ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2025

ਬੜੀ ਦਿਲਚਸਪ ਹੈ ਫ਼ਿਲਮੀ ਦੁਨੀਆ ਦੀ 'ਵਿਸਾਖੀ' <br/>

Ad Position 21
No active advertisement
ਅਜੀਤ ਡੈਸਕ 13-04-2025

13 ਅਪ੍ਰੈਲ ਦਾ ਦਿਨ ਵਿਸਾਖੀ ਦੇ ਦਿਹਾੜੇ ਵਜੋਂ ਭਾਰਤ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੱਸਦੇ ਸਮੂਹ ਭਾਰਤੀਆਂ ਤੇ ਖ਼ਾਸ ਕਰ ਕੇ ਪੰਜਾਬੀਆਂ ਲਈ ਖ਼ਾਸ ਮਹੱਤਵ ਵਾਲਾ ਦਿਨ ਹੈ | ਇਹ ਦਿਨ ਜਿੱਥੇ ਕਿਸਾਨਾਂ ਦੀ ਹੱਡ-ਭੰਨ੍ਹਵੀਂ ਮਿਹਨਤ ਨਾਲ ਉਗਾਈ ਗਈ ਕਣਕ ਦੀ ਸੋਨ-ਸੁਨਹਿਰੀ ਫ਼ਸਲ ਦੀ ਵਾਢੀ ਕਰਕੇ ਸਾਲ ਭਰ ਲਈ ਘਰ 'ਚ ਅੰਨ ਤੇ ਜੇਬ 'ਚ ਪੈਸੇ ਇਕੱਠੇ ਕਰਨ ਦਾ ਸੁਭਾਗਾ ਦਿਨ ਹੈ, ਉੱਥੇ ਹੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਸਮੂਹ ਜਾਤਾਂ-ਪਾਤਾਂ ਦੀਆਂ ਵਲਗਣਾਂ ਢਾਹ ਕੇ 'ਖ਼ਾਲਸਾ ਪੰਥ' ਦੀ ਸਾਜਨਾ ਕਰਨ ਦੇ ਪਾਵਨ ਦਿਵਸ ਨੂੰ ਸਮਰਪਿਤ ਦਿਨ ਵੀ ਹੈ | ਇਸਦੇ ਨਾਲ ਹੀ ਇਹ ਦਿਨ ਭਾਰਤ ਦੇ ਇਤਿਹਾਸ ਦੇ ਉਸ ਲਹੂ ਭਿੱਜੇ ਪੰਨੇ ਨਾਲ ਵੀ ਜੁੜਿਆ ਹੋਇਆ ਹੈ ਜਿਸ ਪੰਨੇ 'ਤੇ ਜਲਿ੍ਹਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਦੀ ਇਬਾਰਤ ਲਿਖੀ ਹੋਈ ਹੈ | ਇੰਨੇ ਮਹੱਤਵਪੂਰਨ ਦਿਨ ਨੂੰ ਵੱਡੇ ਪਰਦੇ 'ਤੇ ਪੇਸ਼ ਕਰਨ ਵਿਚ ਭਾਰਤੀ ਸਿਨੇਮਾ ਭਲਾ ਪਿੱਛੇ ਕਿਵੇਂ ਰਹਿ ਸਕਦਾ ਹੈ? ਆਓ, ਵਿਸਾਖੀ ਦੇ ਦਿਹਾੜੇ ਨਾਲ ਜੁੜੀਆਂ ਖ਼ੁਸ਼ੀਆਂ ਤੇ ਗ਼ਮੀਆਂ ਦੀ ਤਸਵੀਰਕਸ਼ੀ ਕਰਦੀਆਂ ਵੱਖ-ਵੱਖ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਫ਼ਿਲਮਾਂ ਦੀ ਗੱਲ ਕਰੀਏ :
ਬਾਲੀਵੱੁਡ ਨੇ ਜਦੋਂ ਵੀ ਖੇਤਾਂ ਵਿਚ ਲਹਿਰਾਉਂਦੀ ਕਣਕ ਦੀ ਫ਼ਸਲ ਜਾਂ ਸਰ੍ਹੋਂ ਦੇ ਫੱੁਲਾਂ ਨਾਲ ਭਰੇ ਖੇਤਾਂ ਦਾ ਸੁੰਦਰ ਤੇ ਮਨਮੋਹਕ ਦਿ੍ਸ਼ ਪੇਸ਼ ਕਰਨਾ ਹੋਵੇ ਤਾਂ ਸਮੂਹ ਫ਼ਿਲਮਕਾਰਾਂ ਦੀ ਨਿਗ੍ਹਾ ਪੰਜਾਬ 'ਤੇ ਪੈਂਦੀ ਹੈ | ਸਾਲ 2004 ਵਿਚ ਬਾਲੀਵੱੁਡ ਦੇ ਨਾਮਵਰ ਫ਼ਿਲਮਕਾਰ ਯਸ਼ ਚੋਪੜਾ ਵਲੋਂ ਬਣਾਈ ਗਈ ਫ਼ਿਲਮ 'ਵੀਰ-ਜ਼ਾਰਾ' ਵਿਚ ਅਦਾਕਾਰ ਸ਼ਾਹਰੁਖ਼ ਖ਼ਾਨ ਅਤੇ ਖ਼ੂਬਸੂਰਤ ਅਦਾਕਾਰਾ ਪ੍ਰੀਟੀ ਜ਼ਿੰਟਾ ਨੂੰ ਵਿਸਾਖੀ ਮੌਕੇ ਨੀਲੇ ਅੰਬਰ ਹੇਠਾਂ ਪੱਕੀਆਂ ਕਣਕਾਂ ਦੇ ਖੇਤਾਂ 'ਚੋਂ ਲਹਿਰਾ ਕੇ ਗੁਜ਼ਰਦਿਆਂ ਹੋਇਆਂ ਵਿਖ਼ਾਇਆ ਗਿਆ ਸੀ ਤੇ ਵਿਸਾਖੀ ਦੇ ਮੇਲੇ 'ਤੇ ਅਠਖੇਲੀਆਂ ਕਰਦੀ ਤੇ ਝੂਮਦੀ ਪ੍ਰੀਟੀ ਤਾਂ ਅਰਸ਼ੋਂ ਉੱਤਰੀ ਕੋਈ ਪਰੀ ਲੱਗਦੀ ਸੀ | ਇਸੇ ਤਰ੍ਹਾਂ ਸੰਨ 1977 ਵਿਚ ਬਣੀ ਫ਼ਿਲਮ 'ਈਮਾਨ ਧਰਮ' ਵਿਚਲਾ ਗੀਤ, 'ਓ' ਜੱਟਾ ਆਈ ਵਿਸਾਖ਼ੀ' ਵੀ ਵਿਸਾਖੀ ਦੇ ਤਿਉਹਾਰ ਦੀਆਂ ਖ਼ੁਸ਼ੀਆਂ ਨੂੰ ਬੜੀ ਖ਼ੂਬਸੂਰਤੀ ਨਾਲ ਪੇਸ਼ ਕਰਨ ਦੇ ਨਾਲ -ਨਾਲ ਪੰਜਾਬ ਦੇ ਸੂਰਬੀਰ ਸੈਨਿਕਾਂ ਦੀਆਂ ਸ਼ਹਾਦਤਾਂ ਨੂੰ ਸਮਰਪਿਤ ਸੀ | ਜਨਾਬ ਆਨੰਦ ਬਖ਼ਸ਼ੀ ਵਲੋਂ ਲਿਖੇ ਅਤੇ ਲਕਸ਼ਮੀਕਾਂਤ-ਪਿਆਰੇ ਲਾਲ ਦੀ ਜੋੜੀ ਵਲੋਂ ਸੰਗੀਤਬੱਧ ਕੀਤੇ ਇਸ ਗੀਤ ਨੂੰ ਮੁਹੰਮਦ ਰਫ਼ੀ ਅਤੇ ਮੁਕੇਸ਼ ਦੀ ਜੋੜੀ ਨੇ ਗਾਇਆ ਸੀ ਤੇ ਇਹ ਗੀਤ ਵਿਸਾਖੀ ਮੌਕੇ ਖ਼ੁਸ਼ੀਆਂ ਮਨਾਉਂਦੇ ਅਪਾਹਜ ਸੈਨਿਕਾਂ ਦੀ ਟੋਲੀ 'ਤੇ ਫ਼ਿਲਮਾਇਆ ਗਿਆ ਸੀ | ਸੰਨ 1967 ਵਿਚ ਬਣੀ ਅਦਾਕਾਰ ਮਨੋਜ ਕੁਮਾਰ ਦੀ ਫ਼ਿਲਮ 'ਉਪਕਾਰ' ਵਿਚ ਗਾਇਕ ਮਹਿੰਦਰ ਕਪੂਰ ਦੀ ਬੁਲੰਦ ਆਵਾਜ਼ ਵਿਚ ਗਾਇਆ ਗੀਤ 'ਮੇਰੇ ਦੇਸ ਕੀ ਧਰਤੀ ਸੋਨਾ ਉਗਲੇ, ਉਗਲੇ ਹੀਰੇ ਮੋਤੀ' ਵਿਸਾਖੀ ਮੌਕੇ ਫ਼ਸਲਾਂ ਦੀ ਵਾਢੀ ਅਤੇ ਦੇਸ਼ ਭਗਤਾਂ ਵਲੋਂ ਆਜ਼ਾਦੀ ਲਈ ਪਾਏ ਗਏ ਯੋਗਦਾਨ ਦੀ ਗਾਥਾ ਬਿਆਨ ਕਰ ਗਿਆ ਸੀ | ਇਸ ਗੀਤ ਦਾ ਸੰਗੀਤ ਕਲਿਆਣ ਜੀ-ਅਨੰਦ ਜੀ ਦੀ ਜੋੜੀ ਨੇ ਤਿਆਰ ਕੀਤਾ ਸੀ | ਗਾਇਕਾ ਆਸ਼ਾ ਭੌਂਸਲੇ, ਸ਼ਮਸ਼ਾਦ ਬੇਗ਼ਮ, ਮੁਹੰਮਦ ਰਫ਼ੀ ਅਤੇ ਮੰਨਾ ਡੇ ਜਿਹੇ ਉੱਚ-ਕੋਟੀ ਦੇ ਗਾਇਕਾਂ ਵਲੋਂ ਭਾਰਤੀ ਸਿਨੇਮਾ ਦੀ ਸ਼ਾਹਕਾਰ ਫ਼ਿਲਮ 'ਮਦਰ ਇੰਡੀਆ' (1957) ਲਈ ਗਾਇਆ ਗਿਆ ਗੀਤ 'ਦੁੱਖ ਭਰੇ ਦਿਨ ਬੀਤੇ ਰੇ ਭਈਆ, ਅਬ ਸੁੱਖ ਆਇਓ ਰੇ' ਵੀ ਫ਼ਸਲਾਂ ਦੀ ਵਾਢੀ ਮੌਕੇ ਕਿਸਾਨਾਂ ਦੇ ਚਿਹਰਿਆਂ 'ਤੇ ਖਿੜ੍ਹੀਆਂ ਬਹਾਰਾਂ ਦੀ ਪੇਸ਼ਕਾਰੀ ਕਰ ਗਿਆ ਸੀ | ਇਸੇ ਭਾਵਨਾ ਨਾਲ ਜੁੜਿਆ ਸੰਨ 1953 ਵਿਚ ਬਣੀ ਫ਼ਿਲਮ 'ਦੋ ਬੀਘਾ ਜ਼ਮੀਨ' ਦਾ ਗੀਤ 'ਧਰਤੀ ਕਹੇ ਪੁਕਾਰ ਕੇ' ਵੀ ਫ਼ਸਲਾਂ ਦੀ ਵਾਢੀ ਦਾ ਖ਼ੂਬਸੂਰਤ ਦਿ੍ਸ਼ ਫ਼ਿਲਮੀ ਪਰਦੇ 'ਤੇ ਸਾਕਾਰ ਕਰ ਗਿਆ ਸੀ | ਗੀਤਕਾਰ ਸ਼ੈਲੈਂਦਰ ਦੇ ਰਚੇ ਤੇ ਸੰਗੀਤਕਾਰ ਸਲਿਲ ਚੌਧਰੀ ਦੇ ਸੰਗੀਤਬੱਧ ਕੀਤੇ ਇਸ ਗੀਤ ਨੂੰ ਮੰਨਾ ਡੇ ਅਤੇ ਲਤਾ ਮੰਗੇਸ਼ਕਰ ਨੇ ਗਾਇਆ ਸੀ | ਉਕਤ ਫ਼ਿਲਮਾਂ ਤੋਂ ਇਲਾਵਾ, 'ਰੱਬ ਨੇ ਬਣਾ ਦੀ ਜੋੜੀ, ਦਿਲਵਾਲੇ ਦੁਲਹਨੀਆ ਲੇ ਜਾਏਾਗੇ, ਦਿਲ ਬੋਲੇ ਹੜਿੱਪਾ' ਆਦਿ ਫ਼ਿਲਮਾਂ ਦੇ ਨਾਲ-ਨਾਲ ਅਦਾਕਾਰ ਮਿûਨ ਚੱਕਰਵਰਤੀ ਅਤੇ ਅੰਮਿ੍ਤਾ ਸਿੰਘ ਦੀ ਜੋੜੀ 'ਤੇ ਆਧਾਰਿਤ ਫ਼ਿਲਮ 'ਅਗਨੀ' ਵਿਚਲਾ ਗੀਤ 'ਓ ਆਈ ਵਿਸਾਖੀ', ਵਿਸਾਖੀ ਮੌਕੇ ਫ਼ਸਲਾਂ ਦੀ ਵਾਢੀ ਅਤੇ ਕਿਸਾਨਾਂ ਦੇ ਚਿਹਰਿਆਂ 'ਤੇ ਖਿੜੀਆਂ ਬਹਾਰਾਂ ਨੂੰ ਬਾਖ਼ੂਬੀ ਪੇਸ਼ ਕਰਨ ਵਿਚ ਸਫ਼ਲ ਰਹੇ ਸਨ | ਇਸੇ ਤਰ੍ਹਾਂ ਪੰਜਾਬੀ ਸਿਨੇਮਾ ਵਿਚ 'ਨਾਨਕ ਨਾਮ ਜਹਾਜ਼ ਹੈ, ਨਾਨਕ ਦੁਖੀਆ ਸਭ ਸੰਸਾਰ, ਧੰਨਾ ਜੱਟ, ਵਿਸਾਖੀ, ਵਿਸਾਖੀ ਵਾਲਾ ਮੇਲਾ, ਕਣਕਾਂ ਦੇ ਓਹਲੇ, ਉਡੀਕਾਂ, ਵਿਸਾਖੀ ਲਿਸਟ' ਆਦਿ ਫ਼ਿਲਮਾਂ ਸਣੇ ਕਈ ਹੋਰ ਫ਼ਿਲਮਾਂ ਵਿਸਾਖੀ ਮੌਕੇ ਪੰਜਾਬੀਆਂ ਦੇ ਚਿਹਰਿਆਂ 'ਤੇ ਮੇਲਦੀਆਂ ਰੌਣਕਾਂ ਨੂੰ ਬਿਆਨ ਕਰ ਗਈਆਂ ਸਨ | ਦਾਰਾ ਸਿੰਘ ਅਭਿਨੀਤ ਸੰਨ 1970 ਵਿਚ ਬਣੀ ਫ਼ਿਲਮ 'ਨਾਨਕ ਦੁਖੀਆ ਸਭ ਸੰਸਾਰ' ਵਿਚਲਾ ਗੀਤ 'ਸਾਡੇ ਖੇਤਾਂ ਵਿਚ ਰੱਬ ਵੱਸਦਾ' ਮੁਹੰਮਦ ਰਫ਼ੀ ਨੇ ਆਪਣੀ ਮਿੱਠੀ ਆਵਾਜ਼ ਵਿਚ ਗਾਇਆ ਸੀ ਤੇ ਇਹ ਗੀਤ ਵਿਸਾਖੀ ਦੇ ਤਿਉਹਾਰ ਮੌਕੇ ਪੰਜਾਬੀਆਂ ਦੇ ਮਾਣ ਅਤੇ ਖ਼ੁਸ਼ੀਆਂ ਦੀ ਪੂਰੀ ਤਰਜ਼ਮਾਨੀ ਕਰ ਗਿਆ ਸੀ | ਇਸੇ ਤਰ੍ਹਾਂ ਸੰਨ 1959 ਵਿਚ ਬਣੀ ਫ਼ਿਲਮ 'ਦੋ ਲੱਛੀਆਂ' ਦਾ ਗੀਤ 'ਤੇਰੀ ਕਣਕ ਦੀ ਰਾਖੀ ਮੁੰਡਿਆ ਹੁਣ ਮੈਂ ਨਹੀਂਓਾ ਬਹਿੰਦੀ' ਜੋ ਕਿ ਮੁਹੰਮਦ ਰਫ਼ੀ ਅਤੇ ਸ਼ਮਸ਼ਾਦ ਬੇਗ਼ਮ ਨੇ ਗਾਇਆ ਸੀ, ਵੀ ਵਿਸਾਖੀ ਦੇ ਦਿਨਾਂ ਵਿਚ ਕਣਕਾਂ ਪ੍ਰਤੀ ਕਿਸਾਨਾਂ ਦੇ ਮੋਹ ਨੂੰ ਬਿਆਨ ਕਰ ਗਿਆ ਸੀ |
ਬਰਤਾਨਵੀ ਹਕੂਮਤ ਤੋਂ ਭਾਰਤ ਦੀ ਆਜ਼ਾਦੀ ਲਈ ਸੰਘਰਸ਼ ਕਰਨ ਵਾਲੇ ਦੇਸ਼ ਭਗਤਾਂ ਦੇ ਜੀਵਨ ਵਿਚ ਅਤੇ ਭਾਰਤ ਦੇ ਇਤਿਹਾਸ ਵਿਚ 13 ਅਪ੍ਰੈਲ, 1919 ਦੀ ਵਿਸਾਖੀ ਦੇ ਦਿਨ ਸ੍ਰੀ ਅੰਮਿ੍ਤਸਰ ਵਿਖੇ ਸਥਿਤ 'ਜਲਿ੍ਹਆਂਵਾਲਾ ਬਾਗ' ਵਿਖੇ ਵਾਪਰੇ ਖ਼ੂਨੀ ਸਾਕੇ ਦਾ ਵਿਸ਼ੇਸ਼ ਮਹੱਤਵ ਹੈ | ਇਸ ਦਿਨ ਇਥੇ ਇਕੱਤਰ ਹੋ ਕੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰਦੇ ਨਿਹੱਥੇ ਅਤੇ ਨਿਰਦੋਸ਼ ਨੌਜਵਾਨਾਂ, ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ 'ਤੇ ਜਨਰਲ ਡਾਇਰ ਦੇ ਹੁਕਮਾਂ ਅਨੁਸਾਰ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਗਈਆਂ ਸਨ ਜਿਨ੍ਹਾਂ ਕਰਕੇ ਡੇਢ ਹਜ਼ਾਰ ਦੇ ਕਰੀਬ ਲੋਕ ਸ਼ਹੀਦ ਹੋ ਗਏ ਸਨ ਤੇ ਬਾਰ੍ਹਾਂ ਸੌ ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਸਨ | ਅਮਰ ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਊਧਮ ਸਿੰਘ ਦੇ ਜ਼ਿਹਨ 'ਤੇ ਇਸ ਸ਼ਹੀਦੀ ਸਾਕੇ ਦਾ ਡੂੰਘਾ ਅਸਰ ਪਿਆ ਸੀ ਤੇ ਇਹ ਘਟਨਾ ਉਨ੍ਹਾ ਦੇ ਸੀਨੇ ਅੰਦਰ ਬਲ੍ਹਦੀ ਆਜ਼ਾਦੀ ਲਈ ਸੰਘਰਸ਼ ਦੀ ਲਾਟ ਨੂੰ ਭਾਂਬੜ ਬਣਾ ਗਈ ਸੀ | ਸ਼ਹੀਦ ਊਧਮ ਸਿੰਘ ਨੇ ਤਾਂ ਸ਼ਹੀਦਾਂ ਦੇ ਖ਼ੂਨ ਨਾਲ ਲਿਬੜੀ ਇਸ ਬਾਗ਼ ਦੀ ਮਿੱਟੀ ਨੂੰ ਹੱਥ 'ਚ ਲੈ ਕੇ ਸ਼ਹੀਦਾਂ ਦੀ ਸ਼ਹਾਦਤ ਦਾ ਬਦਲਾ ਜਨਰਲ ਡਾਇਰ ਤੋਂ ਲੈਣ ਦੀ ਖਾਧੀ ਗਈ ਆਪਣ ੀ ਕਸਮ ਨੂੰ ਲੰਦਨ ਜਾ ਕੇ ਪੂਰਾ ਕੀਤਾ ਸੀ | ਇਸ ਸ਼ਹੀਦੀ ਸਾਕੇ ਨੂੰ ਕੇਂਦਰ 'ਚ ਰੱਖ ਕੇ ਕੇਵਲ ਭਾਰਤੀ ਸਿਨੇਮਾ ਹੀ ਨਹੀਂ ਸਗੋਂ ਵਿਸ਼ਵ ਸਿਨੇਮਾ ਵਿਚ ਵੀ ਕਈ ਸਾਰੀਆਂ ਯਾਦਗਾਰ ਫ਼ਿਲਮਾਂ ਦਾ ਨਿਰਮਾਣ ਕੀਤਾ ਜਾ ਚੱੁਕਾ ਹੈ |
ਸੰਨ 1977 ਵਿਚ ਵਿਨੋਦ ਖੰਨਾ, ਪ੍ਰੀਕਸ਼ਿਤ ਸਾਹਨੀ, ਸ਼ਬਾਨਾ ਆਜ਼ਮੀ ਅਤੇ ਦੀਪਤੀ ਨਵਲ ਜਿਹੀ ਸੁਲਝੀ ਹੋਈ ਸਟਾਰਕਾਸਟ ਨੂੰ ਲੈ ਕੇ ਲੇਖਕ ਤੇ ਗੀਤਕਾਰ ਗੁਲਜ਼ਾਰ ਦੀ ਫ਼ਿਲਮ 'ਜਲਿ੍ਹਆਂਵਾਲਾ ਬਾਗ', ਸ਼ਹੀਦ ਊਧਮ ਸਿੰਘ ਦੀ ਸੋਚ ਉੱਤੇ ਪਏ ਜਲਿ੍ਹਆਂਵਾਲਾ ਬਾਗ ਕਾਂਡ ਦੇ ਗੰਭੀਰ ਪ੍ਰਭਾਵਾਂ ਨੂੰ ਬਿਆਨ ਕਰਦਿਆਂ ਹੋਇਆਂ ਉਸਦੇ ਸੱਚਾ ਦੇਸ਼ ਭਗਤ ਬਣਨ ਦੀ ਕਹਾਣੀ ਨੂੰ ਬਿਆਨ ਕਰ ਗਈ ਸੀ | ਇਸ ਫ਼ਿਲਮ ਦੇ ਨਿਰਦੇਸ਼ਕ ਸ੍ਰੀ ਬਲਰਾਜ ਸਨ | ਸੰਨ 1982 ਵਿਚ ਬਣੀ ਮਹਾਨ ਨਿਰਦੇਸ਼ਕ ਸਰ ਰਿਚਰਡ ਅਡਿਨਬਰਗ ਦੀ ਕੌਮਾਤਰੀ ਪ੍ਰਸਿੱਧੀ ਪ੍ਰਾਪਤ ਫ਼ਿਲਮ 'ਗਾਂਧੀ' ਵਿਚ ਵੀ ਜੱਲਿ੍ਹਆਂਵਾਲਾ ਬਾਗ' ਦੇ ਖ਼ੂਨੀ ਸਾਕੇ ਅਤੇ ਇਸ ਸਾਕੇ ਦੇ ਦੂਰਵਰਤੀ ਪ੍ਰਭਾਵਾਂ ਨੂੰ ਬੜੇ ਹੀ ਭਾਵਪੂਰਤ ਢੰਗ ਨਾਲ ਪੇਸ਼ ਕੀਤਾ ਗਿਆ ਸੀ | ਇਸ ਫ਼ਿਲਮ ਵਿਚ ਮਹਾਤਮਾ ਗਾਂਧੀ ਦੀ ਭੂਮਿਕਾ ਅਦਾਕਾਰ ਬੇਨ ਕਿੰਗਸਲੇ ਨੇ ਬੜੀ ਹੀ ਸਫ਼ਲਤਾਪੂਰਵਕ ਅਦਾ ਕੀਤੀ ਸੀ | ਇਹ ਫ਼ਿਲਮ ਅੱਠ 'ਆਸਕਰ ਪੁਰਸਕਾਰ' ਜਿੱਤਣ ਵਿਚ ਕਾਮਯਾਬ ਰਹੀ ਸੀ | ਸੰਸਾਰ ਦੇ ਚਰਚਿਤ ਸਾਹਿਤਕਾਰ ਸਲਮਾਨ ਰਸ਼ਦੀ ਦੀ ਰਚਨਾ 'ਮਿਡਨਾਈਟਸ ਚਿਲਡਰਨ' 'ਤੇ ਆਧਾਰਿਤ ਇਸੇ ਨਾਂਅ ਦੀ ਅੰਗਰੇਜ਼ੀ ਫ਼ਿਲਮ ਵਿਚ ਵੀ ਫ਼ਿਲਮ ਦੀ ਨਿਰਦੇਸ਼ਿਕਾ ਦੀਪਾ ਮਹਿਤਾ ਨੇ ਜੱਲਿ੍ਹਆਂਵਾਲਾ ਬਾਗ ਦੇ ਸਾਕੇ ਨੂੰ ਬੇਹੱਦ ਜਜ਼ਬਾਤਪੂਰਨ ਅੰਦਾਜ਼ ਵਿਚ ਮੂਰਤੀਮਾਨ ਕੀਤਾ ਸੀ | ਇਸੇ ਤਰ੍ਹਾਂ ਨਿਰਦੇਸ਼ਕ ਚਾਰਲਸ ਡਰਲਚਰ ਦੀ ਫ਼ਿਲਮ 'ਦਿ ਮਸਾਕਰ ਦੈਟ ਸ਼ੁੱਕ ਦਾ ਐਂਪਾਇਅਰ' ਭਾਵ 'ਅੰਗਰੇਜ਼ੀ ਸਾਮਰਾਜ ਦੀਆਂ ਚੂਲ੍ਹਾਂ ਹਿਲਾ ਦੇਣ ਵਾਲਾ ਖ਼ੂਨੀ ਸਾਕਾ' ਵੀ ਜੱਲਿ੍ਹਆਂਵਾਲਾ ਬਾਗ਼ ਦੇ ਸਾਕੇ ਬਾਬਤ ਹੀ ਸੀ | ਇਸ ਤੋਂ ਪਹਿਲਾਂ ਭਾਰਤੀ ਸਿਨੇਮਾ ਦੇ ਦਿੱਗਜ ਫ਼ਿਲਮਕਾਰ ਸੱਤਿਆਜੀਤ ਰੇਅ ਨੇ ਵੀ ਸੰਨ 1961 ਵਿਚ 'ਰਬਿੰਦਰਨਾਥ ਟੈਗੋਰ' ਨਾਮਕ ਇਕ ਦਸਤਾਵੇਜ਼ੀ ਫ਼ਿਲਮ ਦਾ ਨਿਰਦੇਸ਼ਨ ਕੀਤਾ ਸੀ ਤੇ ਸ੍ਰੀ ਅੰਮਿ੍ਤਸਰ ਦੀ ਪਾਵਨ ਧਰਤੀ 'ਤੇ ਸੰਨ 1919 ਵਿਚ ਵਾਪਰੇ ਇਸ ਦਰਦਨਾਕ ਹੱਤਿਆਕਾਂਡ ਦਾ ਗੰਭੀਰਤਾਪੂਰਵਕ ਜ਼ਿਕਰ ਅਤੇ ਇਸ ਸਾਕੇ ਦਾ ਟੈਗੋਰ ਦੇ ਜੀਵਨ 'ਤੇ ਪ੍ਰਭਾਵ ਬੜੀ ਹੀ ਨਫ਼ਾਸਤ ਨਾਲ ਪੇਸ਼ ਕੀਤਾ ਸੀ | ਸਾਲ 1965 ਵਿਚ ਅਦਾਕਾਰ ਮਨੋਜ ਕੁਮਾਰ ਨੂੰ ਨਾਇਕ ਲੈ ਕੇ ਸ਼ਹੀਦ ਭਗਤ ਸਿੰਘ ਦੇ ਜੀਵਨ ਨੂੰ ਰੂਪਮਾਨ ਕਰਦੀ ਫ਼ਿਲਮ 'ਸ਼ਹੀਦ' ਅਤੇ ਸੰਨ 2002 ਵਿਚ ਰਿਲੀਜ਼ ਹੋਈ ਬੌਬੀ ਦਿਓਲ ਅਭਿਨੀਤ ਅਤੇ ਗੱੁਡੂ ਧਨੋਆ ਵਲੋਂ ਨਿਰਦੇਸ਼ਿਤ ਫ਼ਿਲਮ '23 ਮਾਰਚ, 1931 : ਸ਼ਹੀਦ' ਆਦਿ ਫ਼ਿਲਮਾਂ ਰਾਹੀਂ ਜਿੱਥੇ ਇਸ ਖ਼ੂਨੀ ਸਾਕੇ ਦਾ ਸ. ਭਗਤ ਸਿੰਘ ਦੇ ਜੀਵਨ 'ਤੇ ਡੂੰਘਾ ਪ੍ਰਭਾਵ ਬਿਆਨ ਕੀਤਾ ਗਿਆ ਸੀ, ਉੱਥੇ ਹੀ ਸੰਨ 1999 ਵਿਚ ਅਦਾਕਾਰ ਰਾਜ ਬੱਬਰ ਨੂੰ ਸਰਦਾਰ ਊਧਮ ਸਿੰਘ ਦੀ ਭੂਮਿਕਾ ਵਿਚ ਲੈ ਕੇ ਨਿਰਦੇਸ਼ਕ ਚਿਤਰਾਰਥ ਵਲੋਂ ਬਣਾਈ ਗਈ ਪੰਜਾਬੀ ਫ਼ਿਲਮ 'ਸ਼ਹੀਦ ਊਧਮ ਸਿੰਘ' ਅਤੇ ਸਾਲ 2021 ਵਿਚ ਨਾਮਵਰ ਬਾਲੀਵੱੁਡ ਨਿਰਦੇਸ਼ਕ ਸੁਜੀਤ ਸਰਕਾਰ ਦੁਆਰਾ ਅਦਾਕਾਰ ਵਿੱਕੀ ਕੌਸ਼ਲ ਨੂੰ ਮੱੁਖ ਕਿਰਦਾਰ 'ਚ ਲੈ ਕੇ ਬਣਾਈ ਗਈ ਫ਼ਿਲਮ 'ਸਰਦਾਰ ਊਧਮ ਸਿੰਘ' ਵੀ ਮਹਾਨ ਸ਼ਹੀਦ ਸ. ਊਧਮ ਸਿੰਘ ਦੁਆਰਾ ਜੱਲਿ੍ਹਆਂਵਾਲਾ ਬਾਗ ਵਿਖੇ 13 ਅਪ੍ਰੈਲ, 1919 ਦੀ ਵਿਸਾਖੀ ਮੌਕੇ ਵਾਪਰੇ ਖ਼ੂਨੀ ਕਾਂਡ ਦਾ ਬਦਲਾ ਲੈਣ ਲਈ ਘਾਲੀ ਗਈ ਸਖ਼ਤ ਘਾਲਣਾ ਤੇ ਦਿੱਤੀ ਗਈ ਪ੍ਰਾਣਾਂ ਦੀ ਆਹੂਤੀ ਨੂੰ ਪੇਸ਼ ਕਰਨ ਵਿਚ ਸਫ਼ਲ ਰਹੀਆਂ ਸਨ | ਉਧਰ 'ਚਾਰ ਸਾਹਿਬਜ਼ਾਦੇ' ਅਤੇ 'ਸ਼ੂਦਰ ਤੋਂ ਖ਼ਾਲਸਾ' ਆਦਿ ਐਨੀਮੇਸ਼ਨ ਫ਼ਿਲਮਾਂ ਸਣੇ ਕੁਝ ਹੋਰ ਐਨੀਮੇਸ਼ਨ ਫ਼ਿਲਮਾਂ ਵਿਚ 13 ਅਪ੍ਰੈਲ, 1699 ਦੀ ਵਿਸਾਖੀ ਦੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ 'ਖ਼ਾਲਸਾ ਪੰਥ' ਦੀ ਸਾਜਨਾ ਕਰਨ ਦਾ ਮਹੱਤਵ ਬਾਖ਼ੂਬੀ ਬਿਆਨ ਕੀਤਾ ਗਿਆ ਹੈ |
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਪੰਜਾਬ ਦੀ ਮਿੱਟੀ ਤੇ ਪੰਜਾਬੀ ਬੋਲੀ ਨਾਲ ਜੁੜੇ ਰਾਮਾਨੰਦ ਸਾਗਰ, ਬੀ.ਆਰ. ਚੋਪੜਾ ਅਤੇ ਯਸ਼ ਚੋਪੜਾ ਜਿਹੇ ਫ਼ਿਲਮਕਾਰਾਂ ਵਲੋਂ 13 ਅਪ੍ਰੈਲ ਦੇ ਦਿਨ ਮੁੰਬਈ ਵਿਖੇ 'ਵਿਸਾਖੀ ਨਾਈਟ' ਨਾਮਕ ਜਸ਼ਨ ਦਾ ਆਯੋਜਨ ਕੀਤਾ ਜਾਂਦਾ ਰਿਹਾ ਹੈ ਤੇ ਅੱਜ ਵੀ ਮੁੰਬਈ ਰਹਿੰਦੇ ਪੰਜਾਬੀ ਫ਼ਿਲਮਕਾਰ ਤੇ ਅਦਾਕਾਰ ਇਸ ਆਯੋਜਨ ਨੂੰ ਸਫ਼ਲ ਬਣਾਉਣ ਲਈ ਪੱਬਾਂ ਭਾਰ ਰਹਿੰਦੇ ਹਨ | ਸ਼ਹਿਰ ਬਟਾਲਾ ਨਾਲ ਸੰਬੰਧਿਤ ਸੰਗੀਤਕਾਰ ਵਿਜੇ ਬਟਾਲਵੀ ਅਤੇ ਗੀਤਕਾਰ ਫ਼ਿਦਾ ਬਟਾਲਵੀ ਨੇ ਤਾਂ ਸੰਨ 1998 ਵਿਚ ਬਾਲੀਵੱੁਡ ਦੇ ਨਾਮੀ ਗਾਇਕ ਪੰਕਜ ਉਧਾਸ ਤੋਂ ਪੰਜਾਬੀ ਗੀਤਾਂ ਨਾਲ ਸਜੀ ਐਲਬਮ 'ਵਿਸਾਖੀ' ਰਿਕਾਰਡ ਕਰਵਾ ਲਈ ਸੀ ਜਿਸਨੂੰ 'ਯੂਨੀਵਰਸਲ ਮਿਊਜ਼ਿਕ ਇੰਡੀਆ ਕੰਪਨੀ' ਨੇ ਰਿਲੀਜ਼ ਕੀਤਾ ਸੀ ਤੇ ਇਸ ਐਲਬਮ ਵਿਚ ਪੰਕਜ ਉਧਾਸ ਵਲੋਂ ਪਹਿਲੀ ਵਾਰ ਪੰਜਾਬੀ ਜ਼ੁਬਾਨ ਵਿਚ ਗਾਏ ਗੀਤਾਂ ਨੂੰ ਸੁਣ ਕੇ ਸਰੋਤੇ ਮੰਤਰਮੁਗਧ ਹੋ ਗਏ ਸਨ | ਉਂਜ ਮਰਹੂਮ ਗਾਇਕ ਪੰਕਜ ਉਧਾਸ ਵਲੋਂ ਫ਼ਿਲਮਕਾਰ ਮਹੇਸ਼ ਭੱਟ ਦੀ ਫ਼ਿਲਮ 'ਨਾਮ' ਵਿਚ ਗਾਈਆਂ ਗਈਆਂ ਸਤਰਾਂ, 'ਫ਼ਸਲ ਕਟੀ ਆਈ ਬੈਸਾਖੀ, ਤੇਰਾ ਆਨਾ ਰਹਿ ਗਿਆ ਬਾਕੀ, ਚਿੱਠੀ ਆਈ ਹੈ, ਵਤਨ ਸੇ ਚਿੱਠੀ ਆਈ ਹੈ' ਅੱਜ ਵੀ ਸਰੋਤਿਆਂ ਦੇ ਚੇਤਿਆਂ ਵਿਚ ਵੱਸੀਆਂ ਹੋਈਆਂ ਹਨ |

-410, ਚੰਦਰ ਨਗਰ, ਬਟਾਲਾ |
ਮੋਬਾਈਲ : 97816-46008

Ad Position 22
No active advertisement
ਪਿਛਲੀ ਖ਼ਬਰ ਡਾ. ਅੰਬੇਡਕਰ ਦੀ ਖ਼ਤੋ-ਕਿਤਾਬਤ <br/> ਅਗਲੀ ਖ਼ਬਰ ਵਾਢੀ ਕਣਕਾਂ ਦੀ ਆਈ ਐ... <br/>
Ad Position 24
No active advertisement