ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2021

ਧਰਮਾਂ ਦੇ ਇਤਿਹਾਸ ਦਾ ਕ੍ਰਾਂਤੀਕਾਰੀ ਪੰਨਾ : ਖ਼ਾਲਸਾ ਸਾਜਨਾ ਦਿਵਸ

Ad Position 21
No active advertisement
ਅਜੀਤ ਡੈਸਕ 13-04-2021

ਸਾਹਿਬ-ਏ-ਕਮਾਲ, ਸਰਬੰਸਦਾਨੀ, ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਨੂੰ ਵਿਸਾਖੀ ਵਾਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ। ਖ਼ਾਲਸਾ ਸਾਜਨਾ ਦਾ ਮੰਤਵ ਬੜਾ ਸਪੱਸ਼ਟ ਤੇ ਪਵਿੱਤਰ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਗੁਰੂ ਸਾਹਿਬਾਨ ਦਾ ਆਦਰਸ਼ ਮਨੁੱਖਤਾ ਨੂੰ ਧਾਰਮਿਕ, ਸਮਾਜਿਕ ਤੇ ਰਾਜਨੀਤਕ ਬੰਧਨਾਂ ਤੋਂ ਮੁਕਤ ਕਰਵਾ ਕੇ ਆਜ਼ਾਦ ਕੌਮ ਦੇ ਰੂਪ ਵਿਚ ਪੇਸ਼ ਕਰਨਾ ਸੀ। ਗੁਰੂ ਸਾਹਿਬਾਨ ਨੇ ਇਸੇ ਦਿਸ਼ਾ ਵਿਚ ਕਾਰਜ ਕੀਤਾ ਅਤੇ ਮਿੱਥੇ ਟੀਚੇ ਦੀ ਪ੍ਰਾਪਤੀ ਲਈ ਯਤਨ ਕੀਤੇ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਕਲਪ ਦੀ ਸੇਧ ਵਿਚ ਦਸਵੇਂ ਪਾਤਸ਼ਾਹ ਜੀ ਨੇ ਖ਼ਾਲਸਾ ਸਾਜਨਾ ਨਾਲ ਲਿਤਾੜੇ ਤੇ ਨਿਮਾਣੇ ਲੋਕਾਂ ਵਿਚ ਅਜਿਹੀ ਸ਼ਕਤੀ ਦਾ ਸੰਚਾਰ ਕੀਤਾ ਕਿ ਉਹ ਸ਼ੇਰ ਬਣ ਸਵਾ-ਸਵਾ ਲੱਖ ਅੱਤਿਆਚਾਰੀਆਂ ਨਾਲ ਟੱਕਰ ਲੈਣ ਦੇ ਸਮਰੱਥ ਹੋ ਗਏ। ਉਨ੍ਹਾਂ ਨੇ ਏਕਤਾ, ਸਮਾਨਤਾ ਤੇ ਨਿਆਂ ਦਾ ਝੰਡਾ ਬੁਲੰਦ ਰੱਖਣ ਲਈ ਸਮੇਂ ਦੀ ਵੱਡੀ ਤੋਂ ਵੱਡੀ ਤਾਕਤ ਨਾਲ ਟੱਕਰ ਲਈ। ਸਿੱਖ ਇਤਿਹਾਸ ਵਿਚ ਅੰਕਿਤ ਸਿੱਖ ਸੂਰਮਗਤੀ ਦੀਆਂ ਅਨੇਕਾਂ ਮਿਸਾਲਾਂ ਇਸ ਗੱਲ ਦੀ ਤਸਦੀਕ ਵਜੋਂ ਹਨ।
'ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ' ਦੇ ਅੰਤਰਗਤ ਆਦਰਸ਼ਕ ਭਾਵ ਹਲੇਮੀ ਸਮਾਜ ਦੀ ਸਥਾਪਤੀ ਲਈ ਖ਼ਾਲਸਾ ਸਾਜਨਾ ਇਕ ਮਹੱਤਵਪੂਰਨ ਘਟਨਾ ਹੈ, ਜਿਸ ਨੇ ਦੁਨੀਆ ਦੇ ਧਾਰਮਿਕ ਇਤਿਹਾਸ ਨੂੰ ਕ੍ਰਾਂਤੀਕਾਰੀ ਮੋੜ ਦਿੱਤਾ। ਇਹ ਆਮ ਗੱਲ ਨਹੀਂ, ਸਗੋਂ 'ਪ੍ਰਮਾਤਮ ਕੀ ਮੌਜ' ਦਾ ਅਲੌਕਿਕ ਪ੍ਰਗਟਾਅ ਸੀ। 'ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ' ਦੇ ਸਿਧਾਂਤ ਨੂੰ ਅਮਲ ਵਿਚ ਲਿਆ ਕੇ ਗੁਰੂ ਸਾਹਿਬ ਨੇ ਪੰਜ ਪਿਆਰਿਆਂ ਨੂੰ ਇੱਕੋ ਹੀ ਬਾਟੇ 'ਚੋਂ ਅੰਮ੍ਰਿਤ ਛਕਾਇਆ ਅਤੇ ਊਚ-ਨੀਚ ਤੇ ਭੇਦ-ਭਾਵ ਨੂੰ ਸਦਾ ਲਈ ਮਿਟਾ ਦਿੱਤਾ। ਗੁਰੂ ਸਾਹਿਬ ਦੀ ਹੋਰ ਵਡਿਆਈ ਵੇਖੋ। ਉਨ੍ਹਾਂ ਨੇ ਅੰਮ੍ਰਿਤ ਛਕਾਉਣ ਮਗਰੋਂ ਪੰਜ ਪਿਆਰਿਆਂ ਨੂੰ ਕਿਹਾ ਕਿ ਹੁਣ ਮੈਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ੋ। ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚ ਅੰਕਿਤ ਹੈ, 'ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ' ਇਸ ਤੋਂ ਪਹਿਲਾਂ ਧਰਮ ਇਤਿਹਾਸ ਅੰਦਰ ਅਜਿਹਾ ਕਿਧਰੇ ਵੀ ਸਾਹਮਣੇ ਨਹੀਂ ਸੀ ਕਿ ਕਿਸੇ ਧਰਮ ਆਗੂ ਨੇ ਆਪਣੇ ਅਨੁਯਾਈਆਂ ਨੂੰ ਆਪਣੇ ਤੋਂ ਉੱਪਰ ਰੱਖਿਆ ਹੋਵੇ। ਪ੍ਰੰਤੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਜਿਹਾ ਕਰਕੇ ਖ਼ਾਲਸੇ ਨੂੰ ਵਡਿਆਈ ਬਖਸ਼ੀ। ਗੁਰੂ ਸਾਹਿਬ ਨੇ ਆਪਣੀ ਬਾਣੀ ਵਿਚ ਵੀ ਖ਼ਾਲਸੇ ਨੂੰ ਮਹਾਨ ਦੱਸਿਆ ਹੈ। ਦਸਮ ਪਿਤਾ ਜੀ ਖ਼ਾਲਸੇ ਦੀ ਮਹਿਮਾ ਦਾ ਜ਼ਿਕਰ ਕਰਦੇ ਹਨ:
ਜੁੱਧ ਜਿਤੇ ਇਨਹੀ ਕੇ ਪ੍ਰਸਾਦਿ
ਇਨਹੀ ਕੇ ਪ੍ਰਸਾਦਿ ਸੁ ਦਾਨ ਕਰੇ
ਅਘ ਅਉਘ ਟਰੈ ਇਨਹੀ ਕੇ
ਪ੍ਰਸਾਦਿ ਇਨਹੀ ਕੀ ਕ੍ਰਿਪਾ ਫੁਨ ਧਾਮ ਭਰੇ
ਇਨਹੀ ਕੇ ਪ੍ਰਸਾਦਿ ਸੁ ਬਿਦਿਆ ਲਈ
ਇਨਹੀ ਕੀ ਕ੍ਰਿਪਾ ਸਭ ਸ਼ੱਤ੍ਰ ਮਰੇ
ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ ਨਹੀ
ਮੋ ਸੇ ਗਰੀਬ ਕਰੋਰ ਪਰੇ
ਖ਼ਾਲਸਾ ਸਾਜਨਾ ਦੇ ਇਤਿਹਾਸ 'ਤੇ ਝਾਤ ਮਾਰੀਏ ਤਾਂ ਇਸ ਕਾਰਜ ਦੀ ਸੰਪੂਰਨਤਾ ਲਈ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਮੇਂ ਦੀ ਰਾਜਸੀ, ਸਮਾਜਿਕ ਤੇ ਧਾਰਮਿਕ ਪੜਚੋਲ ਤੋਂ ਪਿੱਛੋਂ 1699 ਈ. ਦੀ ਵਿਸਾਖੀ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੱਡੇ ਇਕੱਠ ਲਈ ਸੰਗਤਾਂ ਨੂੰ ਵਿਸ਼ੇਸ਼ ਸੱਦੇ ਭੇਜੇ। ਆਪ ਜੀ ਦੇ ਇਸ ਸੱਦੇ 'ਤੇ ਵੱਡੀ ਗਿਣਤੀ ਵਿਚ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਪਹੁੰਚੀਆਂ। ਭਰੇ ਦੀਵਾਨ ਵਿਚ ਆਪ ਜੀ ਨੇ ਵਾਰੀ-ਵਾਰੀ ਪੰਜ ਸੀਸ ਮੰਗੇ, ਜਿਸ 'ਤੇ ਖਰਾ ਉਤਰਦਿਆਂ ਪੰਜ ਮਰਜੀਵੜਿਆਂ ਨੇ ਆਪਣੇ ਸੀਸ ਭੇਟ ਕੀਤੇ। ਦਸਮ ਪਾਤਸ਼ਾਹ ਜੀ ਨੇ ਇਨ੍ਹਾਂ ਨੂੰ ਅੰਮ੍ਰਿਤ ਛਕਾ ਕੇ ਨਾਂਅ ਨਾਲ 'ਸਿੰਘ' ਲਗਾਇਆ ਅਤੇ ਕਿਹਾ ਕਿ ਅੱਜ ਤੋਂ ਤੁਹਾਡਾ ਨਵਾਂ ਜਨਮ ਹੋਇਆ ਹੈ, ਤੁਹਾਡੀਆਂ ਪਿਛਲੀਆਂ ਜਾਤਾਂ-ਗੋਤਾਂ ਸਭ ਖ਼ਤਮ। ਹੁਣ ਤੁਸੀਂ ਵਾਹਿਗੁਰੂ ਜੀ ਦਾ ਖ਼ਾਲਸਾ ਹੋ। ਇਸ ਤਰ੍ਹਾਂ ਖ਼ਾਲਸਾ ਪੰਥ ਦੀ ਸਿਰਜਣਾ ਆਤਮਿਕ ਏਕਤਾ ਤੇ ਇਕਸੁਰਤਾ ਦੇ ਨਾਲ-ਨਾਲ ਸਮਾਜਿਕ ਬਰਾਬਰੀ ਅਤੇ ਸਦਭਾਵਨਾ ਦੀ ਪ੍ਰਤੀਕ ਮੰਨੀ ਜਾਂਦੀ ਹੈ।
ਗੁਰੂ ਸਾਹਿਬ ਨੇ ਖ਼ਾਲਸੇ ਨੂੰ ਰਹਿਣੀ ਵੀ ਨਿਰਾਲੀ ਬਖਸ਼ਿਸ਼ ਕੀਤੀ ਹੈ, ਜਿਸ ਨੂੰ ਅਪਣਾ ਕੇ ਖ਼ਾਲਸਾ ਪੰਥ ਹਮੇਸ਼ਾ ਹੀ ਆਤਮਿਕ ਏਕਤਾ ਅਤੇ ਇਕਸੁਰਤਾ, ਸਮਾਜਿਕ ਬਰਾਬਰੀ ਅਤੇ ਸਦਭਾਵਨਾ, ਸੱਭਿਆਚਾਰਕ ਚੇਤਨਾ ਅਤੇ ਰਾਜਨੀਤਕ ਜਥੇਬੰਦੀ ਪ੍ਰਤੀ ਸਮਰਪਿਤ ਰਿਹਾ। ਇਸ ਪੈਂਡੇ 'ਤੇ ਚਲਦਿਆਂ ਇਸ ਨੂੰ ਸਮੇਂ-ਸਮੇਂ ਧਾਰਮਿਕ, ਸਮਾਜਿਕ, ਸੱਭਿਆਚਾਰਕ ਅਤੇ ਰਾਜਨੀਤਕ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪਿਆ। ਇਨ੍ਹਾਂ ਚੁਣੌਤੀਆਂ ਵਿਚੋਂ ਖ਼ਾਲਸਾ ਪੰਥ ਹਮੇਸ਼ਾ ਹੀ ਉੱਜਲ ਮੁੱਖ ਅਤੇ ਸਵੈਮਾਣ ਨਾਲ ਨਿਕਲਿਆ ਅਤੇ ਲਗਾਤਾਰ ਨਿਆਰੀ ਚਾਲੇ ਤੁਰਦਾ ਜਾ ਰਿਹਾ ਹੈ।
ਖ਼ਾਲਸਾ-ਪੰਥ ਦਾ ਸਾਜਨਾ ਦਿਵਸ ਮਨਾਉਂਦਿਆਂ ਖ਼ਾਲਸੇ ਦੇ ਬੋਲਬਾਲੇ ਅਤੇ ਸਰਬੱਤ ਦੇ ਭਲੇ ਦੀ ਸੋਚ ਦੇ ਪਾਸਾਰ ਵਾਸਤੇ ਗੁਰੂ ਆਸ਼ੇ ਅਨੁਕੂਲ ਗੁਰਮਤਿ ਫ਼ਲਸਫ਼ੇ ਦੀ ਰੌਸ਼ਨੀ ਵਿਚ ਆਦਰਸ਼ਕ ਜੀਵਨ-ਜਾਚ ਅਪਣਾਉਣ ਦੀ ਅੱਜ ਵੱਡੀ ਲੋੜ ਹੈ। ਨੈਤਿਕ ਗੁਣਾਂ ਦੇ ਧਾਰਨੀ ਹੋ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਗੁਰੂ ਪਾਤਸ਼ਾਹ ਦੁਆਰਾ ਬਖਸ਼ਿਸ਼ ਕੀਤੀ ਜੀਵਨ-ਜਾਚ ਨੂੰ ਆਪਣੀ ਜ਼ਿੰਦਗੀ ਦਾ ਅਨਿੱਖੜ ਹਿੱਸਾ ਬਣਾ ਆਪਣਾ ਜੀਵਨ ਬਤੀਤ ਕਰੀਏ, ਸਾਡੀ ਇਹ ਪਹਿਲ ਬਣਨੀ ਚਾਹੀਦੀ ਹੈ। ਇਸ ਮੁਬਾਰਕ ਅਵਸਰ 'ਤੇ ਮੈਂ ਪ੍ਰਤੀਨਿਧ ਸਿੱਖ ਸੰਸਥਾ ਦੀ ਇਕ ਨਿਮਾਣੀ ਸੇਵਾਦਾਰ ਦੇ ਰੂਪ ਵਿਚ ਸੰਸਾਰ 'ਚ ਪਸਰੇ ਖ਼ਾਲਸਾ ਪੰਥ ਅਤੇ ਸੰਸਾਰ ਦੀਆਂ ਸਰਬੱਤ ਸੰਗਤਾਂ ਨੂੰ ਲੱਖ-ਲੱਖ ਵਧਾਈ ਦਿੰਦੀ ਹੋਈ ਸਿੱਖ ਸੰਗਤਾਂ ਨੂੰ ਅਪੀਲ ਕਰਦੀ ਹਾਂ ਕਿ ਆਓ! 'ਏਕੁ ਪਿਤਾ ਏਕਸ ਕੇ ਹਮ ਬਾਰਿਕ' ਦੇ ਸੰਦੇਸ਼ ਨੂੰ ਹਿਰਦੇ ਵਿਚ ਵਸਾ ਕੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਖਸ਼ਿਸ਼ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੀਏ ਅਤੇ ਬਾਣੀ-ਬਾਣੇ ਵਿਚ ਪਰਪੱਕ ਹੋ ਕੇ ਗੁਰੂ ਸਾਹਿਬ ਦੇ ਲਾਡਲੇ ਪੁੱਤਰ ਹੋਣ ਦਾ ਮਾਣ ਹਾਸਲ ਕਰੀਏ।

-ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।

Ad Position 22
No active advertisement
ਪਿਛਲੀ ਖ਼ਬਰ ਆਲਮੀ ਮੇਲਾ ਹੈ ਵਿਸਾਖੀ ਅਗਲੀ ਖ਼ਬਰ kanya
Ad Position 24
No active advertisement