ਦੁਆਬੇ ਦੀ ਧਰਤੀ ਨੂੰ ਮੀਰੀ-ਪੀਰੀ ਦੇ ਮਾਲਕ, ਬੰਦੀ ਛੋੜ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬਹੁਤ ਵੱਡਾ ਮਾਣ ਦਿੱਤਾ ਤੇ ਆਪਣੀ ਚਰਨ ਛੋਹ ਦੇ ਕੇ ਨਿਵਾਜਿਆ। ਦਸੂਹਾ ਤੋਂ ਜਲੰਧਰ ਨੂੰ ਜਾਂਦਿਆਂ ਲਗਭਗ ਤਿੰਨ ਕਿਲੋਮੀਟਰ ਰਾਸ਼ਟਰੀ ਰਾਜ ਮਾਰਗ ਤੋਂ ਥੋੜ੍ਹਾ ਹਟ ਕੇ ਚੜ੍ਹਦੇ ਪਾਸੇ ਨੂੰ ਘੁੱਗ ਵਸਦੇ ਪਿੰਡ ਬੋਦਲ ਦੇ ਬਾਹਰਵਾਰ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਸਥਿਤ ਹੈ। 1677 ਬਿਕਰਮੀ ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਗੁਰਮਤਿ ਦਾ ਪ੍ਰਚਾਰ ਤੇ ਪਸਾਰ ਕਰਦੇ ਹੋਏ ਇਸ ਅਸਥਾਨ 'ਤੇ ਪਹੁੰਚੇ। ਇੱਥੇ ਸੰਘਣਾ ਜੰਗਲ ਹੋਣ ਕਾਰਨ ਜਦੋਂ ਗੁਰੂ ਜੀ ਲੰਘ ਰਹੇ ਸਨ ਤਾਂ ਅਚਾਨਕ ਗਰਨੇ ਦੇ ਦਰੱਖ਼ਤ ਦਾ ਇਕ ਛਾਪਾ ਉਨ੍ਹਾਂ ਦੇ ਚੋਲੇ ਨਾਲ ਲੱਗ ਗਿਆ। ਉਨ੍ਹਾਂ ਨੇ ਆਪਣੇ ਨਾਲ ਆਏ ਸਿੱਖਾਂ ਨੂੰ ਹੁਕਮ ਦਿੱਤਾ ਕਿ ਇਸ ਸੁੱਕੇ ਛਾਪੇ ਨੂੰ ਧਰਤੀ 'ਚ ਗੱਡ ਦਿਓ। ਗੁਰੂ ਸਾਹਿਬ ਨੇ ਬਚਨ ਕੀਤਾ ਕਿ ਇਹ ਹਰਾ ਹੋਵੇਗਾ। ਇਹ ਵਰ ਦੇ ਕੇ ਗੁਰੂ ਜੀ ਅੱਗੇ ਵਧੇ ਤੇ ਮੁਕੇਰੀਆਂ ਰਾਹੀਂ ਹੁੰਦੇ ਹੋਏ ਨੌਸ਼ਹਿਰਾ ਪੱਤਣ ਅਤੇ ਬਿਆਸ ਨਦੀ ਨੂੰ ਪਾਰ ਕਰਕੇ ਗੁਰਦਾਸਪੁਰ, ਅੰਮ੍ਰਿਤਸਰ ਦੇ ਇਲਾਕੇ 'ਚ ਪਹੁੰਚ ਗਏ। ਇੱਧਰ ਕਾਫ਼ੀ ਸਮੇਂ ਬਾਅਦ ਕਰਤਾਰਪੁਰ ਤੋਂ ਚੱਲ ਕੇ ਕਪੂਰਥਲੇ ਰਾਹੀਂ ਹੁੰਦੇ ਹੋਏ ਆਲਮਪੁਰ, ਗਿਲਜੀਆਂ, ਮਿਆਣੀ, ਮੂਨਕ ਕਲਾਂ ਆਦਿ ਰਾਹੀਂ ਹੁੰਦੇ ਹੋਏ ਸੈਨਾ ਸਮੇਤ ਫਿਰ ਦੁਬਾਰਾ ਗੁਰੂ ਸਾਹਿਬ ਇਸ ਨਗਰ ਵਿਖੇ ਪੁੱਜੇ। ਇਸ ਅੱਠ ਸਾਲ ਦੇ ਵਕਫ਼ੇ ਦੌਰਾਨ ਉਸੇ ਗਰਨੇ ਦਾ ਉਹ ਛਾਪਾ ਇਕ ਵੱਡਾ ਦਰੱਖ਼ਤ ਬਣ ਗਿਆ। ਗੁਰੂ ਸਾਹਿਬ ਨੇ ਇੱਥੇ ਕੁਝ ਦਿਨ ਡੇਰਾ ਲਗਾਇਆ। ਉਪਰੰਤ ਪਿੰਡ ਬੋਦਲ ਤੋਂ ਚੱਲ ਕੇ ਪਿੰਡ ਉੱਚੀ ਬੱਸੀ ਰਾਹੀਂ ਬਿਆਸ ਨਦੀ ਨੂੰ ਪਾਰ ਕਰਦੇ ਹੋਏ ਉਹ ਸ੍ਰੀ ਹਰਿਗੋਬਿੰਦਪੁਰ ਵਿਖੇ ਪਹੁੰਚ ਗਏ। ਅੱਜ ਵੀ ਗਰਨੇ ਦਾ ਬੂਟਾ ਉਸੇ ਤਰ੍ਹਾਂ ਹਰਿਆ-ਭਰਿਆ ਲਹਿਰਾਅ ਰਿਹਾ ਹੈ। ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਖ਼ਾਲਸਾ ਸਾਜਨਾ ਦਿਹਾੜੇ ਮੌਕੇ ਵਿਸਾਖੀ ਦੇ ਮੇਲੇ ਲਈ ਦੁਆਬੇ ਦੇ ਖੇਤਰ 'ਚ ਆਪਣਾ ਅਹਿਮ ਸਥਾਨ ਰੱਖਦਾ ਹੈ। ਇੱਥੇ ਹਰ ਸਾਲ ਵੱਡੀ ਪੱਧਰ 'ਤੇ ਵਿਸਾਖੀ ਦਾ ਦਿਹਾੜਾ ਮਨਾਇਆ ਜਾਂਦਾ ਹੈ। ਸੰਗਤਾਂ ਵਿਸਾਖੀ ਦੇ ਦਿਹਾੜੇ 'ਤੇ ਨਤਮਸਤਕ ਹੋਣ ਲਈ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਇੰਗਲੈਂਡ ਤੇ ਹੋਰ ਦੇਸ਼ਾਂ ਤੋਂ ਪਹਿਲਾਂ ਹੀ ਪਹੁੰਚ ਜਾਂਦੀਆਂ ਹਨ ਤੇ ਰੌਣਕਾਂ 'ਚ ਵਾਧਾ ਕਰਦੀਆਂ ਹਨ। ਪਹਿਲਾਂ-ਪਹਿਲ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਵਿਖੇ ਵਿਸਾਖੀ ਦਾ ਮੇਲਾ ਸਿਰਫ਼ ਇਕ-ਅੱਧ ਦਿਨ ਲਈ ਹੀ ਮਨਾਇਆ ਜਾਂਦਾ ਸੀ ਪਰ ਸਮੇਂ ਦੇ ਬਦਲਣ ਨਾਲ ਹੁਣ ਚਾਰ ਦਿਨ ਲਗਾਤਾਰ ਵਿਸਾਖੀ ਦਾ ਮੇਲਾ ਚਲਦਾ ਹੈ ਤੇ ਲੱਖਾਂ ਦੀ ਗਿਣਤੀ 'ਚ ਸੰਗਤਾਂ ਇਸ ਮੇਲੇ ਵਿਚ ਸ਼ਿਰਕਤ ਕਰਦੀਆਂ ਹਨ। ਕਾਰ ਸੰਪ੍ਰਦਾਇ ਭੂਰੀ ਵਾਲੇ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵਲੋਂ ਇੱਥੇ ਆਲੀਸ਼ਾਨ ਆਧੁਨਿਕ ਇਮਾਰਤ ਦੀ ਉਸਾਰੀ ਕਰਵਾਈ ਜਾ ਰਹੀ ਹੈ। ਉਨ੍ਹਾਂ ਵਲੋਂ ਬਹੁਤ ਹੀ ਆਲੀਸ਼ਾਨ ਵੱਡਾ ਤੇ ਖੁੱਲ੍ਹਾ ਦੀਵਾਨ ਹਾਲ ਬਣਾਇਆ ਜਾ ਚੁੱਕਾ ਹੈ ਤੇ ਹੁਣ ਵਿਸ਼ਾਲ ਸਰੋਵਰ ਵੀ ਤਿਆਰ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਵਲੋਂ ਅਖੰਡ ਪਾਠ ਕਰਾਉਣ ਵਾਲੇ ਕਮਰਿਆਂ ਤੋਂ ਇਲਾਵਾ ਹੋਰ ਵੀ ਕਾਰਜ ਵੱਡੇ ਪੱਧਰ 'ਤੇ ਕਰਵਾਏ ਜਾ ਰਹੇ ਹਨ, ਜੋ ਬਹੁਤ ਸ਼ਲਾਘਾਯੋਗ ਕਦਮ ਹੈ। ਦੇਸ਼-ਵਿਦੇਸ਼ ਦੀ ਸੰਗਤ ਵਲੋਂ ਕਾਰ ਸੇਵਾ 'ਚ ਵਧ-ਚੜ੍ਹ ਕੇ ਹਿੱਸਾ ਲਿਆ ਜਾ ਰਿਹਾ ਹੈ। ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 14 ਅਪ੍ਰੈਲ ਨੂੰ ਵਿਸਾਖੀ ਦਾ ਸਾਲਾਨਾ ਜੋੜ ਮੇਲਾ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਮੈਨੇਜਰ ਸਰਬਜੀਤ ਸਿੰਘ ਟੇਰਕਿਆਣਾ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਐਸ.ਜੀ.ਪੀ.ਸੀ. ਮੈਂਬਰ ਜਥੇਦਾਰ ਤਾਰਾ ਸਿੰਘ ਸੱਲਾਂ, ਰਵਿੰਦਰ ਸਿੰਘ ਚੱਕ ਆਦਿ ਦੀ ਅਗਵਾਈ ਹੇਠ 11 ਅਪ੍ਰੈਲ ਨੂੰ ਅਖੰਡ ਪਾਠ ਆਰੰਭ ਕੀਤੇ ਗਏ ਤੇ 13 ਅਪ੍ਰੈਲ ਨੂੰ ਭੋਗ ਪਾਏ ਗਏ। 12 ਅਪ੍ਰੈਲ ਦੀ ਰਾਤ ਨੂੰ ਵੱਡੇ ਦੀਵਾਨ ਸਜਾਏ ਗਏ, ਜਿਨ੍ਹਾਂ 'ਚ ਉੱਚ ਕੋਟੀ ਦੇ ਪ੍ਰਸਿੱਧ ਰਾਗੀ, ਢਾਡੀ, ਕਵੀਸ਼ਰੀ ਜਥੇ, ਪ੍ਰਚਾਰਕ ਤੇ ਧਾਰਮਿਕ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ। 15 ਅਪ੍ਰੈਲ ਨੂੰ ਸਵੇਰੇ 10 ਵਜੇ ਅੰਮ੍ਰਿਤ ਸੰਚਾਰ ਵੀ ਹੋਵੇਗਾ।
-ਪਿੰਡ ਤੇ ਡਾਕਖਾਨਾ-ਥੇਂਦਾ-ਚਿੱਪੜਾ, ਤਹਿਸੀਲ-ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ। ਮੋ. : 94178-52672
ਇਤਿਹਾਸਕ ਗੁਰਦੁਆਰਾ ਸ੍ਰੀ ਗਰਨਾ ਸਾਹਿਬ, ਬੋਦਲ
ਅਜੀਤ ਡੈਸਕ
14-04-2026