ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

'ਜੱਲ੍ਹੇਵਾਲਾ ਬਾਗ਼' ਤੋਂ 'ਜਲ੍ਹਿਆਂਵਾਲਾ ਬਾਗ਼ ਕੌਮੀ ਸਮਾਰਕ' ਤੱਕ ਦਾ ਸਫ਼ਰ

Ad Position 21
No active advertisement
ਅਜੀਤ ਡੈਸਕ 14-04-2026

'ਜੱਲ੍ਹੇਵਾਲਾ ਬਾਗ਼' ਨੂੰ ਜਲ੍ਹਿਆਂਵਾਲਾ ਬਾਗ਼ ਕੌਮੀ ਸਮਾਰਕ' ਤੱਕ ਦਾ ਸਫ਼ਰ ਤਹਿ ਕਰਨ 'ਚ ਲਗਭਗ ਪੂਰੀ ਇਕ ਸਦੀ ਇੰਤਜ਼ਾਰ ਕਰਨਾ ਪਿਆ ਹੈ। ਜੇਕਰ ਸੰਨ 1919 ਦੇ ਸਾਕੇ ਤੋਂ ਪਹਿਲਾਂ ਦੇ ਜਲ੍ਹਿਆਂਵਾਲਾ ਬਾਗ਼ ਦੇ ਇਤਿਹਾਸ ਅਤੇ ਭੂਗੋਲਿਕ ਸਥਿਤੀ 'ਤੇ ਝਾਤ ਮਾਰੀਏ ਤਾਂ ਸਾਫ਼ ਹੋ ਜਾਂਦਾ ਹੈ ਕਿ ਉਸ ਤੋਂ ਪਹਿਲਾਂ ਇਸ ਬਾਗ਼ ਦੀ ਕੋਈ ਵਿਸ਼ੇਸ਼ ਪਛਾਣ ਨਹੀਂ ਸੀ ਅਤੇ ਵਧੇਰੇ ਲੋਕ ਇਸ ਬਾਗ਼ ਦੇ ਨਾਂਅ ਜਾਂ ਹੋਂਦ ਤੋਂ ਵੀ ਪੂਰੀ ਤਰ੍ਹਾਂ ਵਾਕਿਫ਼ ਨਹੀਂ ਸਨ। ਇਹ ਇਕ 229 ਮੀਟਰ ਲੰਬਾ ਤੇ 283 ਮੀਟਰ ਚੌੜਾ ਭੂਮੀ ਦਾ ਬੇਢੰਗਾ ਜਿਹਾ ਟੁਕੜਾ ਸੀ, ਜੋ ਹੁਸ਼ਿਆਰਪੁਰ ਦੇ ਪਿੰਡ ਮਾਹਿਲਪੁਰ ਦੇ ਨਿਵਾਸੀ ਚੌਧਰੀ ਗੁਲਾਬ ਰਾਏ ਦੇ ਪੁੱਤਰ ਭਾਈ ਹਿੰਮਤ ਸਿੰਘ ਜੱਲ੍ਹੇਵਾਲ ਦੀ ਨਿੱਜੀ ਜਾਇਦਾਦ ਸੀ। ਭਾਈ ਹਿੰਮਤ ਸਿੰਘ ਪਹਿਲਾਂ ਨਾਭਾ ਦੇ ਰਾਜਾ ਜਸਵੰਤ ਸਿੰਘ ਦੇ ਦਰਬਾਰੀ ਤੇ ਫਿਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਵਕੀਲ ਬਣੇ। ਉਨ੍ਹਾਂ ਨੂੰ ਬਖ਼ਸ਼ੀਸ਼ 'ਚ ਮਿਲੀ ਪਿੰਡ ਜੱਲ੍ਹੇਵਾਲ ਦੀ ਜਾਗੀਰ ਕਰਕੇ ਉਹ 'ਜੱਲ੍ਹੇਵਾਲ' ਨਾਲ ਜਾਣੇ ਜਾਣ ਲੱਗੇ। ਉਨ੍ਹਾਂ ਨੇ ਅੰਮ੍ਰਿਤਸਰ 'ਚ ਸ੍ਰੀ ਦਰਬਾਰ ਸਾਹਿਬ ਚੌਕ ਦੇ ਨਜ਼ਦੀਕ ਇਕ ਕਟੜਾ ਆਬਾਦ ਕੀਤਾ ਤੇ ਮੌਜੂਦਾ ਸਮੇਂ ਜਲ੍ਹਿਆਂਵਾਲਾ ਬਾਗ਼ ਉਸੇ ਕਟੜੇ 'ਚ ਕਾਇਮ ਹੈ। ਸ਼ੁਰੂਆਤ 'ਚ ਇਸ ਭੂਮੀ ਨੂੰ ਜੱਲ੍ਹੇਵਾਲ ਦਾ ਬਾਗ਼ ਕਿਹਾ ਜਾਂਦਾ ਸੀ, ਜੋ ਬਾਅਦ 'ਚ ਮੌਜੂਦਾ ਨਾਂਅ ਜਲ੍ਹਿਆਂਵਾਲਾ ਬਾਗ਼ ਵਜੋਂ ਜਾਣਿਆ ਜਾਣ ਲੱਗਾ।
ਸਾਕੇ ਦੇ ਸਮੇਂ ਇਸ ਬਾਗ਼ ਦੀ ਦੱਖਣੀ ਬਾਹੀ ਵੱਲ ਪੰਜਾਬ ਦੇ ਪਹਿਲੇ ਸਿੱਖ ਇੰਸਪੈਕਟਰ ਜਨਰਲ ਆਫ਼ ਪੁਲਿਸ ਸ: ਸੰਤ ਪ੍ਰਕਾਸ਼ ਸਿੰਘ ਦੀ ਮਾਂ ਦੀ ਸਮਾਧ (ਇਹ ਅੱਜ ਵੀ ਮੌਜੂਦ ਹੈ) ਹੈ ਅਤੇ ਇਸ ਦੇ ਬਿਲਕੁਲ ਨਾਲ 5-6 ਖਜੂਰਾਂ ਤੇ ਹੋਰ ਛਾਂਦਾਰ ਰੁੱਖ ਸਨ। ਇਸ ਤੋਂ ਇਲਾਵਾ ਬਾਗ਼ 'ਚ ਇਕ ਵੱਡਾ ਖੂਹ ਸੀ ਅਤੇ ਬਾਗ਼ 'ਚ ਧੋਬੀਆਂ ਦੀਆਂ 25-30 ਝੋਂਪੜੀਆਂ ਬਣੀਆਂ ਹੋਈਆਂ ਸਨ, ਜੋ ਉਨ੍ਹਾਂ ਨਾਜਾਇਜ਼ ਢੰਗ ਨਾਲ ਕਬਜ਼ਾ ਕਰਕੇ ਬਣਾਈਆਂ ਸਨ। ਦੇਸ਼ ਦੀ ਵੰਡ ਵੇਲੇ ਬਾਗ਼ ਦੀ ਭੂਮੀ 'ਤੇ ਅਤੇ ਆਸ-ਪਾਸ ਕੁਝ ਹੋਰ ਲੋਕਾਂ ਨੇ ਵੀ ਆਪਣੇ ਘਰ ਬਣਾ ਲਏ।
ਜਲ੍ਹਿਆਂਵਾਲਾ ਬਾਗ਼ ਸਾਕੇ ਨੂੰ ਵਾਪਰਿਆਂ ਅੱਜ 107 ਵਰ੍ਹੇ ਬੀਤ ਚੁੱਕੇ ਹਨ। ਉਸ ਦਿਨ ਬਾਗ਼ ਵਿਚ ਕੀ ਹੋਇਆ ਅਤੇ ਉਸ ਦੇ ਪਿੱਛੇ ਕੀ-ਕੀ ਕਾਰਨ ਰਹੇ, ਇਸ 'ਤੇ ਅਣਗਿਣਤ ਚਰਚਾਵਾਂ ਹੋ ਚੁੱਕੀਆਂ ਹਨ। ਇਸ ਸਾਕੇ ਨੂੰ ਸਕੂਲੀ ਕਿਤਾਬਾਂ ਦੇ ਸਿਲੇਬਸ ਵਿਚ ਵੀ ਸ਼ਾਮਿਲ ਕੀਤਾ ਗਿਆ ਤੇ ਕਈ ਫ਼ਿਲਮਾਂ ਵੀ ਬਣਾਈਆ ਜਾ ਚੁੱਕੀਆਂ ਹਨ, ਪਰ ਇਸ ਸਭ ਦੇ ਬਾਵਜੂਦ ਲੋਕਾਂ ਕੋਲ ਉਹੀ ਜਾਣਕਾਰੀ ਪਹੁੰਚ ਸਕੀ ਹੈ, ਜੋ ਆਪਣੇ-ਆਪ 'ਚ ਅਧੂਰੀ ਮਹਿਸੂਸ ਹੁੰਦੀ ਹੈ ਜਾਂ ਜਿਨ੍ਹਾਂ 'ਤੇ ਪੂਰੀ ਤਰ੍ਹਾਂ ਨਾਲ ਖੋਜ ਨਹੀਂ ਕੀਤੀ ਜਾ ਸਕੀ। ਉਸ ਖ਼ੂਨੀ ਸਾਕੇ 'ਚ ਕਿੰਨੇ ਲੋਕ ਮਾਰੇ ਗਏ ਤੇ ਕਿੰਨੇ ਜ਼ਖਮੀ ਹੋਏ, ਇਹ ਵੀ ਅਜੇ ਤੱਕ ਇਕ ਭੇਦ ਬਣਿਆ ਹੋਇਆ ਹੈ। ਇਸ ਬਾਰੇ ਆਜ਼ਾਦ ਭਾਰਤ ਦੀ ਕਿਸੇ ਵੀ ਸਰਕਾਰ ਦੁਆਰਾ ਕੋਈ ਨਿਰਪੱਖ ਜਾਂਚ ਨਹੀਂ ਕਰਵਾਈ ਗਈ। ਹਾਲਾਂਕਿ, ਜਲ੍ਹਿਆਂਵਾਲਾ ਬਾਗ਼ ਦੇ ਸ਼ਤਾਬਦੀ ਸਮਾਗਮਾਂ 'ਚ ਪੰਜਾਬ ਅਤੇ ਕੇਂਦਰ ਸਰਕਾਰ ਵਲੋਂ ਮ੍ਰਿਤਕਾਂ ਅਤੇ ਜ਼ਖ਼ਮੀਆਂ ਦੀ ਅਸਲ ਗਿਣਤੀ ਪਤਾ ਲਾਉਣ ਦੇ ਲੰਬੇ-ਚੌੜੇ ਵਾਅਦੇ ਅਤੇ ਦਾਅਵੇ ਜ਼ਰੂਰ ਕੀਤੇ ਗਏ ਸਨ, ਪਰ ਇਸ ਬਾਰੇ ਕੋਈ ਵੱਡੀ ਉਪਲਬਧੀ ਦਰਜ ਨਹੀਂ ਕਰਵਾਈ ਜਾ ਸਕੀ।
ਬਹੁਤ ਘੱਟ ਲੋਕਾਂ ਨੂੰ ਇਹ ਜਾਣਕਾਰੀ ਹੋਵੇਗੀ ਕਿ ਜਲ੍ਹਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਤੋਂ ਇਕ ਦਿਨ ਪਹਿਲਾਂ ਅੰਮ੍ਰਿਤਸਰ ਦੇ ਲੋਕਾਂ ਨੂੰ ਚਿਤਾਵਨੀ ਦੇਣ ਲਈ ਹਤਿਆਰੇ ਜਨਰਲ ਡਾਇਰ ਵਲੋਂ 'ਐਲਾਨ' ਸਿਰਲੇਖ ਵਾਲੇ ਦੋ-ਭਾਸ਼ਾਈ ਪੋਸਟਰ ਸ਼ਹਿਰ 'ਚ 19 ਸਥਾਨਾਂ 'ਤੇ ਲਵਾਏ ਗਏ, ਜਿਨ੍ਹਾਂ 'ਚ ਇਹ ਐਲਾਨ ਕੀਤਾ ਗਿਆ ਸੀ ਕਿ ਕੋਈ ਵੀ ਵਿਅਕਤੀ ਬਿਨਾਂ ਮਨਜ਼ੂਰੀ ਦੇ ਸ਼ਹਿਰ ਨਹੀਂ ਛੱਡੇਗਾ ਅਤੇ ਰਾਤ 8 ਵਜੇ ਦੇ ਬਾਅਦ ਬਾਜ਼ਾਰਾਂ 'ਚ ਵਿਖਾਈ ਦੇਣ ਵਾਲੇ ਨੂੰ ਗੋਲੀ ਮਾਰ ਦਿੱਤੀ ਜਾਵੇਗੀ। ਇਕ ਜਗ੍ਹਾ 'ਤੇ 4 ਤੋਂ ਵਧੇਰੇ ਲੋਕ ਇਕੱਠੇ ਨਹੀਂ ਹੋ ਸਕਣਗੇ ਤੇ ਇਸ ਹੁਕਮ ਦੀ ਉਲੰਘਣਾ ਕਰਨ ਵਾਲੇ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ।
ਜਲ੍ਹਿਆਂਵਾਲਾ ਬਾਗ਼ ਦੇ ਸਾਕੇ ਨਾਲ ਸੰਬੰਧਿਤ ਰਿਪੋਰਟਾਂ ਮੁਤਾਬਿਕ 12 ਅਪ੍ਰੈਲ 1919 ਨੂੰ ਡਾਇਰ ਨੇ ਅਧਿਕਾਰੀਆਂ ਨੂੰ ਸ਼ਾਹਮੁਖੀ ਤੇ ਗੁਰਮੁਖੀ 'ਚ ਸ਼ਹਿਰ ਵਾਸੀਆਂ ਨੂੰ ਚਿਤਾਵਨੀ ਦਿੰਦੇ ਪੋਸਟਰ ਤਿਆਰ ਕਰ ਕੇ ਸ਼ਹਿਰ 'ਚ ਲਵਾਉਣ ਦੇ ਨਾਲ-ਨਾਲ ਢੋਲ ਵਜਾ ਕੇ ਮੁਨਾਦੀ ਰਾਹੀਂ ਇਹ ਸੁਨੇਹਾ ਪਹੁੰਚਾਉਣ ਦਾ ਹੁਕਮ ਦਿੱਤਾ। ਇਹ ਹੱਥ-ਲਿਖੇ ਪੋਸਟਰ ਅੰਮ੍ਰਿਤਸਰ ਦੇ ਹਾਲ ਗੇਟ, ਚੌਂਕ ਖ਼ੈਰੂਦੀਨ ਮਸਜਿਦ ਬਾਜ਼ਾਰ, ਚੌਂਕ ਹਾਲ ਬਾਜ਼ਾਰ, ਚੌਂਕ ਬਿਜਲੀ ਵਾਲਾ, ਚੌਂਕ ਫੁਹਾਰਾ, ਹਾਥੀ ਗੇਟ, ਲੋਹਗੜ੍ਹ ਗੇਟ, ਢਾਬ ਖਟੀਕਾਂ, ਚੌਂਕ ਭਾਈ ਸੰਤ ਸਿੰਘ, ਚੌਂਕ ਦੂਲੋ, ਚੌਂਕ ਫੁੱਲਾਂਵਾਲਾ, ਚੌਂਕ ਬਾਜ਼ਾਰ ਟੁੰਡਾ ਤਲਾਬ, ਚੌਂਕ ਕਿਲ੍ਹਾ ਭੰਗੀਆਂ, ਚੌਂਕ ਬਾਬਾ ਝੰਡਾ ਸਿੰਘ, ਚੌਂਕ ਮਜੀਠ ਮੰਡੀ, ਚੌਂਕ ਨਮਕ ਮੰਡੀ, ਚੌਂਕ ਕਟੜਾ ਕਰਮ ਸਿੰਘ, ਲਾਹੌਰੀ ਗੇਟ ਅਤੇ ਚੌਂਕ ਚਿੱਟਾ ਕਟੜਾ 'ਚ ਲਗਾਏ ਗਏ। ਇਸ ਤਰ੍ਹਾਂ ਨਾਲ ਬਾਕੀ ਲਗਭਗ 85 ਫ਼ੀਸਦੀ ਸ਼ਹਿਰੀਆਂ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਇਸ ਐਲਾਨ ਦੀ ਕੋਈ ਜਾਣਕਾਰੀ ਨਾ ਮਿਲੀ, ਜਿਸ ਕਾਰਨ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਲੋਕ ਵੱਡੀ ਗਿਣਤੀ 'ਚ ਸ੍ਰੀ ਦਰਬਾਰ ਸਾਹਿਬ ਵਿਖੇ ਇਸ਼ਨਾਨ ਕਰਨ ਉਪਰੰਤ ਜਲ੍ਹਿਆਂਵਾਲਾ ਬਾਗ਼ 'ਚ ਇਕੱਠੇ ਹੁੰਦੇ ਗਏ।
ਜਲ੍ਹਿਆਂਵਾਲਾ ਬਾਗ਼ ਦੇ ਸ਼ਹੀਦੀ ਸਾਕੇ ਤੋਂ ਬਾਅਦ 15 ਅਪ੍ਰੈਲ 1919 ਨੂੰ ਅੰਮ੍ਰਿਤਸਰ 'ਚ ਫ਼ੌਜੀ ਕਾਨੂੰਨ ਲਾਗੂ ਹੋਣ ਉਪਰੰਤ ਅੰਮ੍ਰਿਤਸਰ ਵਾਸੀਆਂ 'ਤੇ ਬੇਤਹਾਸ਼ਾ ਅੱਤਿਆਚਾਰ ਕੀਤੇ ਗਏ। ਸ਼ਹਿਰ ਦੇ ਨਾਮੀ ਵਕੀਲਾਂ ਨੂੰ ਸ਼ਰਮਿੰਦਾ ਕਰਨ ਲਈ ਉਨ੍ਹਾਂ ਦੇ ਮੁਵੱਕਿਲਾਂ ਤੇ ਕਰਮਚਾਰੀਆਂ ਦੇ ਸਾਹਮਣੇ ਉਨ੍ਹਾਂ ਤੋਂ ਅਦਾਲਤ 'ਚ ਕੁਰਸੀਆਂ ਮੇਜ਼ ਚੁਕਵਾਏ ਗਏ। ਸ਼ਹਿਰ ਦੇ ਸਾਰੇ ਵਕੀਲਾਂ ਤੋਂ ਤਿੱਖੀ ਧੁੱਪ 'ਚ ਸ਼ਹਿਰ ਦੀ ਗਸ਼ਤ ਕਰਵਾਈ ਗਈ। ਸੀਨੀਅਰ ਵਕੀਲਾਂ ਨੂੰ ਜ਼ਮੀਨ 'ਤੇ ਬਿਠਾਇਆ ਗਿਆ ਤੇ ਉਨ੍ਹਾਂ ਦੇ ਸਾਹਮਣੇ ਰਾਹ ਚਲਦੇ ਨਿਰਦੋਸ਼ ਭਾਰਤੀਆਂ ਨੂੰ ਫੜ ਕੇ ਕੋੜੇ ਮਾਰੇੇ ਗਏ। ਉਨ੍ਹੀਂ ਦਿਨੀਂ ਸ਼ਹਿਰ 'ਚ ਸਲਾਮੀ ਆਰਡਰ ਜਾਰੀ ਕੀਤਾ ਗਿਆ ਸੀ, ਜਿਸ ਦੇ ਚਲਦਿਆਂ ਸਾਰੇ ਸ਼ਹਿਰਵਾਸੀਆਂ ਲਈ ਅੰਗਰੇਜ਼ ਅਧਿਕਾਰੀਆਂ, ਪੁਲਿਸ ਤੇ ਫ਼ੌਜੀਆਂ ਸਮੇਤ ਦੂਸਰੇ ਆਮ ਅੰਗਰੇਜ਼ਾਂ ਨੂੰ ਵੀ ਸਲਾਮੀ ਦੇਣੀ ਲਾਜ਼ਮੀ ਕੀਤੀ ਗਈ ਸੀ। ਜੇ ਕੋਈ ਸਲਾਮੀ ਦੇਣੋਂ ਭੁੱਲ ਜਾਂਦਾ ਤਾਂ ਉਸ ਨੂੰ ਅੰਗਰੇਜ਼ ਸਿਪਾਹੀ ਠੁੱਡੇ ਮਾਰਦੇ, ਹੱਥਾਂ ਨਾਲ ਗੰਦੀਆਂ ਨਾਲੀਆਂ ਸਾਫ਼ ਕਰਾਉਂਦੇ ਅਤੇ ਟਿਕ-ਟਿਕੀਆਂ ਨਾਲ ਬੰਨ੍ਹ ਕੇ ਕੋੜੇ ਮਾਰੇ ਜਾਂਦੇ। ਇਹ ਟਿਕ-ਟਿਕੀਆਂ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਬਾਹਰ, ਕਿਲ੍ਹਾ ਗੋਬਿੰਦਗੜ੍ਹ ਦੇ ਸਾਹਮਣੇ ਅਤੇ ਕਈ ਹੋਰ ਅਹਿਮ ਸਥਾਨਾਂ ਤੇ ਬਾਜ਼ਾਰਾਂ 'ਚ ਲਾਈਆਂ ਗਈਆਂ ਸਨ।
ਜਲ੍ਹਿਆਂਵਾਲਾ ਬਾਗ਼ ਦਾ ਖ਼ੂਨੀ ਸਾਕਾ ਵਿਸ਼ਵ ਦੇ ਕਈ ਮੁੱਖ ਸਾਕਿਆਂ 'ਚ ਦਰਜ ਹੈ। ਇਸ ਸਾਕੇ 'ਚ ਮਾਰੇ ਗਏ ਲੋਕਾਂ ਦੇ ਨਾਂਅ ਹੋਰਨਾਂ ਸ਼ਹੀਦਾਂ ਦੀ ਤਰ੍ਹਾਂ ਜ਼ੁਬਾਨ 'ਤੇ ਤਾਂ ਭਾਵੇ ਨਹੀਂ ਹਨ, ਪਰ ਇਹ ਸ਼ਹੀਦ ਆਜ਼ਾਦੀ ਦੇ ਭਵਨ ਦੀ ਨੀਂਹ ਦੇ ਉਨ੍ਹਾਂ ਪੱਥਰਾਂ ਦੀ ਤਰ੍ਹਾਂ ਹਨ, ਜੋ ਉੱਪਰੋਂ ਵਿਖਾਈ ਨਹੀਂ ਦਿੰਦੇ ਪਰ ਇਹ ਸੱਚ ਹੈ ਕਿ ਉਨ੍ਹਾਂ ਦੀ ਨੀਂਹ ਰੂਪੀ ਸ਼ਹਾਦਤ ਦੇ ਬਗ਼ੈਰ ਆਜ਼ਾਦ ਭਾਰਤ ਦੀ ਇਹ ਇਮਾਰਤ ਕਦੇ ਖੜ੍ਹੀ ਨਹੀਂ ਸੀ ਹੋ ਸਕਦੀ।

-ਪ੍ਰਤੀਨਿਧੀ
'ਅਜੀਤ' ਉਪ ਦਫ਼ਤਰ, ਅੰਮ੍ਰਿਤਸਰ।

Ad Position 22
No active advertisement
ਪਿਛਲੀ ਖ਼ਬਰ ਖ਼ੁਸ਼ੀਆਂ-ਖੇੜਿਆਂ ਦਾ ਤਿਉਹਾਰ ਵਿਸਾਖੀ ਅਗਲੀ ਖ਼ਬਰ ਵਿਸਾਖੀ : ਕਿਹੜੇ ਹੌਸਲੇ ਮੇਲੇ ਕੋਈ ਜਾਵੇ
Ad Position 24
No active advertisement