ਹੋਲੀ ਹੀ ਇਕ ਅਜਿਹਾ ਤਿਉਹਾਰ ਹੈ ਜਿਸ ਦਿਨ ਲੋਕ ਆਪਣੇ ਪੁਰਾਣੇ ਜਾਂ ਹੰਢੇ ਹੋਏ ਕੱਪੜੇ ਕੱਢ ਕੇ ਪਾਉਂਦੇ ਹਨ। ਉਨ੍ਹਾਂ ਦੇ ਚਿਹਰਿਆਂ 'ਤੇ ਰੌਣਕ ਅਤੇ ਖ਼ੁਸ਼ੀ ਦੁੱਗਣੀ-ਚੌਗੁਣੀ ਝਲਕਦੀ ਹੁੰਦੀ ਹੈ, ਜਿਥੇ ਇਹ ਰੰਗ ਆਪਣੀ ਮਹਿਕ ਨਾਲ ਲੋਕਾਂ ਦੇ ਚਿਹਰੇ ਖਿੜਾਉਂਦੇ ਹਨ, ਉਥੇ ਇਨ੍ਹਾਂ ਰੰਗਾਂ ਵਿਚ ਰੰਗੇ ਲੋਕ ਧਰਮਾਂ, ਜਾਤਾਂ, ਗੋਤਾਂ, ਮਜ਼੍ਹਬਾਂ ਤੇ ਅਮੀਰੀ, ਗ਼ਰੀਬੀ ਦੇ ਭੇਦ ਭੁਲਾ ਕੇ ਇਕ-ਦੂਜੇ ਨੂੰ ਗਲ ਨਾਲ ਲਾਉਂਦੇ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੋਲੀ ਦੇ ਤਿਉਹਾਰ ਨੂੰ ਹੋਲੇ ਮਹੱਲੇ ਦੇ ਰੂਪ ਵਿਚ ਮਨਾਉਣ ਦੇ ਆਦੇਸ਼ ਦਿੱਤੇ। ਗੁਰੂ ਜੀ ਨੇ ਜਦੋਂ ਹੋਲਾ ਮਹੱਲਾ ਨੂੰ ਵੀਰਤਾ ਦੇ ਤਿਉਹਾਰ ਦਾ ਰੂਪ ਦੇ ਕੇ ਪ੍ਰਚੱਲਿਤ ਕੀਤਾ ਤਾਂ ਸਾਰੇ ਹੀ ਸਿੰਘ ਇਸ ਉਤਸਵ ਵਿਚ ਬੜੇ ਜੋਸ਼ ਤੇ ਸੱਜ-ਧੱਜ ਨਾਲ ਸ਼ਾਮਿਲ ਹੋਏ।
ਸੇਵਾਪੰਥੀ ਸੰਪਰਦਾਇ ਦੇ ਸੰਸਥਾਪਕ ਭਾਈ ਘਨ੍ਹਈਆ ਜੀ ਤੋਂ ਵਰੋਸਾਏ ਸ੍ਰੀਮਾਨ 108 ਸੰਤ ਪੰਡਤ ਨਿਸ਼ਚਲ ਸਿੰਘ ਜੀ ਅਤੇ ਸ੍ਰੀਮਾਨ 108 ਸੰਤ ਤ੍ਰਿਲੋਚਨ ਸਿੰਘ ਜੀ 'ਸੇਵਾਪੰਥੀ' ਹੋਲਾ ਮਹੱਲਾ ਸਮਾਗਮ ਨੂੰ ਯਮੁਨਾ ਨਗਰ (ਹਰਿਆਣਾ) ਵਿਖੇ ਬੜੀ ਚੜ੍ਹਦੀ ਕਲਾ ਨਾਲ ਮਨਾਉਂਦੇ ਰਹੇ। ਅੱਜ ਵੀ ਸਾਧ ਸੰਗਤ ਨੂੰ ਇਸ ਮਹਾਨ ਸਮਾਗਮ ਦੀ ਉਡੀਕ ਰਹਿੰਦੀ ਹੈ। ਹੋਲਾ ਮਹੱਲਾ ਨੂੰ ਚੜ੍ਹਦੀ ਕਲਾ ਨਾਲ ਮਨਾਉਣ ਦੀ ਪਰੰਪਰਾ ਡੇਰਾ ਸੰਤਪੁਰਾ ਯਮੁਨਾ ਨਗਰ ਵਿਖੇ ਸੰਤ ਪੰਡਤ ਨਿਸ਼ਚਲ ਸਿੰਘ ਜੀ ਨੇ ਆਪ ਚਲਾਈ ਸੀ, ਜਿਸ ਨੂੰ ਕਾਇਮ ਰੱਖਦਿਆਂ ਮਹੰਤ ਕਰਮਜੀਤ ਸਿੰਘ ਜੀ 'ਸੇਵਾਪੰਥੀ' ਵਲੋਂ ਹਰ ਸਾਲ ਡੇਰਾ ਸੰਤ ਨਿਸ਼ਚਲ ਸਿੰਘ ਜੀ ਥੜ੍ਹਾ ਸਾਹਿਬ ਜੋੜੀਆਂ, ਯਮੁਨਾ ਨਗਰ (ਹਰਿਆਣਾ) ਵਿਖੇ ਹੋਲਾ ਮਹੱਲਾ ਸਮਾਗਮ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਧਰਮ ਰੱਖਿਅਕ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ (ਸ਼ਤਾਬਦੀ) ਨੂੰ ਸਮਰਪਿਤ ਡੇਰਾ ਸੰਤ ਨਿਸ਼ਚਲ ਸਿੰਘ ਥੜ੍ਹਾ ਸਾਹਿਬ ਜੋੜੀਆਂ, ਯਮੁਨਾ ਨਗਰ (ਹਰਿਆਣਾ) ਵਿਖੇ ਸ੍ਰੀਮਾਨ ਮਹੰਤ ਕਰਮਜੀਤ ਸਿੰਘ ਜੀ 'ਸੇਵਾਪੰਥੀ' ਦੀ ਸਰਪ੍ਰਸਤੀ ਹੇਠ ਹੋਲਾ ਮਹੱਲਾ ਸਮਾਗਮ 28, 29 ਤੇ 30 ਮਾਰਚ ਦਿਨ ਐਤਵਾਰ, ਸੋਮਵਾਰ ਤੇ ਮੰਗਲਵਾਰ ਨੂੰ ਬੜੇ ਪ੍ਰੇਮ, ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। 28 ਅਗਸਤ ਨੂੰ ਸਵੇਰੇ 9 ਵਜੇ ਗੁਰਬਾਣੀ ਸਰਵਣ ਸ੍ਰੀ ਅਖੰਡ ਪਾਠ ਸਾਹਿਬ ਦੀ ਸਮਾਪਤੀ ਹੋਵੇਗੀ। ਇਸੇ ਦਿਹਾੜੇ ਸਵੇਰੇ 11 ਵਜੇ ਤੋਂ ਰਾਤ 11 ਵਜੇ ਤੱਕ ਕੀਰਤਨ ਦਰਬਾਰ ਹੋਵੇਗਾ। 29 ਮਾਰਚ ਨੂੰ ਸਵੇਰੇ 4 ਵਜੇ ਤੋਂ ਰਾਤ 11 ਵਜੇ ਤੱਕ ਕੀਰਤਨ ਦਰਬਾਰ ਅਤੇ ਸੰਤ ਸਮਾਗਮ ਹੋਵੇਗਾ, ਜਿਸ ਵਿਚ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ, ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ, ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਗੌਹਰ ਜਥੇਦਾਰ ਤਖ਼ਤ ਸ੍ਰੀ ਪਟਨਾ ਸਾਹਿਬ, ਭਾਈ ਪਿੰਦਰਪਾਲ ਸਿੰਘ ਲੁਧਿਆਣਾ, ਗਿਆਨੀ ਸਾਹਿਬ ਸਿੰਘ ਸ਼ਾਹਬਾਦ ਮਾਰਕੰਡਾ, ਭਾਈ ਗੁਰਇਕਬਾਲ ਸਿੰਘ ਅੰਮ੍ਰਿਤਸਰ, ਸੰਤ ਬਾਬਾ ਜੋਗਾ ਸਿੰਘ ਕਰਨਾਲ, ਸੰਤ ਤ੍ਰਲੋਚਨ ਸਿੰਘ ਨਾਨਕਸਰ ਕਲੇਰਾਂ ਕਰਨਾਲ, ਸੰਤ ਸੁਰਿੰਦਰ ਸਿੰਘ 'ਸੇਵਾਪੰਥੀ' ਅੰਮ੍ਰਿਤਸਰ, ਮਹੰਤ ਮਹਿੰਦਰ ਸਿੰਘ 'ਸੇਵਾਪੰਥੀ' ਦਿੱਲੀ, ਭਾਈ ਅਮਨਦੀਪ ਸਿੰਘ ਅੰਮ੍ਰਿਤਸਰ, ਭਾਈ ਓਂਕਾਰ ਸਿੰਘ, ਭਾਈ ਰਵਿੰਦਰ ਸਿੰਘ, ਭਾਈ ਬਲਵਿੰਦਰ ਸਿੰਘ ਲੋਪੋਕੇ ਤਿੰਨੇ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਸਰਬਜੀਤ ਸਿੰਘ ਕਪੂਰਥਲਾ, ਭਾਈ ਬਲਵੀਰ ਸਿੰਘ ਚੰਡੀਗੜ੍ਹ, ਭਾਈ ਬਲਪ੍ਰੀਤ ਸਿੰਘ ਲੁਧਿਆਣਾ, ਭਾਈ ਜਸਕਰਨ ਸਿੰਘ ਪਟਿਆਲਾ, ਭਾਈ ਮੋਹਕਮ ਸਿੰਘ ਪਾਉਂਟਾ ਸਾਹਿਬ, ਭਾਈ ਸਤਨਾਮ ਸਿੰਘ ਕਥਾਵਾਚਕ ਪੰਜੋਖਰਾ ਸਾਹਿਬ, ਭਾਈ ਲਖਵਿੰਦਰ ਸਿੰਘ ਪਾਰਸ ਢਾਡੀ ਜਥਾ ਤੋਂ ਇਲਾਵਾ ਸਿੱਖ ਕੌਮ ਦੇ ਸੰਤ-ਮਹਾਂਪੁਰਸ਼, ਸਿਰਮੌਰ ਸ਼ਖ਼ਸੀਅਤਾਂ ਪ੍ਰਚਾਰਕ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਅਤੇ ਗੁਰਬਾਣੀ ਕੀਰਤਨ ਨਾਲ ਨਿਹਾਲ ਕਰਨਗੇ। 29 ਮਾਰਚ ਨੂੰ ਹੀ ਸਵੇਰੇ 10 ਵਜੇ ਅੰਮ੍ਰਿਤ-ਸੰਚਾਰ ਹੋਵੇਗਾ।
-1138/63-ਏ, ਗੁਰੂ ਤੇਗ ਬਹਾਦਰ ਨਗਰ, ਗਲੀ ਨੰ: 1, ਚੰਡੀਗੜ੍ਹ ਰੋਡ, ਜਮਾਲਪੁਰ, ਲੁਧਿਆਣਾ।
E-mail : karnailsinghma@gmail.com