ਤਿਉਹਾਰ ਤੇ ਮੇਲੇ ਮਨੁੱਖੀ ਜ਼ਿੰਦਗੀ ਦਾ ਜਸ਼ਨ ਹੁੰਦੇ ਹਨ। ਰੋਜ਼ੀ-ਰੋਟੀ ਤੇ ਜ਼ਿੰਦਗੀ ਦੀਆਂ ਹੋਰ ਦੁਸ਼ਵਾਰੀਆਂ ਵਿਚ ਉਲਝਿਆ ਮਨੁੱਖ ਇਨ੍ਹਾਂ ਰਾਂਗਲੇ ਮੇਲਿਆਂ ਤੇ ਤਿਉਹਾਰਾਂ ਦੀ ਬਦੌਲਤ ਹੀ ਤਾਜ਼ਾ ਦਮ ਹੋ ਕੇ ਜੀਵਨ ਰੂਪੀ ਗੱਡੀ ਨੂੰ ਨਿਰੰਤਰ ਚਲਦੇ ਰੱਖਣ ਦੀ ਖੁਸ਼ੀ ਹਾਸਲ ਕਰਕੇ ਵਿਸ਼ਵਾਸ ਨਾਲ ਅੱਗੇ ਵਧਣ ਲਈ ਤਿਆਰ ਹੁੰਦਾ ਹੈ। ਦੁੱਖ ਤੇ ਉਦਾਸੀ ਦੇ ਭੰਵਰ ਵਿਚ ਡੋਲਦੇ ਮਨੁੱਖ ਨੂੰ ਅਜਿਹੇ ਮੌਕੇ ਹੀ ਖੁਸ਼ੀ, ਸ਼ਕਤੀ ਤੇ ਨਵੇਂ ਜੋਸ਼ ਨਾਲ ਭਰਨ ਵਿਚ ਸਹਾਈ ਹੁੰਦੇ ਹਨ। ਭਾਰਤ ਦੀ ਧਰਤੀ ਨਿਵੇਕਲੇ ਤਿਉਹਾਰਾਂ ਤੇ ਮੇਲਿਆਂ ਦੇ ਰੰਗ-ਬਰੰਗੇ ਫੁੱਲਾਂ ਨਾਲ ਲੱਦੀ ਪਈ ਹੈ। ਇਸ ਵਿਸ਼ਾਲ ਦੇਸ਼ ਵਿਚ ਹਰ ਦਿਨ ਹੀ ਕਿਤੇ ਨਾ ਕਿਤੇ ਕੋਈ ਤਿਉਹਾਰ ਜਾਂ ਮੇਲਾ ਲੋਕ ਜੀਵਨ ਵਿਚ ਖੁਸ਼ੀਆਂ, ਮੇਲ ਮਿਲਾਪ ਤੇ ਭਾਈਚਾਰਕ ਸਾਂਝ ਦੇ ਸੂਹੇ ਗੁਲਾਬਾਂ ਦੀ ਮਹਿਕ ਬਿਖੇਰਦਾ ਨਜ਼ਰ ਆਉਂਦਾ ਹੈ। ਭਾਰਤ ਦੀ ਭੂਮੀ 'ਤੇ ਕਈ ਰੁੱਤਾਂ ਤੇ ਬਦਲਦੇ ਮੌਸਮਾਂ ਦੀ ਆਭਾ ਬਿਖਰੀ ਹੋਈ ਹੈ। ਬਹੁਤੇ ਤਿਉਹਾਰ ਕਿਸੇ ਨਾ ਕਿਸੇ ਰੁੱਤ ਨਾਲ ਜੁੜੇ ਹੋਏ ਹਨ। ਤਿਉਹਾਰਾਂ ਦੇ ਖ਼ੂਬਸੂਰਤ ਗੁਲਦਸਤੇ ਵਿਚ ਰੰਗਾਂ ਨਾਲ ਪਰੁੱਚੇ ਹੋਲੀ ਦੇ ਤਿਉਹਾਰ ਦਾ ਆਗਮਨ ਬਸੰਤ ਰੁੱਤੇ ਹੁੰਦਾ ਹੈ।
ਇਹ ਤਿਉਹਾਰ ਸਾਰੇ ਦੇਸ਼ ਵਿਚ ਹੀ ਮਨਾਇਆ ਜਾਂਦਾ ਹੈ। ਅਸਲ ਵਿਚ ਹੋਲੀ ਦਾ ਤਿਉਹਾਰ ਮਿਥਹਾਸਿਕ ਤੇ ਪੁਰਾਣਿਕ ਤਿਉਹਾਰ ਹੈ। ਇਸ ਦਾ ਸਬੰਧ ਉਸ ਸਮੇਂ ਦੇ ਸਮਾਜ ਵਿਚ ਪ੍ਰਚੱਲਿਤ ਬ੍ਰਾਹਮਣੀ ਵਰਣ-ਵੰਡ ਨਾਲ ਹੈ। ਉਸ ਸਮੇਂ ਦਾ ਸਮਾਜ ਬਹੁਤ ਹੀ ਬੁਰੀ ਤਰ੍ਹਾਂ ਵਰਣਾਂ ਵਿਚ ਵੰਡਿਆ ਹੋਇਆ ਸੀ। ਅਖਾਉਤੀ ਉੱਚ ਸ਼੍ਰੇਣੀਆਂ ਦੇ ਲੋਕ ਸਮਾਜ ਦੇ ਕੁਝ ਵਰਗਾਂ ਨਾਲ ਇਸ ਆਧਾਰ 'ਤੇ ਨਫ਼ਰਤ ਕਰਦੇ ਸਨ ਕਿ ਉਹ ਕਿਸੇ ਨੀਵੀਂ ਕਹੀ ਜਾਂਦੀ ਜਾਤ ਨਾਲ ਸਬੰਧਿਤ ਹਨ। ਸਮਾਜਿਕ ਜੀਵਨ ਵਿਚ ਸਭ ਤੋਂ ਹੇਠਲੀ ਸ਼੍ਰੇਣੀ ਦੇ ਸ਼ੂਦਰ ਕਹੇ ਜਾਣ ਵਾਲੇ ਲੋਕਾਂ ਨੂੰ ਅਜਿਹੇ ਕਈ ਦਰਦ ਸਹਿਣ ਲਈ ਮਜਬੂਰ ਹੋਣਾ ਪੈਂਦਾ ਸੀ। ਇਹ ਸਥਿਤੀ ਏਨੀ ਬਦਤਰ ਤੇ ਦੁਖਾਂਤਕ ਹੋ ਚੁੱਕੀ ਸੀ ਕਿ ਤਿਉਹਾਰਾਂ ਨੂੰ ਵੀ ਵਰਣਾਂ ਅਨੁਸਾਰ ਵੰਡ ਦਿੱਤਾ ਗਿਆ ਸੀ।
ਉਸ ਸਮੇਂ ਇਹ ਕਿਹਾ ਜਾਂਦਾ ਸੀ ਕਿ ਵਿਸਾਖੀ ਬ੍ਰਾਹਮਣਾਂ ਦੀ, ਦੁਸਹਿਰਾ ਕਸ਼ੱਤਰੀਆਂ ਦਾ, ਦੀਵਾਲੀ ਵੈਸ਼ਾਂ ਦੀ ਅਤੇ ਹੋਲੀ ਸ਼ੂਦਰਾਂ ਦੀ। ਇਸ ਕਾਰਨ ਹੀ ਹੋਲੀ ਸਮੇਂ ਇਕ ਦੂਜੇ ਉੱਤੇ ਗੰਦ ਮੰਦ ਸੁੱਟਣਾ ਪ੍ਰਚੱਲਿਤ ਸੀ। ਦੁਰਕਾਰੇ ਹੋਏ ਲੋਕਾਂ ਦੀ ਦੁਰਦਸ਼ਾ ਕੀਤੀ ਜਾਂਦੀ ਸੀ। ਇਹ ਲੋਕ ਨਾ ਸਿਰ 'ਤੇ ਪਗੜੀ ਸਜਾ ਸਕਦੇ ਸਨ ਤੇ ਕੋਈ ਹਥਿਆਰ ਰੱਖਣਾ ਤਾਂ ਦੂਰ ਦੀ ਗੱਲ ਸੀ। ਇਸ ਤਰ੍ਹਾਂ ਭਾਰਤੀ ਲੋਕਾਂ ਅੰਦਰ ਜੂਝਣ ਤੇ ਆਪਣੀ ਇੱਜ਼ਤ ਪੱਤ ਦੀ ਰਾਖੀ ਕਰਨ ਦੀ ਜੁਰਅਤ ਤੇ ਸ਼ਕਤੀ ਅਲੋਪ ਹੋ ਚੁੱਕੀ ਸੀ। ਸਾਹਸਹੀਣ ਹੋਈ ਭਾਰਤੀ ਕੌਮ ਵਿਚ ਨਵੀਂ ਸ਼ਕਤੀ ਤੇ ਜ਼ੁਲਮ ਜਬਰ ਵਿਰੁੱਧ ਡਟਣ ਦੀ ਭਾਵਨਾ ਪੈਦਾ ਕਰਨ ਦੇ ਇਰਾਦੇ ਨਾਲ ਹੀ ਗੁਰੂੁ ਸਾਹਿਬਾਨ ਨੇ ਹੋਲੀ ਵਰਗੇ ਨਿਰਾਦਰ ਤੇ ਗਲਾਜ਼ਤ ਭਰੇ ਤਿਉਹਾਰ ਦੀ ਥਾਂ ਗ਼ੈਰਤਹੀਣ ਹੋ ਚੁੱਕੇ ਲੋਕਾਂ ਵਿਚ ਨਵਾਂ ਜੋਸ਼ ਤੇ ਅਣਖ ਦੀ ਭਾਵਨਾ ਦਾ ਪ੍ਰਗਟਾਵਾ ਕਰਨ ਲਈ ਹੋਲਾ ਮਹੱਲਾ ਮਨਾਉਣਾ ਆਰੰਭ ਕੀਤਾ।
ਹੋਲਾ ਅਰਬੀ ਭਾਸ਼ਾ ਦੇ ਸ਼ਬਦ ਹੂਲ ਤੋਂ ਬਣਿਆ ਹੈ, ਜਿਸ ਦੇ ਅਰਥ ਹਨ ਦੂਜਿਆਂ ਦੀ ਭਲਾਈ ਕਰਨ ਦੇ ਕੰਮਾਂ ਲਈ ਜੂਝਣਾ ਤੇ ਜ਼ੁਲਮ ਦਾ ਮੁਕਾਬਲਾ ਕਰਨਾ। ਮਹੱਲੇ ਦਾ ਅਰਥ ਹੈ ਜਿੱਥੇ ਮੁਹਿੰਮ ਫ਼ਤਹਿ ਕਰਨ ਉਪਰੰਤ ਟਿਕਾਣਾ ਕੀਤਾ ਜਾਵੇ। ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦੇ ਕਿਲ੍ਹੇ ਵਿਚ ਹੋਲੇ ਮਹੱਲੇ ਦਾ ਮੁੱਢ ਬੰਨ੍ਹਿਆ। ਅਸਲ ਵਿਚ ਗੁਰੂ ਜੀ ਨੇ ਖ਼ਾਲਸੇ ਦੀ ਸਿਰਜਣਾ ਦੇ ਇਤਿਹਾਸਕ ਅਮਲ ਤੋਂ ਪਹਿਲਾਂ ਹੀ ਸਿੱਖਾਂ ਵਿਚ ਜੂਝਣ ਦੀ ਚੇਤਨਾ ਪੈਦਾ ਕਰਨ ਅਤੇ ਜ਼ੁਲਮ ਤੇ ਅੱਤਿਆਚਾਰ ਵਿਰੁੱਧ ਡਟਣ ਦਾ ਸੰਕਲਪ ਪੈਦਾ ਕਰਨ ਲਈ, ਹੋਲੇ ਮਹੱਲੇ ਦੇ ਪੁਰਬ 'ਤੇ ਸਿੱਖਾਂ ਵਿਚ ਸ਼ਸਤਰ ਅਭਿਆਸ ਕਰਾਉਣੇ ਆਰੰਭ ਕਰ ਦਿੱਤੇ ਸਨ। ਇਸ ਸਬੰਧੀ ਦਸਮ ਗ੍ਰੰਥ ਵਿਚ ਵੀ ਹਵਾਲਾ ਮਿਲਦਾ ਹੈ-'ਅਸ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰ ਤੀਰ। ਸੈਫ ਸਰੋਹੀ ਸੈਹਬੀ ਯਹੈ ਹਮਾਰੈ ਪੀਰ।' ਇਸ ਤੋਂ ਪਹਿਲਾਂ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਵੀ ਪੰਥ ਨੂੰ ਸ਼ਸਤਰਧਾਰੀ ਕੀਤਾ ਅਤੇ ਯੁੱਧ ਕਲਾ ਵਿਚ ਨਿਪੁੰਨ ਹੋਣ ਦਾ ਪ੍ਰਮਾਣ ਦਿੰਦਿਆਂ ਸਮੇਂ ਦੀ ਹਕੂਮਤ ਨਾਲ ਚਾਰ ਜੰਗਾਂ ਲੜੀਆਂ ਤੇ ਫਤਿਹ ਦੇ ਡੰਕੇ ਬਜਾਏ। ਖ਼ਾਲਸੇ ਦੀ ਸਿਰਜਣਾ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਕ੍ਰਿਪਾਨ ਨੂੰ ਪੰਜ ਕਕਾਰਾਂ ਵਿਚ ਸ਼ਾਮਿਲ ਕਰਕੇ ਖ਼ਾਲਸੇ ਨੂੰ ਹਮੇਸ਼ਾ ਲਈ ਨਿਮਾਣਿਆਂ ਤੇ ਨਿਤਾਣਿਆਂ ਦੀ ਰੱਖਿਆ ਦਾ ਜ਼ਾਮਨ ਬਣਾ ਦਿੱਤਾ।
ਸਮਾਜ ਨੂੰ ਉਸਾਰੂ ਸੇਧ ਦੇਣ ਲਈ ਅਤੇ ਨਵੇਂ ਸੰਕਲਪਾਂ ਦੀ ਸਥਾਪਨਾ ਦੇ ਮਕਸਦ ਨਾਲ ਗੁਰੂ ਸਾਹਿਬਾਨ ਨੇ ਪ੍ਰਚੱਲਿਤ ਤਿਉਹਾਰ ਦੀ ਥਾਂ ਹੋਲੇ ਮਹੱਲੇ ਦਾ ਮੁੱਢ ਬੰਨ੍ਹਿਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਰੀਰਕ, ਮਾਨਸਿਕ ਤੇ ਆਤਮਿਕ ਤੌਰ 'ਤੇ ਕਮਜ਼ੋਰ ਤੇ ਬਲਹੀਣ ਹੋ ਚੁੱਕੀ ਕੌਮ ਵਿਚ ਨਵੀਂ ਰੂਹ ਫੂਕੀ। ਸਮਾਜ ਵਿਚੋਂ ਜਾਤ-ਪਾਤ, ਊਚ-ਨੀਚ ਤੇ ਹੋਰ ਵਿਤਕਰਿਆਂ ਨੂੰ ਦੂਰ ਕਰਕੇ ਸਾਹਸਤਹੀਣ ਹੋਈ ਕੌਮ ਦੇ ਮਨੋਬਲ ਨੂੰ ਉੱਚਿਆਂ ਚੁੱਕਣ ਦੇ ਉਪਰਾਲੇ ਕੀਤੇ। ਖ਼ਾਲਸਾਈ ਫ਼ੌਜਾਂ ਨੂੰ ਦੋ ਦਲਾਂ ਵਿਚ ਵੰਡ ਕੇ ਮੈਦਾਨੇ-ਜੰਗ ਦਾ ਦ੍ਰਿਸ਼ ਸਿਰਜਿਆ ਜਾਂਦਾ। ਸ਼ਸਤਰਧਾਰੀ ਗਰੁੱਪਾਂ ਦੇ ਦੋ ਦਲ ਬਣਾ ਕੇ ਜੰਗੀ ਮੁਕਾਬਲੇ ਕਰਾਏ ਜਾਂਦੇ। ਗਤਕਾ, ਘੋੜ ਸਵਾਰੀ ਤੇ ਸ਼ਸਤਰਾਂ ਦੀ ਮੁਹਾਰਤ ਨੇ ਖ਼ਾਲਸੇ ਵਿਚ ਨਵਾਂ ਜੋਸ਼ ਤੇ ਜਜ਼ਬਾ ਪੈਦਾ ਕੀਤਾ। ਜਦੋਂ ਸੁੱਤੀ ਹੋਈ ਅਣਖ ਤੇ ਗ਼ੈਰਤ ਨੂੰ ਵੰਗਾਰਿਆ ਤਾਂ ਨਿਤਾਣੇ ਮਨੁੱਖ ਵੀ ਜੂਝਣ ਲਈ ਤਿਆਰ ਹੋ ਗਏ। ਗੁਰਮਤਿ ਵਿਚਾਰਧਾਰਾ ਨੇ ਕਈ ਨਵੇਂ ਆਦਰਸ਼ ਪੈਦਾ ਕੀਤੇ। ਸ਼ਸਤਰ ਨੂੰ ਵੀ ਮਾੜੇ ਤੇ ਮਜ਼ਲੂਮ ਦੀ ਰਾਖੀ ਲਈ ਵਰਤੇ ਜਾਣ ਦੀ ਤਾਗੀਦ ਕੀਤੀ ਗਈ । ਹੱਕ, ਸੱਚ ਤੇ ਇਨਸਾਫ਼ ਦੀ ਖ਼ਾਤਰ ਜੇ ਆਪਾ ਕੁਰਬਾਨ ਵੀ ਕਰਨਾ ਪਵੇ ਤਾਂ ਮੈਦਾਨੇ-ਜੰਗ ਵਿਚ ਪਿੱਠ ਨਹੀਂ ਦਿਖਾਉਣੀ। ਕਿਸੇ ਨਿਹੱਥੇ ਉੱਤੇ ਵਾਰ ਨਹੀਂ ਕਰਨਾ। ਸਿੱਖ ਇਤਿਹਾਸ ਵਿਚ ਜਬਰ ਵਿਰੁੱਧ ਲੜੀਆਂ ਜਿਨ੍ਹਾਂ ਜੰਗਾਂ ਦਾ ਜ਼ਿਕਰ ਆਉਂਦਾ ਹੈ, ਉਨ੍ਹਾਂ ਵਿਚ ਸਿੱਖ ਸੂਰਬੀਰਾਂ ਦੀ ਬਹਾਦਰੀ ਤੇ ਵੱਡੀਆਂ ਫੌਜਾਂ ਦਾ ਮੁਕਾਬਲਾ ਕਰਕੇ ਫ਼ਤਹਿ ਹਾਸਲ ਕਰਨੀ ਅਜਿਹੀ ਭਾਵਨਾ ਦਾ ਹੀ ਪ੍ਰਗਟਾਵਾ ਸੀ। ਔਰਤਾਂ ਦੀ ਇੱਜ਼ਤ-ਆਬਰੂ ਦੀ ਰਾਖੀ ਕਰਨੀ ਖ਼ਾਲਸੇ ਦਾ ਪਰਮ ਧਰਮ ਹੈ।
ਹੋਲਾ ਮੁਹੱਲਾ ਖ਼ਾਲਸਾਈ ਜਾਹੋ-ਜਲਾਲ ਤੇ ਵਿਲੱਖਣ ਸ਼ਾਨੋ-ਸ਼ੌਕਤ ਦਾ ਪ੍ਰਤੀਕ ਹੈ। ਹਰ ਸਾਲ ਹੀ ਹੋਲਾ ਮੁਹੱਲਾ ਦਾ ਪੁਰਬ ਖ਼ਾਲਸਾ ਪੰਥ ਦੇ ਜਨਮ ਅਸਥਾਨ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅਪਾਰ ਸ਼ਰਧਾ ਅਤੇ ਧਾਰਮਿਕ ਰਵਾਇਤਾਂ ਅਨੁਸਾਰ ਮਨਾਉਣ ਦੀ ਪਰੰਪਰਾ ਵਰ੍ਹਿਆਂ ਤੋਂ ਬਾਦਸਤੂਰ ਜਾਰੀ ਹੈ। ਭਾਵੇਂ ਹੋਰ ਸਥਾਨਾਂ ਉੱਤੇ ਵੀ ਇਸ ਪੁਰਬ ਦੀਆਂ ਰੌਣਕਾਂ ਹੁੰਦੀਆਂ ਹਨ ਪਰ ਇਹ ਮੁੱਖ ਰੂਪ ਵਿਚ ਜੋੜ ਮੇਲੇ ਦੇ ਰੂਪ ਵਿਚ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਹੀ ਮਨਾਇਆ ਜਾਂਦਾ ਹੈ। ਸਿੱਖ ਕੌਮ ਦੇ ਇਸ ਨਿਰਾਲੇ ਪੁਰਬ ਨੂੰ ਦੇਖਣ ਲਈ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਦਾ ਸੈਲਾਬ ਆ ਜੁੜਦਾ ਹੈ। ਇਸ ਨਿਵੇਕਲੇ ਤਿਉਹਾਰ ਦੇ ਅਲੌਕਿਕ ਨਜ਼ਾਰਿਆਂ ਦਾ ਅਨੰਦ ਮਾਣਨ ਲਈ ਵਿਦੇਸ਼ੀ ਸੈਲਾਨੀ ਵੀ ਹਰ ਸਾਲ ਵੱਡੀ ਗਿਣਤੀ ਵਿਚ ਹਾਜ਼ਰ ਹੁੰਦੇ ਹਨ। ਸਾਰੇ ਪੰਜਾਬ ਵਿਚ ਹੀ ਥਾਂ-ਥਾਂ 'ਤੇ ਅਨੰਦਪੁਰ ਜਾ ਰਹੀ ਸੰਗਤ ਲਈ ਵੱਖ-ਵੱਖ ਪਦਾਰਥਾਂ ਦੇ ਲੰਗਰ ਲਗਾਏ ਜਾਂਦੇ ਹਨ। ਸੰਗਤਾਂ ਦੀ ਇਹ ਨਿਰਸਵਾਰਥ ਸੇਵਾ ਭਾਵਨਾ ਦੇਖਿਆਂ ਹੀ ਬਣਦੀ ਹੈ। ਹੋਲੇ ਮਹੱਲੇ 'ਤੇ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਨਿਹੰਗ ਸਿੰਘਾਂ ਦੇ ਦਲਾਂ ਦੀ ਰਵਾਇਤੀ ਚੜ੍ਹਤ ਵੀ ਵੱਖਰਾ ਹੀ ਨਜ਼ਾਰਾ ਬੰਨ੍ਹਦੀ ਹੈ। ਨਿਹੰਗ ਸਿੰਘਾਂ ਦੇ ਜਲੌਅ ਦੀ ਆਭਾ ਹੋਲੇ ਮਹੱਲੇ ਨੂੰ ਰਵਾਇਤੀ ਖ਼ਾਲਸਾਈ ਰੰਗਤ ਬਖਸ਼ਦੀ ਹੈ। ਉੱਚੇ ਦੁਮਾਲੇ ਸਜਾਈ, ਰਵਾਇਤੀ ਸ਼ਸਤਰਾਂ ਵਿਚ ਸਜੇ ਇਹ ਗੁਰੂ ਦੇ ਖ਼ਾਲਸੇ, ਨਗਾਰੇ ਵਜਾਉਂਦੇ ਪੈਦਲ ਅਤੇ ਘੋੜਿਆਂ 'ਤੇ ਸਵਾਰ ਹੋ ਹਰ ਇਕ ਦਾ ਧਿਆਨ ਖਿੱਚਦੇ ਹਨ ਤੇ ਮੇਲੇ ਵਿਚ ਨਿਵੇਕਲਾ ਰੰਗ ਭਰਦੇ ਹਨ। ਵਿਸ਼ੇਸ਼ ਸਮਾਗਮਾਂ ਵਿਚ ਰਾਗੀ, ਢਾਡੀ ਤੇ ਕਥਾਵਾਚਕ ਸ਼ਾਨਾਂਮੱਤੇ ਸਿੱਖ ਇਤਿਹਾਸ ਅਤੇ ਬੀਰ-ਰਸੀ ਵਾਰਾਂ ਦੇ ਗਾਇਨ ਨਾਲ ਸੰਗਤਾਂ ਨੂੰ ਨਿਹਾਲ ਕਰਦੇ ਹਨ।
-ਸੰਪਰਕ : 98153-56086