ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖ਼ਾਲਸੇ ਦੀ ਸਾਜਨਾ ਨਾਲ ਸਿੱਖ ਧਰਮ ਨੂੰ ਅੰਤਿਮ ਤੇ ਸੰਪੂਰਨ ਸਰੂਪ ਪ੍ਰਦਾਨ ਕਰਕੇ ਕੁਝ ਵਿਸ਼ੇਸ਼ ਉਤਸਵ ਪ੍ਰਦਾਨ ਕੀਤੇ ਜਿਹੜੇ ਸਿੱਖ ਧਰਮ ਦੇ ਮੀਰੀ-ਪੀਰੀ ਦੇ ਸਿਧਾਂਤ ਦੇ ਜ਼ਾਮਨ ਹਨ ਅਤੇ ਸਿੱਖੀ ਦੀ ਵਿਲੱਖਣਤਾ ਦੇ ਹਵਾਲੇ ਨਾਲ ਸਿੱਖ ਸੱਭਿਆਚਾਰ ਦੇ ਵਿਗਾਸ ਨੂੰ ਵੀ ਪ੍ਰਗਟਾਉਂਦੇ ਹਨ। 'ਸੱਭਿਆਚਾਰਕ ਵਿਗਾਸ' ਰੂਹਾਨੀਅਤ ਦੀ ਚੜ੍ਹਦੀ ਕਲਾ ਦੇ ਖ਼ੂਬਸੂਰਤ ਅਮੂਰਤ ਵਰਤਾਰੇ ਦਾ ਲਖਾਇਕ ਹੈ। ਹੋਲਾ ਮਹੱਲਾ ਅਜਿਹਾ ਹੀ ਇਕ ਸਿੱਖ ਉਤਸਵ ਹੈ। ਹੋਲਾ ਮਹੱਲਾ ਮਨਾਉਣ ਦੀ ਰਵਾਇਤ ਅਨੁਸਾਰ ਚੇਤ ਵਦੀ 1 ਨੂੰ ਤਖ਼ਤ ਸ੍ਰੀ ਕੇਸਗੜ੍ਹ (ਸ੍ਰੀ ਅਨੰਦਪੁਰ ਸਾਹਿਬ) ਵਿਖੇ ਸਿੱਖ ਸੰਗਤਾਂ ਉਚੇਚੇ ਤੌਰ 'ਤੇ ਨਿਹੰਗ ਸਿੰਘ ਇਕੱਤਰ ਹੋ ਕੇ ਇਹ ਉਤਸਵ ਮਨਾਉਂਦੇ ਹਨ, ਜਿਸ ਦਾ ਹੋਲੀ ਦੀ ਰਸਮ ਨਾਲ ਕੋਈ ਸਬੰਧ ਨਹੀਂ। ਇਹ ਉਤਸਵ ਹਰ ਸਿੱਖ ਦੇ ਪੂਰਾ ਸਿਪਾਹੀ ਅਤੇ ਸ਼ਸਤਰ ਵਿੱਦਿਆ ਤੋਂ ਜਾਣੂ ਹੋਣ ਦੇ ਫਰਜ਼ ਨੂੰ ਚੇਤੇ ਕਰਵਾਉਂਦਾ ਹੈ।
ਭਾਰਤੀ ਮਿਥਿਹਾਸ ਵਿਚਲੇ ਹਰਨਾਖਸ਼ ਦੀ ਭੈਣ ਹੋਲਿਕਾ ਦੇ ਨਾਂਅ 'ਤੇ ਪ੍ਰਚੱਲਿਤ 'ਹੋਲੀ' ਦਾ ਤਿਉਹਾਰ, ਇਕ ਦੂਸਰੇ 'ਤੇ ਰੰਗ ਸੁੱਟ ਕੇ ਮਨਾਇਆ ਜਾਂਦਾ ਹੈ। ਪੁਰਾਣਾਂ ਵਿਚ ਹੋਲੀ ਦੀ ਕਥਾ ਇਸ ਤਰ੍ਹਾਂ ਮਿਲਦੀ ਹੈ ਕਿ ਪ੍ਰਹਿਲਾਦ ਭਗਤ ਦੀ ਭੂਆ ਢੁੰਡਾ (ਹੋਲਿਕਾ) ਸ਼ਿਵ ਦੇ ਵਰਦਾਨ ਕਰਕੇ ਭਸਮ ਨਹੀਂ ਸੀ ਹੋ ਸਕਦੀ। ਹਿਰਨਯਕਸ਼ਪ ਨੇ ਪ੍ਰਹਿਲਾਦ ਨੂੰ ਢੁੰਡਾ ਦੀ ਗੋਦੀ ਬਿਠਾ ਕੇ ਕਾਠ ਦੇ ਢੇਰ ਨੂੰ ਅੱਗ ਲਾ ਦਿੱਤੀ। ਕਰਤਾਰ ਦੀ ਕਿਰਪਾ ਨਾਲ ਪ੍ਰਹਿਲਾਦ ਬਚ ਗਿਆ ਅਤੇ ਢੁੰਡਾ ਸੜ ਗਈ। ਹਿੰਦੂ ਪੂਰਨਮਾਸ਼ੀ ਵਾਲੇ ਦਿਨ ਦੁਸ਼ਟ ਆਤਮਾ ਢੁੰਡਾ ਦੀ ਚਿਤਾ ਦੀ ਨਕਲ ਬਣਾ ਕੇ ਸਾੜਦੇ ਅਤੇ ਉਸ ਦੀ ਸੁਆਹ ਉਡਾਉਂਦੇ ਹਨ। ਫੱਗਣ ਸੁਦੀ 11 ਤੋਂ 15 ਤੱਕ ਲੋਕ ਫਾਗ (ਹੋਲੀ) ਖੇਡਦੇ ਅਤੇ ਅਰ ਊਧਮ ਮਚਾਉਂਦੇ ਹਨ। ਗੁਰਮਤਿ ਵਿਚ ਅਜਿਹੇ ਅਭਿਆਸ ਦੀ ਪ੍ਰਵਾਨਗੀ ਨਹੀਂ।
ਗੁਰਬਾਣੀ ਵਿਚ ਹੋਲੀ ਲਈ 'ਫਾਗ' ਸ਼ਬਦ ਵੀ ਵਰਤਿਆ ਗਿਆ ਹੈ। ਗੁਰੂ ਸਾਹਿਬਾਨ ਨੇ ਇਸ ਰੀਤੀ ਦਾ ਨਿਸ਼ੇਧ ਕਰਕੇ ਉੱਤਮ ਫਾਗ ਦਾ ਉਪਦੇਸ਼ ਦਿੱਤਾ ਹੈ। ਗੁਰਬਾਣੀ ਦਾ ਨਿਮਨ ਲਿਖਤ ਮਹਾਂਵਾਕ ਭਾਵੇਂ ਆਤਮਿਕ ਪ੍ਰਸੰਗ ਵਿਚ ਸਤਸੰਗੀਆਂ ਦੇ ਨਾਂਅ ਰੰਗ ਵਿਚ ਰੰਗੇ ਜਾਣ ਵਾਲੀ ਉੱਤਮ ਹੋਲੀ ਦਾ ਉਪਦੇਸ਼ ਦ੍ਰਿੜ੍ਹ ਕਰਵਾਉਂਦਾ ਹੈ, ਪਰ ਹੋਲੀ ਦੇ ਵਿਗੜੇ ਰੂਪ ਨੂੰ ਰੱਦ ਕਰਦਿਆਂ ਗੁਰਮਤਿ ਦੀ ਨਿਵੇਕਲੀ ਹੋਲੀ ਜਾਂ ਫਾਗ ਦੇ ਦਰਸ਼ਨ ਕਰਵਾਉਂਦਾ ਹੈ :
ਆਜੁ ਹਮਾਰੈ ਬਨੇ ਫਾਗ
ਪ੍ਰਭ ਸੰਗੀ ਮਿਲਿ ਖੇਲਨ ਲਾਗ
ਹੋਲੀ ਕੀਨੀ ਸੰਤ ਸੇਵ
ਰੰਗੁ ਲਾਗਾ ਅਤਿ ਲਾਲ ਦੇਵ
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ-1180)
ਹੋਲੀ ਇਕ ਮੌਸਮੀ ਤਿਉਹਾਰ ਹੈ। ਜਦੋਂ ਸਿਆਲ ਬੀਤਦਾ ਹੈ ਤੇ ਗੁਲਾਬੀ ਰੁੱਤ ਹੁੰਦੀ ਹੈ ਤਾਂ ਹਰ ਦੇਸ਼ ਵਿਚ ਖੁਸ਼ੀ ਤੇ ਅਨੰਦ ਦੇ ਆਪੋ-ਆਪਣੇ ਰਿਵਾਜ ਹੁੰਦੇ ਹਨ। ਭਾਰਤ ਵਿਚ ਹੋਲੀ ਕੰਮਾਂ ਤੋਂ ਵਿਹਲੇ ਰਹਿ ਕੇ ਖੁਸ਼ੀ ਮਨਾਉਣ ਦਾ ਇਕ ਢੰਗ ਵੀ ਸੀ, ਜੋ ਵਿਗੜਦੀ ਵਿਗੜਦੀ ਮਿੱਟੀ ਸੁਆਹ ਉਡਾਉਣ ਤੱਕ ਚਲੀ ਗਈ। ਸੋ ਸਿੱਖਾਂ ਵਿਚ ਇਹ ਤਿਉਹਾਰ ਮੂਲੋਂ ਹੀ ਨਿਵੇਕਲੇ ਤੇ ਵਿਲੱਖਣ ਰੂਪ ਵਿਚ 'ਹੋਲਾ' ਦੇ ਰੂਪ ਵਿਚ ਮਨਾਇਆ ਜਾਣ ਲੱਗਿਆ। ਬਾਬਾ ਸੁਮੇਰ ਸਿੰਘ ਪਟਨਾ ਸਾਹਿਬ ਇਸ ਦੀ ਵਿਲੱਖਣਤਾ ਨੂੰ ਬਿਆਨ ਕਰਦੇ ਹਨ :
ਔਰਨ ਕੀ ਹੋਲੀ ਮਮ ਹੋਲਾ
ਕਹਯੋ ਕ੍ਰਿਪਾਨਿਧਿ ਬਚਨ ਅਮੋਲਾ
(ਗੁਰੂ ਪਦ ਪ੍ਰੇਮ ਪ੍ਰਕਾਸ਼)
ਗੁਰਸਿੱਖਾਂ ਵਿਚ ਇਹ ਕੀਰਤਨ, ਸੰਤ ਸੇਵਾ, ਪ੍ਰਸ਼ਾਦ, ਗੁਰ-ਦਰਸ਼ਨ ਆਦਿ ਰੰਗਾਂ ਵਿਚ ਹੁੰਦੀ ਸੀ। ਆਮ ਤੌਰ 'ਤੇ ਸੋਹਣੇ ਤਰੀਕੇ ਦੀ ਹੋਲੀ ਵੀ ਸਿੱਖ ਖੇਡਿਆ ਕਰਦੇ ਸਨ। ਗੁਰੂ ਦਰਬਾਰਾਂ ਵਿਚ ਅਤਰ, ਗੁਲਾਬ ਆਦਿ ਦਾ ਵਰਤਾਉ ਵੀ ਹੁੰਦਾ ਸੀ। ਸੰਮਤ 1757 (1700 ਈ:) ਹੋਲੀ ਤਾਂ ਗੁਰੂ ਦਸਮੇਸ ਪਿਤਾ ਜੀ ਦੀ ਹਜ਼ੂਰੀ ਵਿਚ ਪਹਿਲੋਂ ਤਿਆਰੀ ਆਰੰਭੀ ਗਈ। ਹੋਲਗੜ੍ਹ ਇਕ ਨਵਾਂ ਸਥਾਨ ਰਚਿਆ ਗਿਆ। ਹੋਲੇ ਤੋਂ ਅਗਲੇ ਦਿਨ ਖ਼ਾਲਸਾ ਦਲ ਦੇ ਦੋ ਹਿੱਸੇ ਕੀਤੇ ਗਏ। ਇਕ ਹਿੱਸਾ ਤਾਂ ਹੋਲਗੜ੍ਹ ਉੱਤੇ ਕਬਜ਼ਾ ਕਰ ਮੋਰਚੇ ਲਾ ਕੇ ਬੈਠ ਗਿਆ ਤੇ ਦੂਸਰਾ ਹਿੱਸਾ ਉਨ੍ਹਾਂ ਉਤੇ ਧਾਵੀ ਹੋ ਕੇ ਚੜ੍ਹਿਆ। ਇਸ ਦੀ ਅਗਵਾਈ ਗੁਰੂ ਜੀ ਆਪ ਕਰ ਰਹੇ ਸਨ। ਅੱਗੇ ਨਿਸ਼ਾਨ ਸਾਹਿਬ ਲਾਏ ਗਏ। ਵਿਉਂਤ ਦਰਸਾਈ ਗਈ ਕਿ ਸਮਝੋ ਹੋਲਗੜ੍ਹ ਇਕ ਕਿਲ੍ਹਾ ਹੈ ਜੋ ਵੈਰੀ ਦੇ ਹੱਥ ਹੈ। ਅਸਾਂ ਅੱਜ ਹੱਲਾ ਕਰਕੇ ਪੈਣਾ ਹੈ। ਅੱਗੋਂ ਉਹ ਤਿਆਰ-ਬਰ-ਤਿਆਰ ਹਨ ਕਿ ਸਾਨੂੰ ਕਬਜ਼ਾ ਨਾ ਕਰਨ ਦੇਣ। ਗੋਲੀ ਨਾਲ ਮਾਰ ਦੇਣ ਦਾ ਹੁਕਮ ਬੰਦ ਸੀ, ਕਿਉਂਕਿ ਦੋਵੇਂ ਪਾਸੇ ਖਾਲਸਾ ਸੀ। ਇਹ ਤਾਂ ਖਾਲਸੇ ਨੇ ਆਪੋ ਵਿਚ ਮਸ਼ਕ ਕਰਨੀ ਸੀ ਤੇ ਗੁਰੂ ਸਾਹਿਬ ਨੇ ਇਸ ਨਕਲੀ ਯੁੱਧ ਰਾਹੀਂ ਜਾਚ ਸਿਖਾਉਣੀ ਸੀ। ਸੋ ਗੁਰੂ ਜੀ ਨਿਸ਼ਾਨਾਂ ਦੀ ਤਾਬਿਆ 'ਚ ਸਾਰੇ ਦਲ ਨੂੰ ਨਾਲ ਲੈ ਕੇ ਅਗੇ ਵਧੇ ਅਤੇ ਹੋਲਗੜ੍ਹ 'ਤੇ ਜਾ ਬਿਰਾਜੇ। ਕਾਫ਼ੀ ਸਮਾਂ (ਡੇਢ ਪਹਿਰ) ਦੁਵੱਲਾ ਘਮਸਾਨ ਪਿਆ ਰਿਹਾ। ਰੋਕਣ ਵਾਲੇ ਦਲ ਦੇ ਸਫ਼ੈਦ ਕੱਪੜੇ ਸਨ ਅਤੇ ਸਤਿਗੁਰਾਂ ਦੇ ਦਲ ਦੇ ਹਲਕੇ ਕੇਸਰ ਰੰਗ ਦੇ ਕੱਪੜੇ ਸਨ। ਏਨਾ ਕੁ ਫ਼ਰਕ ਹੁੰਦਾ ਸੀ। ਕਾਫ਼ੀ ਸਮੇਂ ਦੀ ਦੁਵੱਲੀ ਜੱਦੋ-ਜਹਿਦ ਮਗਰੋਂ ਹੋਲਗੜ੍ਹ ਵਾਲੇ ਹਾਰ ਗਏ ਤੇ ਸਤਿਗੁਰੂ ਜੀ ਜੈਕਾਰੇ ਗੁੰਜਾਉਂਦੇ ਅੰਦਰ ਆ ਵੜੇ। ਧਾਵਾ ਕਾਮਯਾਬ ਹੋਇਆ ਤੇ ਸਾਰੀ ਫ਼ੌਜ ਇਕਮਿਕ ਹੋ ਗਈ। ਉਸੇ ਥਾਵੇਂ ਦੀਵਾਨ ਸਜਿਆ। ਫਿਰ ਅਤਰ, ਅੰਬੀਰ ਕੇਸਰ ਅਤੇ ਗੁਲਾਬ ਉੱਡੇ। ਸੱਚੇ ਪਾਤਸ਼ਾਹ ਕੇਸਰੀ ਰੰਗ ਦੀਆਂ ਪਿਚਕਾਰੀਆਂ ਚਲਾਉਂਦੇ ਰਹੇ। ਗੁਲਾਬ ਆਪਣੇ ਹੱਥੀਂ ਉਡਾਇਆ। ਇਸ ਤਰ੍ਹਾਂ ਇਸ ਹੱਲੇ ਜਾਂ ਹੋਲੇ ਦਾ ਨਾਂਅ ਹੋਲਾ ਮਹੱਲਾ ਟਿਕ ਗਿਆ। ਇਹ ਬੋਲਾ 'ਮਾਯ ਹਲਾ' ਸਤਿਗੁਰਾਂ ਨੇ ਆਪ ਰਚਿਆ ਸੀ। ਜਿਸ ਦਾ ਮਤਲਬ ਸੀ ਬਣਾਉਟੀ ਹਮਲਾ। ਪਹਿਲਾ ਮਾਯ ਹੱਲਾ ਸਤਿਗੁਰਾਂ ਨੇ ਹੋਲੇ 'ਤੇ ਮੁਕਰਰ ਕੀਤਾ। ਇਹ ਮਾਯ ਹੱਲਾ ਬੋਲਚਾਲ ਵਿਚ 'ਮਹੱਲਾ' ਬਣ ਗਿਆ। ਮਹਾਨ ਕੋਸ਼ ਅਨੁਸਾਰ 'ਹੋਲੇ' ਦਾ ਅਰਥ ਹੱਲਾ ਅਤੇ ਹੱਲੇ ਦੀ ਥਾਂ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਨੂੰ ਸ਼ਸਤਰ ਅਤੇ ਯੁੱਧ ਵਿੱਦਿਆ ਵਿਚ ਨਿਪੁੰਨ ਕਰਨ ਹਿਤ ਇਹ ਰੀਤ ਚਲਾਈ ਸੀ ਕਿ ਦੋ ਦਲ ਬਣਾ ਕੇ ਮੁਖੀ ਸਿੰਘਾਂ ਦੀ ਅਗਵਾਈ ਹੇਠ ਇਕ ਖ਼ਾਸ ਥਾਂ 'ਤੇ ਕਬਜ਼ਾ ਕਰਨਾ। ਗੁਰੂ ਸਾਹਿਬ ਇਸ ਨਕਲੀ ਜੰਗ ਦੇ ਜੌਹਰ ਦੇਖਦੇ ਸਨ ਤੇ ਦੋਹਾਂ ਦਲਾਂ ਨੂੰ ਸਿੱਖਿਆ ਦਿੰਦੇ ਸਨ। ਜਿਹੜਾ ਦਲ ਕਾਮਯਾਬ ਹੁੰਦਾ ਉਸ ਨੂੰ ਦੀਵਾਨ ਵਿਚ ਸਿਰੋਪਾਓ ਬਖ਼ਸ਼ਦੇ ਸਨ। (ਮਹਾਨ ਕੋਸ਼, ਪੰਨਾ 283)
ਅੱਜ ਤੱਕ ਖ਼ਾਲਸਾ ਪੰਥ ਵਿਚ 'ਮਹੱਲੇ' ਦਾ ਰਿਵਾਜ ਹੈ ਜਿਸ ਤਹਿਤ ਖ਼ਾਲਸਾ ਨਿਸ਼ਾਨਾਂ ਦੀ ਤਾਬਿਆ 'ਚ ਇਕ ਗੁਰ ਅਸਥਾਨ ਤੋਂ ਦੂਜੇ ਤੱਕ ਜਾਂ ਮੁੜ ਉਸੇ ਟਿਕਾਣੇ ਤੱਕ ਚੜ੍ਹ ਕੇ ਜਾਂਦਾ ਹੈ। ਹੁਣ ਇਹ ਨਿਰੋਲ ਧਾਰਮਿਕ ਰੂਪ ਵਿਚ ਹੈ। ਸ਼ਬਦ ਗਾਏ ਜਾਂਦੇ ਹਨ, ਸੰਗਤਾਂ ਪ੍ਰਸ਼ਾਦ ਭੇਟ ਕਰਦੀਆਂ ਅਤੇ ਟਿਕਾਣੇ ਅੱਪੜਕੇ ਭੋਗ ਪਾਇਆ ਜਾਂਦਾ ਹੈ। ਸ੍ਰੀ ਅੰਮ੍ਰਿਤਸਰ ਵਿਚ ਹੋਲੇ ਦੇ ਤਿਉਹਾਰ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਹੱਲਾ ਹੁਣ ਤੱਕ ਨਿਸ਼ਾਨਾਂ ਦੀ ਤਾਬਿਆ 'ਚ ਧੌਂਸਿਆਂ ਨਾਲ ਚੜ੍ਹਦਾ ਹੈ।
ਅਜੋਕੇ ਸਮੇਂ ਵੀ ਹੋਲੇ ਮਹੱਲੇ ਦੇ ਉਤਸਵ 'ਤੇ ਗੁਰੂ ਕੀਆਂ ਲਾਡਲੀਆਂ ਫ਼ੌਜਾਂ ਨਿਹੰਗ ਸਿੰਘ ਖ਼ਾਲਸਾਈ ਕਰਤਬ ਦਿਖਾਉਂਦੇ ਹਨ। ਸ਼ਸਤਰਾਂ ਦਾ ਅਭਿਆਸ, ਘੋੜ ਦੌੜ, ਗਤਕਾਬਾਜ਼ੀ, ਨੇਜ਼ਾਬਾਜ਼ੀ, ਤੀਰ ਅੰਦਾਜ਼ੀ ਅਤੇ ਚਾਂਦ ਮਾਰੀ ਦੇ ਕਰਤਬ ਇਸ ਤਿਉਹਾਰ ਦੇ ਅੰਗ ਹਨ। ਹੋਲੇ ਮਹੱਲੇ 'ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (ਸ੍ਰੀ ਅਨੰਦਪੁਰ ਸਾਹਿਬ) ਵਿਖੇ ਨਿਹੰਗ-ਸਿੰਘ ਸਿੱਖ ਸੰਗਤਾਂ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਹੁੰਦੇ ਹਨ। ਹੋਲੇ ਮਹੱਲੇ ਦੀ ਮਹਾਨਤਾ ਦਾ ਅੰਦਾਜ਼ਾ ਇਸ ਤੱਥ ਤੋਂ ਵੀ ਲਗਦਾ ਹੈ ਕਿ ਜਦ 1889 ਈ: ਵਿਚ ਖ਼ਾਲਸਾ ਦੀਵਾਨ ਲਾਹੌਰ ਨੇ ਪੰਜ ਸਿੱਖ ਜਨਤਕ ਛੁੱਟੀਆਂ ਦੀ ਮੰਗ ਕੀਤੀ ਸੀ ਤਾਂ, ਸਰਕਾਰ ਨੇ ਦੋ ਛੁੱਟੀਆਂ ਨੂੰ ਹੀ ਮਾਨਤਾ ਦਿੱਤੀ, ਇਕ ਹੋਲੇ ਮਹੱਲੇ ਦੀ ਅਤੇ ਦੂਸਰੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੀ।
ਹੋਲੇ ਮਹੱਲੇ ਦਾ ਉਤਸਵ ਨਿਹੰਗ ਸਿੰਘਾਂ ਨਾਲ ਹੀ ਜੋਬਨ ਦਿਖਾਉਂਦਾ ਹੈ। ਦਰਅਸਲ ਨਿਹੰਗ ਸਿੰਘ ਹੀ ਇਸ ਉਤਸਵ ਦੇ ਨਾਇਕ ਹਨ। 'ਆਏ ਨੀ ਨਿਹੰਗ ਬੂਹਾ ਖੋਲ੍ਹ ਦੇ ਨਿਸੰਗ' ਦੇ ਬੋਲਾਂ ਤੋਂ ਨਿਹੰਗ ਸਿੰਘਾਂ ਦੇ ਸ਼ੁੱਧ ਚਰਿੱਤਰ ਦੇ ਭਾਵਾਂ ਦਾ ਪ੍ਰਗਟਾਵਾ ਹੁੰਦਾ ਹੈ ਅਤੇ ਇਹ ਜਾਇਦਾਦ ਦੇ ਕਬਜ਼ੇ ਦੇ ਅਸੂਲ ਦੇ ਪਾਬੰਦ ਨਹੀਂ ਸਨ। ਇਨ੍ਹਾਂ ਅਨੁਸਾਰ ਸਭ ਕੁਝ ਵਾਹਿਗੁਰੂ ਦਾ ਹੈ ਅਤੇ ਮਲਕੀਅਤ ਦੇ ਦਾਅਵੇ ਨੂੰ ਮਨੁੱਖ ਦੀ ਭੁੱਲ ਮੰਨਦੇ ਸਨ। ਇਨ੍ਹਾਂ ਦੀ ਧਾਰਨਾ ਸੀ ਕਿ ਜਿਵੇਂ ਹਵਾ ਤੇ ਪਾਣੀ ਸਭ ਦਾ ਸਾਂਝਾ ਹੈ, ਉਸੇ ਤਰ੍ਹਾਂ ਜ਼ਮੀਨ ਅਤੇ ਇਸ ਦੀ ਉਤਪਤੀ ਸਭ ਦੀ ਸਾਂਝੀ ਹੈ। ਇਸ ਧਾਰਨਾ ਨੂੰ ਉਹ ਆਪਾ ਲੁਟਾਉਣ ਦੇ ਅਮਲ ਰਾਹੀਂ ਬੋਧ ਕਰਵਾਉਂਦੇ ਸਨ।
-ਮੋਬਾਈਲ : 94638-61316