ਕੁਦਰਤ ਵਲੋਂ ਕਈ ਵਿਲੱਖਣ ਨਿਹਮਤਾਂ ਨਾਲ ਨਿਵਾਜੀ ਪੰਜਾਂ ਪਾਣੀਆਂ ਦੀ ਧਰਤੀ ਪੰਜਾਬ ਤਿਉਹਾਰਾਂ ਤੇ ਮੇਲਿਆਂ ਦੀ ਅਮੀਰ ਵਿਰਾਸਤ ਨਾਲ ਸਰਸ਼ਾਰ ਹੈ | ਜ਼ਰਖ਼ੇਜ਼ ਭੂਮੀ ਤੇ ਲਹਿਲਹਾਉਂਦੀਆਂ ਫਸਲਾਂ ਕੁਦਰਤ ਵਲੋਂ ਵਰਸਾਏ ਸੰਗੀਤ ਦਾ ਅਗੰਮੀ ਨਗਮਾ ਛੇੜਦੀਆਂ ਸਨ | ਸੱਚੀ ਸੁੱਚੀ ਕਿਰਤ ਨੂੰ ਪ੍ਰਣਾਇਆ ਇਸ ਧਰਤੀ ਦਾ ਵਾਸੀ ਮਿਹਨਤ ਤੇ ਸਿਰੜ ਨਾਲ ਇਸ ਧਰਤੀ ਨੂੰ ਵਾਹੁੰਦਾ-ਬੀਜਦਾ, ਗੁੱਡਦਾ, ਸਿੰਜਦਾ ਤੇ ਪੁੱਤਾਂ ਵਾਂਗ ਫਸਲਾਂ ਨੂੰ ਪਾਲਦਾ ਕੋਈ ਕਰਮਯੋਗੀ ਸੀ | ਗੁਰੂ ਸਾਹਿਬਾਨ ਅਤੇ ਸਿੱਖ ਇਤਿਹਾਸ ਨਾਲ ਜੁੜੇ ਇਸ ਧਰਤੀ 'ਤੇ ਅਨੇਕਾਂ ਤਿਉਹਾਰ ਮਨਾਏ ਜਾਂਦੇ ਹਨ | ਇਨ੍ਹਾਂ ਪੁਰਬਾਂ ਵਿਚੋਂ ਹੀ ਵਿਸਾਖੀ ਦਾ ਤਿਉਹਾਰ ਆਪਣੇ ਅੰਦਰ ਬਹੁਤ ਹੀ ਸ਼ਾਨਾਮੱਤਾ ਇਤਿਹਾਸ ਸਮੋਈ ਬੈਠਾ ਹੈ | ਇਹ ਤਿਉਹਾਰ ਸਦੀਆਂ ਤੋਂ ਮੇਲੇ ਦੇ ਰੂਪ ਵਿਚ ਪੰਜਾਬੀਆਂ ਦੀ ਜਿੰਦ-ਜਾਨ ਬਣਿਆ ਹੋਇਆ ਹੈ |
ਵਿਸਾਖੀ ਵੀ ਕਣਕ ਦੀ ਵਾਢੀ ਨਾਲ ਜੁੜਿਆ ਰਾਂਗਲਾ ਤਿਉਹਾਰ ਹੈ | ਇਹ ਦਿਹਾੜਾ ਇਤਿਹਾਸ ਦੇ ਪੰਨਿਆਂ ਵਿਚ ਉਦੋਂ ਹੋਰ ਵੀ ਗੂੜ੍ਹਾ ਹੋ ਗਿਆ ਜਦੋਂ 1699 ਈ. ਦੀ ਵਿਸਾਖੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਸਿਰਜਣਾ ਦੇ ਅਦੁੱਤੀ ਤੇ ਨਿਵੇਕਲੇ ਸੰਕਲਪ ਦਾ ਮੁੱਢ ਬੰਨਿ੍ਹਆ | ਪੂਰੇ ਦੇਸ਼ ਵਿਚੋਂ ਇਕੱਤਰ ਹੋਏ ਲੋਕਾਂ ਦੇ ਭਰਵੇਂ ਇਕੱਠ ਵਿਚ ਗੁਰੂ ਜੀ ਨੇ ਹੱਥ ਵਿਚ ਕਿਰਪਾਨ ਲੈ ਕੇ ਪੰਜ ਸਿਰਾਂ ਦੀ ਮੰਗ ਕੀਤੀ | ਇਕੱਠ ਵਿਚ ਖ਼ਾਮੋਸ਼ੀ ਪਸਰ ਗਈ, ਪਰ ਇਸ ਦੇ ਬਾਵਜੂਦ ਗੁਰੂ ਜੀ ਦੀ ਵੰਗਾਰ ਨੂੰ ਕਬੂਲਦਿਆਂ ਲਾਹੌਰ ਦਾ ਦਇਆ ਰਾਮ, ਦਿੱਲੀ ਵਾਸੀ ਧਰਮ ਚੰਦ, ਜਗਨਨਾਥਪੁਰੀ ਦਾ ਹਿੰਮਤ ਰਾਏ, ਦਵਾਰਕਾਪੁਰੀ ਦਾ ਮੋਹਕਮ ਚੰਦ ਤੇ ਬਿਦਰ ਵਾਸੀ ਸਾਹਿਬ ਚੰਦ ਆਪਣੇ-ਆਪ ਨੂੰ ਗੁਰੂੁ ਨੂੰ ਸਮਰਪਿਤ ਕਰਨ ਲਈ ਨਿੱਤਰੇ | ਇਨ੍ਹਾਂ ਪੰਜਾਂ ਨੂੰ ਅੰਮਿ੍ਤ ਛਕਾ ਕੇ ਗੁਰੂ ਜੀ ਨੇ ਸਿੰਘ ਸਾਜਿਆ ਤੇ ਨਵੇਂ ਸੰਕਲਪਾਂ ਨਾਲ ਨਵੇਂ ਮਨੁੱਖ ਦੀ ਸਿਰਜਣਾ ਕੀਤੀ | ਉਨ੍ਹਾਂ ਸਮਿਆਂ ਵਿਚ ਭਾਰਤੀ ਸਮਾਜ ਵਿਚ ਪਸਰੀ ਜਾਤਾਂ-ਪਾਤਾਂ ਤੇ ਹੋਰ ਸਮਾਜਿਕ ਵਲਗਣਾਂ ਦੀ ਬਿਮਾਰ ਮਾਨਸਿਕਤਾ ਤੋਂ ਉੱਪਰ ਉੱਠ ਕੇ ਅਜਿਹੇ ਖ਼ਾਲਸੇ ਦੀ ਸਿਰਜਣਾ ਕੀਤੀ, ਜਿਸ ਦੀ ਸੋਚ ਤੇ ਦਿ੍ਸ਼ਟੀ ਸਰਬ ਸਾਂਝੀਵਾਲਤਾ ਦੇ ਆਦਰਸ਼ਾਂ ਨੂੰ ਪ੍ਰਣਾਈ ਹੋਈ ਸੀ | ਅਜਿਹੇ ਖ਼ਾਲਸੇ ਨੇ ਹੀ ਜਬਰ ਤੇ ਜ਼ੁਲਮ ਵਿਰੁਧ ਡਟ ਕੇ ਆਵਾਜ਼ ਉਠਾਈ | ਇਹ ਉਨ੍ਹਾਂ ਸਮਿਆਂ ਦੀ ਸਮਾਜਿਕ ਕ੍ਰਾਂਤੀ ਸੀ, ਜਿਸ ਦੀ ਬਦੌਲਤ ਅਜਿਹੇ ਮਨੁੱਖ ਦੀ ਸਿਰਜਣਾ ਕੀਤੀ ਗਈ ਜੋ ਅਣਖ ਤੇ ਗ਼ੈਰਤ ਨੂੰ ਪ੍ਰਣਾਇਆ, ਜ਼ੁਲਮ ਤੇ ਜਬਰ ਵਿਰੁਧ ਡਟਣ ਵਾਲਾ, ਕਿਸੇ ਨਿਤਾਣੇ ਦਾ ਤਾਣ ਬਣਨ ਵਾਲਾ, ਭਗਤੀ, ਸ਼ਕਤੀ, ਸੰਜਮ, ਨਿਰਭੈ, ਨਿਰਵੈਰ ਤੇ ਨਿਰਮਾਣਤਾ ਜਿਹੇ ਆਦਰਸ਼ਾਂ ਦਾ ਧਾਰਨੀ ਸੀ | ਜਲਿ੍ਹਆਂਵਾਲੇ ਬਾਗ਼ ਦਾ ਇਤਿਹਾਸਕ ਸਾਕਾ ਵੀ ਅਪ੍ਰੈਲ 1919 ਵਿਚ ਵਿਸਾਖੀ ਵਾਲੇ ਦਿਨ ਹੀ ਵਾਪਰਿਆ | ਇਹ ਖ਼ੂਨੀ ਵਿਸਾਖੀ ਪੰਜਾਬੀਆਂ ਵਲੋਂ ਸਾਂਝੇ ਰੂਪ ਵਿਚ ਆਜ਼ਾਦੀ ਲਈ ਡੋਲ੍ਹੇ ਖ਼ੂਨ ਦਾ ਗਵਾਹ ਹੈ | ਇਸ ਇਤਿਹਾਸਕ ਘਟਨਾ ਨੇ ਦੇਸ਼ ਦੀ ਆਜ਼ਾਦੀ ਲਈ ਅੰਗਰੇਜ਼ੀ ਹਕੂਮਤ ਦੇ ਖਿਲਾਫ਼ ਇਕ ਰੋਹ ਪੈਦਾ ਕਰ ਦਿੱਤਾ | ਪੰਜਾਬੀ ਲੋਕ ਸਾਹਿਤ ਵਿਚ ਵੀ ਕਣਕ ਦੀ ਫਸਲ ਨਾਲ ਜੁੜੇ ਅਨੇਕਾਂ ਲੋਕ-ਗੀਤ ਇਸ ਦੀ ਸਾਡੀ ਜ਼ਿੰਦਗੀ ਵਿਚ ਮਹੱਤਤਾ ਨੂੰ ਉਜਾਗਰ ਕਰਦੇ ਹਨ |
ਮਿਹਨਤੀ ਸੁਭਾਅ, ਖੁੱਲ੍ਹਾ-ਡੁੱਲ੍ਹਾ ਖਾਣ-ਪੀਣ, ਆਪਣਾ ਹੱਕ ਜਤਾਉਣ ਦੀ ਦਿ੍ੜ੍ਹਤਾ, ਕਿਸੇ ਲਾਟੀਖਾਨ ਦੀ ਵੀ ਟੈਂਅ ਨਾ ਮੰਨਣੀ ਤੇ ਕਿਸੇ ਦੁਖੀ ਤੇ ਲੋੜਵੰਦ ਪ੍ਰਤੀ ਅੰਤਾਂ ਦੀ ਦਇਆ-ਭਾਵਨਾ ਜਿਹੇ ਗੁਣਾਂ ਨਾਲ ਵਰੋਸਾਏ ਪੰਜਾਬੀ, ਮੇਲਿਆਂ ਦੇ ਸ਼ੌਕੀਨ ਹਨ | ਪੁਰਾਣੇ ਸਮਿਆਂ ਵਿਚ ਖੇਤੀਬਾੜੀ ਦੇ ਧੰਦੇ ਵਿਚੋਂ ਕਿਸਾਨ ਨੂੰ ਘੱਟ ਹੀ ਵਿਹਲ ਮਿਲਦੀ ਸੀ | ਇਸ ਲਈ ਤਿਉਹਾਰ ਤੇ ਮੇਲੇ ਉਸ ਦੀ ਅਕੇਵੇਂ ਭਰੀ ਜ਼ਿੰਦਗੀ ਨੂੰ ਨਵਾਂ ਹੁਲਾਸ ਤੇ ਖੁਸ਼ੀ ਬਖਸ਼ਦੇ ਸਨ | ਮੇਲੇ ਜਾਣ ਦੇ ਚਾਅ ਵਿਚ ਉਹ ਆਪਣੇ ਕੰਮਾਂ ਨੂੰ ਛੋਹਲੇ ਹੱਥੀਂ ਨਿਬੇੜਦਾ |
ਪੰਜਾਬੀ ਦੇ ਪ੍ਰਸਿੱਧ ਸ਼ਾਇਰ ਧਨੀ ਰਾਮ ਚਾਤਿ੍ਕ ਦੀ ਵਿਸਾਖੀ ਮੇਲੇ ਬਾਰੇ ਲਿਖੀ ਕਵਿਤਾ 'ਮਾਰਦਾ ਦਮਾਮੇ ਜੱਟ ਮੇਲੇ ਆ ਗਿਆ' ਉਨ੍ਹਾਂ ਸਮਿਆਂ ਦੇ ਪੰਜਾਬੀ ਕਿਸਾਨ ਦੀ ਮੇਲੇ ਨੂੰ ਚੜ੍ਹਤ ਤੇ ਮਨ ਦੀ ਖੁਸ਼ੀ ਦੇ ਡੂੰਘੇ ਭਾਵਾਂ ਦਾ ਬਹੁਤ ਹੀ ਵਾਸਤਵਿਕ ਚਿੱਤਰਨ ਪੇਸ਼ ਕਰਦੀ ਹੈ | ਅਸਲ ਵਿਚ ਮੇਲਾ ਤਾਂ ਪੰਜਾਬੀ ਬੰਦੇ ਦੇ ਮਨ ਵਿਚ ਇਸ ਕਦਰ ਸਮਾਇਆ ਹੋਇਆ ਹੈ ਕਿ ਇਸ ਨੂੰ ਪੰਜਾਬੀ ਸੁਭਾਅ ਵਿਚੋਂ ਵੱਖ ਕਰ ਕੇ ਦੇਖਿਆ ਹੀ ਨਹੀਂ ਜਾ ਸਕਦਾ | ਮੇਲਾ ਉਸ ਦੀ ਰੂਹ ਨੂੰ ਅਗੰਮੀ ਖੁਸ਼ੀ ਪ੍ਰਦਾਨ ਕਰਨ ਦਾ ਅਵਸਰ ਤਾਂ ਦਿੰਦਾ ਹੀ ਹੈ, ਸਗੋਂ ਉਸ ਦੇ ਅੰਦਰ ਮਘਦੇ ਪੰਜਾਬੀਅਤ ਦੇ ਜਜ਼ਬੇ ਨੂੰ ਪ੍ਰਗਟਾਉਣ ਦਾ ਮੌਕਾ ਵੀ ਦਿੰਦਾ ਹੈ | ਅਨੇਕਾਂ ਦੁਸ਼ਵਾਰੀਆਂ ਵਿਚ ਫਾਥਾ 'ਅੰਨਦਾਤਾ' ਹੁਣ 'ਦਮਾਮੇ ਮਾਰਦਾ' ਮੇਲੇ ਨਹੀਂ ਆਉਂਦਾ | ਜੇ ਆਉਂਦਾ ਵੀ ਹੈ ਤਾਂ ਉਸ ਦੇ ਮਨ ਵਿਚ ਮੇਲੇ ਦਾ ਪਹਿਲਾਂ ਜਿਹਾ ਚਾਅ ਨਹੀਂ ਰਿਹਾ | ਸਾਰੇ ਦੇਸ਼ ਦੇ ਅੰਨ ਭੰਡਾਰ ਨੂੰ ਮਾਲਾਮਾਲ ਕਰਨ ਵਾਲੇ ਦੀ ਆਪਣੀ ਜ਼ਿੰਦਗੀ ਇਸ ਕਦਰ ਵਿਯੋਗੀ ਪਈ ਹੈ ਕਿ ਉਸ ਦੇ ਮਨ ਵਿਚੋਂ ਮੇਲੇ ਜਾਣ ਦਾ ਚਾਅ ਹੀ ਜਿਵੇਂ ਗੁਆਚ ਗਿਆ ਹੈ | ਸਰਕਾਰਾਂ ਮਨਮਰਜ਼ੀ ਨਾਲ ਖਰੀਦ ਕਰ ਕੇ, ਕਿਸਾਨ ਦੀ ਖ਼ੂਨ-ਪਸੀਨੇ ਦੀ ਕਮਾਈ ਹੜੱਪੀ ਜਾ ਰਹੀਆਂ ਹਨ | ਵਿਸਾਖੀ ਦਾ ਤਿਉਹਾਰ ਕੋਈ ਨਿਰਾ ਮੇਲਾ ਹੀ ਨਹੀਂ ਹੈ, ਇਹ ਮਾਨਵੀ ਆਦਰਸ਼ਾਂ ਨੂੰ ਪ੍ਰਣਾਈ ਸਾਡੀ ਸ਼ਾਨਾਮੱਤੀ ਵਿਰਾਸਤ ਹੈ | ਆਪਣੇ ਇਤਿਹਾਸਕ ਤੇ ਸ਼ਾਨਾਮੱਤੇ ਵਿਰਸੇ ਤੋਂ ਸੇਧ ਲੈ ਕੇ ਨਰੋਈ ਜੀਵਨ-ਜਾਚ ਅਪਣਾਉਣੀ ਹੀ ਇਕੋ-ਇਕ ਹੱਲ ਹੈ |
- ਪਿੰਡ-ਖਰਲ ਕਲਾਂ (ਜਲੰਧਰ)
ਮੋਬਾਈਲ : 98153-56086