ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2021

ਸ੍ਰੀ ਅਨੰਦਪੁਰ ਸਾਹਿਬ ਅਤੇ ਨਾਲ ਲਗਦੇ ਇਤਿਹਾਸਕ ਗੁਰਦੁਆਰੇ

Ad Position 21
No active advertisement
ਅਜੀਤ ਡੈਸਕ 29-03-2021

1. ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (ਸ੍ਰੀ ਅਨੰਦਪੁਰ ਸਾਹਿਬ) : ਇਹ ਉਹ ਪਵਿੱਤਰ ਅਸਥਾਨ ਹੈ, ਜਿਥੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਮਤ 1757 ਚੇਤ ਸੁਦੀ 1 ਨੂੰ ਹੋਲਾ ਮਹੱਲਾ ਖੇਡਣ ਦੀ ਰੀਤ ਚਲਾਈ ਸੀ। ਇਸੇ ਅਸਥਾਨ 'ਤੇ ਗੁਰੂ ਜੀ ਨੇ 1756 ਬਿਕਰਮੀ ਮੁਤਾਬਕ 1699 ਦੀ ਵਿਸਾਖੀ ਨੂੰ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ। ਇਹ ਗੁਰੂ ਕੀ ਨਗਰੀ ਚੰਡੀਗੜ੍ਹ ਤੋਂ 97 ਕਿੱਲੋਮੀਟਰ, ਰੋਪੜ ਤੋਂ 45, ਨੰਗਲ ਤੋਂ 20 ਕਿੱਲੋਮੀਟਰ ਦੀ ਦੂਰੀ 'ਤੇ ਸੁਸ਼ੋਭਿਤ ਹੈ। ਕੀਰਤਪੁਰ ਸਾਹਿਬ ਇਥੋਂ ਸਿਰਫ਼ 10 ਕਿੱਲੋਮੀਟਰ ਰੋਪੜ ਨੂੰ ਜਾਂਦਿਆਂ ਆਉਂਦਾ ਹੈ।
2. ਗੁਰਦੁਆਰਾ ਗੁਰੂ ਕੇ ਮਹਿਲ : ਇਹ ਅਸਥਾਨ 1665 ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਰਹਿਣ ਲਈ ਉਸਾਰਿਆ ਸੀ। ਇਥੇ ਹੀ ਮਾਤਾ ਨਾਨਕੀ (ਮਾਤਾ ਸ੍ਰੀ ਗੁਰੂ ਤੇਗ ਬਹਾਦਰ ਜੀ), ਮਾਤਾ ਗੁਜਰੀ ਜੀ, ਗੁਰੂ ਗੋਬਿੰਦ ਸਿੰਘ ਜੀ, ਮਾਤਾ ਜੀਤ ਕੌਰ, ਮਾਤਾ ਸੁੰਦਰ ਕੌਰ, ਮਾਤਾ ਸਾਹਿਬ ਕੌਰ, ਚਾਰੇ ਸਾਹਿਬਜ਼ਾਦੇ ਰਹੇ ਸਨ।
3. ਗੁਰਦੁਆਰਾ ਭੋਰਾ ਸਾਹਿਬ : ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਇਥੇ ਇਕ ਭੋਰਾ ਬਣਵਾਇਆ ਹੋਇਆ ਸੀ, ਜਿਥੇ ਬੈਠ ਕੇ ਗੁਰੂ ਜੀ ਬੰਦਗੀ ਕਰਿਆ ਕਰਦੇ ਸਨ।
4. ਗੁਰਦੁਆਰਾ ਮੰਜੀ ਸਾਹਿਬ : ਇਹ ਅਸਥਾਨ ਗੁਰੂ ਕੇ ਮਹਿਲ ਦਾ ਇਕ ਹਿੱਸਾ ਹੈ, ਇਸ ਅਸਥਾਨ 'ਤੇ ਗੁਰੂ ਜੀ ਦੀਵਾਨ ਸਜਾਇਆ ਕਰਦੇ ਸਨ, ਇਸੇ ਅਸਥਾਨ 'ਤੇ 1675 ਨੂੰ ਗੁਰੂ ਜੀ ਪਾਸ, ਪੰਡਿਤ ਕਿਰਪਾ ਰਾਮ ਅਤੇ ਹੋਰ ਕਸ਼ਮੀਰੀ ਪੰਡਿਤ ਫਰਿਆਦ ਲੈ ਕੇ ਆਏ ਸਨ।
5. ਗੁਰਦੁਆਰਾ ਦਮਦਮਾ ਸਾਹਿਬ : ਇਹ ਅਸਥਾਨ ਵੀ ਗੁਰੂ ਕੇ ਮਹਿਲ ਦਾ ਇਕ ਹਿੱਸਾ ਹੈ, ਇਸ ਅਸਥਾਨ 'ਤੇ ਗੁਰੂ ਤੇਗ ਬਹਾਦਰ ਜੀ ਬੈਠ ਕੇ ਸੰਗਤਾਂ ਨੂੰ ਦਰਸਨ ਦਿੰਦੇ ਸੀ। ਇਸ ਅਸਥਾਨ 'ਤੇ ਹੀ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਗੱਦੀ ਦਿੱਤੀ ਗਈ ਸੀ, ਇਥੇ ਹੀ 1698 ਵਿਚ ਮਸੰਦਾਂ ਦੀ ਪਰਖ ਹੋਈ ਸੀ ਅਤੇ ਮੁਜ਼ਰਿਮ ਮਸੰਦਾਂ ਨੂੰ ਸਜ਼ਾ ਦਿੱਤੀ ਸੀ।
6. ਗੁਰਦੁਆਰਾ ਸੀਸ ਗੰਜ ਸਾਹਿਬ : ਇਸ ਪਵਿੱਤਰ ਅਸਥਾਨ 'ਤੇ 17 ਨਵੰਬਰ 1675 ਦੇ ਦਿਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਸਸਕਾਰ ਕੀਤਾ ਗਿਆ ਸੀ ਅਤੇ ਗੁਰੂ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਛੱਡਣ ਸਮੇਂ ਭਾਈ ਗੁਰਬਖਸ਼ ਦਾਸ ਉਦਾਸੀ ਨੂੰ ਇਥੋਂ ਦੀ ਸੇਵਾ ਸੰਭਾਲੀ ਸੀ।
7. ਗੁਰਦੁਆਰਾ ਅਕਾਲ ਬੁੰਗਾ ਸਾਹਿਬ : ਗੁਰੂ ਤੇਗ ਬਹਾਦਰ ਜੀ ਦੇ ਸੀਸ ਦੇ ਸਸਕਾਰ ਤੋਂ ਬਾਅਦ ਗੁਰੂ ਜੀ ਨੇ ਇਥੇ ਹਾਜ਼ਰ ਸੰਗਤਾਂ ਨੂੰ ਭਾਣਾ ਮੰਨਣ, ਧਰਮ ਦੀ ਰੱਖਿਆ ਅਤੇ ਜ਼ੁਲਮ ਦੇ ਟਾਕਰੇ ਲਈ ਤਿਆਰ ਰਹਿਣ ਲਈ ਪ੍ਰੇਰਿਤ ਕੀਤਾ ਸੀ।
8. ਗੁਰਦੁਆਰਾ ਦੁਮਾਲਗੜ੍ਹ ਸਾਹਿਬ : ਇਹ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਬਿਲਕੁਲ ਨਜ਼ਦੀਕ ਹੈ। ਇਥੇ ਗੁਰੂ ਜੀ, ਸਾਹਿਬਜ਼ਾਦਿਆਂ ਨੂੰ ਖੇਡਾਂ, ਤਲਵਾਰਬਾਜ਼ੀ, ਕਸਰਤ ਕਰਵਾਉਂਦੇ, ਦੁਮਾਲਾ ਸਜਾਉਣ ਦੀ ਸਿੱਖਿਆ ਦਿੰਦੇ ਸਨ।
9. ਗੁਰਦੁਆਰਾ ਸ਼ਹੀਦੀ ਬਾਗ਼ : ਇਹ ਅਸਥਾਨ ਕਿਲ੍ਹਾ ਅਨੰਦਗੜ੍ਹ ਦੇ ਸਾਹਮਣੇ, ਪਿੰਡ ਲੋਦੀਪੁਰ ਵਿਚ ਆਉਂਦਾ ਹੈ, ਜਿਥੇ ਸ੍ਰੀ ਅਨੰਦਪੁਰ ਸਾਹਿਬ ਦੇ ਲੰਮੇ ਘੇਰੇ ਸਮੇਂ ਕਈ ਸਿੰਘ ਸ਼ਹੀਦ ਹੋਏ ਸਨ। ਜੋ ਸ਼ਹੀਦੀ ਬਾਗ਼ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ।
10. ਗੁਰਦੁਆਰਾ ਮਾਤਾ ਜੀਤ ਕੌਰ ਜੀ : ਇਸ ਅਸਥਾਨ 'ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪਹਿਲੇ ਮਹਿਲ ਮਾਤਾ ਜੀਤ ਕੌਰ ਜੀ ਦਾ ਸਸਕਾਰ ਚੜ੍ਹਾਈ ਕਰ ਜਾਣ ਉਪਰੰਤ 5 ਦਸੰਬਰ 1700 ਨੂੰ ਕੀਤਾ ਗਿਆ ਸੀ। ਇਹ ਪਿੰਡ ਅਗੰਮਪੁਰ ਵਿਚ ਪੈਂਦਾ ਹੈ।
ਗੁਰੂ ਜੀ ਵਲੋਂ ਉਸਾਰੇ ਗਏ ਕਿਲ੍ਹੇ
1. ਕੇਸਗੜ੍ਹ ਸਾਹਿਬ : ਕੇਸਗੜ੍ਹ ਸਾਹਿਬ, ਸਿੱਖ ਪੰਥ ਦਾ ਤਖ਼ਤ ਸਾਹਿਬ (ਸ੍ਰੀ ਅਨੰਦਪੁਰ ਸਾਹਿਬ) ਦਾ ਸਭ ਤੋਂ ਵੱਧ ਅਹਿਮ ਅਸਥਾਨ ਹੈ। ਇਹ ਇਕ ਉੱਚੀ ਪਹਾੜੀ 'ਤੇ ਬਣਿਆ ਖ਼ਾਲਸਾ ਪ੍ਰਗਟ ਕਰਨ ਵਾਲਾ ਗੁਰੂ ਜੀ ਦਾ ਕਿਲ੍ਹਾ ਵੀ ਸੀ। ਇਸ ਵਿਚ ਦੁਸ਼ਮਣ ਫ਼ੌਜਾਂ ਨੂੰ ਪਹੁੰਚਣ ਤੋਂ ਪਹਿਲਾਂ ਗੁਰੂ ਜੀ ਵਲੋਂ ਬਣਾਏ ਦੂਜੇ ਕਿਲ੍ਹਿਆਂ ਨੂੰ ਸਰ ਕਰਨਾ ਪੈਂਦਾ ਸੀ।
2. ਕਿਲ੍ਹਾ ਅਨੰਦਗੜ੍ਹ ਸਾਹਿਬ : ਇਸ ਕਿਲ੍ਹੇ ਦੀ ਪੁਰਾਣੀ ਇਮਾਰਤ ਨੂੰ ਅਜਮੇਰ ਚੰਦ ਦੀਆਂ ਮੁਗਲੀ ਫ਼ੌਜਾਂ ਨੇ 1705-06 ਵਿਚਕਾਰ ਢਾਹ ਦਿੱਤਾ ਸੀ। ਫਿਰ ਸਿੱਖਾਂ ਨੇ ਕਈ ਸਾਲ ਬਾਅਦ ਇਸ ਦੀ ਉਸਾਰੀ ਕਰਵਾਈ। ਬਾਉਲੀ ਸਾਹਿਬ ਵੀ ਇਥੇ ਹੀ ਹੈ। ਗੁਰੂ ਜੀ ਨੇ 5-6 ਦਸੰਬਰ 1705 ਦੀ ਰਾਤ ਨੂੰ ਇਥੋਂ ਹੀ ਅਨੰਦਪੁਰ ਸਾਹਿਬ ਨੂੰ ਛੱਡਿਆ ਸੀ।
3. ਕਿਲ੍ਹਾ ਲੋਹਗੜ੍ਹ ਸਾਹਿਬ : ਇਹ ਕਿਲ੍ਹਾ ਚਰਨ ਗੰਗਾ ਦੇ ਨਜ਼ਦੀਕ ਸੀ। ਇਸ ਵਿਚ ਗੁਰੂ ਜੀ ਨੇ ਹਥਿਆਰ ਬਣਾਉਣ ਦਾ ਕਾਰਖਾਨਾ ਲਗਾਇਆ ਹੋਇਆ ਸੀ। ਇਥੇ ਹੀ ਭਾਈ ਬਚਿੱਤਰ ਸਿੰਘ ਨੇ ਪਹਾੜੀ ਰਾਜਿਆਂ ਵਲੋਂ ਭੇਜੇ ਹਮਲਾ ਕਰਨ ਲਈ ਮਸਤ ਹਾਥੀ ਨੂੰ ਨਾਗਨੀ ਬਰਛਾ ਮਾਰ ਕੇ ਮੋੜਿਆ ਸੀ।
4. ਕਿਲ੍ਹਾ ਹੋਲਗੜ੍ਹ ਸਾਹਿਬ (ਅਗੰਮਪੁਰ) : ਇਹ ਕਿਲ੍ਹਾ ਸ੍ਰੀ ਅਨੰਦਪੁਰ ਸਾਹਿਬ ਤੋਂ ਤਕਰੀਬਨ 1-2 ਕਿੱਲੋਮੀਟਰ ਦੀ ਦੂਰੀ 'ਤੇ ਅਗੰਮਪੁਰ ਵਿਚ ਹੈ। ਜਿਥੇ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਹੋਲਾ ਮਹੱਲਾ ਖੇਡਦੀਆਂ ਹਨ।

-ਸੰਤੋਖਗੜ੍ਹ (ਨਜ਼ਦੀਕ ਨੰਗਲ ਡੈਮ)।
ਮੋਬਾਈਲ : 98167-69794

Ad Position 22
No active advertisement
ਪਿਛਲੀ ਖ਼ਬਰ ਹੋਲਾ ਮਹੱਲਾ : ਡੇਰਾ ਸੰਤ ਨਿਸ਼ਚਲ ਸਿੰਘ ਥੜ੍ਹਾ ਸਾਹਿਬ ਜੋੜੀਆਂ ਅਗਲੀ ਖ਼ਬਰ ਹੋਲਾ ਮਹੱਲਾ--ਮਾਨਵੀ ਆਦਰਸ਼ਾਂ ਦੇ ਰੰਗ ਹੋਰ ਗੂੜ੍ਹੇ ਹੋਣ
Ad Position 24
No active advertisement