ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਸਿੱਖ ਕੌਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਾਪਤੀ ਹੋਈ, ਜਿਸ ਨੂੰ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ, ਬਾਬਾ ਬੁੱਢਾ ਜੀ ਨੇ ਅਤੇ ਭਾਈ ਗੁਰਦਾਸ ਜੀ ਨੇ ਆਪ ਸਿਰਜਿਆ ਅਤੇ ਨੌਂਵੇ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਖ਼ਾਲਸੇ ਦੀ ਸਿਰਜਣਾ ਹੋਈ, ਜਿਸ ਨੂੰ ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਕਾਲ ਪੁਰਖ ਦੇ ਹੁਕਮ ਨਾਲ ਆਪ ਸਿਰਜਿਆ। ਇਹ ਦੋ ਘਟਨਾਵਾਂ ਸਿੱਖ ਇਤਿਹਾਸ ਦੀਆਂ ਅਜਿਹੀਆਂ ਅਹਿਮ ਘਟਨਾਵਾਂ ਹਨ, ਜਿਨ੍ਹਾਂ ਨੇ ਪੂਰੇ ਸਿੱਖ ਇਤਿਹਾਸ ਵਿਚ ਇਕ ਨਵੀਂ ਅਤੇ ਇਨਕਲਾਬੀ ਤਬਦੀਲੀ ਲਿਆਂਦੀ। ਗੁਰੂ ਪਿਤਾ ਦਾ ਫੁਰਮਾਨ ਹੈ:
ਅਕਾਲ ਪੁਰਖ ਬਾਚ॥
ਮੈ ਅਪਨਾ ਸੁਤ ਤੋਹਿ ਨਿਵਾਜਾ॥
ਪੰਥੁ ਪ੍ਰਚੁਰ ਕਰਬੈ ਕਹੁ ਸਾਜਾ॥
ਜਿਸ ਤਰ੍ਹਾਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਜ਼ੁਲਮੋ-ਸਿਤਮ ਅਤੇ ਅਨਿਆਂ ਦੇ ਖਾਤਮੇ ਲਈ ਦੋ ਤਲਵਾਰਾਂ ਮੀਰੀ ਅਤੇ ਪੀਰੀ ਦੀਆਂ ਧਾਰਨ ਕਰ ਕੇ ਮੁਗਲੀਆ ਸਲਤਨਤ ਦੇ ਵਿਰੁੱਧ ਚਾਰ ਜੰਗਾਂ ਲੜੀਆਂ ਅਤੇ ਜਿੱਤਾਂ ਪ੍ਰਾਪਤ ਕੀਤੀਆਂ, ਠੀਕ ਇਸ ਤਰ੍ਹਾਂ ਹੀ ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘਾਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਅਤੇ ਖ਼ਾਲਸਾ ਸਾਜ ਕੇ ਇਸੇ ਹਕੂਮਤ ਖ਼ਿਲਾਫ਼ 14 ਜੰਗਾਂ ਲੜ ਕੇ ਜਿੱਤਾਂ ਪ੍ਰਾਪਤ ਕੀਤੀਆਂ। ਆਮ ਸਿੱਖਾਂ ਦੇ ਅੰਦਰ ਇਕ ਅਜਿਹੀ ਰੂਹ ਭਰ ਦਿੱਤੀ, ਜਿਸ ਦੇ ਸਦਕਾ ਉਹ ਆਪਣਾ-ਆਪ ਕੁਰਬਾਨ ਕਰ ਕੇ ਜ਼ੁਲਮ ਅਤੇ ਅਨਿਆਂ ਦੇ ਵਿਰੁੱਧ ਡਟ ਕੇ ਟਾਕਰਾ ਕਰਨ ਅਤੇ ਇਸ ਨੂੰ ਜੜ੍ਹੋਂ ਖਤਮ ਕਰਨ ਦੇ ਯੋਗ ਹੋ ਗਏ।
ਬਾਲ ਗੋਬਿੰਦ ਰਾਇ ਹਾਲੇ ਕੇਵਲ 9 ਵਰ੍ਹਿਆਂ ਦੇ ਸਨ, ਜਦੋਂ ਇਨ੍ਹਾਂ ਨੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਧਰਮ ਦੀ ਖਾਤਰ ਆਪਣਾ-ਆਪ ਕੁਰਬਾਨ ਕਰਨ ਲਈ ਦਿੱਲੀ ਨੂੰ ਤੋਰ ਦਿੱਤਾ। ਜਿਥੇ ਆਪ ਨੇ ਸ਼ਸਤਰਾਂ ਅਤੇ ਸ਼ਾਸਤਰਾਂ ਦੀ ਸਿੱਖਿਆ ਵਿਚ ਮੁਹਾਰਤ ਹਾਸਿਲ ਕੀਤੀ, ਉਥੇ ਨਾਲ ਹੀ ਆਪਣੇ ਸਿੱਖਾਂ ਨੂੰ ਵੀ ਜੰਗੀ ਅਭਿਆਸ ਕਰਾਉਣੇ ਸ਼ੁਰੂ ਕੀਤੇ। ਪੰਜ ਕਿਲ੍ਹੇ ਅਨੰਦਗੜ੍ਹ, ਹੋਲਗੜ੍ਹ, ਲੋਹਗੜ੍ਹ, ਤਾਰਾਗੜ੍ਹ ਅਤੇ ਫ਼ਤਹਿਗੜ੍ਹ ਜੋ ਗੁਰੂ ਸਾਹਿਬ ਨੇ ਬਣਵਾਏ, ਉਹ ਵੀ ਇਸੇ ਕੜੀ ਦਾ ਹੀ ਹਿੱਸਾ ਸਨ। ਫਿਰ ਲੰਬੇ ਸਮੇਂ ਬਾਅਦ ਗੁਰੂ ਜੀ ਨੇ ਇਕ ਦਿਨ ਚੁਣ ਲਿਆ, ਇਸ ਮਹਾਨ ਕਾਰਜ ਨੂੰ ਸਿਰੇ ਚੜ੍ਹਾਉਣ ਦਾ ਅਤੇ ਉਹ ਦਿਨ ਸੀ ਸੰਨ 1699 ਦੀ ਵਿਸਾਖੀ ਦਾ। ਦੂਰ-ਦੂਰ ਤੱਕ ਸਿੱਖਾਂ, ਸੇਵਕਾਂ ਨੂੰ ਇਸ ਦਿਨ ਸ੍ਰੀ ਅਨੰਦਪੁਰ ਸਾਹਿਬ ਪੁੱਜਣ ਦੇ ਹੁਕਮਨਾਮੇ ਭੇਜ ਦਿੱਤੇ ਗਏ ਅਤੇ ਨਾਲ ਹੀ ਇਹ ਸੁਨੇਹਾ ਵੀ ਭੇਜਿਆ ਕਿ ਇਸ ਦਿਨ ਗੁਰੂ ਸਾਹਿਬ ਇਕ ਖਾਸ ਪੈਗ਼ਾਮ ਆਪਣੇ ਸਿੱਖਾਂ ਨੂੰ ਦੇਣਗੇ। ਇਸ ਲਈ ਸੰਗਤਾਂ ਹੁੰਮ-ਹੁਮਾ ਕੇ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਵੱਡੀ ਗਿਣਤੀ ਵਿਚ ਇਸ ਦੀਵਾਨ ਵਿਚ ਆਈਆਂ। ਦੀਵਾਨ ਲੱਗ ਚੁੱਕਾ ਸੀ, ਅਕਾਲ ਉਸਤਤਿ ਵਿਚੋਂ ਬਾਣੀ ਦਾ ਗਾਇਨ ਹੋ ਰਿਹਾ ਸੀ ਤੇ ਢਾਡੀ ਬੀਰ ਰਸੀ ਕਵਿਤਾਵਾਂ ਦਾ ਗਾਇਨ ਕਰ ਰਹੇ ਸਨ।
ਪਿਛਲੇ ਪਾਸੇ ਵਲੋਂ ਜਿਥੇ ਤੰਬੂ ਲੱਗਾ ਸੀ, ਗੁਰੂ ਸਾਹਿਬ ਅੰਦਰ ਆਏ, ਹੱਥ ਵਿਚ ਬਿਜਲੀ ਵਾਂਗ ਚਮਕਦੀ ਹੋਈ ਤਲਵਾਰ ਹੈ, ਦਸਤਾਰ ਵਿਚ ਸੁਨਹਿਰੀ ਚੱਕਰ ਹੈ, ਮੱਥੇ ਉੱਤੇ ਹੀਰਿਆਂ ਨਾਲ ਜੜੀ ਹੋਈ ਕਲਗੀ ਹੈ। ਸੰਗਤਾਂ ਹੁਕਮ ਦੀ ਉਡੀਕ ਵਿਚ ਹਨ। ਫਿਰ ਗੁਰੂ ਸਾਹਿਬ ਗਰਜਵੀਂ ਆਵਾਜ਼ ਵਿਚ, ਇਕ ਸਿਰ ਦੀ ਮੰਗ ਕਰਦੇ ਹਨ। ਸੰਗਤਾਂ ਵਿਚ ਹਿਲਜੁਲ ਸ਼ੁਰੂ ਹੋ ਜਾਂਦੀ ਹੈ, ਘਬਰਾਹਟ ਹੋ ਰਹੀ ਹੈ। ਗੁਰੂ ਸਾਹਿਬ ਦੁਆਰਾ ਤੀਸਰੀ ਵਾਰ ਸਿਰ ਭੇਟ ਕਰਨ ਦੀ ਆਵਾਜ਼ ਤੋਂ ਬਾਅਦ ਭਾਈ ਦਇਆ ਜੀ, ਭਾਈ ਧਰਮ ਜੀ, ਭਾਈ ਹਿੰਮਤ ਜੀ, ਭਾਈ ਮੋਹਕਮ ਜੀ ਅਤੇ ਭਾਈ ਸਾਹਿਬ ਜੀ ਵਾਰੀ ਵਾਰੀ ਆਪਣਾ ਸੀਸ ਭੇਟ ਕਰਨ ਲਈ ਅੱਗੇ ਆਏ। ਗੁਰੂ ਜੀ ਇਕ ਇਕ ਕਰਕੇ ਉਨ੍ਹਾਂ ਨੂੰ ਪਿਛੇ ਤੰਬੂ ਵਿਚ ਲੈ ਗਏ। ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ ਹੈ। ਸਤਲੁਜ ਦਾ ਨਿਰਮਲ ਜਲ ਸਰਬ ਲੋਹ ਦੇ ਬਾਟੇ ਵਿਚ ਪਾ ਕੇ, ਜਿਸ ਵਿਚ ਮਾਤਾ ਜੀਤੋ ਜੀ ਪਤਾਸੇ ਪਾਉਂਦੇ ਹਨ, ਗੁਰੂ ਜੀ ਆਪ ਆਪਣੇ ਸੱਜੇ ਹੱਥ ਵਿਚ ਖੰਡਾ ਫੜ ਕੇ ਅਤੇ ਖੱਬੇ ਹੱਥ ਦੇ ਪੋਟਿਆਂ ਨਾਲ ਬਾਟਾ ਫੜ ਕੇ, ਨਾਲ-ਨਾਲ ਪੰਜਾਂ ਬਾਣੀਆਂ ਦਾ ਪਾਠ ਕਰ ਰਹੇ ਅਤੇ ਨਾਲ-ਨਾਲ ਉਸ ਜਲ ਵਿਚ ਖੰਡਾ ਫੇਰ ਰਹੇ ਹਨ। ਜਦੋਂ ਤੱਕ ਅੰਮ੍ਰਿਤ ਤਿਆਰ ਨਹੀਂ ਹੋ ਜਾਂਦਾ ਗੁਰੂ ਸਾਹਿਬ ਦੀ ਅੰਮ੍ਰਿਤ ਦ੍ਰਿਸ਼ਟੀ ਬਾਟੇ ਵਿਚ ਤਿਆਰ ਹੋ ਰਹੇ ਅੰਮ੍ਰਿਤ 'ਤੇ ਟਿਕੀ ਰਹਿੰਦੀ ਹੈ। ਸੁਖਮਨੀ ਸਾਹਿਬ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਫੁਰਮਾਨ ਹੈ:
ਅੰਮ੍ਰਿਤ ਦ੍ਰਿਸਟਿ ਪੇਖੈ ਹੋਇ ਸੰਤ॥
ਅਸੀਂ ਰੋਜ਼ ਪੜ੍ਹਦੇ ਹਾਂ।
ਖੰਡਾ ਜਾ ਕੈ ਹਾਥਿ ਮੈ, ਕਲਗੀ ਸੋਹੇ ਸੀਸ
ਇਥੇ ਦੱਸਣਾ ਜ਼ਰੂਰੀ ਹੈ ਕਿ ਇਸ ਸਤਰ ਵਿਚ ਉਸ ਖੰਡੇ ਦਾ ਹੀ ਜ਼ਿਕਰ ਕੀਤਾ ਜਾ ਰਿਹਾ ਹੈ, ਜੋ ਗੁਰੂ ਸਾਹਿਬ ਨੇ ਅੰਮ੍ਰਿਤ ਦਾ ਬਾਟਾ ਤਿਆਰ ਕਰਨ ਲਈ ਵਰਤਿਆ। ਗੁਰੂ ਸਾਹਿਬ ਨੇ ਸਾਰੀ ਹਯਾਤੀ ਵਿਚ ਲੜੀਆਂ ਗਈਆਂ ਜੰਗਾਂ ਵਿਚੋਂ ਕਿਸੇ ਇਕ ਵੀ ਜੰਗ ਵਿਚ ਖੰਡਾ ਨਹੀਂ ਚਲਾਇਆ। ਅੰਮ੍ਰਿਤ ਦਾ ਬਾਟਾ ਤਿਆਰ ਕਰ ਕੇ ਗੁਰੂ ਜੀ ਨੇ ਪਹਿਲਾਂ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਅਤੇ ਫਿਰ ਉਨ੍ਹਾਂ ਤੋਂ ਆਪ ਛਕਿਆ। ਧੰਨ ਗੁਰੂ ਅਤੇ ਧੰਨ ਉਨ੍ਹਾਂ ਦੇ ਪੰਜ ਪਿਆਰੇ, ਉਹ ਆਪਣਾ-ਆਪ ਤਾਂ ਕੁਰਬਾਨ ਕਰ ਗਏ ਪਰ ਆਪਣੇ ਗੁਰੂ ਦੇ ਹੁਕਮ ਤੋਂ ਇਕ ਕਦਮ ਵੀ ਪਿੱਛੇ ਨਹੀਂ ਹਟੇ। ਅੰਮ੍ਰਿਤ ਦੀ ਦਾਤ ਦੇਣ ਵਾਲੇ ਦਿਨ ਹੀ ਹਜ਼ਾਰਾਂ ਸਿੱਖਾਂ ਨੇ ਅੰਮ੍ਰਿਤ ਪਾਨ ਕਰ ਲਿਆ। ਗੁਰੂ ਸਾਹਿਬ ਨੇ ਫੁਰਮਾਇਆ:
ਖ਼ਾਲਸਾ ਮੇਰੋ ਰੂਪ ਹੈ ਖਾਸ।
ਖ਼ਾਲਸੇ ਮਹਿ ਹਉ ਕਰਉਂ ਨਿਵਾਸ।
ਗੁਰੂ ਸਾਹਿਬ ਨੇ ਆਪਣੇ ਪਾਸ ਤਾਂ ਰੱਖਿਆ ਹੀ ਕੁਝ ਨਹੀਂ। ਜੇ ਖ਼ਾਲਸਾ ਹੈ ਤਾਂ ਉਹ ਵੀ ਵਾਹਿਗੁਰੂ ਦਾ ਹੈ, ਜੇ ਜੰਗਾਂ ਵਿਚ ਜਿੱਤਾਂ ਪ੍ਰਾਪਤ ਹੋਈਆਂ ਹਨ ਤਾਂ ਉਹ ਵੀ ਖ਼ਾਲਸੇ ਸਦਕਾ:
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਹਿ॥
ਕਿੰਨਾ ਮਾਣ ਦਿੱਤਾ ਖ਼ਾਲਸੇ ਨੂੰ:
ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈ,
ਨਹੀ ਮੋ ਸੇ ਗਰੀਬ ਕਰੋਰ ਪਰੇ॥
ਨੋਬਲ ਪੁਰਸਕਾਰ ਜੇਤੂ ਅਮਰੀਕੀ ਲਿਖਾਰੀ ਪਰਲ ਐਸ. ਬਕ ਲਿਖਦੀ ਹੈ ਕਿ 'ਖ਼ਾਲਸੇ ਦੀ ਸਿਰਜਣਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਭ ਤੋਂ ਮਹਾਨ ਕਾਰਜ ਸੀ। ਉਨ੍ਹਾਂ ਨੇ ਇਕ ਅਜਿਹਾ ਸ਼੍ਰੋਮਣੀ ਇਨਸਾਨ ਸਿਰਜਿਆ, ਜੋ ਕਿਸੇ ਵੀ ਜਾਤ-ਪਾਤ ਤੋਂ ਹਟ ਕੇ ਇਕ ਦੈਵੀ ਇਨਸਾਨ ਸੀ, ਜੋ ਜ਼ੁਲਮ ਦੇ ਖ਼ਿਲਾਫ਼ ਮੁਹਿੰਮ ਵਿੱਢਣ ਵਿਚ ਮੋਹਰੀ ਰਿਹਾ।' ਪ੍ਰਸਿੱਧ ਇਤਿਹਾਸਕਾਰ ਆਰਨਲਡ ਟੋਇਨ ਬੀ. ਲਿਖਦਾ ਹੈ ਕਿ 'ਖ਼ਾਲਸੇ ਦੀ ਸਿਰਜਣਾ, ਅੱਜ ਦੇ ਇਨਕਲਾਬੀ ਸੰਗਰਾਮਾਂ ਦਾ ਮੁੱਢ ਸੀ, ਜਿਸ ਨੇ ਇਕ ਧਾਰਮਿਕ ਫਿਰਕੇ ਨੂੰ ਆਪਾ ਵਾਰ ਦੇਣ ਵਾਲੀ ਜੁਝਾਰੂ ਕੌਮ ਵਿਚ ਤਬਦੀਲ ਕਰ ਦਿੱਤਾ।' ਇਤਿਹਾਸਕਾਰ ਗ੍ਰਿਫਿਨ ਖ਼ਾਲਸੇ ਦੀ ਸਿਰਜਣਾ ਨੂੰ 'ਰੂਹਾਨੀ ਸ਼ਕਤੀ' ਦਾ ਨਾਂਅ ਦਿੰਦਾ ਹੈ। ਇਹ ਇਤਿਹਾਸਕ ਹਵਾਲੇ ਦੇਣ ਦਾ ਮਨੋਰਥ ਇਹ ਹੀ ਕਿ ਖ਼ਾਲਸੇ ਦੀ ਸਿਰਜਣਾ ਕਰਕੇ ਦਸਮ ਪਾਤਿਸ਼ਾਹ ਨੇ ਉਹ ਮਹਾਨ ਕਾਰਜ ਕੀਤਾ, ਜਿਸ ਦੀ ਮਿਸਾਲ ਪੂਰੀ ਦੁਨੀਆ ਦੇ ਕਿਸੇ ਵੀ ਹੋਰ ਧਰਮ ਵਿਚ ਨਹੀਂ ਮਿਲਦੀ।
-ਮੋਬਾ: 94175-72732