ਹੋਲਾ ਮਹੱਲਾ ਸਿੱਖਾਂ ਦਾ ਇਕ ਅਹਿਮ ਦਿਹਾੜਾ ਹੈ ਜੋ ਕਿ ਹੋਲੀ ਤੋਂ ਅਗਲੇ ਦਿਨ ਮਨਾਇਆ ਜਾਂਦਾ ਹੈ। ਸਿੱਖ ਹੋਲੀ ਦੇ ਪਰੰਪਰਾਗਤ ਰੂਪ ਨੂੰ ਪ੍ਰਵਾਨ ਨਹੀਂ ਕਰਦਾ ਕਿਉਂਕਿ ਲੋਕਾਂ ਨੇ ਇਕ-ਦੂਜੇ 'ਤੇ ਰੰਗ, ਗੰਦ-ਮੰਦ ਸੁੱਟਣ, ਖਰੂਦ ਮਚਾਉਣ, ਸ਼ਰਾਬ ਪੀਣ, ਮੰਦਾ ਬੋਲਣ ਆਦਿ ਘਟੀਆ ਹਰਕਤਾਂ ਨੂੰ ਹੋਲੀ ਦਾ ਅੰਗ ਸਮਝ ਛੱਡਿਆ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਤਿਉਹਾਰ ਨੂੰ ਨਵੇਂ ਤਰੀਕੇ ਨਾਲ ਮਨਾਉਣਾ ਸ਼ੁਰੂ ਕੀਤਾ। ਉਨ੍ਹਾਂ ਨੇ ਹਿੰਦੁਸਤਾਨੀ ਲੋਕਾਂ ਦੀ ਸੁੱਤੀ ਹੋਈ ਅਣਖ ਨੂੰ ਜਗਾ ਕੇ, ਉਨ੍ਹਾਂ ਦੇ ਮਨਾਂ ਅੰਦਰ ਚੜ੍ਹਦੀ ਕਲਾ ਦਾ ਅਹਿਸਾਸ ਪੈਦਾ ਕਰਨ ਲਈ, ਹੋਲੀ ਨੂੰ 'ਹੋਲੇ ਮਹੱਲੇ' ਦੇ ਰੂਪ ਵਿਚ ਮਨਾਉਣ ਦੀ ਰੀਤ ਚਲਾਈ। ਚੇਤ ਵਦੀ ਏਕਮ, ਸੰਮਤ 1757 (17000 ਈ:) ਨੂੰ ਦਸਮ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਵਿਖੇ 'ਹੋਲਗੜ੍ਹ' ਦੇ ਸਥਾਨ 'ਤੇ ਪਹਿਲੀ ਵਾਰ 'ਹੋਲਾ ਮਹੱਲਾ' ਮਨਾਇਆ। ਇਸ ਤੋਂ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਦਸਮੇਸ਼ ਪਿਤਾ ਨੇ 'ਹੋਲੇ ਮਹੱਲੇ' ਨੂੰ ਸੁਤੰਤਰ ਸਿੱਖ ਸੋਚ ਅਨੁਸਾਰ ਮਨਾਉਣ ਦਾ ਆਰੰਭ ਖ਼ਾਲਸਾ ਪੰਥ ਦੀ ਸਿਰਜਣਾ ਤੋਂ ਤੁਰੰਤ ਬਾਅਦ ਕੀਤਾ ਤਾਂ ਕਿ ਖੁਦਮੁਖ਼ਤਿਆਰ ਖ਼ਾਲਸਾ, ਆਪਣੀ ਵਿਲੱਖਣ ਹੋਂਦ-ਹਸਤੀ ਅਨੁਸਾਰ ਪੰਜਾਬੀ ਸੱਭਿਆਚਾਰ ਨਾਲ ਸਬੰਧਿਤ ਦਿਨ-ਦਿਹਾਰ ਵਿਲੱਖਣ ਤੇ ਨਿਰਾਲੇ ਰੂਪ ਵਿਚ ਮਨਾ, ਆਪਣੀ ਸੁਤੰਤਰ ਹੋਂਦ ਤੇ ਨਿਆਰੇਪਨ ਦਾ ਪ੍ਰਗਟਾਵਾ ਕਰ ਸਕੇ। ਗੁਰਦੇਵ ਦਾ ਆਸ਼ਾ ਪੰਜਾਬੀਆਂ ਦੇ ਮਨਾਂ ਵਿਚੋਂ ਗ਼ੁਲਾਮੀ ਦੇ ਅੰਸ਼ ਨੂੰ ਮੂਲੋਂ ਹੀ ਖ਼ਤਮ ਕਰਨਾ ਸੀ ਤਾਂ ਕਿ ਉਹ ਸੋਚ-ਵਿਚਾਰ ਤੇ ਵਿਵਹਾਰ ਵਿਚ ਸੁਤੰਤਰ ਹੋ ਵਿਚਰ ਸਕਣ।
'ਹੋਲਾ' ਸ਼ਬਦ 'ਹੋਲੀ' ਦਾ ਧੜੱਲੇਦਾਰ ਬਦਲਵਾਂ ਰੂਪ ਹੈ ਜੋ ਡਿੱਗਿਆਂ-ਢੱਠਿਆਂ ਦੇ ਹਿਰਦੇ ਅੰਦਰ ਉਤਸ਼ਾਹ ਤੇ ਹੁਲਾਸ ਪੈਦਾ ਕਰਦਾ ਹੈ। ਸਿੱਖਾਂ ਨੇ ਉਸ ਸਮੇਂ ਨੇ ਲੋਕਾਂ ਦੇ ਮਨਾਂ 'ਚ ਚੜ੍ਹਦੀ ਕਲਾ ਤੇ ਸੂਰਬੀਰਤਾ ਦਾ ਜਜ਼ਬਾ ਭਰਨ ਲਈ ਅਨੇਕਾਂ ਅਜਿਹੇ 'ਬੋਲੇ' ਪ੍ਰਚੱਲਿਤ ਕੀਤੇ ਹਨ, ਜਿਨ੍ਹਾਂ ਨੂੰ 'ਖ਼ਾਲਸਾਈ ਬੋਲੇ' ਕਿਹਾ ਜਾਂਦਾ ਹੈ, ਜਿਸ ਤਰ੍ਹਾਂ 'ਇਕ' ਨੂੰ 'ਸਵਾ ਲੱਖ' ਕਹਿਣਾ, 'ਮੌਤ' ਨੂੰ 'ਚੜ੍ਹਾਈ ਕਰਨਾ', 'ਤੇਗ' ਨੂੰ 'ਤੇਗਾ','ਦੇਗ' ਨੂੰ 'ਦੇਗਾ', 'ਦਸਤਾਰ' ਨੂੰ 'ਦਸਤਾਰਾ', 'ਮੁੱਛਾਂ' ਨੂੰ 'ਮੁਛਹਿਰਾ', 'ਦਾੜ੍ਹੀ' ਨੂੰ 'ਦਾੜ੍ਹਾ' ਆਦਿ । ਇਸੇ ਤਰ੍ਹਾਂ ਹੋਲੀ ਨੂੰ 'ਹੋਲਾ' ਕਹਿਣਾ ਸਿੱਖਾਂ ਦੀ ਵਿਲੱਖਣਤਾ ਅਤੇ ਚੜ੍ਹਦੀ ਕਲਾ ਦੀ ਭਾਵਨਾ ਨੂੰ ਪ੍ਰਗਟਾਉਂਦਾ ਹੈ। ਕਵੀ ਨਿਹਾਲ ਸਿੰਘ ਦੇ ਸ਼ਬਦਾਂ ਵਿਚ :
ਬਰਛਾ ਢਾਲ ਕਟਾਰਾ ਤੇਗਾ,
ਕੜਛਾ ਦੇਗਾ ਗੋਲਾ ਹੈ,
ਛਕਾ ਪ੍ਰਸਾਦ ਸਜਾ ਦਸਤਾਰਾ
ਅਰੁ ਕਰਦੌਨਾ ਟੋਲਾ ਹੈ,
ਸੁਭਟ ਸੁਚਾਲਾ ਅਰ ਲਖ ਬਾਹਾ,
ਕਲਗਾ ਸਿੰਘ ਸੁਚੋਲਾ ਹੈ,
ਅਪਰ ਮੁਛਹਿਰਾ ਦਾੜ੍ਹਾ ਜੈਸੇ,
ਤੈਸੇ ਬੋਲਾ 'ਹੋਲਾ' ਹੈ।
ਭਾਰਤ ਸਦੀਆਂ ਤੀਕ ਵਿਦੇਸ਼ੀ ਹਮਲਾਵਰਾਂ ਦਾ ਗ਼ੁਲਾਮ ਰਿਹਾ। ਇਹੀ ਕਾਰਨ ਹੈ ਕਿ ਭਾਰਤੀਆਂ ਦੇ ਸ਼ੌਕ, ਮੌਜ-ਮੇਲੇ ਤੇ ਤਿਉਹਾਰ ਵੀ ਗ਼ੁਲਾਮੀ ਦੀ ਮਾਨਸਿਕਤਾ ਨੂੰ ਰੂਪਮਾਨ ਕਰਦੇ ਹਨ। ਭਾਰਤੀ ਲੋਕ ਤਨ, ਮਨ, ਧਰਮ, ਸਮਾਜ ਤੇ ਰਾਜਸੀ ਸੋਚ ਕਰਕੇ ਗ਼ੁਲਾਮ ਸਨ। ਗ਼ੁਲਾਮੀ ਦੀ ਦਲਦਲ 'ਚੋਂ ਆਜ਼ਾਦ ਸੋਚ, ਸੁਤੰਤਰ ਹੋਂਦ-ਹਸਤੀ ਤੇ ਨਿਆਰੇਪਨ ਨੂੰ ਪ੍ਰਗਟ ਕਰਨਾ ਸੱਚਮੁੱਚ ਅਦਭੁਤ ਕਰਾਮਾਤ ਸੀ। ਇਹ ਚਿੜੀਆਂ ਤੋਂ ਬਾਜ਼ ਤੁੜਾਉਣ, ਇਕ ਨੂੰ ਸਵਾ ਲੱਖ ਨਾਲ ਲੜਾਉਣ ਤੇ ਅਸੰਭਵ ਨੂੰ ਸੰਭਵ ਕਰਨ ਦੇ ਤੁਲ ਸੀ। ਊਚ-ਨੀਚ, ਭਰਮ-ਭੇਖ, ਜਾਤ-ਪਾਤ, ਕਰਮ-ਵੰਡ, ਰੰਗ-ਨਸਲ ਦੇ ਹਰ ਤਰ੍ਹਾਂ ਦੇ ਵਿਤਕਰਿਆਂ ਵਖਰੇਵਿਆਂ ਨੂੰ ਦੂਰ ਕਰ, ਸਹਿਬੇ-ਕਮਾਲ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਭੂਸੱਤਾ-ਸੰਪਨ, ਸੁਤੰਤਰ ਸੋਚ-ਵਿਚਾਰ, ਵਿਹਾਰ ਲਈ ਖਾਲਸਾ ਫ਼ੌਜ ਦੀ ਸਥਾਪਨਾ ਕੀਤੀ। ਗੁਰਦੇਵ ਪਿਤਾ ਨੇ ਭਾਰਤੀਆਂ ਨੂੰ ਖੂਨ ਦੀ ਹੋਲੀ, ਆਜ਼ਾਦੀ, ਸੁਤੰਤਰਤਾ, ਸਵੈਮਾਣ, ਸਵੈਹੋਂਦ ਦੇ ਪ੍ਰਗਟਾਅ ਲਈ ਖ਼ਾਲਸਾਈ ਖੇਡਾਂ ਖੇਡਣ ਲਈ ਮੈਦਾਨ ਤਿਆਰ ਕਰਕੇ ਦਿੱਤਾ।
'ਪੰਜਾਬੀ ਲੋਕਧਾਰਾ ਵਿਸ਼ਵਕੋਸ਼' ਮੁਤਾਬਿਕ ਮਹੱਲਾ ਅਰਬੀ ਦੇ ਸ਼ਬਦ 'ਮਹੱਲਹੋ' ਦਾ ਤਦਭਵ ਹੈ, ਜਿਸ ਦਾ ਭਾਵ ਉਸ ਸਥਾਨ ਤੋਂ ਹੈ, ਜਿੱਥੇ 'ਫ਼ਤਹਿ' ਕਰਨ ਤੋਂ ਬਾਅਦ ਟਿਕਾਣਾ ਕੀਤਾ ਜਾਵੇ। 'ਹੋਲੇ ਮਹੱਲੇ' ਵਾਲੇ ਦਿਨ ਖ਼ਾਲਸੇ ਨੂੰ ਦੋ ਦਲਾਂ ਵਿਚ ਵੰਡ ਕੇ, ਦਸਮ ਪਾਤਸ਼ਾਹ ਮਸਨੂਈ (ਨਕਲੀ) ਯੁੱਧ ਕਰਵਾਇਆ ਕਰਦੇ ਸਨ। ਇਕ ਦਲ ਨਿਸਚਤ ਸਥਾਨ 'ਤੇ ਕਾਬਜ਼ ਹੋ ਜਾਂਦਾ, ਦੂਜਾ ਉਸ 'ਤੇ ਹਮਲਾ ਕਰ ਕੇ ਕਿਲ੍ਹਾ ਖੋਹਣ ਦਾ ਯਤਨ ਕਰਦਾ। ਇਸ ਤਰ੍ਹਾਂ ਨਕਲੀ ਯੁੱਧ ਦੁਆਰਾ ਯੁੱਧ-ਜੁਗਤੀ ਅਤੇ ਪੈਂਤਰੇਬਾਜ਼ੀ ਦਾ ਅਭਿਆਸ ਹੁੰਦਾ। ਯੁੱਧ ਦੇ ਨਗਾਰੇ ਵੱਜਦੇ, ਹਥਿਆਰਾਂ ਦਾ ਟਕਰਾਓ ਹੁੰਦਾ, ਜੈਕਾਰੇ ਗੂੰਜਦੇ ਅਤੇ 'ਫ਼ਤਹਿ' ਦੀਆਂ ਖੁਸ਼ੀਆਂ ਮਨਾਈਆਂ ਜਾਂਦੀਆਂ। ਜਿਹੜਾ ਦਲ ਜਿੱਤ ਪ੍ਰਾਪਤ ਕਰਦਾ ਉਸ ਨੂੰ ਗੁਰਦੇਵ ਪਿਤਾ, ਗੁਰੂ- ਦਰਬਾਰ ਵਲੋਂ ਸਿਰੋਪਾਓ ਦੀ ਬਖਸ਼ਿਸ਼ ਕਰਦੇ।
ਇਥੇ ਇਹ ਗੱਲ ਵਰਨਣਯੋਗ ਹੈ ਕਿ ਉਸ ਸਮੇਂ ਬਾਦਸ਼ਾਹ ਔਰੰਗਜ਼ੇਬ ਵਲੋਂ 1687 ਈ: 'ਚ ਜਾਰੀ ਕੀਤੇ ਫ਼ਰਮਾਨ ਅਨੁਸਾਰ ਹਿੰਦੁਸਤਾਨੀ ਲੋਕਾਂ ਨੂੰ ਟਲ ਖੜਕਾਉਣ, ਸ਼ਸਤਰ ਧਾਰਨ ਕਰਨ, ਘੋੜ-ਸਵਾਰੀ ਕਰਨ ਅਤੇ ਦਸਤਾਰ ਸਜਾਉਣ ਦੀ ਸਖ਼ਤ ਮਨਾਹੀ ਸੀ। ਦਸਤਾਰ ਕੇਵਲ ਉਹੋ ਹੀ ਸਜਾ ਸਕਦਾ ਸੀ, ਜਿਸ ਨੂੰ ਬਾਦਸ਼ਾਹ ਵਲੋਂ ਦਰਬਾਰੀ ਬਖ਼ਸ਼ੀ ਜਾਵੇ। ਘੋੜੇ ਦੀ ਸਵਾਰੀ, ਨਿਸ਼ਾਨ, ਨਗਾਰਾ ਅਤੇ ਫ਼ੌਜ ਰੱਖਣੀ ਹਕੂਮਤ ਵਿਰੁੱਧ ਬਗਾਵਤ ਦੇ ਤੁਲ ਸੀ, ਜਿਸ ਦੀ ਸਜ਼ਾ ਮੌਤ ਅਤੇ ਘਰ-ਘਾਟ ਦੇ ਉਜਾੜੇ ਨੂੰ ਸੱਦਾ ਦੇਣ ਦੇ ਤੁਲ ਸੀ। ਇਸੇ ਕਰਕੇ ਆਮ ਲੋਕ ਹਕੂਮਤੀ ਜਬਰ ਵਿਰੁੱਧ ਮੂੰਹ ਨਹੀਂ ਸਨ ਖੋਲ੍ਹਦੇ। ਗੁਰੂ ਜੀ ਨੇ ਲੋਕਾਂ ਨੂੰ ਮਾਨਸਿਕ ਤੌਰ 'ਤੇ ਬਲਵਾਨ ਬਣਾਉਣ ਲਈ ਹਰ ਸੰਭਵ ਯਤਨ ਕੀਤਾ। ਪ੍ਰਚਲਿਤ ਤਿਉਹਾਰਾਂ ਨੂੰ ਨਵੇਂ ਤਰੀਕੇ ਨਾਲ ਮਨਾਉਣਾ ਇਸੇ ਲੜੀ ਦੀ ਕੜੀ ਹੈ, ਜਿਨ੍ਹਾਂ ਨੂੰ ਆਮ ਲੋਕ ਘਟੀਆ ਅਤੇ ਪਿਛਾਂਹਖਿੱਚੂ ਤਰੀਕੇ ਨਾਲ ਮਨਾਉਂਦੇ ਚਲੇ ਆ ਰਹੇ ਸਨ। ਹੁਣ ਤੇਗਾਂ-ਤਲਵਾਰਾਂ, ਨਿਸ਼ਾਨ, ਨਗਾਰੇ ਅਤੇ ਘੋੜਿਆਂ ਦੇ ਨਜ਼ਾਰੇ ਖ਼ਾਲਸੇ ਦੇ ਤਿਉਹਾਰ ਬਣ ਗਏ। ਹਕੂਮਤ ਦੀਆਂ ਨਜ਼ਰਾਂ ਵਿਚ ਸੰਗੀਨ ਜੁਰਮ ਸਮਝੀਆਂ ਜਾਂਦੀਆਂ 'ਜੰਗੀ-ਮਸ਼ਕਾਂ' ਖ਼ਾਲਸੇ ਦੀਆਂ ਰਵਾਇਤੀ ਖੇਡਾਂ ਬਣ ਗਈਆਂ। ਗ਼ੁਲਾਮੀ ਦੀ 'ਬੂ' ਜਿਨ੍ਹਾਂ ਲੋਕਾਂ ਦਾ ਦਮ ਘੁੱਟ ਰਹੀ ਸੀ ਉਹੀ ਜਬਰ-ਜ਼ੁਲਮ ਦੇ ਖਿਲਾਫ਼ ਜੂਝਣ ਲਈ ਮੈਦਾਨੇ-ਜੰਗ ਵਿਚ ਨਿੱਤਰਨ ਲੱਗੇ। ਇਨ੍ਹਾਂ ਜੰਗੀ ਮਸ਼ਕਾਂ ਤੇ ਸਿੱਖਾਂ ਦੀ ਚੜ੍ਹਦੀ ਕਲਾ ਸਦਕਾ ਹੀ ਪੰਜਾਬ ਦੀ ਧਰਤੀ 'ਤੇ ਵਿਦੇਸ਼ੀ ਹਮਲਾਵਰਾਂ ਵਲੋਂ ਹੋਣ ਵਾਲੇ ਨਿਤ ਦੇ ਹਮਲੇ ਸਦਾ ਲਈ ਬੰਦ ਹੋ ਗਏ।
ਉਪਰੋਕਤ ਸਾਰੀ ਵਿਚਾਰ-ਚਰਚਾ ਦਾ ਮਕਸਦ ਸਿਰਫ਼ ਇਹ ਦਰਸਾਉਣਾ ਹੈ ਕਿ ਸਤਿਗੁਰਾਂ ਨੇ ਕਿਸ ਤਰ੍ਹਾਂ ਲੋਕਾਂ ਦੀ ਮਾਨਸਿਕਤਾ ਵਿਚ ਚੜ੍ਹਦੀ ਕਲਾ ਦਾ ਅਹਿਸਾਸ ਜਗਾ ਕੇ, ਉਨ੍ਹਾਂ ਨੂੰ ਜਬਰ-ਜ਼ੁਲਮ ਤੇ ਅਨਿਆਂ ਖ਼ਿਲਾਫ਼ ਜੂਝਣ ਦੇ ਸਮਰੱਥ ਬਣਾਇਆ, ਕਿਸ ਤਰ੍ਹਾਂ ਦੱਬੇ-ਕੁਚਲੇ, ਲਤਾੜੇ ਅਤੇ ਸਾਹ-ਸਤਹੀਣ ਲੋਕਾਂ ਵਿਚ ਨਵੀਂ ਰੂਹ ਫੂਕ ਕੇ ਉਨ੍ਹਾਂ ਨੂੰ ਅਣਖ ਨਾਲ ਜੀਣਾ ਸਿਖਾਇਆ। ਇਹ ਸਭ ਗੁਰੂ ਜੀ ਦੀ ਸੁਚੱਜੀ ਤੇ ਸੁਹਿਰਦ ਅਗਵਾਈ ਦੇ ਸਦਕਾ ਹੀ ਸੰਭਵ ਹੋਇਆ। ਹੋਲਾ ਮਹੱਲਾ ਹੁਣ ਵੀ ਸਿੱਖ-ਸ਼ਕਤੀ ਦੇ ਪ੍ਰਦਰਸ਼ਨ ਵਜੋਂ ਅਨੰਦਪੁਰ ਸਾਹਿਬ ਵਿਖੇ ਖ਼ਾਲਸਾਈ ਜਾਹੋ-ਜਲਾਲ ਨਾਲ ਮਨਾਇਆ ਜਾਂਦਾ ਹੈ। ਸ਼ਾਇਦ ਇਹ ਪੰਜਾਬ ਦਾ ਸਭ ਤੋਂ ਵੱਡਾ ਲੋਕ ਇਕੱਠ ਹੋਵੇ। ਵਿਸ਼ੇਸ਼ ਦੀਵਾਨ ਸਜਦੇ ਹਨ ਤੇ ਖਾਲਸਾਈ ਸ਼ਾਨ ਪ੍ਰਗਟ ਕਰਦਾ 'ਮਹੱਲਾ' ਚੜ੍ਹਦਾ ਹੈ ਜੋ ਕਿਲ੍ਹਾ ਅਨੰਦਗੜ੍ਹ ਸਾਹਿਬ ਤੋਂ ਆਰੰਭ ਹੋ ਕੇ ਹੋਲਗੜ੍ਹ ਦੇ ਸਥਾਨ ਹੁੰਦਾ ਹੋਇਆ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੰਪੂਰਨ ਹੁੰਦਾ ਹੈ। ਨਿਹੰਗ ਸਿੰਘ ਰਵਾਇਤੀ ਖਾਲਸਾਈ ਬਾਣੇ ਵਿਚ ਖਾਲਸਾਈ ਖੇਡਾਂ ਦੁਆਰਾ ਆਪਣੀ ਗੁਰੂ-ਬਖ਼ਸ਼ੀ ਵਿਲੱਖਣ ਹੋਂਦ-ਹਸਤੀ ਦਾ ਖ਼ੂਬਸੂਰਤ ਪ੍ਰਦਰਸ਼ਨ ਚਰਨ ਗੰਗਾ ਦੇ ਕਿਨਾਰੇ ਕਰਦੇ ਹਨ। ਹੋਲੇ ਮਹੱਲੇ ਦੇ ਦੀਵਾਨ ਆਮ ਕਰਕੇ ਪਿੰਡਾਂ ਵਿਚ ਸਜਦੇ ਸਨ, ਜਿਨ੍ਹਾਂ ਵਿਚ ਉੱਚ-ਕੋਟੀ ਦੇ ਢਾਡੀ ਤੇ ਕਵੀਸ਼ਰ ਸਿੱਖ ਇਤਿਹਾਸ ਦੀ ਤਸਵੀਰ ਹੂਬਹੂ ਪ੍ਰਗਟ ਕਰਦੇ ਸਨ, ਜਿਸ ਨਾਲ ਨੌਜੁਆਨੀ ਆਪਣੇ ਅਮੀਰ ਇਤਿਹਾਸ ਤੇ ਵਿਰਾਸਤ ਨਾਲ ਜੁੜਦੀ ਸੀ। ਅੱਜ ਲੋੜ ਹੈ ਇਸ ਪਰੰਪਰਾ ਨੂੰ ਸਥਾਈ ਬਣਾਇਆ ਜਾਵੇ। ਮੈਂ ਨਿੱਜੀ ਰੂਪ ਵਿਚ ਸਿੱਖ ਇਤਿਹਾਸ ਤੇ ਸਿਧਾਂਤਾਂ ਦੀ ਮੁਢਲੀ ਜਾਣਕਾਰੀ ਆਪਣੇ ਪਿੰਡ ਖਾਨੋਵਾਲ 'ਚ ਪ੍ਰਸਿੱਧ ਢਾਡੀ ਗਿਆਨੀ ਸੋਹਨ ਸਿੰਘ ਸੀਤਲ ਵਲੋਂ ਲੱਗਣ ਵਾਲੇ ਦੀਵਾਨਾਂ ਵਿੱਚੋਂ ਹੀ ਪ੍ਰਾਪਤ ਕੀਤੀ।
ਸਿੱਖ ਚੜ੍ਹਦੀ ਕਲਾ ਦਾ ਪ੍ਰਤੀਕ ਦਿਹਾੜਾ
ਅਜੀਤ ਡੈਸਕ
29-03-2021