ਵੱਜ ਗਿਆ ਢੋਲ ਵਾਢੀ ਕਣਕਾਂ ਦੀ ਆਈ ਐ |
ਧੰਨ ਐਂ ਤੂੰ ਜੱਟਾ, ਧੰਨ ਤੇਰੀ ਇਹ ਕਮਾਈ ਐ |
ਹਨੇਰਿਆਂ ਸਵੇਰਿਆਂ 'ਚ ਬੜਾ ਧੰਦ ਪਿੱਟੇਂ ਤੂੰ |
ਕਦੇ ਲਾਵੇਂ ਪਾਣੀ ਕਦੇ ਰੂੜੀ ਖਾਦ ਸਿੱਟੇਂ ਤੂੰ |
ਉੱਚੀ-ਸੁੱਚੀ ਤੇਰੀ ਦਸਾਂ ਨਹੁੰਆਂ ਦੀ ਕਮਾਈ ਐ |
ਵੱਜ ਗਿਆ ਢੋਲ ਵਾਢੀ ਕਣਕਾਂ ਦੀ ਆਈ ਐ |
ਧੰਨ ਐਂ ਤੂੰ ਜੱਟਾ, ਧੰਨ ਤੇਰੀ ਇਹ ਕਮਾਈ ਐ.....
ਖਿੜੇ ਮੱਥੇ ਝੱਲਦਾ ਤੂੰ ਝੱਖੜ ਹਨੇਰੀਆਂ |
ਅੰਨ ਦਾਤਿਆਂ ਓਏ ਕੌਣ ਰੀਸਾਂ ਕਰੂ ਤੇਰੀਆਂ |
ਤੇਰੇ ਉੱਤੇ ਆਸ ਰੱਖੇ ਸਾਰੀ ਇਹ ਲੋਕਾਈ ਐ |
ਵੱਜ ਗਿਆ ਢੋਲ ਵਾਢੀ ਕਣਕਾਂ ਦੀ ਆਈ ਐ |
ਧੰਨ ਐਂ ਤੂੰ ਜੱਟਾ, ਧੰਨ ਤੇਰੀ ਇਹ ਕਮਾਈ ਐ.....
ਜੱਗ ਦੀਆਂ ਰੀਝਾਂ ਫਿਰੇਂ ਮੋਢਿਆਂ 'ਤੇ ਢੋਂਦਾ ਤੂੰ |
ਆਸਾਂ ਦੇ ਸਮੁੰਦਰਾਂ 'ਚ ਸਬਰਾਂ ਨੂੰ ਧੋਂਦਾ ਤੂੰ |
ਰੱਬ ਕੋਲੋਂ ਮੰਗੇਂ ਟੇਕ ਓਸੇ 'ਤੇ ਟਿਕਾਈ ਐ |
ਵੱਜ ਗਿਆ ਢੋਲ ਵਾਢੀ ਕਣਕਾਂ ਦੀ ਆਈ ਐ |
ਧੰਨ ਐਂ ਤੂੰ ਜੱਟਾ, ਧੰਨ ਤੇਰੀ ਇਹ ਕਮਾਈ ਐ.....
ਖੇਤਾਂ ਵਿਚ ਕੰਮ ਕਰੇ ਸਾਰਾ ਪਰਿਵਾਰ ਏ |
ਮੋੜਦੀ ਨਾ ਮੁੱਲ ਤੇਰਾ ਤੇਰੀ ਸਰਕਾਰ ਏ |
ਖ਼ੌਰੇ ਕਦੋਂ ਮੁੱਕੂ ਹੁੰਦੀ ਨਿੱਤ ਜੋ ਲੜਾਈ ਐ |
ਵੱਜ ਗਿਆ ਢੋਲ ਵਾਢੀ ਕਣਕਾਂ ਦੀ ਆਈ ਐ |
ਧੰਨ ਐਂ ਤੂੰ ਜੱਟਾ, ਧੰਨ ਤੇਰੀ ਇਹ ਕਮਾਈ ਐ.....
ਕਰਲੈ ਸਹਾਇਕ ਧੰਦੇ 'ਸ਼ਫੀ' ਖੇਤੀ ਨਾਲ ਤੂੰ |
ਝੋਨੇ ਦਾ ਬਦਲ ਨਾਲੇ ਹੋਰ ਕੋਈ ਭਾਲ ਤੂੰ |
ਦੇਖੀਂ ਫੇਰ ਹੁੰਦੀ ਕਿਵੇਂ ਜੱਟ ਦੀ ਚੜ੍ਹਾਈ ਐ |
ਵੱਜ ਗਿਆ ਢੋਲ ਵਾਢੀ ਕਣਕਾਂ ਦੀ ਆਈ ਐ |
ਧੰਨ ਐਂ ਤੂੰ ਜੱਟਾ, ਧੰਨ ਤੇਰੀ ਇਹ ਕਮਾਈ ਐ.....
(ਸਟੇਟ ਅਤੇ ਨੈਸ਼ਨਲ ਐਵਾਰਡੀ)
ਮੁਹੱਲਾ ਕਰਤਾਰਪੁਰਾ (ਕਹੂਟਾ) ਨਾਭਾ-147201 (ਪਟਿਆਲਾ) |
ਮੋਬਾਈਲ : 95011-17772