ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2025

ਡਾ. ਅੰਬੇਡਕਰ ਦੀ ਖ਼ਤੋ-ਕਿਤਾਬਤ <br/>

Ad Position 21
No active advertisement
ਅਜੀਤ ਡੈਸਕ 13-04-2025

ਡਾ. ਭੀਮ ਰਾਓ ਅੰਬੇਡਕਰ ਇਕ ਯੁਗ ਪੁਰਸ਼ ਸਨ | ਆਪਣੀ ਤਮਾਮ ਜ਼ਿੰਦਗੀ ਉਨ੍ਹਾਂ ਸਦੀਆਂ ਤੋਂ ਹਨੇਰਾ ਢੋਅ ਰਹੇ ਦਲਿਤਾਂ, ਦਮਿਤਾਂ, ਪਛੜਿਆਂ ਅਤੇ ਬਹੁਜਨਾਂ ਦੇ ਲੇਖੇ ਲਾ ਕੇ ਉਨ੍ਹਾਂ ਦੇ ਦਰਾਂ-ਵਿਹੜਿਆਂ ਵਿਚ ਚਾਨਣ ਭਰ ਦਿੱਤਾ | ਇਸ ਲੰਬੇ ਸੰਘਰਸ਼ ਦੌਰਾਨ ਭਾਵੇਂ ਉਨ੍ਹਾਂ ਦੀ ਆਪਣੀ ਹਯਾਤੀ ਲੀਹੋਂ ਲਹਿ ਗਈ | ਤਿੰਨ ਬੇਟੇ ਅਤੇ ਇਕ ਬੇਟੀ ਬਚਪਨ ਵਿਚ ਹੀ ਦਵਾਈ ਖੁਣੋਂ ਮੁਕ ਗਏ, ਬਿਮਾਰੀਆਂ ਦੀ ਗਿ੍ਫ਼ਤ 'ਚ ਆਈ ਧਰਮ ਪਤਨੀ ਰਮਾਬਾਈ ਵੀ ਮਹਿਜ਼ ਸਾਢੇ ਤਿੰਨ ਦਹਾਕੇ ਦੀ ਜ਼ਿੰਦਗੀ ਹੀ ਬਸਰ ਕਰ ਸਕੀ | ਖ਼ੁਦ ਬਾਬਾ ਸਾਹਿਬ ਵੀ ਲੋੜੋਂ ਵੱਧ ਸਮਾਂ ਪੜ੍ਹਨ-ਲਿਖਣ ਦੇ ਲੇਖੇ ਲਾਉਂਦਿਆਂ ਅਨੇਕਾਂ ਰੋਗਾਂ ਦੇ ਮਾਰੂ ਪ੍ਰਭਾਵ ਹੇਠ ਆ ਗਏ | ਫਿਰ ਵੀ ਜ਼ਿੰਦਗੀ ਦੇ ਸਿਰਫ਼ ਸਾਢੇ ਛੇ ਦਹਾਕਿਆਂ ਵਿਚ ਦਲਿਤਾਂ ਦਮਿਤਾਂ ਨੂੰ ਸੰਵਿਧਾਨਕ ਤੌਰ 'ਤੇ ਉਹ ਹੱਕ-ਹਕੂਕ ਲੈ ਕੇ ਦੇ ਗਏ ਜਿਹੜੇ ਵੱਡੇ-ਵੱਡੇ ਮਹਾਂਪੁਰਸ਼ ਵੀ ਨਾ ਲੈ ਕੇ ਦੇ ਸਕੇ |
ਅਜੋਕੇ ਦੌਰ ਵਿਚ ਭਾਰਤ ਦੇ ਰਾਜਨੀਤਕ, ਸਮਾਜਿਕ, ਆਰਥਿਕ, ਧਾਰਮਿਕ ਅਤੇ ਸੱਭਿਆਚਾਰਕ ਤੌਰ 'ਤੇ ਉਠ ਰਹੇ ਸੰਘਰਸ਼ 'ਚ ਬਾਬਾ ਸਾਹਿਬ ਦਾ ਕੱਦ-ਬੁੱਤ ਬਹੁਤ ਵੱਡਾ ਬਣ ਕੇ ਉਭਰਿਆ ਹੈ | ਭਾਰਤ ਦੇ ਰਾਜਨੀਤਕ ਅਤੇ ਸਮਾਜਿਕ ਸੰਗਠਨਾਂ ਲਈ ਬਾਬਾ ਸਾਹਿਬ ਨੂੰ ਨਾਲ ਲੈ ਚਲਣਾ ਜ਼ਰੂਰੀ ਬਣ ਗਿਆ ਹੈ | ਇਨ੍ਹਾਂ ਸੰਗਠਨਾਂ ਵਿਚ ਉਨ੍ਹਾਂ ਦੀ ਵੀ ਕਮੀ ਨਹੀਂ, ਜਿਨ੍ਹਾਂ ਦੀ ਵਿਚਾਰਧਾਰਾ ਨਾਲ ਬਾਬਾ ਸਾਹਿਬ ਦਾ ਕੋਹਾਂ ਤੱਕ ਵੀ ਰਿਸ਼ਤਾ ਨਾਤਾ ਨਜ਼ਰ ਨਹੀਂ ਆਉਂਦਾ | ਬਾਬਾ ਸਾਹਿਬ ਦੁਆਰਾ ਲਿਖੇ 21 ਗ੍ਰੰਥਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਲਿਖਤਾਂ ਵਿਚ ਉਨ੍ਹਾਂ ਦੇ ਜੀਵਨ ਦਰਸ਼ਨ ਦੇ ਦੀਦਾਰ ਹੁੰਦੇ ਹਨ | ਪਰ ਹਥਲੇ ਲੇਖ ਵਿਚ ਗੱਲ ਸਿਰਫ਼ ਬਾਬਾ ਸਾਹਿਬ ਦੀ ਖ਼ਤੋ-ਕਿਤਾਬਤ ਤੱਕ ਹੀ ਸੀਮਤ ਰੱਖੀ ਜਾਵੇਗੀ, ਜਿਨ੍ਹਾਂ ਦੀ ਗਿਣਤੀ ਸਵਾ 200 ਦੇ ਕਰੀਬ ਬਣਦੀ ਹੈ | ਇਨ੍ਹਾਂ ਸਾਰੇ ਖ਼ਤਾਂ ਵਿਚ ਅੱਧੇ ਮਰਾਠੀ ਅਤੇ ਅੱਧੇ ਅੰਗਰੇਜ਼ੀ ਜ਼ੁਬਾਨ ਵਿਚ ਮਿਲਦੇ ਹਨ ਜਿਨ੍ਹਾਂ ਨੂੰ ਇਕੱਠੇ ਕਰ ਕੇ ਹਿੰਦੀ ਭਾਸ਼ਾ ਦੇ ਨਾਲ-ਨਾਲ ਹੋਰ ਜ਼ੁਬਾਨਾਂ ਵਿਚ ਵੀ ਛਾਪਿਆ ਜਾ ਰਿਹਾ ਹੈ |
ਇਨ੍ਹਾਂ ਖ਼ਤਾਂ ਨੂੰ ਪੜ੍ਹਦਿਆਂ-ਗੁੜ੍ਹਦਿਆਂ ਬਾਬਾ ਸਾਹਿਬ ਦਾ ਜੀਵਨ ਦਰਸ਼ਨ ਸਪੱਸ਼ਟ ਰੂਪ ਵਿਚ ਨਿੱਤਰ ਕੇ ਸਾਹਮਣੇ ਆਉਂਦਾ ਹੈ ਕਿ ਕਿਵੇਂ ਉਹ ਜੀਵਨ ਵਿਚ ਆਈਆਂ ਕਠਿਨਾਈਆਂ ਨਾਲ ਜੂਝਦੇ ਹੋਏ ਢੁਕਵੇਂ ਹੱਲ ਕੱਢਦੇ ਰਹੇ | ਡਾ. ਅੰਬੇਡਕਰ ਦੀ ਖ਼ਤੋ-ਕਿਤਾਬਤ ਕੋਲੰਬੀਆ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਅਤੇ ਹੋਰ ਅਦਬੀ ਹਸਤੀਆਂ ਤੋਂ ਸ਼ੁਰੂ ਹੋ ਕੇ ਕੋਹਲਾਪੁਰ ਦੇ ਮਹਾਰਾਜ ਸ਼ਾਹੂ ਜੀ, ਮਹਾਤਮਾ ਗਾਂਧੀ, ਸਾਵਰਕਰ, ਅਧਿਆਪਕ ਸ਼ਿਵਤਰਕਰ, ਰਮਾਬਾਈ, ਬਾਲ ਗੰਗਾਧਰ ਤਿਲਕ ਦੇ ਬੇਟੇ ਐੱਸ. ਬੀ. ਤਿਲਕ, ਗਵਰਨਰ ਬੰਬਈ ਫ੍ਰੈਡਰਿਕ ਸਾਇਕਸ, ਅਨੇਕਾਂ ਸਮਾਜਿਕ ਸੰਗਠਨਾਂ ਆਦਿ ਨਾਲ ਹੁੰਦੀ ਰਹੀ |
ਬਾਬਾ ਸਾਹਿਬ ਵਲੋਂ ਲਿਖੇ ਖ਼ਤਾਂ ਵਿਚ ਉਨ੍ਹਾਂ ਦੇ ਕੰਮ ਕਰਨ ਦਾ ਢੰਗ, ਸਮਾਜਿਕ ਮਸਲਿਆਂ ਨੂੰ ਸੁਲਝਾਉਣ ਦੀ ਚਿੰਤਾ, ਸਮਾਜ ਨੂੰ ਸੰਗਠਿਤ ਕਰਕੇ ਰੱਖਣ ਦੀਆਂ ਸਕੀਮਾਂ, ਨਿੱਜੀ ਕੰਮਾਂ ਨਾਲੋਂ ਸਮਾਜਿਕ ਕੰਮਾਂ ਨੂੰ ਤਰਜੀਹ ਦੇਣ ਦੇ ਨਾਲ ਨਾਲ ਵਿਸ਼ੇ ਦੀ ਸਪੱਸ਼ਟਤਾ, ਸਧਾਰਨ ਭਾਸ਼ਾ, ਸਹਿਜਤਾ, ਸਮਰਪਣ ਅਤੇ ਸੰਘਰਸ਼ ਦੀ ਵੇਦਨਾ ਸੁਣਾਈ ਦਿੰਦੀ ਹੈ | ਅੱਜ ਦੇ ਇਲੈੱਕਟ੍ਰੋਨਿਕ ਯੁਗ ਵਿਚ ਸਾਡੇ ਫੋਨ 'ਤੇ ਹਜ਼ਾਰਾਂ ਦੀ ਤਾਦਾਦ ਵਿਚ ਸੰਵੇਦਨਾ ਤੋਂ ਸੱਖਣੇ ਆ ਜਾ ਰਹੇ ਸੁਨੇਹਿਆਂ ਦੀ ਭਰਮਾਰ ਦੇ ਦੌਰ ਵਿਚ ਇਨ੍ਹਾਂ ਖ਼ਤਾਂ ਦੀ ਮਹੱਤਤਾ ਹੋਰ ਵੀ ਸਾਰਥਕ ਜਾਪਦੀ |
ਖ਼ਤਾਂ ਦਾ ਸਾਹਿਤ ਵਿਚ ਵੈਸੇ ਵੀ ਆਪਣਾ ਇਕ ਅਹਿਮ ਸਥਾਨ ਹੈ | ਖ਼ਤਾਂ ਵਿਚਲੀ ਮੋਹ-ਮੁਹੱਬਤ, ਆਪਣੇਪਨ ਦਾ ਅਹਿਸਾਸ ਖ਼ਤ ਲਿਖਣ ਵਾਲੇ ਅਤੇ ਪੜ੍ਹਨ ਵਾਲੇ ਨੂੰ ਇਕ-ਮਿਕ ਕਰ ਦਿੰਦਾ ਹੈ | ਇਨ੍ਹਾਂ ਦੀ ਇਬਾਰਤ ਨੂੰ ਵਾਰ-ਵਾਰ ਪੜ੍ਹਨ ਨੂੰ ਮਨ ਕਰਦਾ ਹੈ | ਬਾਬਾ ਸਾਹਿਬ ਦੁਆਰਾ ਲਿਖੇ ਖ਼ਤਾਂ ਨੂੰ ਪੜ੍ਹ ਕੇ ਉਨ੍ਹਾਂ ਦੇ ਅੰਤਰਮਨ ਦੀਆਂ ਝਾਕੀਆਂ ਨਾਲ ਸਾਂਝ ਪੈਦਾ ਹੁੰਦੀ ਹੈ | 1913 ਈਸਵੀ ਵਿਚ ਜਦੋਂ ਉਹ ਕੋਲੰਬੀਆ ਯੂਨੀਵਰਸਿਟੀ ਵਿਚ ਪੜ੍ਹਨ ਗਏ ਤਾਂ ਆਪਣੇ ਪਿਤਾ ਦੇ ਦੋਸਤ ਜਮਾਂਦਾਰ ਸ਼ਿਵਨਾਕ ਨੂੰ ਖ਼ਤ ਲਿਖਦੇ ਹੋਏ ਕਹਿੰਦੇ ਹਨ ਕਿ ਮੈਨੂੰ ਇੱਥੋਂ ਦਾ ਭੋਜਨ ਪਸੰਦ ਨਹੀਂ | ਭੋਜਨ ਜ਼ਿਆਦਾ ਕਰਕੇ ਨਾਨ-ਵੈੱਜ ਹੀ ਮਿਲਦਾ ਹੈ ਅਤੇ ਪਕਾਇਆ ਵੀ ਚੰਗੀ ਤਰ੍ਹਾਂ ਨਾਲ ਨਹੀਂ ਹੁੰਦਾ | ਇਵੇਂ ਦਾ ਖਾਣਾ ਖਾ ਕੇ ਮੇਰੀ ਸਿਹਤ ਠੀਕ ਨਹੀਂ ਰਹਿੰਦੀ | ਪਰ ਇਸ ਤਰ੍ਹਾਂ ਦੀਆਂ ਗੱਲਾਂ ਉਹ ਆਪਣੇ ਘਰਦਿਆਂ ਨਾਲ ਸਾਂਝੀਆਂ ਨਹੀਂ ਸਨ ਕਰਦੇ | ਘਰਦਿਆਂ ਨੂੰ ਉਹ ਹਮੇਸ਼ਾ ਆਪਣੇ 'ਚੜ੍ਹਦੀ ਕਲਾ' ਵਿਚ ਹੀ ਹੋਣ ਬਾਰੇ ਲਿਖਦੇ | ਭਾਵੇਂ ਉੱਥੇ ਖਾਣੇ ਲਈ ਤੜਪ ਰਹੇ ਹੋਣ ਜਾਂ ਫੀਸ ਲਈ | ਇਸੇ ਖ਼ਤ ਵਿਚ ਉਹ ਬੜੀ ਖ਼ਰੀ ਗੱਲ ਸਾਂਝੀ ਕਰਦੇ ਹਨ ਕਿ ਇਨਸਾਨਾਂ ਦੀ ਜ਼ਿੰਦਗੀ ਵਿਚ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ | ਅਜਿਹੀਆਂ ਮੁਸ਼ਕਿਲਾਂ ਨਾਲ ਲੜ ਕੇ ਜੇਕਰ ਨਦੀ ਨੂੰ ਪਾਰ ਕਰ ਲਿਆ ਤਾਂ ਕਿਸਮਤ ਬਣ ਜਾਂਦੀ ਹੈ ਅਤੇ ਜੇਕਰ ਨਜ਼ਰਅੰਦਾਜ਼ ਕਰ ਦਿੱਤਾ ਤਾਂ ਜੀਵਨ ਭਰ ਦਾ ਸਫ਼ਰ ਲੀਹੋਂ ਲਹਿ ਜਾਂਦਾ ਹੈ ਅਤੇ ਕਸ਼ਟਾਂ ਨਾਲ ਭਰ ਜਾਂਦਾ ਹੈ |
ਉਨ੍ਹਾਂ ਵਲੋਂ ਰਮਾਬਾਈ ਨੂੰ ਲਿਖੇ ਖ਼ਤਾਂ ਨੂੰ ਪੜ੍ਹ ਕੇ ਤਾਂ ਕਾਲਜੇ ਦਾ ਰੁੱਗ ਭਰ ਜਾਂਦਾ ਹੈ | ਪਤਾ ਨਹੀਂ ਕਿਸ ਮਿੱਟੀ ਦੇ ਬਣੇ ਹੋਏ ਸਨ ਇਹ ਮੀਆਂ-ਬੀਵੀ | ਦੋਵੇਂ ਭਾਵੇਂ ਅੰਦਰੋਂ ਤੰਗੀਆਂ-ਤੁਰਸ਼ੀਆਂ ਕਾਰਨ ਜਿੰਨੇ ਮਰਜ਼ੀ ਦੁਖੀ ਹੋਣ ਪਰ ਕਦੇ ਸਹਿਜਤਾ ਦਾ ਪੱਲਾ ਨਹੀਂ ਸਨ ਛੱਡਦੇ | ਰਮਾਬਾਈ ਜਿਸ ਨੂੰ ਬਾਬਾ ਸਾਹਿਬ ਪਿਆਰ ਨਾਲ 'ਰਾਮੂ' ਕਹਿੰਦੇ ਸਨ, ਨੇ ਜਦੋਂ ਉਨ੍ਹਾਂ ਨੂੰ ਆਪਣੇ ਬੇਟੇ ਗੰਗਾਧਰ ਦੀ ਡਿਗ ਰਹੀ ਤਬੀਅਤ ਬਾਰੇ ਲਿਖਿਆ ਤਾਂ ਬਾਬਾ ਸਾਹਿਬ ਨੇ ਮਨ 'ਤੇ ਪੱਥਰ ਧਰ ਕੇ ਕਿਹਾ ਕਿ ਤੂੰ ਚਿੰਤਾ ਨਾ ਕਰ | ਦਵਾਈ-ਦਾਰੂ ਕਰੀ ਜਾਹ | ਬਾਕੀ ਕਿਸਮਤ 'ਤੇ ਛੱਡ ਦੇ | ਪਰ ਦਵਾਈ ਦੀ ਕਿੱਲਤ ਕਾਰਨ ਗੰਗਾਧਰ ਬਚ ਨਹੀਂ ਸੀ ਸਕਿਆ |
ਬਾਬਾ ਸਾਹਿਬ ਨੂੰ ਵਿਦੇਸ਼ ਬੈਠਿਆਂ ਆਪਣੇ ਪਰਿਵਾਰ ਦੀ ਪੜ੍ਹਾਈ ਦੀ ਚਿੰਤਾ ਸਤਾਉਂਦੀ ਰਹਿੰਦੀ | ਉਹ ਸਪੈਸ਼ਲ ਤਿੰਨ ਰੁਪਏ ਮਹੀਨਾ ਅਧਿਆਪਕ ਦਾ ਪ੍ਰਬੰਧ ਕਰ ਕੇ ਗਏ ਸਨ, ਜਿਹੜਾ ਰਮਾਬਾਈ ਅਤੇ ਉਨ੍ਹਾਂ ਦੇ ਪਰਿਵਾਰ ਦੇ ਬੱਚਿਆਂ ਨੂੰ ਘਰ ਪੜ੍ਹਾਉਣ ਆਉਂਦਾ ਸੀ | ਇਕ ਥਾਂ 'ਤੇ ਉਹ ਆਪਣੀ ਪਤਨੀ ਨੂੰ ਲਿਖਦੇ ਹਨ ਕਿ ਰਾਮੂ, ਜੇਕਰ ਤੇਰੇ ਕੋਲ ਪੈਸੇ ਖ਼ਤਮ ਹੋ ਜਾਣ ਤਾਂ ਆਪਣੇ ਗਹਿਣੇ ਵੇਚ ਕੇ ਕੰਮ ਚਲਾ ਲਵੀਂ | ਮੈਂ ਵਾਪਸ ਆਉਣ ਉਪਰੰਤ ਤੈਨੂੰ ਗਹਿਣੇ ਬਣਾ ਦਿਆਂਗਾ |
ਰਮਾਬਾਈ ਨੇ ਬਾਬਾ ਸਾਹਿਬ ਤੋਂ ਕੀ ਮੱਦਦ ਲੈਣੀ ਸੀ | ਉਹ ਤਾਂ ਆਪ ਗੋਹੇ ਦੀਆਂ ਪਾਥੀਆਂ ਵੇਚ-ਵੇਚ ਇਕੱਠੇ ਕੀਤੇ ਪੈਸੇ ਉਨ੍ਹਾਂ ਨੂੰ ਵਿਦੇਸ਼ ਭੇਜਦੀ ਰਹੀ ਤਾਂ ਕਿ ਉਹ ਆਪਣੀ ਪੜ੍ਹਾਈ ਪੂਰੀ ਕਰ ਸਕਣ | ਰਮਾਬਾਈ ਦੀ ਸਿਹਤ ਠੀਕ ਨਹੀਂ ਸੀ ਰਹਿੰਦੀ | ਪਰ ਇਸ ਆਇਰਨ ਲੇਡੀ ਨੇ ਕਦੀ ਵੀ ਬਾਬਾ ਸਾਹਿਬ ਨਾਲ ਕੋਈ ਸ਼ਿਕਵਾ ਜ਼ਾਹਿਰ ਨਹੀਂ ਸੀ ਕੀਤਾ |
ਵਿਦਿਆਰਥੀਆਂ ਦੀ ਪੜ੍ਹਾਈ ਲਈ ਪੀਪਲਜ਼ ਐਜੂਕੇਸ਼ਨ ਸੁਸਾਇਟੀ ਅਤੇ ਖ਼ਾਲਸਾ ਕਾਲਜ ਬੰਬਈ ਵਰਗੀਆਂ ਵੱਡੀਆਂ ਸੰਸਥਾਵਾਂ ਦੀ ਜੜ੍ਹ ਲਾਉਣ ਵਾਲੇ ਭੀਮ ਰਾਓ ਆਪਣੀ ਪੜ੍ਹਾਈ ਦਾ ਕਰਜ਼ਾ ਵਾਪਸ ਕਰਨ ਲਈ ਕੋਹਲਾਪੁਰ ਦੇ ਮਹਾਰਾਜਾ ਨੂੰ ਖ਼ਤ ਲਿਖਦੇ ਰਹੇ |
'ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਹੈ' ਦਾ ਨਾਅਰਾ ਲਾਉਣ ਵਾਲੇ ਬਾਲ ਗੰਗਾਧਰ ਤਿਲਕ ਨੇ ਜਦੋਂ 'ਜਾਤ ਪਾਤ ਦਾ ਖ਼ਾਤਮਾ ਹੀ ਮੇਰਾ ਜਨਮ ਸਿੱਧ ਅਧਿਕਾਰ ਹੈ' ਦਾ ਨਾਅਰਾ ਲਾਉਣ ਵਾਲੇ ਡਾ. ਅੰਬੇਡਕਰ ਦਾ ਇਸ਼ਤਿਹਾਰ ਆਪਣੀ ਅਖ਼ਬਾਰ 'ਕੇਸਰੀ' ਵਿਚ ਛਾਪਣ ਤੋਂ ਮਨ੍ਹਾਂ ਕੀਤਾ ਤਾਂ ਬਾਬਾ ਸਾਹਿਬ ਨੇ ਆਪਣਾ ਅਖ਼ਬਾਰ ਕੱਢਣ ਬਾਰੇ ਸੋਚਿਆ ਹੀ ਨਹੀਂ ਸਗੋਂ ਸਮੇਂ-ਸਮੇਂ 'ਤੇ ਚਾਰ ਅਖ਼ਬਾਰ ਮੂਕਨਾਇਕ, ਬਹਿਸ਼ਕਿ੍ਤ ਭਾਰਤ, ਸਮਤਾ ਅਤੇ ਜਨਤਾ ਕੱਢੇ | ਅਖ਼ਬਾਰ ਦੀਆਂ ਲੋੜਾਂ, ਦਿਕਤਾਂ, ਸਾਧਨਾਂ ਦੀ ਚਿੰਤਾ ਸੰਬੰਧੀ ਉਨ੍ਹਾਂ ਦੀ ਆਪਣੇ ਅਧਿਆਪਕ ਸ਼ਿਵਤਰਕਰ ਨਾਲ ਲਗਾਤਾਰ ਖ਼ਤੋ ਕਿਤਾਬਤ ਹੁੰਦੀ ਰਹੀ | ਏਨਾ ਹੀ ਨਹੀਂ, ਤਿਲਕ ਦਾ ਬੇਟਾ ਐੱਸ. ਬੀ. ਤਿਲਕ ਬਾਬਾ ਸਾਹਿਬ ਨਾਲ ਖ਼ਤਾਂ ਰਾਹੀਂ ਅਤੇ ਆਪਣੇ 'ਸਮਤਾ ਸਮਾਜ ਸੰਘ' ਦੀਆਂ ਸਰਗਰਮੀਆਂ ਦੁਆਰਾ ਲਗਾਤਾਰ ਜੁੜਿਆ ਰਿਹਾ | ਉਹ ਬਾਬਾ ਸਾਹਿਬ ਦਾ ਬਹੁਤ ਕਦਰਦਾਨ ਸੀ | ਉਸ ਦੇ ਆਤਮ ਹੱਤਿਆ ਕਰਨ ਦੀ ਖ਼ਬਰ ਸੁਣ ਕੇ ਬਾਬਾ ਸਾਹਿਬ ਕਈ ਦਿਨ ਸੁੰਨ ਰਹੇ |
ਸਾਵਰਕਰ ਅਤੇ ਮਹਾਤਮਾ ਗਾਂਧੀ ਵਲੋਂ ਛੂਆ-ਛਾਤ ਨੂੰ ਖ਼ਤਮ ਕਰਨ ਲਈ ਚੁੱਕੇ ਕਦਮਾਂ 'ਤੇ ਵਿਅੰਗ ਕਰਦਿਆਂ ਬਾਬਾ ਸਾਹਿਬ ਆਪਣੇ ਖ਼ਤਾਂ ਵਿਚ ਸਾਫ਼ ਲਿਖਦੇ ਹਨ ਕਿ ਤੁਹਾਡੇ ਇਹ ਯਤਨ ਸਰਾਹੁਣਯੋਗ ਤਾਂ ਹਨ ਪਰ ਇਸ ਦੈਂਤ ਤੋਂ ਛੁਟਕਾਰੇ ਲਈ ਇਹ ਯਤਨ ਮਹਿਜ਼ ਦਰਖ਼ਤਾਂ ਦੇ ਪੱਤੇ ਝਾੜਨ ਤੁਲ ਹਨ ਜਦ ਕਿ ਲੋੜ ਇਸ ਦਰੱਖ਼ਤ ਦੀਆਂ ਜੜ੍ਹਾਂ 'ਤੇ ਵਾਰ ਕਰਨ ਦੀ ਹੈ |
ਬਾਬਾ ਸਾਹਿਬ ਦੇ ਖ਼ਤਾਂ ਨੂੰ ਪੜਚੋਲਦਿਆਂ ਮੈਂ ਮਹਿਸੂਸਿਆ ਕਿ ਇਨ੍ਹਾਂ ਦੀ ਮਹੱਤਤਾ ਉਨ੍ਹਾਂ ਦੀਆਂ ਲਿਖਤਾਂ ਤੋਂ ਰਤਾ ਭਰ ਵੀ ਘੱਟ ਨਹੀਂ | ਸਗੋਂ ਇਹ ਥੋੜ੍ਹੇ ਵਿਚ ਬਹੁਤਾ ਕੁਝ ਹਾਸਿਲ ਕਰਨ ਦਾ ਹੀਲਾ ਹਨ | ਸੰਗਠਨਾਂ ਨੂੰ ਮੋਹ ਕਰਨ ਵਾਲੇ ਬਾਬਾ ਸਾਹਿਬ ਇਕ ਮਹਾਰ ਸੰਗਠਨ ਨੂੰ ਖ਼ਤ ਵਿਚ ਸੰਬੋਧਨੀ ਭਾਸ਼ਾ 'ਚ ਲਿਖਦੇ ਹਨ, ''...ਤੁਹਾਨੂੰ ਕਿੰਨਾ ਵੀ ਦੁੱਖ ਤਕਲੀਫ਼ ਕਿਉਂ ਨਾ ਹੋਵੇ ਪਰ ਆਪਣੀ ਪ੍ਰਤੀਬੱਧਤਾ ਤੋਂ ਕਦੀ ਮੂੰਹ ਨਾ ਮੋੜਿਓ | ਕੋਈ ਵੀ ਚੀਜ਼ ਸੌਖਿਆਂ ਨਹੀਂ ਮਿਲਦੀ | ਇਸ ਦੇ ਲਈ ਦੱੁਖ ਅਤੇ ਪ੍ਰੇਸ਼ਾਨੀ ਤਾਂ ਭੋਗਣੀ ਹੀ ਪੈਂਦੀ ਹੈ | ਅਜਿਹੇ ਦੁਖਾਂ ਅਤੇ ਪ੍ਰੇਸ਼ਾਨੀਆਂ ਤੋਂ ਡਰ ਕੇ ਜੇਕਰ ਤੁਸੀਂ ਆਪਣੇ ਭਲੇ ਦੀਆਂ ਗੱਲਾਂ ਕਰਨੀਆਂ ਛੱਡ ਦਿੱਤੀਆਂ ਤਾਂ ਤੁਸੀਂ ਮਰਦ ਨਹੀਂ, ਨਾ-ਮਰਦ ਹੋਵੋਗੇ, ਲੋਕ ਤੁਹਾਡੇ ਬਾਰੇ ਇੰਜ ਕਹਿਣਗੇ ਕਿ ਅਜਿਹੀ ਨਾ-ਮਰਦਾਂ ਵਾਲੀ ਜ਼ਿੰਦਗੀ ਨਾਲੋਂ ਤਾਂ ਮਰਨਾ ਚੰਗਾ ਹੈ... |''
ਤਮਾਮ ਜ਼ਿੰਦਗੀ ਬਹੁਜਨਾਂ ਦੇ ਹੱਕਾਂ ਲਈ ਸੰਘਰਸ਼ ਦੇ ਨਾਮੇ ਲਾਉਣ ਵਾਲੀ ਇਸ ਸ਼ਖ਼ਸੀਅਤ ਨੂੰ 134ਵੇਂ ਜਨਮ ਦਿਨ 'ਤੇ ਸਲਾਮ |

-ਮੋਬਾਇਲ: 98158-25999

Ad Position 22
No active advertisement
ਪਿਛਲੀ ਖ਼ਬਰ Kaniya 04-12-2025 ਅਗਲੀ ਖ਼ਬਰ ਬੜੀ ਦਿਲਚਸਪ ਹੈ ਫ਼ਿਲਮੀ ਦੁਨੀਆ ਦੀ 'ਵਿਸਾਖੀ' <br/>
Ad Position 24
No active advertisement