ਹੋਲਾ ਮਹੱਲਾ ਖ਼ਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਆਰੰਭੇ ਨਵੇਂ ਯੁੱਗ ਦੀ ਸਿਰਜਣਾ ਦੇ ਕਾਰਜ ਨੂੰ ਸਿੱਖਾਂ ਅਤੇ ਗੁਰੂ ਸਾਹਿਬਾਨ ਵਲੋਂ ਬਾਖੂਬੀ ਅੱਗੇ ਤੋਰਿਆ ਗਿਆ। ਜੇਕਰ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ ਗੁਰੂ ਹਨ ਤਾਂ ਅਸੀਂ ਕਹਿ ਸਕਦੇ ਹਾਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖ ਧਰਮ ਦੀ ਸਿਖ਼ਰ ਹਨ।
ਸਿੱਖ ਧਰਮ ਦੀ ਬੁਲੰਦੀ ਸਿਧਾਂਤਕ ਰੂਪ ਵਿਚ ਪਰਪੱਕ ਹੋ ਰਹੀ ਸੀ। ਇਨਕਲਾਬੀ ਲਹਿਰਾਂ ਦਾ ਆਗਾਜ਼ ਹੋਣ ਲੱਗਾ। ਸ੍ਰੀ ਗੁਰੂੁ ਗੋਬਿੰਦ ਸਿੰਘ ਜੀ ਦੁਆਰਾ ਲਿਆਂਦੇ ਇਨਕਲਾਬ ਨੇ ਗਤੀਹੀਣ ਪੰਜਾਬ ਤੇ ਮਾਨਵਤਾ ਨੂੰ ਅਗਵਾਈ ਦਿੱਤੀ। 1699 ਈ: ਦੀ ਵਿਸਾਖੀ ਰਾਹੀਂ ਦਸਮੇਸ਼ ਪਿਤਾ ਜੀ ਨੇ ਅਜਿਹੀ ਗਤੀ ਖ਼ਾਲਸੇ ਦੀ ਝੋਲੀ ਪਾਈ ਜੋ ਸਰਸਾ ਕੰਢੇ ਜੌਹਰ ਵਿਖਾਉਂਦੀ ਰਹੀ, ਇਲਾਹੀ ਜਾਪ ਕਰਦੀ ਰਹੀ ਅਤੇ ਚਮਕੌਰ ਦੀ ਗੜ੍ਹੀ ਵਿਚ ਮੌਤ ਨੂੰ ਮਖੌਲ ਕਰਦੀ ਹੋਈ ਸਦਾ ਲਈ ਚੜ੍ਹਦੀ ਕਲਾ ਦਾ ਰੂਪ ਹੋ ਗਈ।
ਵਿਰਾਸਤ ਨੂੰ ਮਹਾਨ ਕਿਹਾ ਜਾਂਦਾ ਹੈ ਅਤੇ ਉਸ ਦੀ ਸਾਂਭ-ਸੰਭਾਲ ਕੀਤੀ ਜਾਂਦੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਅਜਿਹੀਆਂ ਪਰੰਪਰਾਵਾਂ ਸਥਾਪਿਤ ਕੀਤੀਆਂ ਗਈਆਂ ਜੋ ਸਿੱਖ ਧਰਮ ਨੂੰ ਵਿਲੱਖਣਤਾ ਦੀ ਛਾਇਆ ਪ੍ਰਦਾਨ ਕਰਦੀਆਂ ਹਨ। ਹੋਲਾ ਮਹੱਲਾ ਖ਼ਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਇਸ ਤਰ੍ਹਾਂ ਹੋਲਾ ਮਹੱਲਾ ਬਹਾਦਰੀ, ਨਿਰਭੈਤਾ ਅਤੇ ਆਜ਼ਾਦ ਹਸਤੀ ਨੂੰ ਦਰਸਾਉਂਦਾ ਹੈ।
ਖ਼ਾਲਸਾ ਪੰਥ ਹੋਲੀ ਨਹੀਂ, ਹੋਲਾ ਖੇਡਦਾ ਹੈ ਅਤੇ ਮਹੱਲਾ ਕੱਢਦਾ ਹੈ। ਹੋਲੀ ਤੋਂ ਅਗਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਵਿਚ ਸ੍ਰੀ ਕੇਸਗੜ੍ਹ ਸਾਹਿਬ ਦੇ ਸਥਾਨ ਉੱਤੇ ਧਾਰਮਿਕ ਇਕੱਠ ਹੁੰਦਾ ਹੈ ਜਿਸ ਨੂੰ 'ਹੋਲਾ ਮਹੱਲਾ' ਕਹਿੰਦੇ ਹਨ। ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਇਸ ਦਿਨ ਖ਼ਾਲਸਾਈ ਰੰਗ ਵਿਚ ਰੰਗੀ ਜਾਂਦੀ ਹੈ। ਇਸ ਦਿਨ ਨਗਰ ਕੀਰਤਨ ਨਗਾਰਿਆਂ ਦੀ ਧੁਨੀ ਵਿੱਚ ਸਜ-ਧਜ ਕੇ ਇੱਕ ਗੁਰਧਾਮ ਤੋਂ ਦੂਜੇ ਗੁਰਧਾਮ ਤੱਕ ਨਿਕਲਦਾ ਹੈ। ਸ਼ਾਹੀ ਜਲੂਸ ਵਿਚ ਨਿਹੰਗ ਸਿੰਘ ਗਤਕੇ ਦੀ ਪੇਸ਼ਕਾਰੀ ਕਰਦੇ ਹਨ।
'ਹੋਲਾ' ਸ਼ਬਦ ਅਰਬੀ ਭਾਸ਼ਾ ਦੇ 'ਹੂਲ' ਸ਼ਬਦ ਤੋਂ ਬਣਿਆ ਹੈ ਜਿਸ ਦੇ ਅਰਥ ਹਨ ਭਲਾਈ ਦੇ ਕੰਮਾਂ ਲਈ ਜੂਝਣਾ, ਸੀਸ ਤਲੀ 'ਤੇ ਧਰ ਕੇ ਲੜਨਾ ਆਦਿ। 'ਮਹੱਲਾ' ਸ਼ਬਦ ਦੇ ਅਰਥ ਕਈ ਵਿਦਵਾਨਾਂ ਦੁਆਰਾ ਕੀਤੇ ਗਏ ਹਨ। ਪਰ ਮਹੱਲਾ ਸ਼ਬਦ ਦਾ ਸਭ ਤੋਂ ਢੁੱਕਵਾਂ ਅਰਥ ਹੈ ਉਹ ਸਥਾਨ ਜਿੱਥੇ ਫ਼ਤਹਿ ਕਰਨ ਤੋਂ ਬਾਅਦ ਟਿਕਾਣਾ ਕੀਤਾ ਜਾਵੇ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖ਼ਾਲਸੇ ਦੀ ਸਿਰਜਣਾ ਅਕਾਲ ਪਰਖ ਦੁਆਰਾ ਹੋਈ ਦੱਸਦੇ ਹਨ-
ਖਾਲਸਾ ਅਕਾਲ ਪੁਰਖ ਕੀ ਫੌਜ
ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ
ਅਜਿਹਾ ਖ਼ਾਲਸਾ ਜਿਸ ਦੀ ਸਿਰਜਣਾ ਅਕਾਲ ਪੁਰਖ ਦੁਆਰਾ ਹੋਈ ਹੈ, ਉਸ ਦੀ ਸੰਸਾਰ ਵਿਚ ਭੂਮਿਕਾ ਵਿਲੱਖਣ ਹੈ। ਜਦ ਦਸਮੇਸ਼ ਪਿਤਾ ਜੀ ਨੇ ਖ਼ਾਲਸਾ ਸਾਜਿਆ ਅਤੇ ਖੰਡੇ ਦਾ ਅੰਮ੍ਰਿਤ ਛਕਾ ਕੇ ਧਰਮ ਯੁੱਧਾਂ ਲਈ ਸੰਤ ਸੂਰਮੇ ਤਿਆਰ ਕਰਨੇ ਸ਼ੁਰੂ ਕੀਤੇ ਤਾਂ ਅਨੇਕਾਂ ਵਿਅਕਤੀਆਂ ਦੇ ਮਨ ਵਿਚ ਧਰਮ ਹਿੱਤ ਜੂਝਣ ਦੀ ਰੀਝ ਪੈਦਾ ਹੋਈ। ਉਨ੍ਹਾਂ ਗੁਰੂ ਸਾਹਿਬ ਪਾਸੋਂ ਅੰਮ੍ਰਿਤ ਪਾਨ ਕਰ ਕੇ, ਤੇਗ ਤੇ ਧਰਮ ਦੀ ਜ਼ਿੰਮੇਵਾਰੀ ਸੰਭਾਲ ਲਈ।
ਅਨੰਦਪੁਰੋਂ ਅਨੇਕਾਂ ਗੁਰਸਿੱਖ ਗੁਰੂ ਉਪਦੇਸ਼ ਰਾਹੀਂ ਰੂਹਾਨੀਅਤ ਜੀਵਨ ਦੀ ਪ੍ਰਾਪਤੀ ਕਰਦੇ ਹੋਏ ਜੀਵਨ ਦੀ ਉੱਤਮ ਪਦਵੀ 'ਤੇ ਪਹੁੰਚ ਪਰਪੱਕ ਹੋ ਗਏ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ੁਰੂ ਕੀਤੀ ਹੋਲੇ ਮਹੱਲੇ ਦੀ ਰੀਤ ਅਜੋਕੇ ਸਮੇਂ ਵਿੱਚ ਵੀ ਉਸੇ ਤਰ੍ਹਾਂ ਨਿਭਾਈ ਜਾਂਦੀ ਹੈ।ਨਿਹੰਗ ਸਿੰਘਾਂ ਦੁਆਰਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਅਰਦਾਸਾ ਸੋਧਿਆ ਜਾਂਦਾ ਹੈ। ਉਪਰੰਤ ਹੋਲੇ ਮਹੱਲੇ ਦਾ ਅਗਾਜ਼ ਹੁੰਦਾ ਹੈ। ਨਗਾਰਿਆਂ ਦੀ ਗੂੰਜ ਮਨ ਨੂੰ ਅਕਾਲ ਪੁਰਖ ਦੇ ਚਰਨਾਂ ਵਿਚ ਸਮਰਪਿਤ ਕਰ ਦਿੰਦੀ ਹੈ।
-ਖਡੂਰ ਸਾਹਿਬ
ਸੰਪ: 70872-59173