ਭਾਰਤ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਅਨੇਕਤਾ ਵਿਚ ਏਕਤਾ ਹੈ। ਦੁਨੀਆ ਵਿਚ ਕੋਈ ਅਜਿਹਾ ਦੇਸ਼ ਨਹੀਂ ਹੈ, ਜਿਥੇ ਏਨੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਜਿਥੇ ਏਨੇ ਅਲੱਗ-ਅਲੱਗ ਪਹਿਰਾਵੇ ਹੋਣ, ਜਿਥੇ ਵੱਖ-ਵੱਖ ਰੀਤੀ-ਰਿਵਾਜ ਹੋਣ, ਜਿਥੇ ਏਨੀਆਂ ਅਲੱਗ-ਅਲੱਗ ਮਾਨਤਾਵਾਂ ਹੋਣ ਅਤੇ ਸਿਰਫ਼ ਜੀਵਨ ਪੱਧਰ 'ਤੇ ਹੀ ਨਹੀਂ ਭੂਗੋਲਿਕ ਪੱਧਰ 'ਤੇ ਵੀ ਇਹ ਜੀਵਨ ਵਿਸ਼ੇਸ਼ਤਾਈਆਂ ਮੌਜੂਦ ਹਨ। ਕਿਤੇ ਬਰਫ਼ ਨਾਲ ਢਕੀਆਂ ਚੋਟੀਆਂ ਹਨ ਅਤੇ ਕਿਤੇ ਦੂਰ ਤੱਕ ਬਨਸਪਤੀ, ਰੇਗਿਸਤਾਨ, ਕਿਤੇ ਪਥਰੀਲੇ ਪਹਾੜ ਅਤੇ ਕਿਤੇ ਖੁੱਲ੍ਹੇ ਮੈਦਾਨ ਹਨ। ਭਾਰਤ ਸੱਚਮੁੱਚ ਵਿਭਿੰਨਤਾਵਾਂ ਨਾਲ ਭਰਿਆ ਦੇਸ਼ ਹੈ। ਇਸ ਦੀਆਂ ਇਹ ਵਿਭਿੰਨਤਾਵਾਂ ਦੀ ਝਲਕ ਸਾਡੇ ਵੱਖ-ਵੱਖ ਤਿਉਹਾਰਾਂ ਵਿਚ ਮਿਲਦੀ ਹੈ। ਖਾਸ ਕਰਕੇ ਹੋਲੀ ਪੂਰੀ ਤਰ੍ਹਾਂ ਨਾਲ ਵੱਖ-ਵੱਖ ਰੰਗਾਂ ਦਾ ਰੰਗ ਬਿਖੇਰਨ ਵਾਲਾ ਹੀ ਤਿਉਹਾਰ ਹੈ। ਭਾਰਤ ਵਿਚ ਤਕਰੀਬਨ ਚਾਰ ਦਰਜਨ ਤਰ੍ਹਾਂ ਦੀ ਹੋਲੀ ਖੇਡੀ ਜਾਂਦੀ ਹੈ। ਜਿਨ੍ਹਾਂ ਦੀ ਬਾਕਾਇਦਾ ਸੱਭਿਆਚਾਰਕ ਪਛਾਣ ਹੈ ਅਤੇ ਜੇਕਰ ਇਕ ਹੀ ਸੱਭਿਆਚਾਰਕ ਇਲਾਕੇ ਵਿਚ ਹੋਲੀ ਮਨਾਉਣ ਦੇ ਵੱਖ-ਵੱਖ ਤੌਰ ਤਰੀਕਿਆਂ ਵਿਚੋਂ ਵਿਭਿੰਨਤਾਵਾਂ ਨੂੰ ਵੇਖਿਆ ਜਾਵੇ ਤਾਂ ਇਹ ਵਿਭਿੰਨਤਾ ਕਈ ਸੈਂਕੜਿਆਂ ਦੀਆਂ ਹੋਣਗੀਆਂ।
ਬ੍ਰਿਜ ਦੀ ਹੋਲੀ ਇਕ ਸੱਭਿਆਚਾਰਕ ਤਿਉਹਾਰ ਦੀ ਤਰ੍ਹਾਂ ਹੈ। ਹੋਲੀ ਤੋਂ ਇਕ ਦਿਨ ਪਹਿਲਾਂ ਨੰਦਗ੍ਰਾਮ ਦੇ ਮਰਦ ਯਾਨਿ ਗੋਪ ਰਾਧਾ ਦੇ ਪਿੰਡ ਬਰਸਾਨਾ ਵਿਚ ਖੇਡੀ ਜਾਣ ਵਾਲੀ ਹੋਲੀ ਖੇਡਣ ਆਉਂਦੇ ਹਨ। ਇਸ ਦਿਨ ਇਥੇ ਹੋਲੀ ਖੇਡਣ ਲਈ ਔਰਤਾਂ ਯਾਨਿ ਗੋਪੀਆਂ ਨੰਦਗ੍ਰਾਮ ਦੇ ਮਰਦਾਂ ਨੂੰ ਲਾਠੀਆਂ ਨਾਲ ਜੰਮ ਕੇ ਕੁਟਦੀਆਂ ਹਨ। ਅੱਜਕਲ੍ਹ ਹੋਲੀ ਦਾ ਇਹ ਰੰਗ ਪੂਰੀ ਦੁਨੀਆ ਵਿਚ ਏਨਾ ਪ੍ਰਸਿੱਧ ਹੋ ਗਿਆ ਹੈ ਕਿ ਹੋਲੀ ਦੇ ਸਮੇਂ ਬ੍ਰਿਜ ਖੇਤਰ ਵਿਚ ਵੱਡੇ ਪੈਮਾਨੇ ਉਤੇ ਦੇਸੀ, ਵਿਦੇਸ਼ੀ ਸੈਲਾਨੀ ਆਉਂਦੇ ਹਨ। ਉਨ੍ਹਾਂ ਦਾ ਮਕਸਦ ਇਹੀ ਹੁੰਦਾ ਹੈ ਕਿ ਅਸੀਂ ਇਹ ਹੋਲੀ ਦੇਖੀਏ।
ਜੇਕਰ ਬ੍ਰਿਜ ਦੀ ਹੋਲੀ ਆਪਣੇ ਲੱਠਮਾਰ ਅੰਦਾਜ਼ ਦੇ ਲਈ ਪੂਰੀ ਦੁਨੀਆ ਵਿਚ ਵਿਚ ਮਸ਼ਹੂਰ ਹੈ ਤਾਂ ਬਿਹਾਰ ਦੀ ਹੋਲੀ ਆਪਣੇ ਖਾਸ ਤਰ੍ਹਾਂ ਦੇ ਫਗੂਆ ਦੇ ਕਾਰਨ ਦੇਸ਼-ਵਿਦੇਸ਼ ਵਿਚ ਜਾਣੀ ਜਾਂਦੀ ਹੈ। ਫਗੂਆ ਯਾਨਿ ਹੋਲੀ ਵਾਲੇ ਦਿਨ ਇਕ ਖਾਸ ਕਿਸਮ ਦਾ ਲਾਲ ਰੰਗ ਦਾ ਸਮਾਗਮ ਹੈ। ਹੋਲੀ ਵਾਲੇ ਦਿਨ ਇਥੇ ਲੋਕ ਕਈ ਦਿਨਾਂ ਪਹਿਲਾਂ ਹੀ ਖੂਬ ਗਾਉਣ ਵਜਾਉਣ ਅਤੇ ਮਸਤੀ ਵਰਗਾ ਮਾਹੌਲ ਬਣਾਉਣ ਲਗਦੇ ਹਨ। ਪੂਰਬੀ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿਚ ਹੋਲੀ ਦੇ ਏਨੇ ਗੀਤ ਮਸ਼ਹੂਰ ਹੋਏ, ਜਿੰਨੇ ਸ਼ਾਇਦ ਹੀ ਦੁਨੀਆ ਵਿਚ ਕਿਤੇ ਹੋਰ ਹੋਏ ਹੋਣ। ਇਸ ਦੌਰਾਨ ਇਥੇ ਮਰਦਾਂ ਦੀਆਂ ਵੱਖ-ਵੱਖ ਟੋਲੀਆਂ ਬਣ ਜਾਂਦੀਆਂ ਹਨ ਅਤੇ ਕਈ ਦਿਨਾਂ ਤੱਕ ਦਿਨ-ਰਾਤ ਗਾਣਾ-ਵਜਾਉਣਾ ਅਤੇ ਨੱਚਣਾ ਚਲਦਾ ਰਹਿੰਦਾ ਹੈ। ਹੋਲੀ ਵਾਲੇ ਦਿਨ ਭਾਵ ਹੋਲਿਕਾ ਜਲਾਉਣ ਤੋਂ ਬਾਅਦ ਇਹ ਗਾਉਂਦੇ-ਵਜਾਉਂਦੇ ਲੋਕ ਆਪਣੇ ਘਰਾਂ ਨੂੰ ਵਾਪਸ ਹੋ ਜਾਂਦੇ ਹਨ ਅਤੇ ਇਕ-ਦੂਸਰੇ ਨੂੰ ਗਲੇ ਮਿਲਦੇ ਹਨ।
ਇਸ ਦੇ ਨਾਲ ਹੀ ਪੰਜਾਬ ਦਾ ਹੋਲਾ ਮਹੱਲਾ ਸਿੱਖਾਂ ਦਾ ਪਵਿੱਤਰ ਤਿਉਹਾਰ ਹੈ, ਜੋ ਗੁਰਦੁਆਰਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲੀ ਦੇ ਅਗਲੇ ਦਿਨ ਮਨਾਇਆ ਜਾਂਦਾ ਹੈ। ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੀ ਨੂੰ ਹੋਲਾ ਮਹੱਲਾ ਦੇ ਰੂਪ ਵਿਚ ਮਨਾਉਣ ਦੀ ਸ਼ੁਰੂਆਤ ਹੋਈ ਸੀ। ਇਹ ਤਿੰਨ ਦਿਨ ਤੱਕ ਚੱਲਣ ਵਾਲਾ ਸਿੱਖਾਂ ਦੀ ਬਹਾਦਰੀ ਦੇ ਇਤਿਹਾਸ ਨੂੰ ਉਜਾਗਰ ਕਰਨ ਵਾਲਾ ਹੁੰਦਾ ਹੈ। ਸ੍ਰੀ ਅਨੰਦਪੁਰ ਸਾਹਿਬ ਵਿਚ ਹੋਲਾ ਮਹੱਲਾ ਦੇ ਸਮੇਂ ਪੂਰੇ ਦੇਸ਼ ਹੀ ਨਹੀਂ ਸਗੋਂ ਪੂਰੀ ਦੁਨੀਆ ਦੇ ਸਿੱਖ ਇਥੇ ਆ ਕੇ ਆਪਣੀ ਸੂਰਬੀਰਤਾ ਦਾ ਪ੍ਰਦਰਸ਼ਨ ਕਰਦੇ ਹਨ।
ਇਨ੍ਹਾਂ ਵਿਚ ਹੀ ਜੇਕਰ ਬੰਗਾਲ ਦੇ ਡੋਲਾ ਮਹਾਂਉਤਸਵ ਦੀ ਗੱਲ ਨਾ ਕੀਤੀ ਗਈ ਤਾਂ ਹੋਲੀ ਦੀ ਚਰਚਾ ਅਧੂਰੀ ਰਹਿ ਜਾਵੇਗੀ। ਬੰਗਾਲ ਦੇ ਡੋਲਾ ਉਤਸਵ ਵਿਚ ਵੀ ਇਹੀ ਮਸਤੀ, ਇਹੀ ਖ਼ੁਸ਼ੀ ਦਾ ਮਾਹੌਲ ਸਭ ਕੁਝ ਹੁੰਦਾ ਹੈ। ਪਰ ਇਸ ਵਿਚ ਗਿੱਲੇ ਰੰਗ ਆਮ ਤੌਰ 'ਤੇ ਨਹੀਂ ਵਰਤੇ ਜਾਂਦੇ। ਪਹਿਲਾਂ ਤਾਂ ਡੋਲਾ ਉਤਸਵ ਸਿਰਫ਼ ਫੁੱਲਾਂ ਅਤੇ ਉਨ੍ਹਾਂ ਵਿਚ ਸਫ਼ੇਦ ਰੰਗ ਦੇ ਫੁੱਲਾਂ ਨਾਲ ਮਨਾਇਆ ਜਾਂਦਾ ਸੀ। ਪਰ ਹੁਣ ਇਸ ਵਿਚ ਕਈ ਤਰ੍ਹਾਂ ਦੀਆਂ ਰੰਗ-ਬਰੰਗੀਆਂ ਚੀਜ਼ਾਂ ਜੁੜ ਗਈਆਂ ਹਨ, ਇਸ ਵਿਚ ਵਰਚੂਅਲ ਹੋਲੀ ਵੀ ਹੁੰਦੀ ਹੈ, ਜੋ ਵੱਡੇ ਪਰਦੇ ਜਾਂ ਸਕਰੀਨ ਉਤੇ ਕੁਝ ਘੰਟੇ ਦੀ ਫਿਲਮ ਵਰਗੀ ਹੁੰਦੀ ਹੈ। ਦਰਅਸਲ ਡੋਲਾ ਉਤਸਵ ਵਿਚ ਬੰਗਾਲ ਦੀਆਂ ਔਰਤਾਂ ਚਿੱਟੀ ਸਾੜ੍ਹੀ ਪਹਿਨ ਕੇ ਜਿਨ੍ਹਾਂ ਦਾ ਆਮ ਤੌਰ 'ਤੇ ਕਿਨਾਰਾ ਲਾਲ ਹੁੰਦਾ ਹੈ, ਖੂਬ ਹੋਲੀ ਮਨਾਉਂਦੀਆਂ ਹਨ।
ਸਤਰੰਗੀ ਹੋਲੀ ਦੇ ਸੱਤ ਰੰਗ
ਅਜੀਤ ਡੈਸਕ
29-03-2021