ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਵਿਸਾਖੀ : ਕਿਹੜੇ ਹੌਸਲੇ ਮੇਲੇ ਕੋਈ ਜਾਵੇ

Ad Position 21
No active advertisement
ਅਜੀਤ ਡੈਸਕ 14-04-2026

ਪੰਜਾਬ ਦੀ ਧਰਤੀ ਤਿਉਹਾਰਾਂ ਤੇ ਮੇਲਿਆਂ ਦੀ ਅਮੀਰ ਵਿਰਾਸਤ ਨਾਲ ਨਿਵਾਜੀ ਹੋਈ ਹੈ। ਖੇਤੀ ਪ੍ਰਧਾਨ ਸੂਬਾ ਹੋਣ ਕਾਰਨ ਇਸ ਧਰਤੀ ਦੇ ਕਈ ਤਿਉਹਾਰ ਫ਼ਸਲਾਂ ਨਾਲ ਜੁੜੇ ਹੋਏ ਹਨ। ਵਿਸਾਖੀ ਦਾ ਤਿਉਹਾਰ ਵੀ ਕਣਕ ਦੀ ਫ਼ਸਲ ਨਾਲ ਜੁੜਿਆ ਹੋਇਆ ਮੇਲੇ ਦੇ ਰੂਪ ਵਿਚ ਮਨਾਇਆ ਜਾਣ ਵਾਲਾ ਤਿਉਹਾਰ ਹੈ। ਪੰਜਾਬ ਦੀ ਜ਼ਰਖ਼ੇਜ਼ ਭੂਮੀ 'ਤੇ ਲਹਿਰਾਉਂਦੀਆਂ ਫ਼ਸਲਾਂ ਕੁਦਰਤ ਵਲੋਂ ਵਰਸਾਏ ਸੰਗੀਤ ਦਾ ਅਗੰਮੀ ਨਗਮਾ ਛੇੜਦੀਆਂ ਸਨ। ਸੱਚੀ-ਸੁੱਚੀ ਕਿਰਤ ਨੂੰ ਪ੍ਰਣਾਇਆ ਇਸ ਧਰਤੀ ਦਾ ਵਾਸੀ ਮਿਹਨਤ ਤੇ ਸਿਰੜ ਨਾਲ ਇਸ ਧਰਤੀ ਨੂੰ ਵਾਹੁੰਦਾ-ਬੀਜਦਾ, ਗੁੱਡਦਾ, ਸਿੰਜਦਾ ਤੇ ਪੁੱਤਾਂ ਵਾਂਗ ਫ਼ਸਲਾਂ ਨੂੰ ਪਾਲਦਾ ਕੋਈ ਕਰਮਯੋਗੀ ਹੈ। ਵਿਸਾਖੀ ਦਾ ਦਿਹਾੜਾ ਇਤਿਹਾਸ ਦੇ ਪੰਨਿਆਂ 'ਤੇ ਉਦੋਂ ਹੋਰ ਗੂੜ੍ਹਾ ਹੋ ਗਿਆ ਜਦੋਂ 1699 ਈ. ਦੀ ਵਿਸਾਖੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਣਾ ਦੇ ਨਿਵੇਕਲੇ ਸੰਕਲਪ ਦਾ ਆਰੰਭ ਕਰ ਕੇ ਜਾਤਾਂ-ਪਾਤਾਂ, ਵਰਣਾਂ ਤੇ ਹੋਰ ਅਨੇਕਾਂ ਵਿਤਕਰਿਆਂ ਭਰੇ ਭਾਰਤੀ ਸਮਾਜ ਨੂੰ ਨਵੀਂ ਦਿਸ਼ਾ ਦੇ ਕੇ ਨਿਵਾਜਿਆ। ਇਕੱਤਰ ਹੋਏ ਲੋਕਾਂ ਦੇ ਭਰਵੇਂ ਇਕੱਠ ਵਿਚ ਹੱਥ ਵਿਚ ਕਿਰਪਾਨ ਲੈ ਕੇ ਗੁਰੂ ਸਾਹਿਬ ਨੇ ਪੰਜ ਸੀਸ ਦੀ ਮੰਗ ਕੀਤੀ।
ਗੁਰੂੁ ਜੀ ਦੀ ਵੰਗਾਰ ਨੂੰ ਕਬੂਲਦਿਆਂ ਲਾਹੌਰ ਦਾ ਦਇਆ ਰਾਮ, ਦਿੱਲੀ ਵਾਸੀ ਧਰਮ ਚੰਦ, ਜਗਨਨਾਥਪੁਰੀ ਦਾ ਹਿੰਮਤ ਰਾਏ, ਦਵਾਰਕਾਪੁਰੀ ਦਾ ਮੋਹਕਮ ਚੰਦ ਤੇ ਬਿਦਰ ਵਾਸੀ ਸਾਹਿਬ ਚੰਦ ਆਪਣੇ ਆਪ ਨੂੰ ਗੁਰੂ ਨੂੰ ਸਮਰਪਿਤ ਕਰਨ ਲਈ ਹੌਸਲੇ ਦਾ ਪ੍ਰਗਟਾਵਾ ਕਰਦਿਆਂ, ਗੁਰੁ ਜੀ ਦੇ ਸਨਮੁੱਖ ਨਤਮਸਤਕ ਹੋਏ। ਇਨ੍ਹਾਂ ਪੰਜਾਂ ਨੂੰ ਅੰਮ੍ਰਿਤ ਛਕਾ ਕੇ ਗੁਰੁ ਜੀ ਨੇ ਖ਼ਾਲਸਾ ਸਾਜਿਆ ਤੇ ਨਵੇਂ ਸੰਕਲਪਾਂ ਨਾਲ ਨਵੇਂ ਮਨੁੱਖ ਦੀ ਸਿਰਜਣਾ ਕੀਤੀ। ਵਿਲੱਖਣ ਗੱਲ ਇਹ ਸੀ ਕਿ ਗੁਰੂ ਸਾਹਿਬ ਨੇ ਇਨ੍ਹਾਂ ਪੰਜ ਪਿਆਰਿਆਂ ਪਾਸੋਂ ਆਪ ਵੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਕੇ ਗੁਰੂ-ਚੇਲੇ ਦੀ ਇਕ ਅਨੋਖੀ ਸਾਂਝ ਸਥਾਪਿਤ ਕੀਤੀ।
ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਸਮਿਆਂ ਵਿਚ ਭਾਰਤੀ ਸਮਾਜ ਵਿਚ ਪਸਰੀ ਜਾਤਾਂ-ਪਾਤਾਂ ਤੇ ਹੋਰ ਸਮਾਜਿਕ ਵਲਗਣਾਂ ਦੀ ਬਿਮਾਰ ਮਾਨਸਿਕਤਾ ਤੋਂ ਉੱਪਰ ਉਠਾ ਕੇ ਅਜਿਹੇ ਖ਼ਾਲਸੇ ਦੀ ਸਿਰਜਣਾ ਕੀਤੀ ਜਿਸ ਦੀ ਸੋਚ ਤੇ ਦ੍ਰਿਸ਼ਟੀ ਸਰਬਸਾਂਝੀਵਾਲਤਾ ਦੇ ਆਦਰਸ਼ਾਂ ਨੂੰ ਪ੍ਰਨਾਈ ਹੋਈ ਸੀ। ਇਹ ਉਨ੍ਹਾਂ ਸਮਿਆਂ ਦੀ ਸਮਾਜਿਕ ਕ੍ਰਾਂਤੀ ਸੀ ਜਿਸ ਦੀ ਬਦੌਲਤ ਅਜਿਹੇ ਮਨੁੱਖ ਦੀ ਸਿਰਜਣਾ ਕੀਤੀ ਗਈ ਜੋ ਅਣਖ ਤੇ ਗ਼ੈਰਤ ਨੂੰ ਪ੍ਰਨਾਇਆ, ਜ਼ੁਲਮ ਤੇ ਜਬਰ ਵਿਰੁੱਧ ਡਟਣ ਵਾਲਾ, ਕਿਸੇ ਨਿਤਾਣੇ ਦਾ ਤਾਣ ਬਣਨ ਵਾਲਾ, ਭਗਤੀ, ਸ਼ਕਤੀ, ਸੰਜਮ, ਨਿਰਭੈ, ਨਿਰਵੈਰਤੇ ਨਿਰਮਾਣਤਾ ਜਿਹੇ ਆਦਰਸ਼ਾਂ ਦਾ ਧਾਰਨੀ ਸੀ। ਖ਼ਾਲਸਾ ਸਿਰਜਣਾ, ਵਿਤਕਰਿਆਂ ਤੋਂ ਮੁਕਤ, ਬਰਾਬਰੀ ਤੇ ਮਨੁੱਖੀ ਆਜ਼ਾਦੀ ਵਾਲਾ ਸਮਾਜ ਸਿਰਜਣ ਦਾ ਮਾਨਵੀ ਸੰਕਲਪ ਸੀ।
ਇਸ ਨੇ ਗੁਲਾਮ ਤੇ ਸਾਹ-ਸਤਹੀਣ ਹੋ ਚੁੱਕੇ ਲੋਕਾਂ ਨੂੰ ਹੌਸਲੇ, ਹਿੰਮਤ ਤੇ ਬਹਾਦਰੀ ਨਾਲ ਜੂਝਣ ਦੀ ਪ੍ਰੇਰਨਾ ਦਿੱਤੀ। ਇਸ ਦਾ ਆਰੰਭ ਤਾਂ ਗੁਰੂ ਨਾਨਕ ਦੇਵ ਜੀ ਨੇ ਹੀ ਆਪਣੇ ਕ੍ਰਾਂਤੀਕਾਰੀ ਬੋਲਾਂ ਨਾਲ ਕਰ ਦਿੱਤਾ ਸੀ, 'ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ।' ਗੁਰੂ ਗੋਬਿੰਦ ਸਿੰਘ ਜੀ ਨੇ ਵੀ ਖ਼ਾਲਸੇ ਦੀ ਸਿਰਜਣਾ ਲਈ ਇਸ ਦ੍ਰਿਸ਼ਟੀ ਨੂੰ ਹੀ ਅੱਗੇ ਤੋਰਿਆ। ਜਿਨ੍ਹਾਂ ਸਮਿਆਂ ਵਿਚ ਧਰਮ ਦੇ ਨਾਂਅ 'ਤੇ ਕੱਟੜ ਤੇ ਫਿਰਕੂ ਜਨੂੰਨੀ, ਲੋਕਾਂ ਨੂੰ ਜਬਰੀ ਧਰਮ ਬਦਲਣ ਲਈ ਮਜਬੂਰ ਕਰ ਰਹੇ ਸਨ ਉਦੋਂ ਹਰ ਪਾਸੇ ਜਬਰ-ਜ਼ੁਲਮ ਦਾ ਬੋਲਬਾਲਾ ਸੀ। ਇਸ ਕਾਰਨ ਹੀ ਗੁਰੂ ਸਾਹਿਬ ਨੇ ਖਾਲਸੇ ਨੂੰ, ਉੱਚੇ-ਸੁੱਚੇ ਕਿਰਦਾਰ, ਜਾਤ-ਪਾਤ ਦੇ ਸਭ ਵਿਤਕਰਿਆਂ ਨੂੰ ਮੇਟਣ ਦੀ ਭਾਵਨਾ, ਜ਼ੁਲਮ ਤੇ ਅਨਿਆਂ ਵਿਰੁੱਧ ਜੂਝਣ ਦੀ ਦਲੇਰੀ ਨਾਲ ਨਿਵਾਜ ਕੇ ਸ਼ਸਤਰਧਾਰੀ ਖਾਲਸੇ ਦੀ ਸਿਰਜਣਾ ਕੀਤੀ ਸੀ।
ਇਸ ਖਿੱਤੇ ਵਿਚ ਮਨੁੱਖੀ ਵਰਤੋਂ ਲਈ ਪ੍ਰਮੁੱਖ ਅਨਾਜ ਕਣਕ ਨਾਲ ਜੁੜੇ ਅਨੇਕਾਂ ਲੋਕ-ਗੀਤ ਸਾਡੀ ਜ਼ਿੰਦਗੀ ਵਿਚ ਇਸ ਦੀ ਅਹਿਮੀਅਤ ਨੂੰ ਉਜਾਗਰ ਕਰਦੇ ਹਨ। ਨਿੱਤ ਵਰਤੋਂ ਲਈ ਲੋੜੀਂਦੀ ਕਣਕ ਦੀ ਕੋਠੀ ਭਰੀ ਹੋਣੀ ਜ਼ਰੂਰੀ ਸਮਝੀ ਜਾਂਦੀ ਸੀ। ਅੱਜ ਵੀ ਕਣਕ ਦੇ ਆਟੇ ਦੀ ਵਰਤੋਂ ਉੱਤਰੀ ਭਾਰਤ ਦੇ ਵੱਡੇ ਹਿੱਸੇ ਵਿਚ ਕੀਤੀ ਜਾਂਦੀ ਹੈ। ਸੱਭਿਆਚਾਰਕ ਰੂਪ ਵਿਚ ਪੰਜਾਬੀ ਬੰਦੇ ਦਾ ਸੁਭਾਅ ਮਿਹਨਤੀ, ਖੁੱਲ੍ਹਾ-ਡੁੱਲ੍ਹਾ ਖਾਣ-ਪੀਣ, ਆਪਣਾ ਹੱਕ ਜਤਾਉਣ ਦੀ ਦ੍ਰਿੜਤਾ, ਕਿਸੇ ਦੀ ਟੈਂਅ ਨਾ ਮੰਨਣੀ ਤੇ ਦੁਖੀਆਂ ਤੇ ਲੋੜਵੰਦਾਂ ਪ੍ਰਤੀ ਅੰਤਾਂ ਦੀ ਦਇਆ-ਭਾਵਨਾ ਜਿਹੇ ਗੁਣਾਂ ਨਾਲ ਵਰੋਸਾਇਆ ਹੋਇਆ ਹੈ। ਪੁਰਾਣੇ ਸਮਿਆਂ ਵਿਚ ਖੇਤੀ-ਬਾੜੀ ਦੇ ਧੰਦੇ ਵਿਚੋਂ ਕਿਸਾਨ ਨੂੰ ਘੱਟ ਹੀ ਵਿਹਲ ਮਿਲਦੀ ਸੀ। ਇਸ ਦੇ ਬਾਵਜੂਦ ਮੇਲਿਆਂ ਦੇ ਸ਼ੌਕੀਨ ਪੰਜਾਬੀ, ਵਿਸਾਖੀ ਦਾ ਮੇਲਾ ਮਨਾਉਣ ਲਈ ਵਕਤ ਕੱਢ ਹੀ ਲੈਂਦੇ ਸਨ। ਮੇਲੇ ਜਾਣ ਦੇ ਚਾਅ ਵਿਚ ਉਹ ਆਪਣੇ ਕੰਮਾਂ ਨੂੰ ਛੋਹਲੇ ਹੱਥੀਂ ਨਿਬੇੜਦੇ ਸਨ।
ਪੰਜਾਬੀ ਦੇ ਪ੍ਰਸਿੱਧ ਸ਼ਾਇਰ ਧਨੀ ਰਾਮ ਚਾਤ੍ਰਿਕ ਦੀ ਵਿਸਾਖੀ ਮੇਲੇ ਬਾਰੇ ਲਿਖੀ ਕਵਿਤਾ' ਮਾਰਦਾ ਦਮਾਮੇ ਜੱਟ ਮੇਲੇ ਆ ਗਿਆ' ਉਨ੍ਹਾਂ ਸਮਿਆਂ ਦੇ ਪੰਜਾਬੀ ਕਿਸਾਨ ਦੀ ਮੇਲੇ ਨੂੰ ਚੜ੍ਹਤ ਤੇ ਮਨ ਦੀ ਖੁਸ਼ੀ ਦੇ ਡੂੰਘੇ ਭਾਵਾਂ ਦਾ ਬਹੁਤ ਹੀ ਵਾਸਤਵਿਕ ਚਿਤਰਨ ਪੇਸ਼ ਕਰਦੀ ਹੈ। ਦੇਸ਼ ਦੀ ਆਜ਼ਾਦੀ ਨਾਲ ਜੁੜਿਆ ਜਲ੍ਹਿਆਂ ਵਾਲੇ ਬਾਗ ਦਾ ਕਾਂਡ, ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਲਈ ਪੰਜਾਬੀਆਂ ਵਲੋਂ ਵਹਾਏ ਖੂਨ ਦੀ ਯਾਦ ਦਿਵਾਉਂਦਾ ਹੈ। ਇਸ ਕਾਰਨ ਹੀ ਇਤਿਹਾਸ ਵਿਚ ਇਸ ਨੂੰ 'ਖੂਨੀ ਵਿਸਾਖੀ' ਦੇ ਨਾਂਅ ਨਾਲ ਯਾਦ ਕੀਤਾ ਜਾਂਦਾ ਹੈ। ਦੇਸ਼ ਵਿਚ ਆਜ਼ਾਦੀ ਲਈ ਧਰਮ, ਜਾਤ-ਪਾਤ ਅਤੇ ਹੋਰ ਵਖਰੇਵਿਆਂ ਤੋਂ ਉੱਪਰ ਉੱਠ ਕੇ, ਪੰਜਾਬੀਆਂ ਨੇ ਸਾਂਝੇ ਰੂਪ ਵਿਚ ਆਪਣਾ ਖੂਨ ਵਹਾਇਆ। ਮੇਲਾ ਪੰਜਾਬੀ ਬੰਦੇ ਦੀ ਰੂਹ ਨੂੰ ਅਗੰਮੀ ਖੁਸ਼ੀ ਪ੍ਰਦਾਨ ਕਰਨ ਦਾ ਅਵਸਰ ਤਾਂ ਦਿੰਦਾ ਹੀ ਹੈ ਸਗੋਂ ਉਸ ਦੇ ਅੰਦਰ ਮਘਦੇ ਪੰਜਾਬੀਅਤ ਦੇ ਜਜ਼ਬੇ ਨੂੰ ਪ੍ਰਗਟਾਉਣ ਦਾ ਮੌਕਾ ਵੀ ਦਿੰਦਾ ਹੈ। ਇਸੇ ਕਾਰਨ ਹੀ ਪੰਜਾਬੀ ਲੋਕ-ਧਾਰਾ ਦੇ ਵਿਦਵਾਨ ਡਾ.ਵਣਜਾਰਾ ਬੇਦੀ ਨੇ ਲਿਖਿਆ ਹੈ, 'ਪੰਜਾਬੀ ਸੁਭਾਅ ਦੇ ਬੜੇ ਰੰਗੀਲੇ ਤੇ ਦਿਲਾਂ ਦੇ ਬਾਦਸ਼ਾਹ ਹਨ। ਮੇਲਾ, ਬੀਜ ਰੂਪ ਵਿਚ, ਪੰਜਾਬੀ ਚਰਿੱਤਰ ਵਿਚ ਹੀ ਸਮਾਇਆ ਹੋਇਆ ਹੈ। ਪੰਜਾਬੀਆ ਲਈ ਹਰ ਪੁਰਬ ਤੇ ਹਰ ਦਿਨ ਮੇਲਾ ਹੁੰਦਾ ਹੈ'।
ਅਜੋਕੇ ਸਮੇਂ ਵਿਚ ਵਿਸਾਖੀ ਦੇ ਮੇਲੇ ਦਾ ਪਹਿਲਾਂ ਜਿੰਨਾ ਚਾਅ ਨਹੀਂ ਰਿਹਾ। ਜੀਵਨ ਦੀਆਂ ਲੋੜਾਂ, ਥੁੜ੍ਹਾਂ ਤੇ ਅਨੇਕਾਂ ਦੁਸ਼ਵਾਰੀਆਂ ਵਿਚ ਫਸਿਆ 'ਅੰਨਦਾਤਾ' ਹੁਣ 'ਦਮਾਮੇ ਮਾਰਦਾ' ਮੇਲੇ ਨਹੀਂ ਆਉਂਦਾ। ਸਾਰੇ ਦੇਸ਼ ਦੇ ਅੰਨ ਭੰਡਾਰ ਨੂੰ ਮਾਲਾਮਾਲ ਕਰਨ ਵਾਲੇ ਦੀ ਆਪਣੀ ਜ਼ਿੰਦਗੀ ਇਸ ਕਦਰ ਵਿਯੋਗੀ ਪਈ ਹੈ ਕਿ ਉਸ ਦੇ ਮਨ ਵਿਚੋਂ ਮੇਲੇ ਜਾਣ ਦਾ ਚਾਅ ਹੀ ਜਿਵੇਂ ਗੁਆਚ ਗਿਆ ਹੈ। ਸਖ਼ਤ ਮਿਹਨਤ ਨਾਲ ਕਿਸਾਨ ਨੇ ਅਨਾਜ ਦੀ ਵਾਧੂ ਪੈਦਾਵਾਰ ਕਰਕੇ ਨਾ ਕੇਵਲ ਆਪਣੀ ਸਗੋਂ ਸਮੁੱਚੇ ਦੇਸ਼ ਦੀ ਭੁੱਖਮਰੀ ਦੀ ਵਿਕਰਾਲ ਸਮੱਸਿਆ ਨੂੰ ਹੱਲ ਕੀਤਾ ਤੇ ਸਰਕਾਰਾਂ ਨੂੰ ਬਾਹਰਲੇ ਦੇਸ਼ਾਂ ਤੋਂ ਮਹਿੰਗੇ ਭਾਅ ਅਨਾਜ ਮੰਗਾਉਣ ਦੀ ਨਮੋਸ਼ੀ ਤੋਂ ਵੀ ਛੁਟਕਾਰਾ ਦੁਆਇਆ। ਲਗਾਤਾਰ ਵਧ ਰਹੇ ਕਰਜ਼ੇ ਦੇ ਸੰਤਾਪ ਨੇ ਧਰਤੀ ਪੁੱਤਰ ਨੂੰ ਬੇਬੱਸ ਤੇ ਲਾਚਾਰ ਕਰ ਦਿੱਤਾ ਹੈ। ਕਦੇ ਕੁਦਰਤ ਦਾ ਕਹਿਰ ਵਾਪਰਦਾ ਹੈ ਤਾਂ ਫ਼ਸਲ ਉੱਜੜ ਜਾਂਦੀ ਹੈ, ਕਦੇ ਚਿੱਟਾ ਮੱਛਰ ਜਾਂ ਕੋਈ ਬਿਮਾਰੀ ਆਸਾਂ 'ਤੇ ਪਾਣੀ ਫੇਰ ਦਿੰਦੀ ਹੈ, ਕਦੇ ਨਕਲੀ ਕੀੜੇਮਾਰ ਦਵਾਈਆਂ ਕਿਸਾਨ ਦੀ ਮਿਹਨਤ ਨੂੰ ਰੋਲ ਦਿੰਦੀਆਂ ਹਨ।
ਇਸ ਵਾਰ ਵੀ ਕੁਦਰਤ ਨੇ ਬੇਮੌਸਮੀ ਵਰਖਾ ਤੇ ਗੜੇਮਾਰੀ ਨਾਲ ਕਿਸਾਨ ਦੀਆਂ ਆਸਾਂ 'ਤੇ ਪਾਣੀ ਫੇਰ ਦਿੱਤਾ ਹੈ। ਖੇਤਾਂ ਵਿਚ ਵਿਛੀ ਕਣਕ ਦੀ ਫ਼ਸਲ ਦੇਖ ਕੇ ਜੱਟ ਦੇ ਮਨ ਦਾ ਦਰਦ ਸਮਝਣਾ ਔਖਾ ਨਹੀਂ ਹੈ। ਕਿਸਾਨ ਦੀਆਂ ਸਾਰੀਆਂ ਆਸਾਂ ਫ਼ਸਲ 'ਤੇ ਹੀ ਟਿਕੀਆਂ ਹੁੰਦੀਆਂ ਹਨ ਤੇ ਜੇਕਰ ਫ਼ਸਲ ਨੇਪਰੇ ਹੀ ਨਾ ਚੜ੍ਹੇ ਤਾਂ ਫ਼ਸਲ 'ਤੇ ਕੀਤਾ ਖਰਚਾ, ਕਰਜ਼ੇ ਦੀਆਂ ਕਿਸ਼ਤਾਂ ਤੇ ਜ਼ਿੰਦਗੀ ਦੀਆਂ ਹੋਰ ਲੋੜਾਂ ਕਿਥੋਂ ਪੂਰੀਆਂ ਹੋਣਗੀਆਂ। ਅਜਿਹੀ ਸਥਿਤੀ ਦਾ ਮਾਰਿਆ ਹੀ ਅੰਨਦਾਤਾ ਖੁਦਕੁਸ਼ੀਆਂ ਦੇ ਰਾਹ ਪੈਂਦਾ ਹੈ। ਅੱਜ ਹਾਲਤ ਇਹ ਹੈ ਕਿ ਹਰ ਰੋਜ਼ ਦੋ-ਤਿੰਨ ਕਿਸਾਨਾਂ ਦੀ ਖ਼ੁਦਕੁਸ਼ੀ ਦੀਆਂ ਦਿਲ ਵਲੂੰਧਰਨ ਵਾਲੀਆਂ ਖਬਰਾਂ ਅਖ਼ਬਾਰਾਂ ਵਿਚ ਛਪ ਰਹੀਆਂ ਹਨ। ਹਕੂਮਤੀ ਧਿਰਾਂ ਏਨੀਆਂ ਅਸੰਵੇਦਨਸ਼ੀਲ ਹੋ ਚੁੱਕੀਆ ਹਨ ਕਿ ਉਨ੍ਹਾਂ ਨੂੰ ਇਨ੍ਹਾਂ ਪਰਿਵਾਰਾਂ ਦੇ ਕੀਰਨੇ ਸੁਣਾਈ ਨਹੀਂ ਦਿੰਦੇ। ਹਕੂਮਤਾਂ ਪਤਾ ਨਹੀਂ ਕਿਉਂ ਨਹੀਂ ਸਮਝਦੀਆਂ ਕਿ ਜੇਕਰ ਕਿਸਾਨੀ ਹੀ ਨਾ ਬਚੀ ਤਾਂ ਸਾਰਾ ਦੇਸ਼ ਹੀ ਗਹਿਰੇ ਸੰਕਟ ਦੀ ਲਪੇਟ ਵਿਚ ਆ ਸਕਦਾ ਹੈ।
ਇਸ ਵਿਚ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ ਕਿ ਵਿਸਾਖੀ ਦਾ ਤਿਉਹਾਰ ਨਿਰਾ ਮੇਲਾ ਹੀ ਨਹੀਂ ਹੈ, ਇਹ ਮਾਨਵੀ ਆਦਰਸ਼ਾਂ ਨੂੰ ਪ੍ਰਣਾਈ ਸਾਡੀ ਸ਼ਾਨਾਂਮੱਤੀ ਇਤਿਹਾਸਕ ਵਿਰਾਸਤ ਵੀ ਹੈ। ਖੁਦਕੁਸ਼ੀਆਂ ਦੇ ਰਾਹ ਪਏ ਅੰਨਦਾਤਾ ਨੂੰ ਵੀ ਇਸ ਪਵਿੱਤਰ ਦਿਹਾੜੇ 'ਤੇ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਉਹ ਕਿਸੇ ਵੀ ਸੰਕਟ ਦਾ ਮੁਕਾਬਲਾ ਦ੍ਰਿੜ ਹੌਸਲੇ ਤੇ ਬਹਾਦਰੀ ਨਾਲ ਹੀ ਕਰਨ ਦਾ ਸੰਕਲਪ ਕਰੇਗਾ। ਉਂਜ ਵੀ ਖ਼ੁਦਕਸ਼ੀ ਦਾ ਵਰਤਾਰਾ ਤਾਂ ਪੰਜਾਬੀ ਸੁਭਾਅ ਦੇ ਉਲਟ ਹੈ ਤੇ ਇਹ ਪੰਜਾਬੀ ਬੰਦੇ ਦੀ ਨਿਵੇਕਲੀ ਪਛਾਣ ਨਾਲ ਮੇਲ ਨਹੀਂ ਖਾਂਦਾ। ਇਹ ਬਹੁਤ ਦੁਖਦਾਈ ਵਰਤਾਰਾ ਹੈ ਕਿ ਅੱਜ ਵੀ ਸਾਡੇ ਮਨਾਂ ਵਿਚ ਜਾਤ-ਪਾਤ ਤੇ ਹੋਰ ਵਿਤਕਰਿਆਂ ਦੀਆਂ ਅਦਿੱਖ ਦੀਵਾਰਾਂ ਅਜੇ ਵੀ ਕਾਇਮ ਹਨ। ਜਾਤ-ਪਾਤ ਦੇ ਘਿਨਾਉਣੇ ਵਰਤਾਰੇ ਦੀਆਂ ਖ਼ਬਰਾਂ ਨਿੱਤ ਮਨਾਂ ਨੂੰ ਵਲੂੰਧਰ ਰਹੀਆਂ ਹਨ। ਜ਼ੁਲਮ ਤੇ ਅਨਿਆਂ ਵਿਰੁੱਧ ਉੱਠਣ ਵਾਲੀ ਕਿਰਪਾਨ ਹੁਣ ਨਿਮਾਣਿਆਂ, ਨਿਤਾਣਿਆਂ ਤੇ ਕਮਜ਼ੋਰਾਂ 'ਤੇ ਵੀ ਉੱਠਣ ਲੱਗ ਪਈ ਹੈ। ਉੱਚੇ ਕਿਰਦਾਰ ਤੇ ਨਿਮਰਤਾ ਦੀ ਥਾਂ ਹੁਣ ਹਊਮੈ, ਹੰਕਾਰ ਤੇ ਨਿੱਜੀ ਸਵਾਰਥ ਭਾਰੂ ਹੋ ਗਿਆ ਹੈ। ਸਰਬੱਤ ਦਾ ਭਲਾ ਤੇ ਚੜ੍ਹਦੀ ਕਲਾ ਨੂੰ ਆਪਣੀ ਜੀਵਨ-ਜਾਚ ਬਣਾਉਣਾ ਹੀ ਵਿਸਾਖੀ ਦੇ ਤਿਉਹਾਰ ਦਾ ਵਡਮੁੱਲਾ ਸੁਨੇਹਾ ਹੈ।

-ਪਿੰਡ-ਖਰਲ ਕਲਾਂ, ਜ਼ਿਲ੍ਹਾ ਜਲੰਧਰ।
ਮੋਬਾਈਲ : 98153-56086

Ad Position 22
No active advertisement
ਪਿਛਲੀ ਖ਼ਬਰ 'ਜੱਲ੍ਹੇਵਾਲਾ ਬਾਗ਼' ਤੋਂ 'ਜਲ੍ਹਿਆਂਵਾਲਾ ਬਾਗ਼ ਕੌਮੀ ਸਮਾਰਕ' ਤੱਕ ਦਾ ਸਫ਼ਰ ਅਗਲੀ ਖ਼ਬਰ ਸਿੱਖ ਇਤਿਹਾਸ ਦਾ ਮਹੱਤਵਪੂਰਨ ਅਧਿਆਏ ਖ਼ਾਲਸਾ ਸਾਜਨਾ ਦਿਵਸ
Ad Position 24
No active advertisement