਹੈ।
* ਸੜੇ ਹੋਏ ਅੰਗ ਨੂੰ ਉੱਚਾ ਕਰਕੇ ਰੱਖੋ।
* ਜੇਕਰ ਪਟਾਕੇ ਚਲਾਉਂਦੇ ਸਮੇਂ ਅੱਖ ਵਿਚ ਕੁੱਝ ਪੈ ਜਾਵੇ ਜਾਂ ਚੋਟ ਲੱਗ ਜਾਵੇ ਤਾਂ ਉਸ ਨੂੰ ਮਲੋ ਜਾਂ ਰਗੜੋ ਨਾ, ਜਲਦੀ ਹੀ ਕਿਸੇ ਨੇੜੇ ਦੇ ਅੱਖਾਂ ਦੇ ਮਾਹਿਰ ਨੂੰ ਦਿਖਾਓ।
* ਜੇਕਰ ਕਿਸੇ ਵਿਅਕਤੀ ਦੇ ਕੱਪੜਿਆਂ ਨੂੰ ਅੱਗ ਲੱਗ ਜਾਵੇ ਤਾਂ ਤੁਰੰਤ ਉਸ ਨੂੰ ਜ਼ਮੀਨ 'ਤੇ ਲਿਟਾ ਦਿਓ ਤਾਂ ਜੋ ਅੱਗ ਵਿਅਕਤੀ ਦੇ ਚਿਹਰੇ ਤੀਕ ਨਾ ਪਹੁੰਚ ਸਕੇ। ਕਿਸੇ ਦਰੀ, ਕੰਬਲ ਜਾਂ ਖੇਸ ਵਰਗੇ ਮੋਟੇ ਕੱਪੜੇ ਵਿਚ ਲਪੇਟ ਕੇ ਹੇਠਾਂ ਜ਼ਮੀਨ 'ਤੇ ਲਿਟਾ ਕੇ ਅੱਗ ਨੂੰ ਬੁਝਾ ਦਿਓ। ਕੱਪੜਿਆਂ ਨੂੰ ਲੱਗੀ ਅੱਗ ਪਾਣੀ ਨਾਲ ਵੀ ਬੁਝਾਈ ਜਾ ਸਕਦੀ ਹੈ।
* ਅੱਗ ਲੱਗੇ ਵਿਅਕਤੀ ਨੂੰ ਭੱਜਣ-ਨੱਠਣ ਤੋਂ ਰੋਕੋ। ਖੁੱਲ੍ਹੀ ਹਵਾ ਵਿਚ ਭੱਜਣ ਨਾਲ ਅੱਗ ਹੋਰ ਫੈਲੇਗੀ।
* ਘਰ ਜਾਂ ਬਿਲਡਿੰਗ ਵਿਚ ਅੱਗ ਲੱਗਣ ਦੀ ਸੂਰਤ ਵਿਚ ਛੇਤੀ ਤੋਂ ਛੇਤੀ ਘਰ ਵਿਚੋਂ ਬਾਹਰ ਚਲੇ ਜਾਓ। ਕਿਸੇ ਵੀ ਕੀਮਤੀ ਸਾਮਾਨ, ਪੈਸੇ ਆਦਿ ਲਈ ਅੰਦਰ ਨਾ ਜਾਓ ਜੀਵਨ ਖ਼ਤਰੇ ਵਿਚ ਪੈ ਸਕਦਾ ਹੈ।
ਬੱਚਿਆਂ ਨੂੰ ਸਮਝਾਓ ਕਿ ਇਸ ਤਿਉਹਾਰ ਨੂੰ ਈਕੋ-ਫਰੈਂਡਲੀ ਢੰਗ ਨਾਲ ਮਨਾਓ।


-ਬਠਿੰਡਾ। ਮੋਬਾਈਲ : 98557-00157

Ad Position 22
No active advertisement
ਪਿਛਲੀ ਖ਼ਬਰ ਆ ਨੀ ਦੀਵਾਲੀਏ <h4>* ਹਰਦੇਵ ਸਿੰਘ ਭੁੱਲਰ *</h4> ਅਗਲੀ ਖ਼ਬਰ ਦੀਵਾਲੀ ਅੰਬਰਸਰ ਦੀ...
Ad Position 24
No active advertisement